ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਦੇ ਮਾਸਟਰ ਤਾਰਾ ਸਿੰਘ ਅੋਡੀਟੋਰੀਅਮ ਵਿਖੇ ਹੋਏ ਇਸ ਸਮਾਗਮ ਵਿਚ ਬੁਲਾਰਿਆਂ ਨੇ ਬਾਬਾ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਤੋਂ ਬਾਅਦ ਜੀਵਨ ਵਿਚ ਆਏ ਵੱਡੇ ਬਦਲਾਵਾਂ ਤੋਂ ਸ਼ਾਹਦਤ ਤਕ ਦੇ ਸਫ਼ਰ ਨੂੰ ਇਤਿਹਾਸਿਕ ਤੱਥਾਂ ਦੇ ਨਾਲ ਸਾਹਮਣੇ ਰੱਖਿਆ।ਸਿੱਖ ਪੰਥ ਦੇ ਉੱਘੇ ਵਿਚਾਰਕ ਡਾ। ਸੁਖਪ੍ਰੀਤ ਸਿੰਘ ਉਦੋਕੇ, ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲੇ ਅਤੇ ਕਾਲਜ ਦੇ ਪ੍ਰਿੰਸੀਪਲ ਡਾ। ਜਸਵਿੰਦਰ ਸਿੰਘ ਨੇ ਬਾਬਾ ਜੀ ਦੇ ਜੀਵਨ ਦੇ ਅਣਛੂਹੇ ਪਹਿਲੂਆਂ ਤੇ ਰੌਸ਼ਨੀ ਪਾਈ।
ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਸਵਾਗਤੀ ਸ਼ਬਦਾਂ ਰਾਹੀਂ ਬਾਬਾ ਜੀ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ। ਸਟੇਜ਼ ਸਕੱਤਰ ਵੱਜੋਂ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਦੀ ਡਾਈਰੈਕਟਰ ਡਾ। ਹਰਬੰਸ ਕੌਰ ਸੱਗੂ ਨੇ ਪ੍ਰਭਾਵੀ ਭੁਮਿਕਾ ਨਿਭਾਈ। ਡਾ। ਉਦੋਕੇ ਨੇ ਬਾਬਾ ਜੀ ਦੇ ਜਨਮ ਤੋਂ ਲੈ ਕੇ ਸ਼ਹਾਦਤ ਤਕ ਦੇ ਉਤਾਰ ਚੜ੍ਹਾਵਾ ਨੂੰ ਸਿੱਖ ਵਿਚਾਰਧਾਰਾ ਦੀ ਕਸੌਟੀ ਤੇ ਕੱਸਦੇ ਹੋਏ ਬਾਬਾ ਜੀ ਨੂੰ ਸੱਚਾ ਸੰਤ-ਸਿਪਾਹੀ ਕਰਾਰ ਦਿੱਤਾ।ਬਾਬਾ ਬੰਤਾ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਮੁਲਾਕਾਤ ਤੋਂ ਬਾਅਦ ਬਾਬਾ ਜੀ ਦੀ ਸੋਚ ਵਿਚ ਆਏ ਉਸਾਰੂ ਬਦਲਾਵਾਂ ਦਾ ਵਿਸਤਾਰ ਨਾਲ ਜ਼ਿਕਰ ਕਰਦੇ ਹੋਏ ਬਾਬਾ ਜੀ ਦੇ ਸਰਹਿੰਦ ਫਤਿਹ ਅਤੇ ਸ਼ਹਾਦਤ ਦੇ ਸਫ਼ਰ ਨੂੰ ਨਿਸ਼ਕਾਮ ਮਹਾਪੁਰਸ਼ ਦੀ ਅਨਮੋਲ ਯਾਤਰਾ ਦੱਸਿਆ।
ਰਾਣਾ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਹਾਨ ਸਿੱਖ ਯੋਧਾ ਕਰਾਰ ਦਿੰਦੇ ਹੋਏ ਸਿੱਖ ਇਤਿਹਾਸ ਦੀ ਚੜ੍ਹਤ ਨੂੰ ਨਾ ਬਰਦਾਸ਼ਤ ਕਰਨ ਵਾਲੇ ਲੋਕਾਂ ਵੱਲੋਂ ਬਾਬਾ ਜੀ ਨੂੰ ਬੰਦਾ ਬੈਰਾਗੀ ਦੱਸੇ ਜਾਉਣ ਨੂੰ ਗਲਤ ਦੱਸਿਆ। ਰਾਣਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਖੰਡੇ ਦੀ ਪਾਹੁਲ ਛੱਕਣ ਤੋਂ ਬਾਅਦ ਬਾਬਾ ਜੀ ਨੇ ਦੁਨਿਆਵੀ ਰਾਜ ਤੋਂ ਲੈ ਕੇ ਅਡੋਲ ਸਿੱਖ ਵਾਂਗ ਸ਼ਹਾਦਤ ਦੇਣ ਦੇ ਸਫ਼ਰ ਦੌਰਾਨ ਕਿਤੇ ਵੀ ਬੈਰਾਗ ਨੂੰ ਅੱਗੇ ਨਹੀਂ ਆਉਣ ਦਿੱਤਾ ਤੇ ਹਮੇਸ਼ਾ ਹੀ ਸੰਤ-ਸਿਪਾਹੀ ਵਾਂਗ ਜਬਰ ਤੇ ਜੁਲਮ ਦਾ ਟਾਕਰਾ ਕੀਤਾ ਸੀ। ਡਾ। ਜਸਵਿੰਦਰ ਸਿੰਘ ਵੱਲੋਂ ਆਏ ਹੋਏ ਪਤਿਵੰਤੇ ਸੱਜਣਾ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਨੌਜਵਾਨਾਂ ਨੂੰ ਬਾਬਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਵੀ ਬੇਨਤੀ ਕੀਤੀ ਗਈ