ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਨਾਮ ਖਾਲਸਾ

ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਤਕ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਕਾਬਜ਼ ਹੋ ਚੁਕਾ ਸੀ। ਜਿਸਤਰ੍ਹਾਂ ਉਸਨੇ ਦਿੱਲੀ ਦੇ ਤਖਤ ਪੁਰ ਕਬਜ਼ਾ ਕਰਨ ਲਈ ਆਪਣੇ ਪਿਤਾ ਸ਼ਾਹਜਹਾਨ ਨੂੰ ਆਪਣੀ ਭੈਣ ਸਮੇਤ ਕੈਦ ਕਰ ਆਗਰੇ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਭਰਾਵਾਂ ਦਾਰਾ, ਸ਼ਾਹ ਸ਼ੁਜਾਹ ਅਤੇ ਮੁਰਾਦ ਨੂੰ ਬੇਦਰਦੀ ਨਾਲ ਮਾਰ ਮੁਕਾਇਆ, ਉਸ ਨਾਲ ਉਸਨੂੰ ਡਰ ਸੀ ਕਿ ਕਟੜਪੰਥੀ ਮੁਸਲਮਾਣ ਉਸ ਵਿਰੁਧ ਬਗਾਵਤ ਕਰ, ਉਸਦੀ ਬਾਦਸ਼ਾਹਤ ਨੂੰ ਖਤਰੇ ਵਿੱਚ ਪਾ ਸਕਦੇ ਹਨ। ਇਸਲਈ ਉਸਨੇ ਇਨ੍ਹਾਂ ਹਾਲਾਤ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਕਟੜਪੰਥੀ ਹੋਣ ਦਾ ਮੁਖੌਟਾ ਲਾ ਲਿਆ ਤੇ ਦੇਸ਼ ਦੀ ਬਹੁ-ਗਿਣਤੀ ਹਿੰਦੂਆਂ ਨੂੰ ਮੁਸਲਮਾਣ ਬਣਾਉਣ ਦੀ ਮੁਹਿੰਮ ਛੇੜ ਦਿੱਤੀ। ਉਸਨੇ ਆਪਣੇ ਸੂਬੇਦਾਰਾਂ ਨੂੰ ਹਿਦਾਇਤਾਂ ਭੇਜੀਆਂ ਕਿ ਉਹ ਸਾਮ-ਦਾਮ-ਦੰਡ ਦੀ ਵਰਤੋਂ ਕਰ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ। ਇਸ ਮੁਹਿੰਮ ਦੀ ਅਰੰਭਤਾ ਉਸਨੇ ਕਸ਼ਮੀਰ ਤੋਂ ਕੀਤੀ, ਕਿਉਂਕਿ ਉਹ ਜਾਣਦਾ ਸੀ ਕਿ ਕਸ਼ਮੀਰੀ ਪੰਡਤ ਹਿੰਦੂ ਧਰਮ ਦਾ ਪ੍ਰਚਾਰ ਕਰ, ਉਸਦਾ ਵਿਸਥਾਰ ਕਰਨ ਵਿੱਚ ਹੀ ਸਹਾਈ ਨਹੀਂ ਹੋ ਰਹੇ, ਸਗੋਂ ਹਿੰਦੁਆਂ ਦਾ ਮਾਰਗ ਦਰਸ਼ਨ ਕਰ, ਉਨ੍ਹਾਂ ਵਿੱਚ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਦ੍ਰਿੜ੍ਹ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।

