ਪਹਿਲੇ ਅਨੰਦ ਵਿਆਹ ਦਾ ਸਥਾਨ ਅਤੇ ਅੱਧੀ ਦਰਜਨ ਹੋਰ ਗੁਰੂਦੁਆਰੇ ਵੀ ਪਾਕਿਸਤਾਨ ਸਰਕਾਰ ਸਿੱਖਾਂ ਨੂੰ ਸੌਂਪੇਗੀ

ਅੰਮ੍ਰਿਤਸਰ / ਨਵੀਂ ਦਿੱਲੀ, (ਜਸਬੀਰ ਸਿੰਘ ਪੱਟੀ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਆਪਣੀ ਤਿੰਨ ਦਿਨਾਂ ਪਾਕਿਸਤਾਨ ਫੇਰੀ ਤੋਂ ਵਾਪਸ ਵਤਨ ਪਰਤਦਿਆਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਦਾ ਕਾਰਜ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਜਲਦੀ ਹੀ ਅੱਧੀ ਦਰਜਨ ਹੋਰ ਗੁਰੂਦੁਆਰੇ ਪਾਕਿਸਤਾਨ ਸਰਕਾਰ ਦਰਸ਼ਨਾਂ ਲਈ ਖੋਹਲ ਦੇਵੇਗੀ।

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਰਹੂਮ ਪ੍ਰਧਾਨ ਬਾਬਾ ਸ਼ਾਮ ਸਿੰਘ ਦੀ ਅੰਤਮ ਅਰਦਾਸ ਵਿੱਚ ਭਾਗ ਲੈਣ ਉਪਰੰਤ ਵਾਹਗਾ ਸਰਹੱਦ ਰਾਹੀ ਵਰਨ ਪਰਤੇ ਸਰਨਾ ਭਰਾਵਾਂ  ਨੇ ਕਿਹਾ ਕਿ ਉਹਨਾਂ ਦੀ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਔਕਾਬ ਬੋਰਡ ਦੀ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਹੋ ਚੁੱਕੀ ਹੈ ਕਿ ਉਹ  ਜਲਦੀ ਹੀ ਅੱਧੀ ਦਰਜਨ ਹੋਰ ਗੁਰੂਦੁਆਰੇ ਸੰਗਤਾਂ ਦੇ ਦਰਸ਼ਨਾਂ ਲਈ ਖੋਹਲ ਦੇਣਗੇ। ਉਹਨਾਂ ਦੱਸਿਆ ਕਿ ਉਹਨਾਂ ਨੇ ਲਾਹੌਰ ਵਿੱਚ ਚੰਦੂ ਦੀ ਹਵੇਲੀ ਤੇ ਭਾਈ ਮਨੀ ਸਿੰਘ ਦੇ ਸ਼ਹੀਦੀ ਸਥਾਨ ਵਾਲੀ ਜਗਾ ਸਿੱਖਾਂ ਨੂੰ ਸੌਂਪਣ ਦੀ ਮੰਗ ਕੀਤੀ ਜਿਹੜੀ ਪ੍ਰਵਾਨ ਕਰ ਲਈ ਗਈ ਹੈ। ਉਹਨਾਂ ਦੱਸਿਆ ਕਿ ਜਿਥੇ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਹੈ ਉਥੇ ਇੱਕ ਪਠਾਣ ਨੇ ਦੋ ਖਰਾਦ ਲਗਾਏ ਹੋਏ ਹਨ ਜਿਥੇ ਗੁਰੂਦੁਆਰੇ ਦਾ ਗੁੰਬਦ ਅੱਜ ਵੀ ਦਿਖਾਈ ਦੇ ਰਿਹਾ ਹੈ। ਇਸੇ ਤਰ੍ਵਾ ਚੰਦੂ ਦੀ ਹਵੇਲੀ ਜਿਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਗਏ ਸਨ ਵਿਖੇ ਵੀ ਅਬਾਦੀ ਬਣੀ ਹੋਈ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਔਕਾਬ ਬੋਰਡ ਥੋੜਾ ਜਿਹਾ ਤਰੱਦਦ ਕਰੇ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਮੁਆਵਜਾ ਦੇ ਕੇ ਜਗ੍ਹਾ ਲੈਣ ਲਈ ਤਿਆਰ ਹੈ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਪੰਜਵੀ ਤੇ ਛੇਵੀ ਪਾਤਸ਼ਾਹੀ ਨਾਲ ਸਬੰਧਿਤ ਗੁਰੂਦੁਆਰਾ ਮੰਜ਼ਾਲ ਸਾਹਿਬ ਵੀ ਖੋਹਲਣ ਦੀ ਗੱਲਬਾਤ ਚੱਲ ਰਹੀ ਹੈ।

ਉਹਨਾਂ ਦੱਸਿਆ ਕਿ ਰਾਵਲਪਿੰਡੀ ਵਿੱਚ ਨਿਰੰਕਾਰੀ ਮੁੱਖੀ ਬਾਬਾ ਦਿਆਲ ਸਿੰਘ ਨੇ ਇੱਕ ਨਿਰੰਕਾਰੀ ਭਵਨ ਦੀ ਉਸਾਰੀ ਕਰੀਬ 1830 ਵਿੱਚ ਕੀਤੀ ਸੀ ਅਤੇ ਇਸੇ ਜਗ੍ਹਾ ਤੇ ਬਾਬਾ ਦਿਆਲ ਸਿੰਘ ਨੇ ਅਨੰਦ ਵਿਆਹ ਕਰਨ ਦੀ ਪ੍ਰੀਕਿਰਿਆ 1860 ਵਿੱਚ ਸ਼ੁਰੂ ਕੀਤੀ ਸੀ ਜਿਥੇ ਪਹਿਲਾ ਅਨੰਦ ਵਿਆਹ ਹੋਇਆ ਸੀ। ਇਸ ਤੋ ਪਹਿਲਾਂ ਹਿੰਦੂ ਰਹੁਰੀਤਾਂ ਨਾਲ ਹੀ ਸਿੱਖਾਂ ਦੇ ਵਿਆਰ ਸ਼ਾਦੀਆ ਹੁੰਦੇ ਸਨ। ਇਸ ਜਗ੍ਹਾ ਦੀ ਵੀ ਪਾਕਿਸਤਾਨ ਸਰਕਾਰ ਕੋਲੋ ਮੰਗ ਕੀਤੀ ਗਈ ਹੈ ਪਰ ਉਥੇ ਸਰਕਾਰੀ ਸਕੂਲ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਆਹਲਾ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿੱਚ ਫੈਂਸਲਾ ਹੋ ਗਿਆ ਹੈ ਕਿ ਸਕੂਲ ਲਈ ਵੱਖਰੇ ਕਮਰੇ ਬਣਾ ਦਿੱਤੇ ਜਾਣਗੇ ਅਤੇ ਇਹ ਸਥਾਨ ਵੀ ਅਨੰਦ ਮੈਰਿਜ ਦਾ ਮੁੱਢਲਾ ਇਤਿਹਾਸਕ ਸਥਾਨ ਅਤੇ ਸਿੱਖ ਵਿਰਾਸਤ ਦਾ ਹਿੱਸਾ ਹੈ, ਇਥੇ ਵੀ ਗੁਰੂਦੁਆਰਾ ਉਸਾਰ ਕੇ ਇਸ ਦੀ ਪੁਰਾਣੀ ਦਿੱਖ ਨੂੰ ਬਹਾਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਗੱਲਬਾਤ ਬੜੇ ਹੀ ਸੁਖਾਵੇ ਮਾਹੌਲ ਵਿੱਚ ਹੋਈ ਹੈ ਤੇ ਉਮੀਦ ਹੈ ਕਿ ਜਲਦੀ ਹੀ ਅੱਛੇ ਸਿੱਟੇ ਨਿਕਲਣੇ ਸ਼ੁਰੂ ਹੋ ਜਾਣਗੇ।

