ਲੁਧਿਆਣਾ : ਡਾ: ਬੀ ਆਰ ਅੰਬੇਡਕਰ ਟਰੇਨਿੰਗ ਇੰਸਟੀਚਿਊਟ ਓਲਡ ਸਟੂਡੈਂਟਸ ਐਸੋਸ਼ੀਏਸ਼ਨ ਵੱਲੋਂ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀਆਂ ਦੀ ਦੂਜੀ ਸਾਲਾਨਾ ਮਿਲਣੀ ਸੰਬੰਧੀ ਸਮਾਗਮ ਮੋਹਾਲੀ ਸਥਿਤ ਡਾ. ਬੀ ਆਰ ਅੰਬੇਡਕਰ ਟਰੇਨਿੰਗ ਇੰਸਟੀਚਿਊਟ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਆਰੰਭਤਾ ਮੌਕੇ ਸਵੇਰੇ 10 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਰਾਗੀ ਸਿੰਘਾਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਇਸ ਤੋਂ ਉਪਰੰਤ ਇੰਸਟੀਚਿਊਟ ਵਿਖੇ ਸਥਿਤ ਬਾਬਾ ਸਾਹਿਬ ਦੀ ਪ੍ਰਤਿਮਾ ਤੇ ਫੁੱਲਮਾਲਾਵਾਂ ਰਾਹੀਂ ਪ੍ਰਿੰਸੀਪਲ ਮੈਡਮ, ਸਟਾਫ, ਪੁਰਾਣੇ ਵਿਦਿਆਰਥੀ ਅਤੇ ਨਵੇਂ ਵਿਦਿਅਰਥੀਆਂ ਨੇ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ।
ਇਸ ਮੌਕੇ ਇੰਸਟੀਚਿਊਟ ਦੀ ਪ੍ਰਿੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਡਾ: ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਡਾ: ਅੰਬੇਡਕਰ ਸਾਹਿਬ ਜੀ ਦੀ ਹੀ ਦੇਣ ਹੈ ਕਿ ਅੱਜ ਤੁਸੀਂ ਸਾਰੇ ਪੁਰਾਣੇ ਵਿਦਿਆਰਥੀ ਵੱਖ ਵੱਖ ਖੇਤਰਾਂ ਵਿੱਚ ਉੱਚ ਅਹੁਦਿਆਂ ਤੇ ਪਹੁੰਚ ਸਕੇ। ਉਹਨਾਂ ਕਿਹਾ ਕਿ ਡਾ:ਅੰਬੇਡਕਰ ਜੀ ਨੇ ਨਾ ਸਿਰਫ ਗਰੀਬ, ਦੱਬੇ ਕੁਚਲੇ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਬਲਕਿ ਸਮੁੱਚੀ ਔਰਤ ਜਾਤੀ ਨੂੰ ਉੱਚਾ ਚੁੱਕਣ ਦਾ ਬੀੜਾ ਚੁੱਕਿਆ । ਉਨ੍ਹਾਂ ਕਿਹਾ ਕਿ ਜੇ ਬਾਬਾ ਸਾਹਿਬ ਨੇ ਔਰਤਾਂ ਨੂੰ ਪੜ੍ਹਾਈ ਦੇ ਨਾਲ ਨਾਲ ਬਰਾਬਰਤਾ ਦਾ ਅਧਿਕਾਰ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਹੀ ਮੈਂ ਅੱਜ ਪ੍ਰਿੰਸੀਪਲ ਹੁੰਦੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਇਹ ਸੋਚ ਸੀ ਕਿ ਅਗਰ ਔਰਤ ਜਾਤੀ ਨੂੰ ਪੜ੍ਹਨ ਦਾ ਅਧਿਕਾਰ ਮਿਲੇਗਾ ਤਾਂ ਸਮੁੱਚੀ ਲੋਕਾਈ ਦਾ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਉਸ ਸਮੇਂ ਸਮਾਜ ਵਿੱਚ ਫੈਲੀ ਊਚ ਨੀਚ ਦੀ ਪ੍ਰਥਾ ਦਾ ਵੀ ਡੱਟ ਕੇ ਵਿਰੋਧ ਕੀਤਾ।
ਇੰਸਟੀਚਿਊਟ ਦੇ ਪੰਜਾਬੀ ਸਟੈਨੋਗ੍ਰਾਫੀ ਦੇ ਇੰਸਟਰੱਕਟਰ ਸ਼੍ਰੀ ਸ਼ਾਮ ਲਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਸਟੀਚਿਊਟ ਦੇ ਪੁਰਾਣੇ ਵਿਦਿਆਰਥੀਆਂ ਨੇ ਸਖਤ ਮਿਹਨਤ ਕਰਕੇ ਸਫਲਤਾ ਹਾਸਿਲ ਕੀਤੀ ਹੈ ਅਤੇ ਨਵੇਂ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਦਿਨ ਰਾਤ ਮਿਹਨਤ ਕਰਨ ਤਾਂ ਜੋ ਉਹ ਆਪਣੀ ਮੰਜ਼ਿਲ ਹਾਸਿਲ ਕਰ ਸਕਣ।