ਜਿਸ ਸਮੇਂ ਕਸ਼ਮੀਰ ਦੇ ਪੰਡਤਾਂ ਨੇ ਵੇਖਿਆ ਕਿ ਬਾਦਸ਼ਾਹ ਔਰੰਗਜ਼ੇਬ ਦੇ ਜ਼ੁਲਮਾਂ ਦਾ ਕਹਿਰ ਉਨ੍ਹਾਂ ਪੁਰ ਟੁੱਟ ਪਿਆ ਹੈ, ਉਸਤੋਂ ਬਚਣ ਦਾ ਉਨ੍ਹਾਂ ਨੂੰ ਕੋਈ ਰਾਹ ਨਹੀਂ ਮਿਲ ਰਿਹਾ ਤਾਂ ਉਨ੍ਹਾਂ ਨੇ ਦੁਖੀ ਹੋ ਆਪਣੇ ਧਰਮ ਦੀ ਰੋਖਆ ਕਰਨ ਦੀ ਫਰਿਆਦ ਲੈ, ਵਾਰੋ-ਵਾਰੀ ਦੇਸ਼ ਭਰ ਦੇ ਹਰ ਹਿੰਦੂ ਰਾਜਿਆਂ ਦੇ ਦਰਵਾਜ਼ੇ ਪੁਰ ਜਾ ਗੁਹਾਰ ਲਾਈ, ਪਰ ਔਰੰਗਜ਼ੇਬ ਤੋਂ ਡਰਦਿਆਂ ਕੋਈ ਵੀ ਹਿੰਦੂ ਰਾਜਾ ਉਨ੍ਹਾਂ ਦੀ ਬਾਂਹ ਫੜਨ ਲਈ ਅੱਗੇ ਨਹੀਂ ਆਇਆ। ਆਖਿਰ ਸਭ ਪਾਸਿਆਂ ਤੋਂ ਨਿਰਾਸ਼ ਹੋ, ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਜਾ ਪੁਜੇ। ਗੁਰੂ ਸਾਹਿਬ ਨੇ ਉਨ੍ਹਾਂ ਨੂੰ ਢਾਰਸ ਬਨ੍ਹਾਇਆ ਅਤੇ ਆਪ ਦਿੱਲੀ ਜਾ ਉਨ੍ਹਾਂ ਦੇ ਧਰਮ ਦੀ ਰਖਿਆ ਲਈ ਸ਼ਹਾਦਤ ਦੇ ਦਿੱਤੀ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ, ਜਿਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਸਵੇਂ ਸਰੂਪ ਵਿੱਚ ਪੰਥ ਦੀ ਵਾਗ ਡੋਰ ਸੰਭਾਲੀ ਤਾਂ ਉਸ ਸਮੇਂ ਉਨ੍ਹਾਂ ਦੀ ਦੁਨਿਆਵੀ ਉਮਰ ਕੇਵਲ ਨੌਂ ਵਰ੍ਹਿਆਂ ਦੀ ਹੀ ਸੀ। ਉਨ੍ਹਾਂ ਅਪਣੇ 33 ਵਰ੍ਹਿਆਂ ਦੇ ਗੁਰਗਦੀ-ਕਾਲ ਦੌਰਾਨ ਭਾਰਤੀ ਜੀਵਨ ਵਿੱਚ ਇੱਕ ਇਨਕਲਾਬੀ ਪ੍ਰੀਵਰਤਨ ਲੈ ਆਂਦਾ। ਇਸ ਸਮੇਂ ਦੌਰਾਨ ਆਪਨੇ ਜਿਥੇ ਆਤਮ-ਰਖਿਆ ਕਰਨ ਅਤੇ ਜਬਰ-ਜ਼ੁਲਮ ਤੇ ਅਨਿਆਇ ਦੇ ਵਿਰੁਧ ਕਈ ਜੰਗਾਂ ਲੜੀਆਂ, ਉਥੇ ਹੀ ਇਸ ਸੰਘਰਸ਼ ਦੀ ਮੁਹਿੰਮ ਨੂੰ ਸਦੀਵੀ ਰੂਪ ਵਿੱਚ ਜਾਰੀ ਰਖਣ ਲਈ ਖਾਲਸੇ ਦੀ ਸਿਰਜਨਾ ਵੀ ਕੀਤੀ।

ਇਤਨਾ ਹੀ ਨਹੀਂ, ਇਸ ਸਮੇਂ ਦੌਰਾਨ ਉਨ੍ਹਾਂ ਕਈ ਅਜਿਹੇ ਆਦਰਸ਼ ਵੀ ਕਾਇਮ ਕੀਤੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖ ਆਚਰਣ ਨੂੰ ਉਚਿਆਉਣ ਅਤੇ ਉਨ੍ਹਾਂ ਪ੍ਰਤੀ ਵਿਸ਼ਵਾਸ ਨੂੰ ਦ੍ਰਿੜ੍ਹ ਕਰਾਉਣ ਵਿੱਚ ਮੁਖ ਭੂਮਿਕਾ ਅਦਾ ਕੀਤੀ। ਸਿੱਖ ਇਤਿਹਾਸ ਵਿੱਚ ਆਉਂਦਾ ਹੈ ਕਿ ਨਦੌਣ ਦੀ ਜੰਗ ਦੌਰਾਨ ਹਾਰ ਕੇ ਮੈਦਾਨ ਛੱਡ ਭਜ ਗਏ ਨਵਾਬ ਦੇ ਮਾਲ-ਅਸਬਾਬ ਦੇ ਨਾਲ ਹੀ ਸਿੱਖ, ਉਸਦੀ ਲੜਕੀ ਨੂੰ ਵੀ ਪਕੱੜ ਕੇ ਲੈ ਆਏ ਸਨ। ਗੁਰੂ ਸਾਹਿਬ ਨੇ ਇਸਦਾ ਬਹੁਤ ਬੁਰਾ ਮਨਾਇਆ ਤੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਬੀਬੀ ਨੂੰ ਪੂਰੇ ਸਤਿਕਾਰ ਨਾਲ ਉਸਦੇ ਵਾਰਸਾਂ ਪਾਸ ਪਹੁੰਚਾ ਦੇਣ। ਇਸਤੇ ਕੁਝ ਸਿੱਖਾਂ ਨੇ ਕਿਹਾ ਕਿ ਮਹਾਰਾਜ, ਮੁਸਲਮਾਣ ਹਿੰਦੂ ਤੀਵੀਆਂ ਨੂੰ ਪਕੜ ਲਿਜਾਂਦੇ ਹਨ ਤੇ ਉਨ੍ਹਾਂ ਦੀ ਪਤ ਲੁਟਦੇ ਨੇ, ਸਾਨੂੰ ਵੀ ਇਸਦਾ ਬਦਲਾ ਲੈਣਾ ਚਾਹੀਦਾ ਹੈ। ਇਹ ਸੁਣ ਗੁਰੂ ਸਾਹਿਬ ਨੇ ਫੁਰਮਾਇਆ ਕਿ ਅਸਾਂ ਪੰਥ ਨੂੰ ਉਚਿਆਂ ਲਿਜਾਣਾ ਹੈ : ‘ਸੁਣਿ ਸਤਿਗੁਰ ਬੋਲੇ ਤਿਸ ਬੇਰੇ। ਹਮ ਲੇ ਜਾਨਹੁ ਪੰਥ ਉਚੇਰੇ’।