ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਦੇ ਅਬੋਹਰ ਸਥਿਤ ਖੇਤਰੀ ਖੋਜ ਕੇਂਦਰ ਅਬੋਹਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋ ਅੱਜ ਕਿਸਾਨ ਮੇਲੇ ਦਾ ਪਿੰਡ ਧਰਾਂਗਵਾਲਾ ਵਿਖੇ ਆਯੋਜਨ ਕੀਤਾ ਗਿਆ। ਇਸ ਮੇਲੇ ਦੇ ਉਦਘਾਟਨ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਤੇ ਧਰਾਂਗਵਾਲਾ ਤੋ ਇਲਾਵਾ ਦੂਜੇ ਪਿੰਡਾਂ ਦੇ ਹਜ਼ਾਰ ਤੋ ਵੱਧ ਕਿਸਾਨ ਹਾਜ਼ਰ ਸਨ।
ਇਸ ਮੌਕੇ ਤੇ ਡਾ ਬੁੱਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਕੀਟਨਾਸ਼ਕਾਂ ਅਤੇ ਹੋਰ ਵਸਤੂਆਂ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਨਾਲ ਅਸੀ ਮੁਢਲੀ ਲਾਗਤਾ ਤੇ ਕਟੌਤੀ ਕਰ ਸਕਦੇ ਹਾਂ ਅਤੇ ਆਪਣੇ ਮੁਨਾਫ਼ੇ ਵਿੱਚ ਵਾਧਾ ਕਰ ਸਕਦੇ ਹਾ। ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਸਮਾਜਿਕ ਕੁਰੀਤੀਆਂ ਜਿਵੇ ਨਸ਼ਾਬੰਦੀ, ਭਰੂਣ ਹੱਤਿਆ ਅਤੇ ਫੋਕੀ ਦਿਖਾਵੇਬਾਜੀ ਤੋ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਯੂਨੀਵਰਸਿਟੀ ਦੇ ਕੇਂਦਰ ਨਾਲ ਨੇੜਤਾ ਵਧਾਉਣ ਲਈ ਕਿਹਾ ਅਤੇ ਅਪੀਲ ਕੀਤੀ ਕਿ ਸਹਾਇਕ ਕਿੱਤਿਆਂ ਨੂੰ ਆਪਣਾ ਕੇ ਅਸੀਂ ਆਪਣੀ ਖੇਤੀ ਨੂੰ ਲਾਹੇਵੰਦ ਕਿੱਤੇ ਵੱਲ ਤੌਰ ਸਕਦੇ ਹਾਂ। ਉਹਨਾਂ ਯੂਨੀਵਰਸਟਿੀ ਦੀ ਪ੍ਰਕਾਂਸ਼ਨਾਵਾਂ ਨੂੰ ਖੇਤੀ ਦਾ ਸੰਵਿਧਾਨ ਦੱਸਿਆ ਅਤੇ ਕਿਹਾ ਕਿ ਇਹਨਾਂ ਪ੍ਰਕਾਸ਼ਨਾਵਾ ਦੇ ਵਿੱਚ ਗਹਿਰੀ ਖੋਜ ਤੋ ਬਾਅਦ ਖੋਜ ਪ੍ਰਾਪਤੀਆਂ ਦਰਜ ਕੀਤੀ ਜਾਂਦੀਆ ਹਨ ਉਹਨਾਂ ਵਿਦਿਆਰਥੀਆ ਦੀ ਪੇਸ਼ਕਾਰੀ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਤੇ ਚਿੱਟੀ ਮੱਖੀ ਦੇ ਚੰਗੇਰੇ ਪ੍ਰਬੰਧ ਲਈ ਯੂਨੀਵਰਸਿਟੀ ਦੀ ਵਿਸ਼ੇਸ਼ ਟੀਮ ਨੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ। ਇਸ ਟੀਮ ਵਿੱਚ ਡਾ ਵਿਜੇ ਕੁਮਾਰ, ਡਾ ਹਰਪਾਲ ਭੁੱਲਰ, ਡਾ ਅਜੀਤਪਾਲ ਸਿੰਘ ਸ਼ਾਮਲ ਸਨ। ਲੈਕਚਰ ਉਪਰੰਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਤਿਆਰ ਕੀਤਾ ਤਕਨੀਕੀ ਨਾਟਕ ਪੇਸ਼ ਕੀਤਾ ਗਿਆ। ਜਿਸਦਾ ਪ੍ਰਮੁੱਖ ਸੁਨੇਹਾ ’ਸੋਚ ਸਮਝ ਕੇ ਕੀਟਨਾਸ਼ਕ’ ਸੀ। ਇਸ ਨਾਟਕ ਵਿਚ ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਕਿ ਰਸਾਇਣਾਂ ਦੀ ਦੁਰਵਰਤੋਂ ਕਾਰਨ ਵਾਤਾਵਰਨ ਵਿਚ ਵਿਗਾੜ ਆ ਰਹੇ ਹਨ ਅਤੇ ਖੇਤੀ ਦਰਪੇਸ਼ ਨਵੀਆਂ ਸਮੱਸਿਆਵਾ ਪੇਸ਼ ਆ ਰਹੀਆਂ ਹਨ। ਇਸ ਨਾਟਕ ਵਿਚ ਮਿੱਤਰ ਕੀੜੇ ਦੀ ਭੂਮਿਕਾ ਨਿਭਾਉਣ ਵਾਲੀ ਵਿਦਿਆਰਥਨ ਡਾ ਸ਼ਰਨਜੀਤ ਢਿੱਲੋਂ ਨੇ ਆਪਣੇ ਕਿਰਦਾਰ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਰਸਾਇਣਾਂ ਦੀ ਅੰਧਾਧੁੰਦ ਵਰਤੋਂ ਕਾਰਨ ਕਈ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਇਸ ਨਾਟਕ ਵਿੱਚ ਵਿਦਿਆਰਥੀ ਅਭਿਸ਼ੇਕ, ਸੁਰਿੰਦਰ ਸਿੰਘ, ਹਰਜੀਤ ਸਿੰਘ, ਅਰਸ਼ਦੀਪ ਬਰਾੜ, ਰਨਵੀਰ ਸੰਧੂ, ਰਨਵੀਰ ਮੋਹਾਲੀ , ਜਸਵੰਤ ਸਿੰਘ, ਯੋਗਰਾਜ ਬਰਾੜ ਨੇ ਭਾਗ ਲਿਆ।
ਇਸ ਮੌਕੇ ਇੱਕ ਪ੍ਰਭਾਵਸ਼ਾਲੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਸਮਾਰੋਹ ਦੌਰਾਨ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ ਪ੍ਰਸ਼ੋਤਮ ਅਰੋੜਾ, ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਮੁੱਖੀ ਡਾ ਜਗਦੀਸ਼ ਕੁਮਾਰ ਅਰੋੜਾ, ਵਿਗਿਆਨੀ ਡਾ ਅਨਿਲ ਕੁਮਾਰ, ਡਾ ਸ਼ਸ਼ੀ ਪਠਾਨੀਆ ਅਤੇ ਡਾ ਸੰਦੀਪ ਰਹੇਜਾ ਵੀ ਹਾਜਰ ਸਨ।