ਫ਼ਤਹਿਗੜ੍ਹ ਸਾਹਿਬ – “ਬਾਦਲ ਅਕਾਲੀ ਦਲ ਨਾਲ ਸੰਬੰਧਤ 31 ਦੇ ਕਰੀਬ ਯੂਥ ਆਗੂਆਂ ਅਤੇ ਜੋਨ ਪ੍ਰਧਾਨਾਂ ਨੂੰ ਸਰਕਾਰੀ ਸੁਰੱਖਿਆ ਦੇਣ ਦੇ ਕੀਤੇ ਜਾ ਰਹੇ ਅਮਲ ਜਿਥੇ ਪੰਜਾਬ ਸੂਬੇ ਦੇ ਅਮਨਮਈ ਹਾਲਾਤਾਂ ਨੂੰ ਵਿਸਫੋਟਕ ਬਣਾਉਣ ਵਾਲੇ ਅਤੇ ਅਪਰਾਧਿਕ ਕਾਰਵਾਈਆ ਦੀ ਸਰਪ੍ਰਸਤੀ ਕਰਨ ਵਾਲੇ ਹਨ, ਉਥੇ ਪੰਜਾਬ ਦੇ ਖਜ਼ਾਨੇ ਉਤੇ ਕਰੋੜਾਂ ਰੁਪਏ ਦਾ ਵਾਧੂ ਬੋਝ ਪਾਉਣ ਵਾਲੇ ਗੈਰ ਕਾਨੂੰਨੀ ਅਮਲ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪੰਜਾਬ ਦੇ ਗ੍ਰਹਿ ਵਜ਼ੀਰ ਸ. ਸੁਖਬੀਰ ਸਿੰਘ ਬਾਦਲ ਮੁੱਖ ਸਕੱਤਰ ਸ੍ਰੀ ਸਰਵੇਸ ਕੌਸਲ, ਹੋਮ ਸਕੱਤਰ ਜਗਪਾਲ ਸਿੰਘ ਸੰਧੂ ਅਤੇ ਮੌਜੂਦਾ ਡੀ.ਜੀ.ਪੀ. ਸ੍ਰੀ ਸੁਰੇਸ ਅਰੋੜਾ ਨੂੰ ਅਜਿਹੇ ਦਿਸ਼ਾਹੀਣ ਅਮਲਾਂ ਦੀ ਬਦੌਲਤ ਪੰਜਾਬ ਸੂਬੇ ਵਿਚ ਅਪਰਾਧਿਕ ਕਾਰਵਾਈਆ ਨੂੰ ਬੁੜਾਵਾਂ ਦੇਣ ਅਤੇ ਬਦਮਾਸ਼ੀ ਸੋਚ ਦੀ ਪੈਰਵੀ ਕਰਨ ਹਿੱਤ ਮਾਰੂ ਨਤੀਜਿਆ ਤੋਂ ਖ਼ਬਰਦਾਰ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ ਕੌਸਲ ਨੂੰ ਲਿਖੇ ਗਏ ਅਤਿ ਗੰਭੀਰ ਪੱਤਰ ਵਿਚ ਪ੍ਰਗਟ ਕੀਤੇ । ਇਸ ਪੱਤਰ ਦੀਆਂ ਨਕਲ ਕਾਪੀਆਂ ਗ੍ਰਹਿ ਵਜ਼ੀਰ ਪੰਜਾਬ, ਗ੍ਰਹਿ ਸਕੱਤਰ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਨੂੰ ਵੀ ਭੇਜੀਆਂ ਗਈਆਂ । ਸ. ਮਾਨ ਨੇ ਕਿਹਾ ਕਿ ਬਾਦਲ ਦਲ ਨਾਲ ਸੰਬੰਧਤ ਬਹੁਤੇ ਯੂਥ ਆਗੂ ਪਹਿਲੋ ਹੀ ਸਮੱਗਲਿੰਗ, ਅਗਵਾਹ, ਕਤਲ, ਡਰੱਗ ਮਾਫੀਆ ਆਦਿ ਦੀਆਂ ਕਾਰਵਾਈਆਂ ਵਿਚ ਸਰਗਰਮ ਹਨ । ਅਜਿਹੇ ਅਪਰਾਧੀ ਸੋਚ ਵਾਲੇ ਆਗੂਆਂ ਨੂੰ ਹੁਣ ਨਵੇਂ ਸਿਰੇ ਤੋਂ ਵੱਡੀ ਸੁਰੱਖਿਆ ਦੇਣ ਦੇ ਜੋ ਅਮਲ ਹੋ ਰਹੇ ਹਨ, ਉਹ ਆਉਣ ਵਾਲੀਆ 2017 ਦੀਆਂ ਚੋਣਾਂ ਵਿਚ ਗੁੰਡਾਗਰਦੀ, ਬੂਥਾਂ ਤੇ ਕਬਜੇ ਅਤੇ ਜਾਅਲੀ ਵੋਟਾਂ ਭੁਗਤਾਉਣ ਦੀ ਗੈਰ-ਕਾਨੂੰਨੀ ਸੋਚ ਨੂੰ ਅਮਲੀ ਰੂਪ ਦੇਣ ਲਈ ਅਤੇ 2 ਨੰਬਰ ਦੇ ਗੈਰ ਕਾਨੂੰਨੀ ਧੰਦਿਆਂ ਰਾਹੀ ਸਿਆਸਤਦਾਨਾਂ ਦੀਆਂ ਤਿਜੋਰੀਆ ਭਰਨ ਲਈ ਸੁਰੱਖਿਆ ਦਸਤਿਆ ਅਤੇ ਸੁਰੱਖਿਆ ਜਿਪਸੀਆਂ ਦੀ ਦੁਰਵਰਤੋ ਹੋਣ ਜਾ ਰਹੀ ਹੈ । ਕਿਉਂਕਿ ਪਹਿਲੇ ਵੀ ਯੂਥ ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਅੰਮ੍ਰਿਤਸਰ ਵਿਖੇ ਇਕ ਏ.ਐਸ.ਆਈ. ਰਵਿੰਦਰਪਾਲ ਸਿੰਘ ਨੂੰ ਇਸ ਕਰਕੇ ਗੋਲੀ ਮਾਰਕੇ ਖ਼ਤਮ ਕਰ ਦਿੱਤਾ ਸੀ ਕਿਉਂਕਿ ਯੂਥ ਆਗੂ ਰਾਣਾ ਸ. ਰਵਿੰਦਰਪਾਲ ਸਿੰਘ ਦੀ ਸਪੁੱਤਰੀ ਨਾਲ ਤਾਕਤ ਦੇ ਜੋਰ ਨਾਲ ਗੈਰ ਇਖ਼ਲਾਕੀ ਅਮਲ ਕਰਨ ਲਈ ਉਤਾਰੂ ਸੀ । ਇਸੇ ਤਰ੍ਹਾਂ ਯਾਦਵਿੰਦਰ ਸਿੰਘ ਯਾਦੂ, ਗੁਰਪ੍ਰੀਤ ਸਿੰਘ ਬੱਬਲ, ਗੁਰਪ੍ਰੀਤ ਸਿੰਘ ਗੋਸਾ ਵਰਗੇ ਯੂਥ ਆਗੂ ਪਹਿਲੋ ਹੀ ਅਪਰਾਧਿਕ ਕਾਰਵਾਈਆ ਲਈ ਕਾਨੂੰਨ ਦੀ ਨਜ਼ਰ ਵਿਚ ਦੋਸ਼ੀ ਹਨ । ਯਾਦੂ ਉਤੇ ਕਤਲ ਕੇਸ ਹੈ, ਗੋਸਾ ਉਤੇ ਆਤਮ ਹੱਤਿਆ ਲਈ ਉਕਸਾਉਣ ਦਾ ਦੋਸ਼ ਹੈ, ਬੱਬਲ ਉਤੇ ਹਮਲਾ ਕਰਨ ਦੇ ਦੋਸ਼ ਹਨ । ਇਸੇ ਤਰ੍ਹਾਂ ਬਾਦਲ ਦਲ ਦੇ ਯੂਥ ਦੇ ਬਹੁਤੇ ਆਗੂ ਜਿਨ੍ਹਾਂ ਨੂੰ ਇਹ ਸੁਰੱਖਿਆ ਦੇਣ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ, ਉਹ ਪੰਜਾਬ ਦੀ ਜਨਤਾ ਵਿਚ ਵੱਡੀਆਂ ਗੈਰ-ਕਾਨੂੰਨੀ ਕਾਰਵਾਈਆ ਵਿਚ ਸ਼ਾਮਿਲ ਹਨ ।
ਬੀਤੇ ਸਮੇਂ 2011 ਦੀਆਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਵਿਚ ਜਦੋ ਮੈਂ ਬਸ਼ੀ ਪਠਾਣਾ ਹਲਕੇ ਤੋ ਚੋਣ ਲੜ ਰਿਹਾ ਸੀ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਸ. ਇਕਬਾਲ ਸਿੰਘ ਟਿਵਾਣਾ ਜੋ ਮੇਰੇ ਚੋਣ ਇੰਨਚਾਰਜ ਵੀ ਸਨ, ਦੀ ਹਾਜਰੀ ਵਿਚ ਬਾਦਲ ਦਲ ਦੇ ਰਣਧੀਰ ਸਿੰਘ ਚੀਮਾਂ ਮੇਰੇ ਵਿਰੁੱਧ ਐਸ.ਜੀ.ਪੀ.ਸੀ. ਦੀ ਚੋਣ ਲੜ ਰਹੇ ਸਨ, ਉਹਨਾਂ ਦਾ ਪੋਤਾ ਸੋਨੂੰ ਚੀਮਾਂ ਕੋਈ 30-35 ਗੱਡੀਆਂ ਨਾਲ ਬਦਮਾਸ਼ਾਂ ਨੂੰ ਲੈਸ ਕਰਕੇ ਅਤੇ ਗੈਰ-ਕਾਨੂੰਨੀ ਹਥਿਆਰਾਂ ਅਤੇ ਸੁਰੱਖਿਆ ਨਾਲ ਲੈਕੇ ਬਸੀ ਪਠਾਣਾ ਹਲਕੇ ਦੇ ਬੂਥ ਜੜਖੇਲਾ ਖੇੜੀ ਵਿਖੇ ਸ਼ਰੇਆਮ ਬਦਮਾਸੀ ਕਰਦੇ ਹੋਏ ਜਾਅਲੀ ਵੋਟਾਂ ਭੁਗਤਾਉਣ ਦੀ ਕੋਸਿ਼ਸ਼ ਕਰ ਰਿਹਾ ਸੀ ਅਤੇ ਸ. ਟਿਵਾਣਾ ਅਤੇ ਸ. ਗੁਰਸ਼ਰਨ ਸਿੰਘ ਪ੍ਰਧਾਨ ਬਸੀ ਪਠਾਣਾਂ ਜੋ ਉਸ ਸਮੇ ਉਪਰੋਕਤ ਬੂਥ ਉਤੇ ਜਾਅਲੀ ਵੋਟਾਂ ਭੁਗਤਣ ਤੋ ਰੋਕਣ ਲਈ ਜੱਦੋ-ਜਹਿਦ ਕਰ ਰਹੇ ਸਨ, ਤਾਂ ਮੈਂ ਮੌਕੇ ਤੇ ਪਹੁੰਚਕੇ ਇਹ ਸਭ ਕੁਝ ਅੱਖੀ ਵੇਖਿਆ ਅਤੇ ਸੰਬੰਧਤ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫ਼ਸਰ ਅਤੇ ਐਸ.ਐਸ.ਪੀ. ਫਤਹਿਗੜ੍ਹ ਸਾਹਿਬ ਨੂੰ ਇਸ ਸੰਬੰਧੀ ਸੂਚਿਤ ਕਰਦੇ ਹੋਏ ਕਾਰਵਾਈ ਦੀ ਮੰਗ ਕੀਤੀ । ਪਰ ਉਸ ਗੈਰ-ਕਾਨੂੰਨੀ ਅਮਲ ਵਿਰੁੱਧ ਅਤੇ ਜੋ ਗੈਰ-ਕਾਨੂੰਨੀ ਤੌਰ ਤੇ ਸੁਰੱਖਿਆ ਗਾਰਡ ਲੈਕੇ ਫਿਰ ਰਿਹਾ ਸੀ, ਵਿਰੁੱਧ ਕੋਈ ਵੀ ਕਾਰਵਾਈ ਨਾ ਹੋਣਾ ਵੀ ਸਾਬਤ ਕਰਦਾ ਹੈ ਕਿ ਅਜਿਹੇ ਯੂਥ ਆਗੂਆਂ ਨੂੰ ਚੋਣਾਂ ਵਿਚ ਧਾਂਦਲੀਆ ਕਰਨ ਅਤੇ ਗੈਰ-ਕਾਨੂੰਨੀ ਕਾਰਵਾਈਆ ਕਰਨ ਹਿੱਤ ਸਰਕਾਰੀ ਤੌਰ ਤੇ ਪਾਲਿਆ ਜਾ ਰਿਹਾ ਹੈ । ਜਿਸ ਦੇ ਨਤੀਜੇ ਕਦੀ ਵੀ ਕਿਸੇ ਵੀ ਸਟੇਟ, ਸਮਾਜ ਲਈ ਕਦੀ ਵੀ ਲਾਹੇਵੰਦ ਨਹੀਂ ਹੋ ਸਕਦੇ । ਕਿਉਂਕਿ ਅਜਿਹੇ ਨੌਜ਼ਵਾਨਾਂ ਦੇ ਟੋਲੇ ਸੁਰੱਖਿਆ ਗਾਰਡ ਤੇ ਸੁਰੱਖਿਆ ਜਿਪਸੀਆ ਲੈਕੇ ਪੰਜਾਬ ਦੇ ਮਾਹੌਲ ਨੂੰ ਹਰ ਪੱਖੋ ਗੰਧਲਾ ਕਰਨ ਤੋ ਇਲਾਵਾ ਹੋਰ ਕੁਝ ਨਹੀਂ ਕਰਨਗੇ । ਫਿਰ ਅਜਿਹੇ ਨੌਜਵਾਨਾਂ ਨੂੰ ਕਿਸ ਕਾਨੂੰਨ ਤਹਿਤ ਅਜਿਹੀ ਸੁਰੱਖਿਆ ਬਾਦਲ ਦਲ ਦੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਅਤੇ ਇਸ ਸੁਰੱਖਿਆ ਉਤੇ ਲੱਖਾਂ-ਕਰੋੜਾਂ ਦੇ ਪੰਜਾਬ ਦੇ ਖਜਾਨੇ ਉਤੇ ਪੈਣ ਵਾਲੇ ਵਾਧੂ ਬੋਝ ਲਈ ਕੌਣ ਜਿੰਮੇਵਾਰ ਹੋਵੇਗਾ ? ਸ. ਮਾਨ ਨੇ ਆਪਣੇ ਵੱਲੋ ਲਿਖੇ ਗਏ ਪੱਤਰ ਵਿਚ ਉਪਰੋਕਤ ਪੰਜਾਬ ਦੇ ਚਾਰ ਜਿੰਮੇਵਾਰ ਸਖਸਾਂ ਸ. ਸੁਖਬੀਰ ਸਿੰਘ ਬਾਦਲ ਗ੍ਰਹਿ ਵਜੀਰ, ਸ੍ਰੀ ਸਰਵੇਸ ਕੌਸਲ, ਸ. ਜਗਪਾਲ ਸਿੰਘ ਸੰਧੂ ਗ੍ਰਹਿ ਸਕੱਤਰ ਅਤੇ ਡੀ.ਜੀ.ਪੀ. ਪੰਜਾਬ ਸ੍ਰੀ ਸੁਰੇਸ ਅਰੋੜਾ ਨੂੰ ਯੂਥ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਸੁਰੱਖਿਆ ਦੇਣ ਦੇ ਹੋ ਰਹੇ ਅਮਲਾਂ ਉਤੇ ਗਹਿਰੀ ਚਿੰਤਾ ਜ਼ਾਹਰ ਕਰਦੇ ਹੋਏ ਖ਼ਬਰਦਾਰ ਕੀਤਾ ਕਿ ਸਰਕਾਰ ਦੀ ਅਜਿਹੀ ਕਾਰਵਾਈ ਪੰਜਾਬ ਦੇ ਹਾਲਾਤਾਂ ਨੂੰ ਗੰਭੀਰ ਬਣਾਉਣ ਅਤੇ ਇਥੋ ਦੇ ਮਾਹੌਲ ਨੂੰ ਖ਼ਤਰਨਾਕ ਬਣਾਉਣ ਵਾਲੀ ਹੈ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੇ ਅਮਲਾਂ ਦਾ ਜਿਥੇ ਤਿੱਖਾ ਵਿਰੋਧ ਕਰਦਾ ਹੈ, ਉਥੇ ਇਸ ਨੂੰ ਅਮਲੀ ਰੂਪ ਦੇਣ ਲਈ ਸੰਬੰਧਤ ਅਫ਼ਸਰਸ਼ਾਹੀ ਨੂੰ ਅਗਾਹੂ ਖ਼ਬਰਦਾਰ ਕਰਦਾ ਹੈ ।