ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਵਿਚਲੀ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਇਕਾਈ ਨੂੰ ਇੱਕ ਹੋਰ ਝਟਕਾ ਦਿੰਦਿਆ ਪੱਛਮ ਵਿਹਾਰ ਗੁਰੂਦੁਆਰਾ ਸਿੰਘ ਸਭਾ ‘ਤੇ ਕਬਜ਼ਾ ਕਰਨ ਉਪਰੰਤ ਰਣਜੀਤ ਵਿਹਾਰ ( ਚੰਦਰ ਵਿਹਾਰ) ਗੁਰੂਦੁਆਰਾ ਸਿੰਘ ਸਭਾ ਵੀ ਖੋਹ ਲਈ ਹੈ ਜਿਥੇ ਸ਼ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਕੇਵਲ ਸਿੰਘ ਨੇ ਬਾਦਲ ਦਲ ਦੇ ਅਨੂਪ ਸਿੰਘ ਘੁੰਮਣ ਨੂੰ 44 ਵੋਟਾਂ ਦੇ ਫਰਕ ਨਾਲ ਹਰਾ ਕੇ ਪ੍ਰਧਾਨਗੀ ਦੀ ਸੇਵਾ ਸੰਭਾਲੀ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਚੰਦਰ ਵਿਹਾਰ ਯੂਥ ਵਿੰਗ ਇਕਾਈ ਦੇ ਬੁਲਾਰੇ ਸੁਖਜੀਤ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਰਣਜੀਤ ਵਿਹਾਰ (ਚੰਦਰ ਵਿਹਾਰ) ਸਿੰਘ ਸਭਾ ‘ਤੇ ਪਿਛਲੇ ਅੱਠ ਸਾਲਾ ਤੋਂ ਕਬਜ਼ਾ ਜਮਾਇਆ ਹੋਇਆ ਸੀ ਤੇ ਬਾਹੂਬਲੀਆਂ ਤੇ ਸ਼ਾਮ, ਦਾਮ, ਦੰਡ ਆਦਿ ਦੀ ਵਰਤੋ ਕਰਕੇ ਹਮੇਸ਼ਾਂ ਹੀ ਸੰਗਤਾਂ ਨੂੰ ਗੁੰਮਰਾਹ ਕਰਦੇ ਰਹੇ ਹਨ। ਉਹਨਾਂ ਦੱਸਿਆ ਕਿ ਬਾਦਲ ਦਲੀਆਂ ਨੇ ਜਿਥੇ ਪੰਜਾਬ ਤੋਂ ਬਾਹੂਬਲੀਏ ਮੰਗਵਾਏ ਹੋਏ ਸਨ ਉਥੇ ਸ਼ਰਾਬ ਦੀ ਵਰਤੋਂ ਵੀ ਖੁੱਲ ਕੇ ਕੀਤੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੁਲੀਸ ਦੀ ਦੁਰਵਰਤੋਂ ਰੱਜ ਕੇ ਕੀਤੀ ਤੇ ਪੁਲੀਸ ਵਾਲੇ ਵੀ ਖੁਦ ਵੋਟਾਂ ਪੋਲ ਕਰਵਾਉਂਦੇ ਵੇਖੇ ਗਏ ਜਿਸ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਯੂਥ ਵਿੰਗ ਇਕਾਈ ਨੇ ਡੱਟ ਕੇ ਕੀਤਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਵਾਂਗ ਬਾਦਲ ਦਲੀਏ ਸਿੰਘ ਸਭਾ ਦੀ ਚੋਣ ਵੀ ਉਸੇ ਤਰ੍ਹਾਂ ਹੀ ਹਥਿਆਉਣਾ ਚਾਹੁੰਦੇ ਸਨ ਪਰ ਸੰਗਤਾਂ ਨੇ ਬਾਦਲ ਦਲੀਆਂ ਦਾ ਮਨਸੂਬਾ ਪੂਰੀ ਤਰ੍ਹਾ ਫੇਲ ਕਰ ਦਿੱਤਾ। ਉਹਨਾਂ ਕਿਹਾ ਕਿ ਕੁਲ 1520 ਵੋਟਾਂ ਵਿੱਚੋ 1040 ਵੋਟਾਂ ਮਤਦਾਨ ਡੱਬਿਆਂ ਵਿੱਚ ਬੰਦ ਹੋਈਆਂ ਜਿਹਨਾਂ ਵਿੱਚੋਂ ਕੇਵਲ ਸਿੰਘ ਨੂੰ 528 ਵੋਟਾਂ ਮਿਲੀਆਂ ਜਦ ਕਿ ਪਿਛਲੇ ਅੱਠ ਸਾਲਾਂ ਤੋਂ ਪ੍ਰਧਾਨਗੀ ਦੇ ਆਹੁਦੇ ‘ਤੇ ਕੁੜਕ ਮੱਲ ਕੇ ਬੈਠੇ ਅਨੂਪ ਸਿੰਘ ਘੁੰਮਣ ਨੂੰ 494 ਮਿਲੀਆਂ ਤੇ ਸੰਗਤਾਂ ਨੇ 44 ਵੋਟਾਂ ਦੇ ਫਰਕ ਨਾਲ ਉਸ ਨੂੰ ਚੋਣ ਪਿੱਚ ਵਿੱਚੋਂ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਇੱਕ ਹੋਰ ਉਮੀਦਵਾਰ ਬੀਬੀ ਅਮਰਜੀਤ ਕੌਰ ਵੀ ਚੋਣ ਮੈਦਾਨ ਵਿੱਚ ਸੀ ਜਿਸ ਨੇ ਚੋਣ ਤੋਂ ਪਹਿਲਾਂ ਹੀ ਕੇਵਲ ਸਿੰਘ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰ ਦਿੱਤਾ ਸੀ ਫਿਰ ਵੀ ਉਸ ਨੂੰ10 ਵੋਟਾਂ ਮਿਲੀਆਂ। ਅੱਠ ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਉਪਰੰਤ ਕੇਵਲ ਸਿੰਘ ਨੂੰ 44 ਵੋਟਾਂ ਨਾਲ ਜਿਉਂ ਹੀ ਜੇਤੂ ਐਲਾਨਿਆ ਗਿਆ ਤਾਂ ਬਾਦਲ ਦਲੀਆਂ ਦੀ ਬੋਲਤੀ ਬੰਦ ਹੋ ਗਈ ਤੇ ਬਾਹੂਬਲੀਏ ਵੀ ਨੀਵੀਆਂ ਪਾ ਕੇ ਚੱਲਦੇ ਬਣੇ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍. ਹਰਵਿੰਦਰ ਸਿੰਘ ਸਰਨਾ ਦੇ ਯਤਨਾਂ ਤੇ ਉਹਨਾਂ ਦੀ ਹੱਲਾਸ਼ੇਰੀ ਸਦਕਾ ਹੀ ਉਹ ਚੋਣ ਜਿੱਤਣ ਵਿੱਚ ਸਫਲ ਹੋਏ ਹਨ।
ਸ੍ਰ. ਪਰਮਜੀਤ ਸਿੰਘ ਸਰਨਾ ਵਿਸ਼ੇਸ਼ ਤੌਰ ਤੇ ਪੁੱਜੇ ਤੇ ਜਿਥੇ ਸ੍ਰ. ਕੇਵਲ ਸਿੰਘ ਨੂੰ ਪ੍ਰਧਾਨ ਬਣਨ ਦੀ ਵਧਾਈ ਦਿੱਤੀ ਤੇ ਉਥੇ ਇਹ ਵੀ ਕਿਹਾ ਕਿ ਸੰਗਤਾਂ ਨੇ ਇੱਕ ਅੰਮ੍ਰਿਤਧਾਰੀ ਪਰਿਵਾਰ ਨੂੰ ਸੇਵਾ ਸੌਂਪ ਕੇ ਪੰਥਕ ਮਰਿਆਦਾ ਤੇ ਸਿਧਾਂਤਾ ‘ਤੇ ਪਹਿਰਾ ਦਿੱਤਾ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਇਸ ਵੇਲੇ ਬਹੁਤ ਸਾਰੀਆਂ ਸਿੰਘ ਸਭਾਵਾਂ ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਉਮੀਦਵਾਰ ਜਿੱਤ ਗਏ ਹਨ ਤੇ ਉਹਨਾਂ ਨੂੰ ਇਮਾਨਦਾਰੀ ਅਤੇ ਗੁਰੂ ਭੈ ਵਿੱਚ ਰਹਿ ਕੇ ਸੇਵਾ ਕਰਨ ਦੀ ਨਸੀਹਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਸਿੰਘ ਸਭਾਵਾਂ ਦੀ ਚੋਣ ਸੈਮੀਫਾਈਨਲ ਹੈ ਅਤੇ ਦਿੱਲੀ ਕਮੇਟੀ ਦੀਆਂ ਜਨਵਰੀ 2017 ਵਿੱਚ ਹੋਣ ਵਾਲੀਆਂ ਚੋਣਾਂ ਵੀ ਅਕਾਲੀ ਦਲ ਦਿੱਲੀ ਹੀ ਜਿੱਤੇਗਾ। ਉਹਨਾਂ ਕਿਹਾ ਕਿ ਉਹਨਾਂ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਤੇ ਚੋਣਾਂ ਦੇ ਐਲਾਨ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਸਮੇਂ ਗੁਰਚਰਨ ਸਿੰਘ, ਕੁਲਵੰਤ ਸਿੰਘ, ਜਰਨੈਲ ਸਿੰਘ, ਤੀਰਥ ਸਿੰਘ, ਕੁਲਦੀਪ ਸਿੰਘ, ਸੁਰਜੀਤ ਸਿੰਘ , ਬੀਬੀ ਰਾਵਿੰਦਰ ਕੌਰ, ਦਰਸ਼ਨ ਸਿੰਘ ਬਿੱਟੂ, ਜਸਬੀਰ ਸਿੰਘ ਆਦਿ ਵੀ ਹਾਜਰ ਸਨ।