ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ 27 ਸਾਲ ਪਹਿਲਾਂ ਉੱਤਰ ਪ੍ਰਦੇਸ਼ ਪੁਲੀਸ ਵੱਲੋ ਧਾਰਮਿਕ ਯਾਤਰਾ ਤੇ ਗਏ ਇੱਕ ਜੱਥੇ ਵਿੱਚੋਂ 11 ਸਿੱਖ ਨੌਜਵਾਨਾਂ ਨੂੰ ਅੱਤਵਾਦ ਗਰਦਾਨ ਕੇ ਮਾਰਨ ਵਾਲੇ 57 ਦੋਸ਼ੀਆਂ ਵਿੱਚੋਂ 47 ਨੂੰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਦਿੱਤੇ ਜਾਣ ਦਾ ਸੁਆਗਤ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਜਾਵਾਂ ਮਿਲਣ ਨਾਲ ਜਿਥੇ ਨਿਆਂਪਾਲਿਕਾ ਦੀ ਪਾਰਦਸ਼ਤਤਾ ਵਿੱਚ ਵਾਧਾ ਹੋਇਆ ਹੈ ਉਥੇ ਕੇਂਦਰ ਦੀ ਮੋਦੀ ਸਰਕਾਰ ਤੇ ਲੱਗ ਰਹੇ ਘੱਟ ਗਿਣਤੀਆਂ ਦੇ ਵਿਰੋਧੀ ਹੋਣ ਦਾ ਧੱਬਾ ਵੀ ਕੁਝ ਫਿੱਕਾ ਜਰੂਰ ਪਿਆ ਹੈ।
ਜਾਰੀ ਇੱਕ ਬਿਆਨ ਰਾਹੀਂ ਸ੍ਰ. ਸਰਨਾ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਅਦਾਲਤ ਵੱਲੋ 27 ਸਾਲਾਂ ਬਾਅਦ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣੀਆ ਭਾਂਵੇ ਤਰਕ ਸੰਗਤ ਨਹੀਂ ਕਿਹਾ ਜਾ ਸਕਦੀਆਂ ਪਰ ਫਿਰ ਵੀ ਭਾਰਤੀ ਨਿਆਂਪਾਲਿਕਾ ਦੀ ਸੁਸਤ ਰਫਤਾਰ ਦੀ ਸਭ ਨੂੰ ਜਾਣਕਾਰੀ ਹੀ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਮਾਰੇ ਗਏ ਸਿੱਖ ਨੌਜਵਾਨਾਂ ਦਾ ਪੰਜਾਬ ਦੇ ਤੱਤਕਾਲੀ ਅੱਤਵਾਦ ਨਾਲ ਕੋਈ ਸਬੰਧ ਨਹੀਂ ਸੀ ਪਰ ਉੱਤਰ ਪ੍ਰਦੇਸ਼ ਪੁਲੀਸ ਨੇ ਆਪਣੇ ਨੰਬਰ ਬਣਾਉਣ ਤੇ ਤਰੱਕੀਆਂ ਤੇ ਇਨਾਮ ਲੈਣ ਕਰਕੇ ਹੀ ਬੇਦੋਸ਼ਿਆਂ ਨੂੰ ਮਾਰ ਮੁਕਾਇਆ ਸੀ। ਉਹਨਾਂ ਕਿਹਾ ਕਿ ਜਿਹਨਾਂ ਪਰਿਵਾਰਾਂ ਦੇ ਲਾਲ ਖੋਹੇ ਗਏ ਉਹਨਾਂ ਦੀ ਭਰਪਾਈ ਤਾਂ ਕਦੇ ਵੀ ਨਹੀਂ ਹੋ ਸਕਦੀ ਪਰ ਫਿਰ ਵੀ ਦੋਸ਼ੀਆਂ ਨੂੰ ਸਜਾਵਾਂ ਮਿਲਣ ਨਾਲ ਇਹਨਾਂ ਪਰਿਵਾਰਾਂ ਨੂੰ ਕੁਝ ਰਾਹਤ ਜਰੂਰ ਮਿਲੀ ਹੈ। ਉਹਨਾਂ ਕਿਹਾ ਕਿ ਜਿਹੜੇ ਸਿੱਖ ਵਕੀਲ ਨੇ ਇਸ ਕੇਸ ਦੀ ਥੱਲੇ ਤੋਂ ਲੈ ਕੇ ਉਪਰ ਤੱਕ ਪੈਰਵੀ ਕੀਤੀ ਹੈ ਉਸ ਦਾ ਉਹ ਧੰਨਵਾਦ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਭਵਿੱਖ ਵਿੱਚ ਵੀ ਉਹ ਸਿੱਖਾਂ ਨਾਲ ਹੁੰਦੀਆਂ ਜਿਆਾਦਤੀਆਂ ਨੂੰ ਇਸੇ ਤਰ੍ਵਾਂ ਹੀ ਉਠਾਉਦੇ ਰਹਿਣਗੇ।
ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਨਿਆਂਪਾਲਿਕਾ ਵਿੱਚ ਸਿੱਖਾਂ ਦਾ ਵਿਸ਼ਵਾਸ਼ ਵੱਧਿਆ ਅਤੇ ਕੇਂਦਰ ਦੀ ਮੋਦੀ ਸਰਕਾਰ ਤੇ ਜਿਹੜਾ ਫਿਰਕਾਪ੍ਰਸਤੀ ਤੇ ਘੱਟ ਗਿਣਤੀਆਂ ਦੇ ਦੁਸ਼ਮਣ ਹੋਣ ਦਾ ਧੱਬਾ ਲੱਗਦਾ ਆ ਰਿਹਾ ਹੈ ਉਹ ਵੀ ਕੁਝ ਫਿੱਕਾ ਜਰੂਰ ਪਿਆ ਹੈ ਅਤੇ ਉਹ ਆਸ ਕਰਦੇ ਹਨ ਕਿ ਬਾਕੀ ਘੱਟ ਗਿਣਤੀਆ ਦੇ ਕਾਤਲਾਂ ਨੂੰ ਵੀ ਇਸੇ ਤਰ੍ਹਾ ਹੀ ਸਜਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜਸਟਿਸ ਆਰ.ਐਸ. ਸੋਢੀ ਨੇ ਵੀ ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਹ ਸ਼ੁਰੂ ਤੋ ਹੀ ਇਸ ਕੇਸ ਨਾਲ ਜੁੜੇ ਹੋਏ ਸਨ। ਉਹਨਾਂ ਕਿਹਾ ਕਿ ਜਸਟਿਸ ਸੋਢੀ ਇੱਕ ਤਜਰਬੇਕਾਰ ਤੇ ਇਮਾਨਦਾਰੀ ਅਦਾਲਤੀ ਪ੍ਰੀਕਿਰਿਆ ਦੇ ਮਾਹਿਰ ਹਨ ਜਿਹੜੇ ਕੌਮ ਦੀ ਭਲਾਈ ਲਈ ਹਮੇਸ਼ਾਂ ਦੀ ਯਤਨਸ਼ੀਲ ਰਹਿੰਦੇ ਹਨ।
ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਮੌਜੂਦਾ ਬਾਦਲ ਦਲੀਆਂ ਤੇ ਵੀ ਉਹਨਾਂ ਨੇ ਕਟਾਸ ਭਰੀ ਟਿੱਪਣੀ ਕਰਦਿਆਂ ਕਿਹਾ ਕਿ ਉਹ ਸਿਰਫ ਕਾਗਜੀ ਸ਼ੇਰ ਬਣ ਕੇ ਅਖਬਾਰਾਂ ਵਿੱਚ ਬਿਆਨਬਾਜੀ ਤੱਕ ਹੀ ਸੀਮਤ ਨਾ ਰਹਿਣ ਸਗੋਂ ਨਵੰਬਰ 1984 ਦੇ ਦੰਗਿਆ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਯਥਾਰਥ ਰੂਪ ਵਿੱਚ ਕੁਝ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਪਿਛਲੇ 9 ਸਾਲਾਂ ਤੋਂ ਅਕਾਲੀ ਦਲ ਬਾਦਲ ਦੀ ਲਗਾਤਾਰ ਸਰਕਾਰ ਰਾਜ ਕਰ ਰਹੀ ਹੈ ਤੇ ਸਿੱਖਾਂ ਨੌਜਵਾਨਾਂ ਦੇ ਘਾਣ ਉਪਰੰਤ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 14 ਸਾਲ ਪੂਰੇ ਹੋ ਗਏ ਪਰ ਪੰਜਾਬ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦੇ ਹੋਏ ਘਾਣ ਦੇ ਦੋਸ਼ੀਆਂ ਵਿੱਚੋਂ ਕਿਸੇ ਇੱਕ ਨੂੰ ਵੀ ਬਾਦਲ ਸਰਕਾਰ ਸਜ਼ਾ ਨਹੀਂ ਦੇ ਸਕੀ। ਉਹਨਾਂ ਕਿਹਾ ਕਿ ਬਾਦਲ ਦਲੀਆਂ ਨੂੰ ਉੱਤਰ ਪ੍ਰਦੇਸ਼ ਦੀ ਅਦਾਲਤ ਦੇ ਫੈਸਲੇ ਤੋਂ ਸਬਕ ਸਿੱਖਣਾ ਚਾਹੀਦਾ ਹੈ ਅਤੇ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ ਪੁਲੀਸ ਵਾਲਿਆਂ ਨੂੰ ਜੇਲ੍ਵਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਕਰਨ ਲਈ ਸੁਚਾਰੂ ਕਦਮ ਪੁੱਟਣੇ ਚਾਹੀਦੇ ਹਨ।