ਪੰਜਬ ਵਿਚ ਵੀ ਹੁੰਦੇ ਰਹੇ ਹਨ ਬਹੁਤੇ “ਝੂਠੇ” ਪੁਲਿਸ ਮੁਕਾਬਲੇ

ਉਤਰ ਪ੍ਰਦੇਸ਼ ਦੇ ਪੀਲੀ ਭੀਤ ਇਲਾਕੇ ਵਿਚ ਜੁਲਾਈ 1991 ਦੌਰਾਨ ਹੋਏ ਫਰਜ਼ੀ ਪੁਲਿਸ ਮੁਕਾਬਲੇ ਵਿਚ 11 ਸਿੱਖ ਨੌਜਵਾਨਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ ਅਦਾਲਤ ਨੇ 47 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅੰਗਰੇਜ਼ੀ ਦੀ ਇਕ ਕਹਾਵਤ ਹੈ ਕਿ ਦੇਰੀ ਨਾਲ ਮਿਲਿਆ ਇਨਸਾਫ਼ ਨਾਬਰਾਬਰ ਹੁੰਦਾ ਹੈ। ਭਾਵੇਂ ਫੈਸਲਾ 25 ਸਾਲਾਂ ਬਾਅਦ ਆਇਆ, ਫਿਰ ਵੀ ਪੀੜਤ ਪਰਿਵਾਰਾਂ ਨੂੰ ਕੁਝ ਨਾ ਕੁਝ ਰਾਹਤ ਮਹਿਸੂਸ ਹੋਈ ਹੋਏਗੀ।ਮੈਂ ਸ਼ਰੋਮਣੀ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ  ਬੇਨਤੀ ਕਰਦ ਹਾਂ ਕਿ ਅਮਰ ਉਜਾਲਾ ਅਖ਼ਬਾਰ ਦੇ ਜਿਸ ਪੱਤਰਕਾਰ ਨੇ ਇਨ੍ਹਾਂ ਝੂਠੇ ਮੁਕਾਬਲਿਆਂ ਬਾਰੇ ਪੂਰੀ ਪੜਤਾਲ ਕਰਕੇ ਖ਼ਬਰ ਭੇਜੀ ਸੀ,ਜਿਸ ਸਦਕਾ ਇਹ ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਮਿਲੀ ਹੈ,ਉਸ ਨੂੰ ਸਿੱਖ ਪੰਥ ਵਲੋਂ ਸਨਮਾਨਿਤ ਕੀਤਾ ਜਾਏ।

ਇਸ ਕੇਸ ਨੇ ਪੰਜਾਬ ਵਿਚ 1980-ਵਿਆਂ ਤੇ 1990-ਵਿਆਂ ਦੇ ਦਹਕਿਆਂ ਦੌਰਾਨ ਹੋਏ ਝੂਠੇ ਮੁਕਾਬਲਿਆਂ ਦੀ ਯਾਦ ਤਾਜ਼ਾ ਕਰਵਾ ਦਿਤੀ ਹੈ ਅਤੇ  ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਨੌਜਵਾਨਾਂ ਦੇ ਮਾਪਿਆਂ ਦੇ ਜ਼ਖ਼ਮ ਤਾਜ਼ਾ ਕਰ ਦਿਤੇ ਹੋਣਗੇ। ਜੇਕਰ ਕਿਹਾ ਜਾਏ ਕਿ ਉਸ ਕਾਲੇ ਦੌਰ ਦੌਰਾਨ ਪੰਜਾਬ ਵਿਚ ਕੁਝ ਇਕ ਨੂੰ ਛਡ ਕੇ ਸਾਰੇ ਪੁਲਿਸ ਮੁਕਾਬਲੇ ਹੀ “ਝੂਠ” ਸਨ ਤਾ ਅਤਿਕਥਨੀ ਨਹੀ ਹੋਏਗੀ। ਇਸ ਪੱਤਰਕਾਰ ਨੇ ਆਪਣੀ ਲਗਭਗ ਸਾਰੀ ਨੌਕਰੀ ਉਸ ਸਮੇਂ ਦੌਰਾਨ ਕੀਤੀ ਹੈ,ਜਿਸ ਨੂੰ ਖਾੜਕੂ ਲਹਿਰ ਕਿਹਾ ਜਾਂਦਾ ਹੈ ਅਤੇ ਅਨੇਕ ਮੁਕਾਬਲਿਆਂ ਨੂੰ ਬਹੁਤ ਨੇੜੇ ਤੋਂ ਦੇਖਆ ਸੀ।।ਬਤੌਰ ਪੱਤਰਕਾਰ, ਮੈਂ ਸਭ ਤੋਂ ਪਹਿਲੇ ਮੁਕਾਬਲੇ ਸਮੇਤ ਜ਼ਿਲਾ ਅੰਮ੍ਰਿਤਸਰ ਤੇ ਗੁਰਦਾਸਪੁਰ ਵਿਚ ਹੋਏ ਬਹੁਤ ਸਾਰੇ ਪੁਲਿਸ ਮੁਕਾਬਲਿਆਂ ਵਾਲੇ ਸਥਾਨ ਤੇ ਜਾ ਕੇ ਆਪਣੇ ਅਖ਼ਬਾਰਾਂ ਨੂੰ ਖਬਰਾਂ ਭੇਜੀਆਂ ਸਨ।ਕਈ ਪ੍ਰਮੁੱਖ ਮਕਾਬਲਿਆਂ ਦਾ ਚਸ਼ਮਦੀਦ ਗਵਾਹ ਵੀ ਹਾਂ।

ਪਹਿਲਾ ਝੂਠਾ ਮੁਕਾਬਲਾ 10 ਜੂਨ 1982 ਨੂੰ ਹੋਇਆ ਜਿਸ ਵਿਚ ਇਕ ਅੰਮ੍ਰਿਤਧਾਰੀ ਸਿੱਖ ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਹਲਾਕ ਕੀਤਾ ਗਿਆ। ਉਸ ਨੂੰ ਪੱਟੀ ਗੋਲੀਕਾਂਡ ਵਿਚ ਗ੍ਰਿਫਤਾਰ ਕੀਤਾ ਗਿਆ ਸੀ।ਉਸ ਉਤੇ ਇਤਨਾ ਜ਼ੁਲਮ ਤਸ਼ੱਦਦ ਕੀਤਾ ਗਿਆ ਕਿ ਮੌਤ ਹੋ ਗਈ।ਪਰਦਾਪੋਸ਼ੀ ਲਈ ਪੁਲਿਸ ਨੇ ਅੰਮ੍ਰਿਤਸਰ ਤੋਂ ਮਹਿਤਾ ਰੋਡ ਉਤੇ ਪਿੰਡ ਵੱਲ੍ਹਾ ਲਾਗੇ ਇਕ ਪੁਲਿਸ ਮੁਕਾਬਲਾ ਦਿਖਾਇਆ। ਸਿੱਖ ਜੱਥੇਬੰਦੀਆਂ ਨੇ ਇਸ ਨੂੰ “ਝੂਠਾ” ਮੁਕਾਬਲਾ ਕਰਾਰ ਦਿਤਾ।ਨਾਗੋਕੇ ਦੇ ਅੰਤਮ ਸਸਕਾਰ ਵੇਲੇ ਅਨੇਕ ਸਿੱਖ ਲੀਡਰ ਪਿੰਡ ਨਾਗੋਕੇ ਪਹੁੰਚੇ।ਅਰਥੀ ਨੂੰ ਮੋਢਾ ਦੇਣ ਵਾਲਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਤਕਾਲੀ ਪ੍ਰਧਾਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀ ਸ਼ਾਮਿਲ ਸਨ।ਇਹ ਮੁਕਾਬਲਾ ਕਰਨ ਵਾਲੇ ਪੁਲਿਸ ਅਫਸਰ ਗਿਆਨੀ ਬਚਨ ਸਿੰਘ ਨੂੰ ਅਤੇ ਇਨ੍ਹਾਂ ਦੇ ਸਾਰੇ ਪਰਿਵਾਰ ਨੂੰ ਖਾੜਕੂਆਂ ਨੇ ਪਿਛੋਂ ਖਤਮ ਕਰ ਦਿਤਾ ਸੀ।

ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤੇ ਫੋਜੀ ਹਮਲੇ ਦੇ ਰੋਹ ਤੇ ਰੋਸ ਵਜੋਂ ਪੰਜਾਬ ਵਿਚ ਖਾੜਕੂ ਲਹਿਰ ਸ਼ੁਰੂ ਹੋਈ, ਜੋ ਲਗਭਗ ਇਕ ਦਹਾਕਾ ਰਹੀ।ਪੁਲਿਸ ਮੁਕਾਬਲੇ ਆਮ ਹੋਣ ਲਗੇ।ਪੰਜਾਬ ਵਿਚ ਲੰਬਾ ਸਮਾ ਰਾਸ਼ਟ੍ਰਪਤੀ ਰਾਜ ਲਾਗੂ ਰਿਹਾ, ਡੇਢ ਕੁ ਸਾਲ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਰਹੀ, ਪਰ ਉਹ ਖਾੜਕੂਆਂ ਨੂੰ ਕਾਬੂ ਨਾ ਕਰ ਸਕੀ,ਇਸ ਦੇ ਉਲਟ ਜੇਲ੍ਹਾਂ ਵਿਚ ਬੰਦ ਖਾੜਕੂਆਂ ਨੂੰ ਰਿਹਾਅ ਕਰਨ ਦੇ ਦੋਸ਼ ਲਗੇ।ਕੇਂਦਰ ਨੇ ਖਾੜਕੂ  ਲਹਿਰ ਨੂੰ ਕੁਚਲਣ ਲਈ ਟਾਡਾ ਸਮੇਤ ਅਨੇਕ ਕਰੜੇ ਕਾਨੂੰਨ ਬਣਾਏ ਗਏ, ਜਿਸ ਨੂੰ ਸਿੱਖ ਜੱਥੇਬੰਦੀਆਂ “ਕਾਲੇ ਕਾਨੂੰਨ” ਕਰਾਰ ਦਿੰਦੀਆਂ ਰਹੀਆਂ। ਇਸ ਦੇ ਬਾਵਜੂਦ ਵੀ ਖਾੜਕੂ ਪੁਲਿਸ ਉਤੇ ਹਾਵੀ ਰਹੇ।ਬਰਨਾਲਾ ਸਰਕਾਰ ਦੇ ਸਮੇਂ ਹੀ ਜੇ.ਐਫ.ਰਿਬੇਰੋ ਪੰਜਾਬ ਪੁਲਿਸ ਦੇ ਮੁੱਖੀ ਬਣ ਕੇ ਆਏ, ਜਿਨ੍ਹਾਂ ਨੇ “ਬੁਲਿਟ ਫਾਰ ਬੁਲਿਟ” (ਗੋਲੀ ਦਾ ਜਵਾਬ ਗੋਲੀ) ਦਾ ਨਾਅਰਾ ਪੰਜਾਬ ਪੁਲਿਸ ਨੂੰ ਦਿਤਾ ਅਤੇ ਪੁਲਿਸ ਮੁਕਾਬਲੇ ਹੋਣ ਲਗੇ।
ਫਰਵਰੀ 1992 ਦੌਰਾਨ ਪੰਜਾਬ ਚੋਣਾਂ ਜਿਨਾਂ ਦਾ ਖਾੜਕੂਆਂ ਅਤੇ ਅਕਾਲੀ ਦਲ ਦੇ ਸਾਰੇ ਮੁਖ ਧੜਿਆਂ ਨੇ ਬਾਈਕਾਟ ਕੀਤਾ ਸੀ, ਤੋਂ ਪਹਿਲਾਂ ਹੀ ਫੌਜ ਨੇ ਅਤਿਵਾਦ ਉਤੇ ਬਹੁਤ ਹੱਦ ਤਕ ਕਾਬੂ ਪਾ ਲਿਆ ਸੀ, ਜਿਸ ਕਾਰਨ ਚੋਣਾਂ ਦੋਰਾਨ ਕਿਸੇ ਵੀ ਉਮੀਦਵਾਰ ਦੀ ਹੱਤਿਆ ਨਹੀਂ ਹੋਈ ਜਿਵੇਂ ਕਿ ਜੂਨ 1991 ਦੀਆਂ ਹੋਣ ਵਾਲੀਆਂ ਚੋਣਾ ਸਮੇਂ ਹੋਈਆਂ ਸਨ,ਜਿਨ੍ਹਾਂ ਦਾ ਕਾਂਗਰਸ ਨੇ ਬਾਈਕਾਟ ਕੀਤਾ ਸੀ ,ਜੋ ਰੱਦ ਕਰ ਦਿਤੀਆਂ ਗਈਆਂ ਸਨ। ਬਾਈਕਾਟ ਕਾਰਨ ਬਿਨਾਂ ਕਿਸੇ ਖਾਸ ਮੁਕਾਬਲੇ ਦੇ ਬੇਅੰਤ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਹੋਂਦ ਵਿਚ ਆਈ। ਇਸ ਸਰਕਾਰ ਨੇ ਪੁਲਿਸ ਨੂੰ ਅਤਿਵਾਦ ਖਤਮ ਕਰਨ ਲਈ ਖੁਲ੍ਹੀ ਛੁਟੀ ਦੇ ਦਿਤੀ ਸੀ, ਜਿਸ ਕਾਰਨ ਖਾੜਕੂਆਂ ਨੂੰ “ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ” ਕਰਾਰ ਦੇ ਕੇ ਝੂਠੇ ਪੁਲਿਸ ਮੁਕਾਬਲੇ ਆਮ ਹੀ ਹੋਣ ਲਗ ਗਏ।ਪੁਲਿਸ ਵਲੋਂ ਮੁਕਾਬਲੇ ਦੀ ਕਹਾਣੀ ਅਕਸਰ ਇਕੋ ਜੇਹੀ  ਇਸ ਤਰ੍ਹਾਂ ਹੁੰਦੀ ਸੀ- “ਪੁਲਿਸ ਨੇ ਫਲਾਂ ਪੁੱਲ ਉਤੇ ਨਾਕਾ ਲਗਾਇਆ ਹੋਇਆ ਸੀ ਕਿ ਸਾਹਮਣੇ ਵਾਲੇ ਪਾਸਿਓਂ ਇਕ ਸਕੂਟਰ ਜਾਂ ਮੋਟਰ-ਸਾਈਕਲ ਉਤੇ ਦੋ ਸ਼ਕੀ ਨੌਜਵਾਨ ਆਉਂਦੇ ਦਿਖਾਈ ਦਿਤੇ।ਨਾਕਾ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਪੁਲਿਸ ਪਾਰਟੀ ਉਤੇ ਗੋਲੀ ਚਲਾ ਦਿਤੀ। ਪੁਲਿਸ ਨੇ ਵੀ ਆਪਣੀ ਰਖਿਆ ਲਈ ਜਵਾਬੀ ਗੋਲੀ ਚਲਾਈ, ਜਿਸ ਵਿਚ ਦੋਨੋ ਨੌਜਵਾਨ ਮਾਰੇ ਗਏ,ਜਿਨ੍ਹਾਂ ਦੀ ਪਛਾਣ ਫਲਾਂ ਫਲਾਂ ਖਾੜਕੂਆਂ ਵਜੋਂ ਹੋਈ।” ਪੁਲਿਸ ਵਲੋਂ ਕਥਿਤ ਖਾੜਕੂਆਂ ਦੇ ਸਿਰਾਂ ਉਤੇ ਰਖੇ ਗਏ ਇਨਾਮ ਅਤੇ ਤਰੱਕੀਆਂ ਲੈਣ ਲਈ ਪਹਿਲਾਂ ਤੋਂ ਹਿਰਾਸਤ ਵਿਚ ਲਏ ਗਏ “ਮੁੰਡਿਆਂ” ਨੂੰ ਥਾਣਿਆਂ ’ਚੋਂ ਕੱਢ-ਕੱਢ ਕੇ ਮੁਕਾਬਲਾ ਦਿਖਾ ਕੇ ਮਾਰਿਆ ਜਾ ਰਿਹਾ ਸੀ। ਅਕਾਲੀ ਲੀਡਰ ਤੇ ਮਨੁਖੀ ਅਧਿਕਾਰ ਸਭਾਵਾਂ ਵਲੋਂ ਇਨ੍ਹਾਂ “ਝੂਠੇ” ਮੁਲਾਬਲਿਆ ਬਾਰੇ ਬਥੇਰਾ ਰੌਲਾ ਪਾਇਆ ਜਾਂਦਾ, ਪਰ ਨਗਾਰਖਾਨੇ ਵਿਚ ਤੂਤੀ ਦੀ ਆਵਾਜ਼ ਕੋਈ ਨਹੀਂ ਸੁਣਦਾ ਸੀ।ਇਸ ਪੱਤਰਕਾਰ ਵਲੋਂ ਨੇੜੇ ਤੋਂ ਦੇਖੇ ਇਨ੍ਹਾਂ ਝੂਠੇ ਮੁਕਾਬਲਿਆਂ ਦੀ ਮਿਸਾਲ ਇਸ ਤਰ੍ਹਾਂ ਹੈ:

ਇਹ 26 ਦਸੰਬਰ 1992 ਸਵੇਰ ਦੀ ਗਲ ਹੈ ਕਿ ਅਸੀਂ ਅੰਮ੍ਰਿਤਸਰ ਸਥਿਤ ਤਿੰਨ ਪੱਤਰਕਾਰ ਸਾਥੀ ਨਾਲ  ਕਾਦੀਆਂ ਵਿਖੇ ਅਹਿਮਦੀਆਂ ਭਾਈਚਾਰੇ ਦੀ ਸਾਲਾਨਾ ਕਾਨਫਰੰਸ ਕੱਵਰ ਕਰਨ ਲਈ ਜਾ ਰਹੇ ਸੀ।ਜਦੋਂ ਅਸੀਂ ਬਟਾਲਾ ਤੋਂ ਕਾਦੀਆਂ ਵਾਲੀ ਸੜਕ ‘ਤੇ ਥੋੜੀ ਦੂਰ ਹੀ ਗਏ ਸੀ ਕਿ ਸੜਕ ਤੋਂ ਲਗਭਗ ਇਕ ਕਿਲੋਮੀਟਰ ਦੂਰ ਪਿੰਡ ਬਾਹਮਣੀਆਂ ਨੂੰ ਪੁਲਿਸ ਤੇ ਨੀਮ-ਫੌਜੀ  ਬਲਾਂ ਵਲੋਂ ਘੇਰਾ ਪਾਈ ਦੇਖਿਆ।ਕਦੀ ਕਦੀ ਗੋਲੀ ਚਲਣ ਦੀ ਆਵਾਜ਼ ਵੀ ਆਉਂਦੀ। ਅਸੀਂ ਇਕ ਦੰਮ ਸਮਝ ਗਏ ਕਿ ਖਾੜਕੂਆਂ ਤੇ ਪੁਲਿਸ ਵਿਚਕਾਰ ਕੋਈ ਮੁਕਾਬਲਾ ਹੋ ਰਿਹਾ ਹੈ।ਅਪਣੀ ਗੱਡੀ ਪਿੰਡ ਵਲ ਮੋੜ ਲਈ ਤੇ ਬਾਹਰ ਦੂਰ ਖੜੀ ਕਰ ਕੇ ਖੇਤਾਂ ਵਿਚ ਹੀ ਹੁੰਦੇ ਹੋਏ ਅਸੀਂ ਪਿੰਡ ਲਾਗੇ ਪਹੁੰਚੇ।ਪਿੰਡ ਦੇ ਬਾਹਰਲੇ ਪਾਸੇ ਇਕ ਟਿਊਬਵੈਲ ਦੇ ਇਕ ਕਮਰੇ ਦੀ ਛੱਤ ਉਤੇ ਬਟਾਲਾ ਪੁਲਿਸ ਜ਼ਿਲੇ ਦੇ ਤਤਕਾਲੀ ਪੁਲਿਸ ਮੁੱਖੀ ਕਈ ਪੁਲਿਸ ਅਫਸਰਾਂ ਨਾਲ ਮੁਕਾਬਲੇ ਦੀ ਨਿਗਰਾਨੀ ਕਰ ਰਹੇ ਹਨ।ਅਸੀਂ ਪੱਤਰਕਾਰ ਵੀ ਛੱਤ ਉਤੇ ਜਾ ਚੜ੍ਹੇ।ਉਨ੍ਹਾਂ ਦਸਿਆ ਕਿ ਸਾਹਮਣੇ ਕਮਾਦ ਵਾਲੇ ਖੇਤ ਵਿਚ ਖਾੜਕੂ ਲੁਕੇ ਹੋਏ ਹਨ, ਸਾਨੂੰ ਅੱਜ ਸਵੇਰੇ ਹੀ ਭਰੋਸੇਯੋਗ ਵਸੀਲੇ ਤੋਂ ਸੂਚਨਾ ਮਿਲੀ ਤਾਂ ਅਸੀਂ ਇਸ ਕਮਾਦ ਨੂੰ ਚਾਰੇ ਪਾਸੇ ਤੋਂ ਘੇਰਾ ਪਾ ਲਿਆ ਅਤੇ ਖਾੜਕੂਆਂ ਨੂੰ ਲਾਊਡ ਸਪੀਕਰ ਉਤੇ ਕਿਹਾ ਸੀ ਕਿ ਅਪਣੇ ਆਪ ਨੂੰ ਪੁਲਿਸ ਅਗੇ ਆਤਮ ਸਮਰਪਣ ਕਰ ਦਿਓ, ਪਰ ਕਿਸੇ ਨੇ ਅਜੇਹਾ ਨਹੀਂ ਕੀਤਾ।

ਥੋੜੀ ਦੇਰ ਬਾਅਦ ਗੋਲੀ ਬੰਦ ਹੋਈ ਤਾਂ ਪੁਲਿਸ ਨੇ ਬੁਲਟ-ਪਰੂਫ ਟਰੈਕਟਰ ਉਤੇ ਬੈਠ ਕੇ ਕਮਾਦ ਦੇ ਖੇਤ ਦੀ ਛਾਣ ਬੀਣ ਕੀਤੀ ਤਾਂ ਦੇਖਿਆ ਕਿ ਇਕ ਖਾੜਕੂ ਢੇਰ ਹੋਇਆ ਪਿਆ ਹੈ, ਲਾਗੇ ਹੀ ਏ.ਕੇ-47 ਰਾਈਫਲ ਪਈ ਹੋਈ ਹੈ।ਪੁਲਿਸ ਨਾਲ ਅਸੀਂ ਵੀ ਖੇਤ ਵਿਚ ਗਏ ਤੇ ਦੇਖਿਆ ਕਿ ਮਾਰੇ ਗਏ ਖਾੜਕੂ ਦੇ ਮੱਥੇ ਤੇ ਸਰੀਰ ਦੇ ਦੋ ਤਿੰਨ ਹੋਰ ਭਾਗਾਂ ਤੋਂ ਤਾਜ਼ਾ ਲਹੂ ਨਿਕਲਿਆ ਹੋਇਆ ਹੈ, ਜੋ ਹਾਲੇ ਜੰਮਿਆ ਵੀ ਨਹੀਂ ਸੀ।ਪੁਲਿਸ ਨੇ ਖਾੜਕੂ ਦੀ ਪਛਾਣ ਲਈ ਪਿੰਡ ਦੇ ਕਈ ਮੁਅਤਬਰ ਬੰਦੇ ਬੁਲਾਏ,ਤੇ ਉਸ ਦੀ ਪਛਾਣ ਇਕ ਖਾੜਕੂ ਜੱਥੇਬੰਦੀ ਦੇ ਮੁਖੀ ਸ਼ਾਇਦ ਚੈਂਚਲ ਸਿੰਘ ਊੂਦੋਕੇ ਵਜੋਂ ਹੋਈ।ਪੁਲਿਸ ਅਫਸਰਾਂ ਨਾਲ ਗਲਬਾਤ ਕਰਦਿਆ ਅਸੀ ਕਿਹਾ ਕਿ ਅਸੀਂ ਖੁਦ ਅਪਣੀਆਂ ਅੱਖਾਂ ਨਾਲ ਦੇਖਿਆ ਹੈ ਇਹ 100 ਫੀਸਦੀ ਅਸਲੀ ਮੁਕਾਬਲਾ ਹੈ। ਇਥੋਂ  ਵਿਹਲੇ ਹੋ ਕੇ ਅਸੀਂ ਕਾਦੀਆਂ ਵਾਲਾ ਸਮਾਗਮ ਕਵਰ ਕਰ ਸ਼ਾਮ ਨੂੰ ਅੰਮ੍ਰਿਤਸਰ ਵਾਪਸ ਮੁੜੇ ਅਤੇ ਅਪਣੇ ਅਪਣੇ ਅਖ਼ਬਾਰਾਂ ਨੂੰ ਖ਼ਬਰ ਭੇਜੀ ਕਿ ਇਹ ਅਸਲੀ ਮੁਲਾਬਲਾ ਸੀ, ਜਿਸ ਦੇ ਅਸ਼ੀਂ ਚਸ਼ਮਦੀਦ ਗਵਾਹ ਹਾਂ। ਅਗਲੇ ਦਿਨ ਇਸ ਮੁਕਾਬਲੇ ਦੀ ਖ਼ਬਰ ਸਾਡੇ ਅਖ਼ਬਾਰਾਂ ਵਿਚ ਛਪ ਗਈ।

ਬਾਰਡਰ ਪੁਲਿਸ ਜ਼ੋਨ ਵਲੋਂ 31 ਦਸੰਬਰ ਨੂੰ ਅਪਣੀਆਂ ਪ੍ਰਾਪਤੀਆਂ ਬਾਰੇ ਦਸਣ ਲਈ ਦੁਪਹਿਰ ਦੇ ਖਾਣੇ ਸਮੇਂ ਇਕ ਪ੍ਰੈਸ ਕਾਨਫਰੰਸ ਕਿਸੇ ਰੈਸਟ ਹਾਊਸ ਵਿਚ ਬੁਲਾਈ ਗਈ।ਪ੍ਰੈਸ ਕਾਨਫਰੰਸ ਖਤਮ ਹੋਣ ਤੋਂ ਬਾਅਦ ਖਾਣੇ ਵੇਲੇ ਮੈਂ ਬਾਰਡਰ ਜ਼ੋਨ ਦੇ ਤਤਕਾਲੀ ਇੰਸਪੈਕਟਰ ਜਨਰਲ  ਨੂੰ ਕਿਹਾ ਕਿ ਤੁਹਾਡੇ ਸਾਰੇ ਮੁਕਾਬਲੇ ਝੂਠੇ ਹੁੰਦੇ ਹਨ, ਕੇਵਲ ਬਾਹਮਣੀਆਂ ਪਿੰਡ ਵਾਲਾ ਮੁਕਾਬਲਾ ਸੱਹੀ ਸੀ।ਉਹ ਹੱਸ ਕੇ ਕਹਿਣ ਲਗੇ, “ਜੇ ਉਹ ਮਕਾਬਲਾ ਸਹੀ ਮੁਕਾਬਲਾ ਹੈ, ਤਾਂ ਸਾਡੇ ਸਾਰੇ ਮੁਕਾਬਲੇ ਹੀ ਸੱਚੇ ਹਨ।” ਉਨ੍ਹਾ ਦਸਿਆ ਕਿ ਊਧੋਵਾਲ ਨੂੰ ਕਈ ਦਿਨ ਪਹਿਲਾਂ ਕਾਬੂ ਕਰ ਲਿਆ ਗਿਆ ਸੀ, ਉਸ ਦਿਨ ਏ.ਕੇ.-47 ਰਾਈਫਲ ਖਾਲੀ ਕਰ ਕੇ ਉਹਦੇ ਹੱਥ ਫੜਾ ਕੇ ਉਸ ਨੂੰ ਕਮਾਦ ਦੇ ਖੇਤ ਵਿਚ ਧੱਕ ਦਿਤਾ ਗਿਆ ਸੀ।ਮੈਂ ਹੈਰਾਨ ਹੋਇਆ ਕਿ ਆਪਣੇ ਆਪ ਨੂੰ ਬੜੇ ਹੁਸ਼ਿਆਰ ਸਮਝਣ ਵਾਲੇ ਅਸੀਂ ਪੱਤਰਕਾਰ ਵੀ ਬੇਵਕੂਫ ਬਣ ਗਏ ਸਾਂ।

ਇਹ 31 ਅਕਤੂਬਰ 1993 ਦੀ ਗੱਲ ਹੈ।ਪੱਟੀ ਪੁਲਿਸ ਦੋ ਕਥਿਤ ਖਾੜਕੂਆਂ ਨੂੰ ਇਕ ‘ਮੁਕਾਬਲੇ’ ਵਿਚ ਮਾਰ ਕੇ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਲਈ ਸਿਵਲ ਹਸਪਤਾਲ ਪੱਟੀ ਲੈ ਕੇ ਆਈ।ਡਾਕਟਰ ਜਦੋਂ ਪੋਸਟ ਮਾਰਟਮ ਕਰਨ ਲੱਗੇ ਤਾਂ ਉਨ੍ਹਾਂ ਦੇਖਿਆ ਕਿ ਦੋਨਾਂ ‘ਲਾਸ਼ਾਂ’ ’ਚੋਂ ਇਕ ਦੀ ਨਬਜ਼ ਹਾਲੇ ਚੱਲ ਰਹੀ ਸੀ। ਆਪਣੀ ਡਾਕਟਰੀ ਡਿਊਟੀ ਨਿਭਾਉਦਿਆਂ ਉਨ੍ਹਾਂ ਨੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਅਤੇ ਗੁਲੂਕੋਜ਼ ਚੜ੍ਹਾਇਆ ਤਾਂ ਕੁਝ ਸਮੇਂ ਪਿਛੋਂ ਉਸ ਨੂੰ ਹੋਸ਼ ਆ ਗਈ। ਉਸ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਂ ਸੁਰਜੀਤ ਸਿੰਘ ਹੈ ਤੇ ਉਹ ਪਿੰਡ ਵਲਟੋਹਾ ਦਾ ਰਹਿਣ ਵਾਲਾ ਹੈ, ਪੁਲਿਸ ਨੇ ਉਸ ਨੂੰ ਝੂਠੇ ਕੇਸ ਵਿਚ ਫਸਾ ਕੇ ਫਰਜ਼ੀ ਮੁਕਾਬਲਾ ਬਣਾਇਆ ਸੀ। ਉਸ ਨੇ ਦੱਸਿਆ, “ਵਲਟੋਹਾ ਤੋਂ ਇਕ ਬੀਬੀ ਬਲਜੀਤ ਕੌਰ ਇਸੇ ਹਸਪਤਾਲ ਵਿਚ ਸਟਾਫ ਨਰਸ ਲੱਗੀ ਹੋਈ ਹੈ, ਉਸ ਨੂੰ ਕਹਿ ਕੇ ਮੇਰੇ ਮਾਪਿਆਂ ਨੂੰ ਬੁਲਾ ਦਿਉ।” ਨਰਸ ਦੇ ਘਰ ਸੁਨੇਹਾ ਭੇਜਿਆ ਗਿਆ, ਉਸ ਦੇ ਪਤੀ ਕਾਮਰੇਡ ਮਹਾਂਬੀਰ ਸਿੰਘ, ਜੋ ਕਮਿਊਨਿਸਟ ਪਾਰਟੀ ਦੀ ਪੱਟੀ ਤਹਿਸੀਲ ਇਕਾਈ ਦੇ ਸਕੱਤਰ ਸਨ, ਆ ਗਏ। ਉਨ੍ਹਾਂ ਨੇ ਡਾਕਟਰਾਂ ਨੂੰ ਕਿਹਾ ਕਿ ਸੁਰਜੀਤ ਸਿੰਘ ਨੂੰ ਅੰਮ੍ਰਿਤਸਰ ਹਸਪਤਾਲ ਸ਼ਿਫਟ ਕਰ ਦਿਉ। ਉਨ੍ਹਾਂ ਨੇ ਸੁਰਜੀਤ ਦੇ ਘਰ ਵਲਟੋਹਾ ਸੁਨੇਹਾ ਵੀ ਭੇਜ ਦਿੱਤਾ। ਉਧਰ ਪੁਲਿਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਸਬੰਧਤ ਥਾਣੇਦਾਰ ਪੁਲਿਸ ਫੋਰਸ ਲੈ ਕੇ ਹਸਪਤਾਲ ਆ ਧਮਕਿਆ ਤੇ ਜ਼ਬਰਦਸਤੀ ਸੁਰਜੀਤ ਸਿੰਘ ਨੂੰ ਧੂਹ ਕੇ ਬਾਹਰ ਲੈ ਗਿਆ ਤੇ ਲਗਭਗ ਦੋ ਘੰਟੇ ਪਿਛੋਂ ਉਸ ਨੂੰ ਫਿਰ ਗੋਲੀਆਂ ਨਾਲ ਵਿੰਨ੍ਹ ਕੇ ਲਾਸ਼ ਸੁੱਟ ਗਿਆ। ਪਿੱਛੋਂ ਪੁਲਿਸ ਨੇ ਦੋਵਾਂ ਲਾਸ਼ਾਂ ਨੂੰ “ਲਾਵਾਰਸ” ਕਰਾਰ ਦੇ ਕੇ ਪੱਟੀ ਵਿਖੇ ਹੀ ਸਸਕਾਰ ਕਰ ਦਿੱਤਾ, ਭਾਵੇਂ ਸੁਰਜੀਤ ਦੇ ਮਾਪੇ ਤੇ ਰਿਸ਼ਤੇਦਾਰ ਪੱਟੀ ਪੁੱਜ ਚੁੱਕੇ ਸਨ, ਉਨ੍ਹਾਂ ਨੂੰ ਨੇੜੇ ਵੀ ਨਹੀਂ ਜਾਣ ਦਿੱਤਾ ਗਿਆ। ਅਗਲੇ ਦਿਨ ਇਹ ਖਬਰ ਸਾਡੇ ਅਖ਼ਬਾਰਾਂ ਵਿਚ ਪਹਿਲੇ ਪੰਨੇ ’ਤੇ ਛਪੀ। ਜਸਟਿਸ ਕੁਲਦੀਪ ਸਿੰਘ ਤੇ ਜਸਟਿਸ ਐਸ.ਸੀ. ਅਗਰਵਾਲ ਉਨ੍ਹਾਂ ਦਿਨਾਂ ਵਿਚ ਸੁਪਰੀਮ ਕੋਰਟ ਦੇ ਜੱਜ ਸਨ। ਉਨ੍ਹਾਂ ਦੋਵਾਂ ’ਤੇ ਆਧਾਰਤ ਬੈਂਚ ਨੇ ਇਸ ਖਬਰ ਦਾ ਆਪਣੇ ਆਪ ਨੋਟਿਸ ਲੈਂਦਿਆਂ ਸੀ.ਬੀ.ਆਈ. ਨੂੰ ਇਸ ਦੀ ਜਾਂਚ ਦੇ ਆਦੇਸ਼ ਕਰ ਦਿੱਤੇ। ਉਧਰ ਅਗਲੇ ਦਿਨ ਮੈਂ ਇਸ ਕਥਿਤ ਪੁਲਿਸ ਮੁਕਾਬਲੇ ਤੇ ਸੁਰਜੀਤ ਸਿੰਘ ਬਾਰੇ ਜਾਣਕਾਰੀ ਲੈਣ ਪੱਟੀ ਤਹਿਸੀਲ ਦੇ ਪਿੰਡ ਤੂਤ ਅਤੇ ਵਲਟੋਹਾ ਗਿਆ। ਸੁਰਜੀਤ ਸਿੰਘ ਦੇ ਮਾਪੇ ਤੇ ਉਨ੍ਹਾਂ ਪਾਸ ਅਫਸੋਸ ਪ੍ਰਗਟ ਕਰਨ ਆਏ ਰਿਸ਼ਤੇਦਾਰ ਨੇ ਮੈਨੂੰ ਸਾਰੀ ਕਹਾਣੀ ਦੱਸੀ।