ਇਸ ਮੌਕੇ ਪੁਰਾਣੇ ਵਿਦਿਆਰਥੀਆਂ ਦੀ ਐਸੋਸ਼ੀਏਸ਼ਨ ਦੇ ਪ੍ਰਧਾਨ ਸ: ਤੇਜਿੰਦਰ ਸਿੰਘ ਤੋਂ ਇਲਾਵਾ ਗੁਲਜ਼ਾਰ ਸਿੰਘ, ਤਸਵੀਰ ਸਿੰਘ, ਗੁਲਜ਼ਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਪੁਰਾਣੇ ਅਤੇ ਨਵੇਂ ਵਿਦਿਆਰਥੀਆਂ ਨੂੰ ਐਸੋਸ਼ੀਏਸ਼ਨ ਨਾਲ ਜੁੜਨਾ ਚਾਹੀਦਾ ਹੈ ਅਤੇ ਐਸੋਸ਼ੀਏਸ਼ਨ ਵੱਲੋਂ ਸ਼ੁਰੂ ਕੀਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਅਤੇ ਤਨ, ਮਨ ਧਨ ਨਾਲ ਸੇਵਾ ਕਰਨ ਦੀ ਵੀ ਅਪੀਲ ਕੀਤੀ।
ਪੁਰਾਣੇ ਵਿਦਿਆਰਥੀਆਂ ਵਿੱਚੋਂ ਸ਼੍ਰੀਮਤੀ ਕਸ਼ਮੀਰ ਕੌਰ ਨੇ ਕਰਵਾਈ ਗਈ ਦੂਜੀ ਸਾਲਾਨਾ ਮਿਲਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਵੇਂ ਵਿਦਿਆਰਥੀਆਂ ਨੂੰ ਉਤਸ਼ਾਹ ਮਿਲੇਗਾ ਅਤੇ ਉਹ ਹੋਰ ਵੀ ਦਿਲ ਲਗਾ ਕੇ ਮਿਹਨਤ ਕਰਨਗੇ। ਮੈਡਮ ਸੁਦੇਸ਼ ਜੀ ਨੇ ਇਸ ਮੌਕੇ ਕਿਹਾ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ ਪਰ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਬਲਕਿ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਹਨਾਂ ਸਮੂਹ ਪੁਰਾਣੇ ਵਿਦਿਆਰਾਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਵਿੱਤੀ ਸਹਾਇਤਾ ਜ਼ਰੂਰ ਕਰਿਆ ਕਰਨ ਤਾਂ ਜੋ ਲੋੜਵੰਦ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਸਕੇ।
ਇਸ ਮੌਕੇ ਸ: ਮੇਵਾ ਸਿੰਘ, ਸ: ਸਵਰਨ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਸੁਨੀਤਾ ਰਾਣੀ, ਮੈਡਮ ਕਮਲਪ੍ਰੀਤ ਕੌਰ ਜੱਸਲ ਅਵਤਾਰ ਸਿੰਘ, ਸੁਰਿੰਦਰ ਮੀਲੂ, ਜੇ ਪੀ ਸਿੱਧੂ, ਜਸਵੀਰ ਸਿੰਘ, ਸਤਵਿੰਦਰ ਸਿੰਘ, ਸੁਰਜੀਤ ਸਿੰਘ, ਮੋਹਨ ਲਾਲ, ਦਵਿੰਦਰ ਕੁਮਾਰ, ਰਵਿੰਦਰ ਕੁਮਾਰ, ਹਰੀ ਸਿੰਘ, ਦੌਲਤ ਰਾਮ, ਜਗਦੀਸ਼ ਕੁਮਾਰ, ਧੰਨਾ ਰਾਮ, ਮੁਲਖ ਰਾਜ, ਹਰਬੰਸ ਸਿੰਘ, ਰੇਸ਼ਮ ਸਿੰਘ, ਹਰਜਿੰਦਰ ਲਾਲ ਆਦਿ ਤੋਂ ਇਲਾਵਾ ਇੰਸਟੀਚਿਊਟ ਦੇ ਸਮੂਹ ਵਿਦਿਆਰਥੀ ਹਾਜ਼ਰ ਸਨ। ਮੰਚ ਸੰਚਾਲਨ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਸ: ਜਸਵੀਰ ਸਿੰਘ ਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਕੀਤਾ।