ਖਡੂਰ ਸਾਹਿਬ – ਅੱਠ ਗੁਰੂ ਸਾਹਿਬਾਨ ਦੀ ਪਾਵਨ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਕਾਰ ਸੇਵਾ ਖਡੂਰ ਸਾਹਿਬ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵੱਲੌਂ ਵੱਖ-ਵੱਖ ਸੰਸਥਾਵਾਂ ਰਾਹੀਂ ਵਿਦਿਅਕ ਖੇਤਰ ਵਿੱਚ ਮਹੱਤਵ ਪੂਰਨ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕਰਦਿਆਂ ਸੀ.ਬੀ.ਐੱਸ.ਈ. ਪੈਟਰਨ ਤੇ ਨਿਸ਼ਾਨ-ਏ-ਸਿੱਖੀ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ ਗਿਆ, ਜੋਕਿ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਸਿੰਘਾਪੁਰ ਨਿਵਾਸੀ ਸ੍ਰ. ਕਰਤਾਰ ਸਿੰਘ ਠਕਰਾਲ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਹੋਂਦ ਵਿੱਚ ਆਇਆ ਹੈ।
ਉਦਘਾਟਨੀ ਸਮਾਰੋਹ ਮੌਕੇ ਬਾਬਾ ਸੇਵਾ ਸਿੰਘ ਜੀ ਨੇ ਸਮੁੱਚੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਲਾਕੇ ਨੂੰ ਸੀ.ਬੀ.ਐਸ.ਸੀ ਸਕੂਲ਼ ਦੀ ਬੜੀ ਜਰੂਰਤ ਸੀ ਤੇ ਹੁਣ ਬੱਚਿਆਂ ਨੂੰ ਵਿਦਿਆ ਪ੍ਰਾਪਤ ਕਰਨ ਲਈ ਕਿਤੇ ਬਾਹਰ ਨਹੀਂ ਜਾਣਾ ਪਵੇਗਾ। ਉਹਨਾਂ ਕਿਹਾ ਕਿ ਸਕੂਲ ਦਾ ਮੁੱਖ ਮਿਸ਼ਨ ਪੜ੍ਹਾਈ ਦੇ ਨਾਲ-ਨਾਲ ਧਾਰਮਿਕਤਾ, ਨੈਤਿਕਤਾ ਅਤੇ ਖੇਡਾਂ ਦੇ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਦਾ ਸਰਵਪੱਖੀ ਵਿਕਾਸ ਕਰਨਾ ਹੋਵੇਗਾ ਤਾਂ ਜੋ ਬੱਚੇ ਸਮੇਂ ਦੇ ਹਾਣ ਦੇ ਬਣ ਸਕਣ। ਉਹਨਾਂ ਨੇ ਇਸ ਮੌਕੇ ਆਲੇ ਦੁਆਲੇ ਦੀਆਂ ਸੰਗਤਾਂ ਅਤੇ ਵਿਦੇਸ਼ੀ ਸੰਗਤਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੇਵਾਮੁਕਤ ਮੇਜਰ ਜਨਰਲ ਆਰ.ਐਸ. ਛਤਵਾਲ ਨੇ ਇਸ ਸਕੂਲ ਦੀ ਉਸਾਰੀ ਵਿੱਚ ਹਰ ਪ੍ਰਕਾਰ ਦਾ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਅਤੇ ਉਹਨਾਂ ਦੱਸਿਆ ਕਿ ਇਹ ਵੀ ਵਰਣਨਯੋਗ ਪ੍ਰਾਪਤੀ ਹੈ ਕਿ ਬਿਲਕੁਲ ਆਧੁਨਿਕ ਸਹੂਲਤਾਂ ਨਾਲ ਲੈਸ ਇਸ ਸਕੂਲ ਵਿੱਚ ਤਿੰਨ ਬਲਾਕ ਬਣਾਏ ਗਏ ਹਨ। ਜਿਸ ਦੇ ਵਿੱਚ 62 ਕਲਾਸ ਰੂਮ, 2 ਕਾਨਫਰੰਸ ਹਾਲ, 2 ਲਾਇਬ੍ਰੇਰੀਆਂ, 7 ਨਵੀਂ ਤਕਨੀਕ ਨਾਲ ਲੈਸ ਪ੍ਰਯੋਗਸ਼ਲਾਵਾਂ, 2 ਕੰਪਿਊਟਰ ਪ੍ਰਯੋਗਸ਼ਲਾਵਾਂ ਅਤੇ ਵਿਸ਼ਾਲ ਖੇਡ ਮੈਦਾਨ ਹਨ।
ਸਕੂਲ ਦੇ ਕੋਆਰਡੀਨੇਟਰ ਸ੍ਰ. ਗੁਰਦਿਆਲ ਸਿੰਘ ਗਿੱਲ ਨੇ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਿਦਿਆ ਦੇ ਖੇਤਰ ਵਿੱਚ ਚੱਲ ਰਹੇ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ.ਅਜੈਬ ਸਿੰਘ ਬਰਾੜ ਅਤੇ ਸੇਵਾ ਮੁਕਤ ਆਈ.ਏ.ਐਸ ਅਫਸਰ ਸ੍ਰ.ਹਰਦਿਆਲ ਸਿੰਘ ਨੇ ਬਾਬਾ ਸੇਵਾ ਸਿੰਘ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਲੋਕਾਂ ਨੂੰ ਉਹਨਾਂ ਦੇ ਯਤਨਾਂ ਦਾ ਲਾਭ ਉਠਾਉਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਚੰਗੀਆਂ ਅਤੇ ਮਿਆਰੀ ਵਿਦਿਅਕ ਸੰਸਥਾਵਾਂ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹਨ।
ਸਟਾਕ ਹੋਮ ਵਾਟਰ ਪ੍ਰਾਈਜ਼ ਜੇਤੂ ਸ੍ਰੀ ਰਜਿੰਦਰਾ ਸਿੰਘ ਨੇ ਕਿਹਾ ਕਿ ਮੈਨੂੰ ਇਹ ਦੇਖਕੇ ਖੁਸ਼ੀ ਹੋਈ ਹੈ ਕਿ ਬਾਬਾ ਸੇਵਾ ਸਿੰਘ ਵਾਤਾਵਰਣ ਅਤੇ ਸਿਖਿਆ ਦੇ ਖੇਤਰ ਵਿੱਚ ਲਾਮਿਸਾਲ ਕੰਮ ਕਰ ਰਹੇ ਹਨ ।
ਸਕੂਲ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਇਲਾਹੀ ਕੀਰਤਨ ਹੋਇਆ। ਇਸ ਮੌਕੇ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਦਰਸ਼ਨ ਕੀਤਾ ਗਿਆ।ਪ੍ਰਿੰਸੀਪਲ ਸ੍ਰ.