ਉਨ੍ਹਾਂ ਦੱਸਿਆ ਕਿ ਸਾਰੇ ਪਰਿਵਾਰ ਸਮੇਤ ਸੁਰਜੀਤ ਸਿੰਘ ਵਲਟੋਹਾ ਵਿਖੇ ਹੀ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਘਰ ਵਿਆਹ ਗਿਆ ਹੋਇਆ ਸੀ, ਜਿਥੋਂ ਪੁਲਿਸ ਜ਼ਬਰਦਸਤੀ ਚੁੱਕ ਕੇ ਲੈ ਗਈ ਤੇ ਦੋ ਤਿੰਨ ਬਾਅਦ ਇਹ ਝੂਠਾ ਮੁਕਾਬਲਾ ਦਿਖਾ ਕੇ ਉਸ ਦੀ ਹਤਿਆ ਕਰ ਦਿੱਤੀ।ਉਨ੍ਹਾਂ ਕਿਾ ਕਿ ਸੁਰਜੀਤ ਖਾੜਕੂ ਵੀ ਨਹੀਂ ਸੀ। ਖਾੜਕੂ ਦੋ ਕੁ ਵਾਰੀ ਉਨ੍ਹਾਂ ਦੇ ਘਰ ਖਾਣਾ ਖਾਣ ਲਈ ਠਹਿਰੇ ਸਨ।ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਉਸ ਨੂੰ ਪਹਿਲਾਂ ਵੀ ਦੋ ਤਿੰਨ ਵਾਰੀ ਪਕੜਿਆ ਸੀ, ਪਰ ਹਰ ਵਾਰੀ ਪੁੱਛ ਗਿੱਛ ਕਰਕੇ ਕੁਝ ਦਿਨਾਂ ਬਾਅਦ ਉਸ ਨੂੰ ਛਡ ਦਿੱਤਾ ਜਾਂਦਾ ਸੀ ਇਸ ਤੋਂ ਪਹਿਲਾਂ ਮੈਂ ਕਥਿਤ ਮੁਕਾਬਲੇ ਵਾਲੀ ਥਾਂ ਪਿੰਡ ਤੂਤ ਵੀ ਜਾ ਕੇ ਆਇਆ ਸੀ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਦੇ ਬਿਆਨ ਨੋਟ ਕਰ ਲਿਆਇਆ ਸੀ। ਅੰਮ੍ਰਿਤਸਰ ਵਾਪਸ ਆ ਕੇ ਮੈਂ ਇਸ ਬਾਰੇ ਵਿਸਥਾਰਪੂਰਵਕ ਰਿਪੋਰਟ ਭੇਜ ਦਿੱਤੀ ਜੋ ਅਗਲੇ ਦਿਨ ਫਿਰ ਸਾਡੇ ਗਰੁੱਪ ਦੇ ਅਖਬਾਰਾਂ ਵਿਚ ਛਪ ਗਈ।ਸੀ.ਬੀ.ਆਈ. ਨੇ ਇਸ ਕੇਸ ਦੀ ਜਾਂਚ ਕੀਤੀ। ਇਸ ਸਬੰਧੀ ਮੇਰੀਆਂ ਭੇਜੀਆਂ ਸਾਰੀਆਂ ਖਬਰਾਂ ਸੱਚ ਸਾਬਤ ਹੋਈਆਂ।ਸਬੰਧਤ ਥਾਣੇਦਾਰ ਤੇ ਉਸ ਦੇ ਦੋ ਤਿੰਨ ਹੋਰ ਸਾਥੀ ਪੁਲਿਸ ਕਰਮਚਾਰੀ ਗ੍ਰਿਫਤਾਰ ਹੋ ਗਏ। ਮੁਕੱਦਮਾ ਚੱਲਿਆ ਅਤੇ ਥਾਣੇਦਾਰ ਸਮੇਤ ਦੂਜੇ ਸਾਰੇ ਪੁਲਿਸ ਕਰਮਚਾਰੀਆਂ ਨੂੰ ਸਜ਼ਾ ਹੋ ਗਈ ਤੇ ਜੇਲ੍ਹ ਜਾਣਾ ਪਿਆ।

ਇਸ ਤਰਾਂ ਦੇ ਕਈ ਫਰਜ਼ੀ ਜਾਂ ਸਹੀ ਮੁਕਾਬਲੇ ਹੋਰ ਵੀ ਦੇਖੇ ਹਨ, ਜਿਨ੍ਹਾਂ ਨੂੰ ਆਪਣੀ ਇਕ ਪੁਸਤਕ ਵਿਚ ਦਰਜ ਕੀਤਾ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>