ਪੰਜਾਬ ਪੰਜਾਬੀਆਂ ਦੀ ਇਮਾਨਦਾਰ ਤੀਜੀ ਧਿਰ ਭਾਲਦਾ ਹੈ

ਪੰਜਾਬ ਦੇ ਵਰਤਮਾਨ ਰਾਜਨੀਤਕ ਹਾਲਾਤ ਆਉਣ ਵਾਲੇ ਪੰਜ ਸਾਲਾਂ ਲਈ ਘੁੰਮਣ ਘੇਰੀਆਂ ਸਿਰਜਣ ਵਾਲੇ ਦਿਖਾਈ ਦੇ ਰਹੇ ਨੇ। ਅਕਾਲੀ ਦਲ ਤੋਂ ਨਰਾਜ ਜਨਤਾ ਕਾਂਗਰਸ਼ ਵੱਲੋਂ ਵੀ ਸੰਭਾਲੀ ਜਾਂਦੀ ਦਿਖਾਈ ਨਹੀਂ ਦੇ ਰਹੀ। 2014 ਵਿੱਚ ਇਹਨਾਂ ਦੋਨਾਂ ਪਾਰਟੀਆਂ ਨੂੰ ਬਰਾਬਰ ਦੀ ਟੱਕਰ ਦੇਣ ਵਾਲੀ ਤੀਜੀ ਧਿਰ ਬਹੁਤ ਸਾਰੀਆਂ ਆਸਾਂ ਉਮੀਦਾਂ ਜਗਾ ਗਈ ਸੀ ਪੰਜਾਬ ਦੇ ਤੀਜੀ ਧਿਰ ਸਥਾਪਤ ਕਰਨ ਵਾਲੇ ਲੋਕਾਂ ਲਈ। ਇਹ ਬਰਾਬਰ ਦੀ ਟੱਕਰ ਆਮ ਆਦਮੀ ਪਾਰਟੀ ਦੇ ਖਾਤੇ ਗਈ ਜਰੂਰ ਸੀ ਪਰ ਇਹ ਨਾਂ ਤਾਂ ਕੋਈ ਕੇਜਰੀਵਾਲ ਦਾ ਕਿ੍ਸ਼ਮਾ ਸੀ ਅਤੇ ਨਾਂ ਹੀ ਆਪ ਪਾਰਟੀ ਦਾ ਬਲਕਿ ਇਹ ਤਾਂ ਪੰਜਾਬੀ ਲੋਕਾਂ ਦਾ ਸਥਾਪਤ ਧਿਰਾਂ ਅਕਾਲੀ ਅਤੇ ਕਾਂਗਰਸ਼ ਖਿਲਾਫ ਉੱਠ ਰਹੇ ਰੋਹ ਦਾ ਪਰਤੀਕ ਸੀ। ਜੇ ਕੇਜਰੀਵਾਲ ਦੀ ਲਹਿਰ ਹੁੰਦੀ ਤਦ ਉਹ ਦਿੱਲੀ ਵਿੱਚ ਕਦੇ ਨਾਂ ਹਾਰਦਾ ਅਤੇ ਵਾਰਾਣਸੀ ਵਿੱਚ ਖੂਬ ਟੱਕਰ ਦਿੰਦਾ ਪਰ ਉਹ ਤਾਂ ਹਰ ਥਾਂ ਹਾਰਿਆ ਸੀ। ਪੰਜਾਬ ਵਿੱਚ ਜਿੱਤ ਉਸਦੀ ਨਹੀਂ  ਬਲਕਿ ਪੰਜਾਬੀਆਂ ਦੀ ਸੀ ਜੋ ਅੱਜ ਵੀ ਪੰਜਾਬ ਵਿੱਚ ਨਵੀਂ ਕਰਾਂਤੀਕਾਰੀ ਅਤੇ ਇਮਾਨਦਾਰ ਲੋਕਾਂ ਦੀ ਕਿਸੇ ਨਵੀਂ ਧਿਰ ਨੂੰ ਜੀ ਆਇਆਂ ਨੂੰ ਕਹਿਣ ਨੂੰ ਤਿਆਰ ਬੈਠੀ ਹੈ।  ਆਮ ਆਦਮੀ ਪਾਰਟੀ ਦਿਨੋਂ ਦਿਨ ਇਸਦੇ ਲਾਲਚੀ ਅਤੇ ਕੱਚ ਘਰੜ ਲੀਡਰਾਂ ਕਾਰਨ ਗਿਰਾਵਟ ਵੱਲ ਜਾ ਰਹੀ ਹੈ। ਇਸਦੇ ਵਿੱਚ ਪੰਜਾਬੀ ਲੋਕਾਂ ਨੂੰ ਦਰ ਕਿਨਾਰ ਕਰਕੇ ਤਨਖਾਹ ਦਾਰ ਪਰਦੇਸੀ ਲੋਕ ਪੰਜਾਬੀਆਂ ਤੇ ਹਕੂਮਤ ਕਰ ਰਹੇ ਹਨ। ਪੰਜਾਬ ਵਿਰੋਧੀ ਧਿਰਾਂ ਨਾਲ ਕੇਜਰੀਵਾਲ ਦੀ ਯਾਰੀ ਨੰਗੀ ਹੋਈ ਜਾ ਰਹੀ ਹੈ। ਅਣਖੀ ਲੋਕ ਪਾਰਟੀ ਤੋਂ ਕਿਨਾਰਾ ਕਰ ਰਹੇ ਹਨ ਚਮਚਾ ਅਤੇ ਦਲਾਲ ਕਿਸਮ ਦੇ ਲੋਕਾਂ ਨੇ ਆਪ ਤੇ ਕਬਜਾ ਕਰ ਲਿਆ ਹੈ। ਨਿੱਤ ਦੂਸਰੀਆਂ ਪਾਰਟੀਆਂ ਦੇ ਭਗੌੜੇ ਅਤੇ ਏਜੰਟ ਇਸ ਵਿੱਚ ਸਾਮਲ ਹੋ ਰਹੇ ਹਨ। ਨਵੀਆਂ ਪਿਰਤਾਂ ਪਾਉਣ ਵਾਲੇ ਪੰਜਾਬੀ ਭਰੇ ਪੀਤੇ ਬੈਠੇ ਹਨ ਇਹੋ ਜਿਹੇ ਹਲਾਤਾਂ ਨੂੰ ਦੇਖਕੇ।

ਇਹੋ ਜਿਹੇ ਸਮੇਂ ਤੇ ਨਿਰਾਸ਼ ਅਤੇ ਨਰਾਜ ਹੋ ਕੇ ਘਰ ਬੈਠੇ ਉਹਨਾਂ ਜੁਝਾਰੂ ਲੋਕਾਂ ਨੂੰ ਜਿੰਹਨਾਂ ਆਪ ਨੂੰ 2014 ਵਿੱਚ ਮਦਦ ਕੀਤੀ ਸੀ ਅਤੇ ਤੀਜੀ ਧਿਰ ਦੇ ਜੁਝਾਰੂ ਲੋਕਾਂ ਨੂੰ  ਇਕੱਠੇ ਹੋਕੇ ਪੰਜਾਬ ਪੰਜਾਬੀ ਪੰਜਾਬੀਅਤ ਦੇ ਆਸੇ ਥੱਲੇ ਇਕੱਠੇ ਹੋਕੇ ਨਵਾਂ ਬਦਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਵਕਤ ਜੇ ਨਿਰਾਸ਼ ਹੋਕੇ ਬੈਠ ਗਏ ਤਦ ਪੰਜਾਬ ਦੀ ਭਵਿੱਖ ਦੀ ਤਬਾਹੀ ਅਤੇ ਬਿਗਾਨੇ ਹੱਥਾਂ ਵਿੱਚ ਜਾ ਰਹੇ ਪੰਜਾਬ ਦੀ ਕਿਸਮਤ ਨੂੰ ਹਨੇਰੇ ਵਿੱਚ ਧੱਕਣ ਦੇ ਜੁੰਮੇਵਾਰ ਵੀ ਇਹ ਸੂਰਮੇ ਲੋਕ ਹੀ ਗਰਦਾਨੇ ਜਾਣੇ ਹਨ । ਇਤਿਹਾਸ ਕਦੇ ਕਿਸੇ ਨੂੰ ਮਾਫ ਨਹੀਂ ਕਰਦਾ ਅਤੇ ਨਾਂ ਹੀ ਕਿਸੇ ਨਾਲ ਲਿਹਾਜਾਂ ਪੂਰਦਾ ਹੈ। ਵਿਦੇਸਾਂ ਵਿੱਚ ਬੈਠੇ ਸਿਆਣੇ ਸੂਝਵਾਨ ਲੋਕ ਜੋ ਝਾੜੂ ਦੇ ਨਾਂ ਥੱਲੇ ਆਪਣੀ ਕਮਾਈ ਦਾ ਵੱਡਾ ਹਿੱਸਾ ਵਾਰ ਚੁੱਕੇ ਹਨ ਵੀ ਸਪੱਸ਼ਟ ਸਮਝ ਚੁੱਕੇ ਹਨ ਕਿ ਇਹ ਪਾਰਟੀ ਉਹ ਨਹੀਂ ਰਹੀ ਜੋ ਉਹ ਸੋਚਦੇ ਅਤੇ ਚਾਹੁੰਦੇ ਸਨ। ਇਹਨਾਂ ਵੀਰਾਂ ਨੂੰ ਵੀ ਦੁਬਾਰਾ ਹੰਭਲਾ ਮਾਰਕੇ ਪੰਜਾਬ ਦੇ ਪ੍ਰਤੀ ਸੁਹਿਰਦ ਧਿਰਾਂ ਨੂੰ ਸਹਿਯੋਗ ਅਤੇ ਸਲਾਹ ਦੇਕੇ ਖੜਾ ਕਰਨ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ। ਵਰਤਮਾਨ ਸਮੇਂ ਦੇ ਸੋਸ਼ਲ ਮੀਡੀਆ ਰਾਂਹੀ ਭਵਿੱਖ ਦੇ ਆਗੂਆਂ ਦਾ ਇੱਕ ਵਿਸ਼ਾਲ ਵਰਗ ਲੱਭਿਆ ਜਾ ਸਕਦਾ ਹੈ ਜਿਹੜੇ ਅੱਗੇ ਆਮ ਲੋਕਾਂ ਵਿੱਚੋਂ ਜੁਝਾਰੂ ਲੋਕਾਂ ਨੂੰ ਤਿਆਰ ਕਰ ਸਕਦਾ ਹੈ ਅਤੇ ਤੋਰਨ ਦੀ ਵੀ ਸਮਰਥਾ ਰੱਖਦਾ ਹੈ।

ਪੰਜਾਬ ਦੀ ਤੀਜੀ ਧਿਰ ਦੇ ਵਾਰਿਸੋ ਮੈਂ ਇੱਕ ਆਮ ਸਧਾਰਨ ਪੰਜਾਬੀ ਹੋਣ ਦੇ ਨਾਤੇ ਤੁਹਾਨੂੰ ਜੁਝਾਰੂ ਸਿਆਣੇ ਅਤੇ ਸਮਝਦਾਰ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਵਕਤ ਉਡੀਕਣ ਦਾ ਨਹੀਂ ਉੱਠਣ ਅਤੇ ਤੁਰਨ ਦਾ ਹੈ। ਧਰਮਵੀਰ ਗਾਂਧੀ ਜੀ ਹੁਣ ਮਰੀਜ ਦੇਖਣ ਦਾ ਕੰਮ ਛੱਡੋ ਬਿਮਾਰ ਪੰਜਾਬ ਨੂੰ ਠੀਕ ਕਰਨ ਲਈ ਇੱਕ ਪਲੇਟਫਾਰਮ ਬਨਾਉਣ ਦੀ ਸੋਚੋ। ਤੁਹਾਨੂੰ ਰਹਿੰਦੀ ਉਮਰ ਤੱਕ ਪੈਨਸ਼ਨਾਂ ਅਤੇ ਸਹੂਲਤਾਂ ਦਾ ਪਰਬੰਧ ਹੋ ਚੁੱਕਿਆ ਹੈ । ਤੁਹਾਡੇ ਕੋਲੋਂ ਦਵਾਈਆਂ ਲੈਣ ਆਉਣ ਵਾਲੇ ਗਿਣਤੀ ਦੇ ਲੋਕਾਂ ਦੀ ਥਾਂ ਸਮੁੱਚੇ ਪੰਜਾਬੀਆਂ ਦੇ ਦੁੱਖ ਸੁਣਨ ਵਾਲੇ ਪਲੇਟ ਫਾਰਮ ਤਿਆਰ ਕਰਨ ਦੀ ਜੁੰਮੇਵਾਰੀ ਆ ਪਈ ਹੈ। ਫੈਸਲਾ ਤੁਹਾਡੇ ਹੱਥ ਹੈ ਕਿ ਪਟਿਆਲੇ ਦੇ ਕੁੱਝ ਮਰੀਜ ਦੇਖਣੇ ਹਨ ਜਾਂ ਸਮੁੱਚੇ ਪੰਜਾਬੀਆਂ ਦਾ ਸਾਝਾਂ ਦੁੱਖ ਦੂਰ ਕਰਨਾਂ ਹੈ।

ਤੀਜੀ ਧਿਰ ਦੇ ਬਾਕੀ ਸਾਰੀਆਂ ਧਿਰਾਂ ਦੀ ਨੁਮਾਇੰਦਗੀ ਕਰਦੇ ਰਿਟਾਇਰ ਹੋ ਚੁੱਕੇ ਜਥੇਬੰਦਕ ਮੁਲਾਜਮ ਆਗੂਉ ਤੁਸੀਂ ਵੀ ਇਹ ਸੇਵਾ ਲੈਕੇ ਆਪਣਾ ਜੀਵਨ ਸਫਲਾ ਕਰ ਸਕਦੇ ਹੋ ਜੇ ਪੰਜਾਬ ਪੰਜਾਬੀਅਤ ਦਾ ਮਾੜਾ ਮੋਟਾ ਦਰਦ ਤੁਹਾਡੇ ਅੰਦਰ ਹੈ। ਪੰਜਾਬ ਮਜਬੂਤ ਤੀਜੀ ਧਿਰ ਵਾਸਤੇ ਇਸ ਵਕਤ ਤਿਆਰ ਖੜਾ ਹੈ। ਪੰਜਾਬ ਪਰੀਵਾਰ ਪਰਸਤਾਂ ਅਤੇ ਦਿੱਲੀ ਦੇ ਗੁਲਾਮ ਆਗੂਆਂ ਵਾਲੀਆਂ ਧਿਰਾਂ ਤੋਂ ਮੁਕਤੀ ਭਾਲਦਾ ਹੈ। ਪੰਜਾਬ ਪੰਜਾਬੀ ਪੰਜਾਬੀਅਤ ਦੀ ਸੋਚ ਵਾਲਿਆਂ ਨੂੰ ਇਕੱਠੇ ਹੋਕੇ ਜੂਝਣ ਦੀ ਸੱਦ ਪਾ ਰਿਹਾ ਹੈ। ਵਰਤਮਾਨ ਸਮਾਂ ਕਿਸੇ ਨੋਟਾ ਵਰਗੇ ਜੁਮਲੇ ਦੇ ਨਾਂ ਥੱਲੇ ਲੋਕਤੰਤਰ ਦੀ ਹੱਤਿਆ ਨਹੀਂ ਭਾਲਦਾ ਇਹ ਸਮਾਂ ਵੋਟ ਨੂੰ ਹਥਿਆਰ ਬਨਾਉਣ ਦਾ ਹੈ । ਵਰਤਮਾਨ ਰਾਜਸੱਤਾ ਵੋਟ ਨਾਲ ਹਾਸਲ ਹੁੰਦੀ ਕਿਸੇ ਹਥਿਆਰ ਨਾਲ ਨਹੀਂ ਨਾਂ ਹੀ ਕਿਸੇ ਨੋਟਾ ਦੀ ਵਰਤੋ ਨਾਲ ਸਰਕਾਰ ਬਨਣੋਂ ਰੁਕਦੀ ਹੈ। ਮੇਰੇ ਵਰਗਾ ਸਧਾਰਨ ਪੰਜਾਬੀ ਤਾਂ ਇਹ ਸੋਚਦਾ ਹੈ। ਤੀਜੀ ਧਿਰ ਅਤੇ ਛੋਟੀਆਂ ਛੋਟੀਆਂ ਜਥੇਬੰਦੀਆਂ ਬਣਾਕਿ ਜੂਝਣ ਵਾਲਿਉ ਤੁਸੀਂ ਕੀ ਸੋਚਦੇ ਹੋ? ਕੀ ਤੁਸੀਂ ਆਪੋ ਆਪਣੀਆਂ ਡਫਲੀਆਂ ਵਜਾਕਿ ਤਮਾਸਿਆ ਦੀ ਖੇਡ ਨਾਲ ਹੀ ਖੁਸ਼ ਹੋ ਅਤੇ ਆਪਣੇ ਪਿੱਛੇ ਤੁਰਨ ਵਾਲਿਆਂ ਨੂੰ ਰਾਹ ਤੋਂ ਭਟਕਾਉਦੇ ਰਹੋਗੇ ਜਾਂ ਆਪ ਅਤੇ ਆਪਣਿਆਂ ਨੂੰ ਇੱਕ ਵੱਡੇ ਕਾਫਲੇ ਦੇ ਜਰਨੈਲ ਅਤੇ ਸਿਪਾਹੀ ਬਣਾਕਿ ਪੰਜਾਬ ਦੀ ਰਾਜਸੱਤਾ ਤੇ ਕਬਜਾ ਕਰਨ ਦਾ ਯਤਨ ਕਰੋਗੇ। ਪੰਜਾਬ ਦੀ ਕਰਜਾਈ , ਨਸਿਆਂ ਨਾਲ ਬੇਅਣਖੀ ਹੁੰਦੀ ਜਾ ਰਹੀ ਲੋਕਾਈ ਨੂੰ ਆਉ ਅਗਵਾਈ ਦਿਉ ਪੰਜਾਬ ਦੀ ਮਿੱਟੀ ਦੀ ਮਹਿਕ ਤੁਹਾਡੇ ਲਲਕਾਰੇ ਦੀ ਅੱਜ ਵੀ ਉਡੀਕ ਕਰ ਰਹੀ ਹੈ। ਆਉ ਉੱਠੋ ਤੁਰੋ ਜਿੱਤ ਤੁਹਾਡੀ ਪੈੜ ਚਾਲ ਦੀ ਧਮਕ ਸੁਣਨਾਂ ਲੋਚਦੀ ਹੈ ਕੀ ਤੁਸੀ ਹਾਲੇ ਵੀ ਨਹੀਂ ਤੁਰੋਗੇ? ਸਮਾਂ ਤੁਹਾਡੇ ਹੁੰਗਾਰਿਆਂ ਦੀ ਉਡੀਕ ਕਰ ਰਿਹਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>