ਅਮਰਜੀਤ ਸਿੰਘ ਗਿੱਲ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਸ੍ਰ.ਕੁਲਦੀਪ ਸਿੰਘ ਠਕਰਾਲ ਸਿੰਘਾਪੁਰ ਅਤੇ ਸਮੁੱਚੇ ਠਕਰਾਲ ਪਰਿਵਾਰ, ਸ੍ਰ.ਮਹਿੰਦਰਜੀਤ ਸਿੰਘ ਆਰਕੀਟੈਕਟ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਦਾ ਕਾਰ ਸੇਵਾ ਅਤੇ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵੱਲੋਂ ਸਨਮਾਨ ਵੀ ਕੀਤਾ ਗਿਆ।ਸਿਹਤ ਠੀਕ ਨਾ ਹੋਣ ਕਾਰਨ ਸ੍ਰ.ਕਰਤਾਰ ਸਿੰਘ ਠਕਰਾਲ ਸਿੰਘਾਪੁਰ ਨਹੀਂ ਪਹੁੰਚ ਸਕੇ।
ਸਟੇਜ ਸੰਚਾਲਨ ਦੀ ਭੂਮਿਕਾ ਭਾਈ ਵਰਿਆਮ ਸਿੰਘ ਅਤੇ ਡਾ.ਕੰਵਲਜੀਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਸਮੇਂ ਹਾਜ਼ਰ ਸ਼ਖਸੀਅਤਾਂ ਵਿੱਚ ਸ੍ਰ. ਅਵਤਾਰ ਸਿੰਘ ਬਾਜਵਾ, ਸ੍ਰ. ਸੰਦੀਪ ਸਿੰਘ ਰੰਧਾਵਾ, ਬਾਬਾ ਬਲਦੇਵ ਸਿੰਘ, ਸ੍ਰ. ਬਲਦੇਵ ਸਿੰਘ ਸੰਧੂ, ਪ੍ਰੋ. ਬੀ.ਐਸ ਸੇਠੀ, ਪ੍ਰੋ. ਐਨ.ਐਸ ਖੁਰਾਣਾ, ਸ੍ਰ. ਜੇ.ਐਸ ਪੰਨੂ, ਸੇਵਾ ਮੁਕਤ ਮੇਜਰ ਜਨਰਲ ਸ਼ਿਵਦੇਵ ਸਿੰਘ, ਪਿੰਸੀਪਲ ਡਾ.ਸੁਰਿੰਦਰ ਬੰਗੜ, ਪਿੰਸੀਪਲ ਡਾ.ਦਲਜੀਤ ਸਿੰਘ ਮਿੱਠੜਾ, ਐਸ ਪੀ ਦੁਸਾਂਝ, ਐਚ ਐਸ ਢਿੱਲੋਂ, ਸ੍ਰ.ਜਗਦੀਸ਼ ਸਿੰਘ, ਸ੍ਰ.ਮਹਿਲ ਸਿੰਘ ਭੁੱਲਰ ਸਾਬਕਾ ਡੀ ਜੀ ਪੀ ਪੰਜਾਬ, ਸ੍ਰ.ਮਲਕੀਤ ਸਿੰਘ ਬੱਲ, ਸ੍ਰ.ਰਜਿੰਦਰ ਸਿੰਘ ਮਹਿਤਾ ਐਡਵਾਈਜਰ, ਸ੍ਰ.ਕਾਲਾ ਸਿੰਘ, ਸ੍ਰ.ਰਣਜੀਤ ਸਿੰਘ ਕਾਹਲੋਂ ਐਸ.ਜੀ.ਪੀ.ਸੀ. ਮੈਂਬਰ, ਪ੍ਰੋ.ਬ੍ਰਿਜਪਾਲ ਸਿੰਘ, ਸ.ਹਰਦਿਆਲ ਸਿੰਘ ਆਈ.ਏ.ਐਸ, ਪ੍ਰੋ.ਬਲਵੰਤ ਸਿੰਘ ਢਿੱਲੋਂ, ਸ੍ਰ.ਗੁਰਬਚਨ ਸਿੰਘ ਕਰਮੂਵਾਲਾ ਅੰਤਰਿੰਗ ਕਮੇਟੀ ਮੈਂਬਰ, ਇੰਜੀ.ਰਾਜਕਰਨ ਸਿੰਘ, ਸ੍ਰ.ਬਲਵਿੰਦਰ ਸਿੰਘ ਐਸ.ਜੀ.ਪੀ.ਸੀ, ਸ੍ਰ.ਅਮਰਜੀਤ ਸਿੰਘ ਭਲਾਈਪੁਰ ਐਸ.ਜੀ.ਪੀ.ਸੀ ਮੈਂਬਰ, ਸ੍ਰ.ਭਗਵੰਤ ਸਿੰਘ, ਬਾਬਾ ਲੱਖਾ ਸਿੰਘ, ਆਦਿ ਹਾਜ਼ਰ ਸਨ।