ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮਤਿ ਖੋਜ ਅਦਾਰੇ ਇੰਟਰਨੈਸਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਲੜੀਵਾਰ ਸੈਮੀਨਾਰਾਂ ਦੀ ਲੜੀ ਵਿਚ ਇਸ ਵਾਰ ‘‘ਸਿੱਖ ਗੁਰੂ ਮਹਿਲਾਂ ਦੀ ਸਿੱਖ ਸਮਾਜ਼ ਨੂੰ ਦੇਣ’’ ਵਿਸ਼ੈ ਤੇ ਸੈਮੀਨਾਰ ਕਰਵਾਇਆ ਗਿਆ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ ਹਾੱਲ ਵਿਖੇ ਹੋਏ ਉਕਤ ਸੈਮੀਨਾਰ ਵਿਚ ਮਾਤਾ ਸੁੰਦਰੀ ਕਾਲਜ ਦੀ ਸਾਬਕਾ ਪਿ੍ਰੰਸੀਪਲ ਡਾ. ਮਹਿੰਦਰ ਕੌਰ ਗਿੱਲ ਨੇ ਗੁਰੂ ਮਹਿਲਾਂ ਬਾਰੇ ਕਈ ਨਵੇਂ ਤੱਥਾਂ ਦਾ ਖੁਲਾਸਾ ਕੀਤਾ।ਇਸ ਮੌਕੇ ਅਦਾਰੇ ਦੇ ਚੇਅਰਮੈਨ ਅਤੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਹਰਦੇਵ ਸਿੰਘ ਧਨੋਵਾ ਅਤੇ ਡਾਈਰੈਕਟਰ ਹਰਬੰਸ ਕੌਰ ਸੱਗੂ ਨੇ ਵੀ ਆਪਣੇ ਵਿਚਾਰ ਰੱਖੇ।
ਡਾ. ਗਿੱਲ ਨੇ ਸਮੂਹ ਗੁਰੂ ਮਹਿਲਾਂ ਦੇ ਯੋਗਦਾਨ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਗੁਰੂ ਸਾਹਿਬਾਨਾਂ ਦੇ ਉਦਾਸੀਆਂ ਤੇ ਵਿਚਰਣ ਜਾਂ ਯੁੱਧਾਂ ਵਿਚ ਸ਼ਰੀਕ ਹੋਣ ਦੌਰਾਨ ਪਿੱਛੇ ਗੁਰੂ ਮਹਿਲਾਂ ਵੱਲੋਂ ਸਿੱਖੀ ਦੇ ਪ੍ਰਚਾਰ-ਪ੍ਰਚਾਰ ਸੰਭਾਲਣ ਵਾਸਤੇ ਦਿੱਤੇ ਗਏ ਯੋਗਦਾਨ ਨੂੰ ਸਿੱਖ ਕੌਮ ਦੀ ਅਸਲੀ ਤਾਕਤ ਦੱਸਿਆ। ਮਾਤਾ ਸੁਲੱਖਣੀ ਜੀ ਵੱਲੋਂ ਲੰਗਰ ਪ੍ਰਥਾ ਸ਼ੁਰੂ ਕਰਨ, ਮਾਤਾ ਖੀਵੀਂ ਜੀ ਵੱਲੋਂ ਉਸਨੂੰ ਵਿਵਸਥਿਤ ਰੂਪ ਦੇਣ, ਮਾਤਾ ਦਮੋਦਰੀ ਜੀ ਵੱਲੋਂ ਪਹਿਲਾ ਗਾਤਰਾ ਬਣਾਉਣ, ਮਾਤਾ ਨਾਨਕੀ ਜੀ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਗਵਾਲੀਅਰ ਕਿੱਲੇ ਤੋਂ ਬਾਹਰ ਆਉਣ ਤੇ ਦੀਪਮਾਲਾ ਕਰਨ, ਮਾਤਾ ਗੁਜ਼ਰੀ ਜੀ ਵੱਲੋਂ ਸਬਰ ਅਤੇ ਸੰਤੋਖ ਨਾਲ ਹਰ ਵਿਪਦਾ ਨੂੰ ਝੱਲਣ, ਮਾਤਾ ਸਾਹਿਬ ਕੌਰ ਜੀ ਵੱਲੋਂ ਅੰਮ੍ਰਿਤ ਦੇ ਫਲਸਫ਼ੇ ਨੂੰ ਮਜ਼ਬੂਤ ਕਰਨ ਅਤੇ ਮਾਤਾ ਸੁੰਦਰੀ ਜੀ ਵੱਲੋਂ ਸਿੱਖ ਕੌਮ ਨੂੰ ਇੱਕਜੁਟ ਰਖਣ ਵਾਸਤੇ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਡਾ. ਗਿੱਲ ਨੇ ਬੇਮਿਸਾਲ ਕਰਾਰ ਦਿੱਤਾ।
ਡਾ. ਗਿੱਲ ਨੇ ਮਾਤਾ ਸੁੰਦਰੀ ਜੀ ਵੱਲੋਂ 39 ਸਾਲ ਤਕ ਸਿੱਖ ਕੌਮ ਦੀ ਕੀਤੀ ਗਈ ਰਹਿਨੁਮਾਈ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਵੱਲੋਂ ਦਸ਼ਮ ਗ੍ਰੰਥ ਦੀ ਸੰਪਾਦਨਾ, ਭਾਈ ਮਨੀ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦਾ ਗ੍ਰੰਥੀ ਥਾਪਣਾ, ਤੱਤ ਖਾਲਸਾ ਅਤੇ ਬੰਦਈ ਖਾਲਸੇ ਦਾ ਫੈਸਲਾ ਕਰਵਾਉਂਦੇ ਹੋਏ ਕੌਮ ਨੂੰ ਇੱਕਜੁਟ ਰਖਣ ਵਾਸਤੇ ਕੀਤੇ ਗਏ ਜਤਨਾਂ ਨੂੰ ਸੰਗਤਾਂ ਸਾਹਮਣੇ ਰੱਖਿਆ।