ਗੁਰੂਦੁਆਰਾ ਡੇਹਰਾ ਸਾਹਿਬ ਲਾਹੌਰ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਕਾਰਨਾਂ ਕਰਕੇ ਸੇਵਾ ਦਾ ਕੰਮ ਲਟਕ ਗਿਆ ਸੀ ਪਰ ਹੁਣ ਸੇਵਾ ਦਾ ਕੰਮ ਜੰਗੀ ਪੱਧਰ ਤੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਨੇ ਸ਼ੁਰੂ ਕਰ ਦਿੱਤਾ ਹੈ ਅਤੇ ਅਗਲੇ ਇੱਕ ਸਾਲ ਤੱਕ ਗੁਰੂਦੁਆਰੇ ਦੀ ਇਮਾਰਤ ਬਣ ਕੇ ਖੜੀ ਹੋ ਜਾਵੇਗੀ ਤੇ ਉਸ ਤੋਂ ਬਾਅਦ ਪੱਥਰ, ਟਾਈਲ ਤੇ ਹੋਰ ਰੈਨੋਵੇਸ਼ਨ ਦਾ ਕੰਮ ਚੱਲਦਾ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਪੰਜਾ ਸਾਹਿਬ, ਨਨਕਾਣਾ ਸਾਹਿਬ ਤੇ ਡੇਹਰਾ ਸਾਹਿਬ ਲਾਹੌਰ ਵਿਖੇ ਤਿੰਨ ਤਾਰਾ ਹੋਟਲ ਵਰਗੀਆਂ ਸਰਾਵਾਂ ਬਣਾਈਆ ਜਾਣ ਤਾਂ ਕਿ ਸੰਗਤਾਂ ਪੂਰੇ ਆਰਾਮਮਈ ਤਰੀਕੇ ਨਾਲ ਯਾਤਰਾ ਦੌਰਾਨ ਆਰਾਮ ਕਰ ਸਕਣ। ਗੁਰੂਦੁਆਰਾ ਕਰਤਾਰਪੁਰ ਸਾਹਿਬ ਦੀ ਕਾਰ ਸੇਵਾ ਸ਼੍ਰੋਮਣੀ ਕਮੇਟੀ ਨੂੰ ਦੇਣ ਬਾਰੇ ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਦੀ ਸੇਵਾ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਉਥੇ ਕਾਰ ਸੇਵਾ ਦਾ ਕੋਈ ਕੰਮ ਨਹੀਂ ਹੈ। ਉਹਨਾਂ ਕਿਹਾ ਕਿ ਇਸ ਵਾਰੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰ. ਰੂਪ ਸਿੰਘ ਨੇ ਸੇਵਾ ਦੀ ਮੰਗ ਕੀਤੀ ਸੀ ਪਰ ਉਹਨਾਂ ਦੀ ਸੂਚਨਾ ਮੁਤਾਬਕ ਔਕਾਬ  ਬੌਰਡ ਹਾਲੇ ਸੇਵਾ ਦੇਣ ਲਈ ਰਾਜ਼ੀ ਨਹੀ ਹੈ। ਉਹਨਾਂ ਕਿਹਾ ਕਿ ਸ੍ਰ. ਰੂਪ ਸਿੰਘ ਨੇ ਐਲਾਨ ਕੀਤਾ ਹੈ ਕਿ ਬਾਬਾ ਸ਼ਾਮ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ ਇਹ ਵਾਅਦਾ ਪੂਰਾ ਹੁੰਦਾ ਹੈ ਜਾਂ ਨਹੀ ਇਸ ਬਾਰੇ ਤਾਂ ਸ਼੍ਰੋਮਣੀ ਕਮੇਟੀ ਹੀ ਜਾਣਦੀ ਹੈ।

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਾਨੀ ਮਰਹੂਮ ਪ੍ਰਧਾਨ ਬਾਬਾ ਸ਼ਾਮ ਸਿੰਘ ਦੀ ਅੰਤਮ ਅਰਦਾਸ ਵਿੱਚ ਭਾਗ ਲੈਣ ਲਈ ਗਏ ਸਰਨਾ ਭਰਾਵਾਂ ਨੇ ਕਿਹਾ ਕਿ ਬਾਬਾ ਸ਼ਾਮ ਸਿੰਘ ਦੇ ਚੱਲੇ ਜਾਣ ਨਾਲ ਇੱਕ ਖਲਾਅ ਪੈਦਾ ਹੋ ਗਿਆ ਹੈ ਜਿਸ ਨੂੰ ਪੂਰਾ ਕੀਤਾ ਜਾਣਾ ਸੰਭਵ ਨਹੀ ਹੈ। ਉਹਨਾਂ ਕਿਹਾ ਕਿ ਬਾਬਾ ਸ਼ਾਮ ਸਿੰਘ ਨੂੰ ਜੇਕਰ ਸਿੱਖ ਇਤਿਹਾਸ ਦਾ ਚੱਲਦਾ ਫਿਰਦਾ ਸਿੱਖ ਇਨਸਾਈਕਲੋਪੀਡੀਆ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀ ਹੋਵੇਗੀ। ਉਹਨਾਂ ਕਿਹਾ ਕਿ ਬਾਬਾ ਸ਼ਾਮ ਦੀ ਬਦੌਲਤ ਹੀ ਅੱਜ ਸਿੱਖ ਗੁਰਧਾਮ ਵੱਡੀ ਪੱਧਰ ਤੇ ਪਾਕਿਸਤਾਨ ਸਰਕਾਰ ਵੱਲੋਂ ਖੋਹਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਦਾ ਸਮਾਂ ਸੀ ਉਸ ਵੇਲੇ ਤਾਂ ਸ਼੍ਰੋਮਣੀ ਕਮੇਟੀ ਨੇ ਜੱਥੇ ਹੀ ਭੇਜਣ ਦਾ ਬਾਈਕਾਟ ਕਰ ਦਿੱਤਾ ਸੀ ਜਿਸ ਦਾ ਰੋਸ ਅੱਜ ਵੀ ਪਾਕਿਸਤਾਨ ਸਰਕਾਰ, ਔਕਾਬ ਬੋਰਡ ਤੇ ਪਾਕਿਸਤਾਨ ਦੇ ਸਿੱਖਾਂ ਵਿੱਚ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਬਾਦਲਾ ਦਾ ਕਬਜ਼ਾ ਹੋਣ ਕਾਰਨ ਵੀ ਪਾਕਿਸਤਾਨ ਦੇ ਸਿੱਖ ਨਿਰਾਸ਼ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਸਿੱਖ ਨੌਜਵਾਨਾਂ ਨੂੰ ਨਸ਼ਈ ਬਣਾਉਣ ਤੇ ਨੌਜਵਾਨਾਂ ਵਿੱਚ ਪਤਿਤਪੁਣੇ ਨੂੰ ਵਧਾਉਣ ਵਿੱਚ ਬਾਦਲ ਸਰਕਾਰ ਦਾ ਬਹੁਤ ਵੱਡਾ ਰੋਲ ਹੈ। ਪਾਕਿਤਸਾਨ ਕਮੇਟੀ ਦੇ ਨਵੇਂ ਥਾਪੇ ਗਏ ਪ੍ਰਧਾਨ ਸ੍ਰ. ਤਾਰਾ ਸਿੰਘ ਬਾਰੇ ਉਹਨਾਂ ਕਿਹਾ ਕਿ ਨੌਜਵਾਨ ਮੁੰਡਾ ਹੈ ਤੇ ਕੰਮ ਕਰਨ ਦੀ ਸਮੱਰਥਾ ਰੱਖਦਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਉਹ ਬਾਬਾ ਸ਼ਾਮ ਸਿੰਘ ਦੇ ਪੂਰਨਿਆਂ ‘ਤੇ ਚੱਲ ਕੇ ਸਿੱਖ ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਵਿਸ਼ੇਸ਼ ਯੋਗਦਾਨ ਪਾਵੇਗਾ।

ਦਿੱਲੀ ਵਿਖੇ ਪਿਆਉ ਨੂੰ ਲੈ ਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਰੋਲ ਨੂੰ ਇੱਕ ਸਾਜਿਸ਼ ਗਰਦਾਨਦਿਆਂ ਉਹਨਾਂ ਕਿਹਾ ਕਿ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਕੁਝ ਵੀ ਹੋਣ ਵਾਲਾ ਨਹੀਂ ਸੀ । ਉਹਨਾਂ ਕਿਹਾ ਕਿ ਅੱਜ ਦਿੱਲੀ ਕਮੇਟੀ ਦੀ ਜਿੰਨੀ ਹਾਲਤ ਪਤਲੀ ਹੋਈ ਹੈ ਉਸ ਲਈ ਵੀ ਬਾਦਲ ਅਕਾਲੀ ਦਲ ਜਿੰਮੇਵਾਰ ਹੈ। ਉਹਨਾਂ ਕਿਹਾ ਕਿ 2007 ਵਿੱਚ ਜਦੋਂ ਉਹਨਾਂ ਕੋਲ ਦਿੱਲੀ ਕਮੇਟੀ ਦੀ ਸੇਵਾ ਸੀ ਤਾਂ ਮਜਨੂੰ ਕਾ ਟਿੱਲਾ ਗੁਰੂਦੁਆਰਾ ਵਿਖੇ ਵੀ ਨਗਰ ਨਿਗਮ ਨੇ ਗੁਰੂਦੁਆਰੇ ਦੀ ਰਿਹਾਇਸ਼ੀ ਜਗ੍ਹਾ ਤੇ ਬੁਲਡੋਜਰ ਚਲਾਉਣ ਦੀ ਤਿਆਰੀ ਕਰ ਲਈ ਗਈ ਸੀ ਪਰ ਉਹਨਾਂ ਨੇ ਉਸ ਵੇਲੇ ਹਲਕੇ ਦੇ ਮੈਂਬਰ ਪਾਰਲੀਮੈਂਟ ਅਜੇਮਾਕਨ ਤੇ ਕੇਂਦਰੀ ਹਾਊਸਿੰਗ ਡਿਵੈਲਪਮੈਂਟ ਮੰਤਰੀ ਨਾਲ ਗੱਲਬਾਤ ਕੀਤੀ ਤੇ ਬੁਲਡੋਜ਼ਰ ਵਾਪਸ ਭੇਜੇ ਸਨ। ਉਹਨਾਂ ਕਿਹਾਕਿ ਉਸ ਸਮੇ ਉਹ ਦੋਵੇ ਭਰਾ ਸਭ ਤੋਂ ਅੱਗੇ ਬੁਲਡੋਜਰਾਂ ਦੇ ਅੱਗੇ ਖਲੋ ਗਏ ਸਨ ਤੇ ਕਰੀਬ ਦੋ ਹਜ਼ਾਰ ਸਿੰਘ ਨੌਜਵਾਨ ਵੀ ਮੌਕੇ ਤੇ ਪੁੱਜ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਪੰਜ ਅਪ੍ਰੈਲ ਨੂੰ ਜੀ ਕੇ ਨੂੰ ਸ਼ਾਮੀ ਪਤਾ ਲੱਗ ਗਿਆ ਸੀ ਤਾਂ ਉਸ ਨੇ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਤੇ ਕੇਦਰੀ ਮਕਾਨ ਉਸਾਰੀ ਤੇ ਵਿਕਾਸ ਮੰਤਰੀ ਨਾਲ ਗੱਲਬਾਤ ਕਿਉਂ ਨਹੀਂ ਕੀਤੀ? ਉਹਨਾਂ ਕਿਹਾ ਕਿ ਇਹ ਇੱਕ ਸਾਜਿਸ਼ ਤਹਿਤ ਜੀ ਕੇ ਸਿਰਸਾ ਬਾਦਲਾ ਦੇ ਇਸ਼ਾਰੇ ਤੇ ਕਰਵਾਇਆ ਹੈ ਤੇ ਇਸ ਸਾਜਿਸ਼ ਨੂੰ ਵੀ ਜਲਦੀ ਹੀ ਜਨਤਾ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਦਿੱਲੀ ਦੇ ਲੈਫਟੀਨੈਂਟ ਗਵਰਨਰ, ਮੁੱਖ ਮੰਤਰੀ ਦਿੱਲੀ ਤੇ ਕੇਂਦਰੀ ਮਕਾਨ ਉਸਾਰੀ ਮੰਤਰੀ ਕੋਲੋ ਸਮਾਂ ਲੈ ਕੇ ਅਗਲੇ ਦੋ ਚਾਰ ਦਿਨਾਂ ਵਿੱਚ ਮਿਲ ਕੇ ਸਪੱਸ਼ਟ ਕਰਨਗੇ ਕਿ ਹੈਰੀਟੇਜ਼ ਬਚਾਏ ਜਾਂਦੇ ਹਨ ਬਰਬਾਦ ਨਹੀ ਕੀਤੇ ਜਾਂਦੇ। ਦਿੱਲੀ ਵਿੱਚ ਸਿਰਫ ਗੁਰੂਦੁਆਰਾ ਸੀਸ ਗੰਜ ਦੇ ਪਿਆਉ ਦਾ ਜਲ ਹੀ ਪੀਣ ਵਾਲਾ ਹੈ ਜਿਥੇ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਲ ਛੱਕ ਤ੍ਰਿਪਤ ਹੁੰਦੀਆ ਹਨ। ਇਸ ਸਮੇਂ ਉਹਨਾਂ ਦੇ ਨਾਲ ਮਨਿੰਦਰ ਸਿੰਘ ਧੁੰਨਾ ਵੀ ਨਾਲ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>