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਾਇਮ ਕੀਤੇ ਗਏ ਇਸੇ ਆਦਰਸ਼ ਦਾ ਹੀ ਨਤੀਜਾ ਸੀ ਕਿ ਜਦੋਂ ਸਿੱਖ ਆਪਣੀ ਹੋਂਦ ਨੂੰ ਕਾਇਮ ਰਖਣ, ਗਰੀਬ-ਮਜ਼ਲੂਮ ਦੀ ਰਖਿਆ ਅਤੇ ਜਬਰ-ਜ਼ੁਲਮ ਦਾ ਨਾਸ ਕਰਨ ਲਈ ਜੂਝਦੇ ਹੋਏ ਜੰਗਲ-ਬੇਲਿਆਂ ਵਿੱਚ ਦਿਨ ਕਟੀ ਕਰਨ ਤੇ ਮਜਬੂਰ ਹੋ ਰਹੇ ਸਨ, ਤਾਂ ਵੀ ਉਨ੍ਹਾਂ ਨੇ ਇਨ੍ਹਾਂ ਆਦਰਸ਼ਾਂ ਦਾ ਪਾਲਣ ਕਰਨ ਦੀ ਰਾਹ ਤੋਂ ਆਪਣੇ-ਆਪਨੂੰ ਭਟਕਣ ਨਾ ਦਿੱਤਾ। ਉਨ੍ਹਾਂ ਦੇ ਆਚਰਣ ਦੀ ਇਹ ਉਚਿਆਈ ਹੀ ਸੀ, ਕਿ ਸਿੱਖਾਂ ਨੂੰ ‘ਸੱਗ’ (ਕੁੱਤੇ) ਆਖ ਉਨ੍ਹਾਂ ਪ੍ਰਤੀ ਆਪਣੀ ਦੁਰਭਾਵਨਾ ਪ੍ਰਗਟ ਕਰਨ ਵਾਲੇ ਮੁਸਲਮਾਣ ਇਤਿਹਾਸਕਾਰ ਨੁਰ ਮੁਹੰਮਦ ਨੇ ਜਦੋਂ ਸ਼ਾਹ ਦੁਰਾਨੀ ਦੀ ਫੌਜ ਦੀ ਸਿੱਖਾਂ ਨਾਲ ਹੋਈ ਲੜਾਈ ਨੂੰ ਅੱਖੀਂ ਵੇਖਿਆ ਤਾਂ ਉਹ ਉਨ੍ਹਾਂ ਦੇ ਉੱਚੇ ਆਚਰਣ ਚਰਚਾ ਕਰਦਿਆਂ ਇਹ ਲਿਖਣੋਂ ਰਹਿ ਨਾ ਸਕਿਆ ਕਿ ‘ਸਿੱਖਾਂ ਨੂੰ ਸੱਗ (ਕੁੱਤੇ) ਨਾ ਆਖੋ, ਉਹ ਤਾਂ ਸ਼ੇਰ ਹਨ। ਜੰਗ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਲੜਦੇ ਹਨ। …ਜੋ ਜੰਗ ਦੇ ਮੈਦਾਨ ਵਿੱਚ ਸ਼ੇਰਾਂ ਵਾਂਗ ਲੜਦਾ ਹੋਵੇ, ਉਸਨੂੰ ਸੱਗ ਕਿਵੇਂ ਕਿਹਾ ਜਾ ਸਕਦਾ ਹੈ’?

ਉਹ ਹੋਰ ਲਿਖਦਾ ਹੈ ‘ਸੱਚ ਤਾਂ ਇਹ ਹੈ ਕਿ ਇਹ ਜੰਗ ਦੇ ਮੈਦਾਨ ਵਿੱਚ ਸ਼ੇਰ ਹੁੰਦੇ ਹਨ ਤੇ ਸ਼ਾਂਤੀ ਤੇ ਅਮਨ ਦੇ ਮੈਦਾਨ ਵਿੱਚ ਹਾਤਮਤਾਈ ਨੂੰ ਵੀ ਮਾਤ ਕਰ ਦਿੰਦੇ ਹਨ। … ਉਹ (ਸਿੱਖ) ਜੰਗਜੂ ਕੌਮਾਂ ਨਾਲੋਂ ਇੱਕ ਹੋਰ ਗਲ ਵਿੱਚ ਵੀ ਕਿਤੇ ਬਹੁਤ ਅਗੇ ਹਨ। ਕਿਸੇ ਵੀ ਹਾਲਤ ਵਿੱਚ ਉਹ ਨਿਹੱਥੇ ਅਤੇ ਕਾਇਰ ਪੁਰ ਵਾਰ ਨਹੀਂ ਕਰਦੇ, ਮੈਦਾਨ ਛੱਡ ਭਜ ਰਹੇ ਦਾ ਪਿੱਛਾ ਵੀ ਨਹੀਂ ਕਰਦੇ। ਤੀਵੀਂ ਭਾਵੇਂ ਰਾਣੀ ਹੋਵੇ ਜਾਂ ਗੋਲੀ, ਉਹ ਉਸਦਾ ਗਹਿਣਾ ਜਾਂ ਧਨ ਨਹੀਂ ਖੋਹੰਦੇ। …ਇਹ ‘ਸੱਗ’ ਪਰਾਈ ਇਸਤਰੀ ਵਲ ਨਹੀਂ ਝਾਂਕਦੇ ਤੇ ਚੋਰਾਂ-ਯਾਰਾਂ ਦੀ ਸੰਗਤ ਤੋਂ ਬਹੁਤ ਦੂਰ ਰਹਿੰਦੇ ਹਨ’।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਇਹ ਦੇਣ ਸੀ ਕਿ ਅੰਗਰੇਜ਼ੀ ਰਾਜ-ਕਾਲ ਦੇ ਅਰੰਭ ਵਿੱਚ ਅੰਗ੍ਰੇਜ਼ ਜੱਜ ‘ਸਿੱਖ’ ਦੀ ਗੁਆਹੀ ਤੇ ਹੀ, ਇਹ ਮੰਨ ਕੇ ਫੈਸਲਾ ਦੇ ਦਿੱਤਾ ਕਰਦੇ ਸਨ, ਕਿ ਸਿੱਖ ਝੂਠ ਨਹੀਂ ਬੋਲਦਾ। ਇਸੇਤਰ੍ਹਾਂ ਲੋਕਾਂ ਵਿੱਚ ਵੀ ਇਤਨਾ ਵਿਸ਼ਵਾਸ ਸੀ ਕਿ ਰੇਲ ਗੱਡੀ ਦੇ ਜਿਸ ਡੱਬੇ ਵਿੱਚ ਇੱਕ ਵੀ ਸਿੱਖ ਬੈਠਾ ਹੋਵੇ, ਨਿਸ਼ਚਿਤ ਹੋ, ਉਹ ਉਸ ਡੱਬੇ ਵਿੱਚ ਆਪਣੀ ਧੀ-ਭੈਣ ਨੂੰ ਬਿਠਾ ਜਾਂਦੇ ਸਨ, ਉਨ੍ਹਾਂ ਨੂੰ ਵਿਸ਼ਵਾਸ ਹੁੰਦਾ ਸੀ ਕਿ ਜਿੱਥੇ ਇੱਕ ਵੀ ਸਿੱਖ ਮੌਜੂਦ ਹੈ ਉਥੇ ਉਨ੍ਹਾਂ ਦੀਆਂ ਧੀਆਂ-ਭੈਣਾਂ ਪੂਰੀ ਤਰ੍ਹਾਂ ਸੁਰਖਿਅਤ ਹਨ।

ਇਸ ਆਦਰਸ਼, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ਼ ਵਾਰ ਸਿੱਖਾਂ ਲਈ ਕਾਇਮ ਕੀਤਾ ਹੈ, ਨੂੰ ਸੰਭਾਲਣ ਦੀ ਬਹੁਤ ਲੋੜ ਹੈ, ਤਾਂ ਜੋ ਸਿੱਖਾਂ ਪ੍ਰਤੀ ਮੁੜ ਉਹੀ ਵਿਸ਼ਵਾਸ ਦ੍ਰਿੜ੍ਹ ਹੋ ਸਕੇ।

-ਰਾਣਾ ਪਰਮਜੀਤ ਸਿੰਘ
ਚੇਅਰਮੈਨ, ਧਰਮ ਪ੍ਰਚਾਰ ਕਮੇਟੀ,

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>