ਜਦੋਂ ‘ਤਰਕਬਾਣੀ’ ਨੇ ਪੰਗਾ ਪਾਇਆ

ਮੇਰੇ ਚਾਚਾ ਸ੍ਰੀ ਦੀਨਾਨਾਥ ਜੀ ਨੂੰ ਨਾਵਲ ਪੜ੍ਹਨ ਦਾ ਬਹੁਤ ਸ਼ੌਕ ਹੁੰਦਾ ਸੀ। ਸਤਵੀਂ ਵਿਚ ਪੜ੍ਹਦਿਆਂ ਹੀ ਮੈਂ ਉਨ੍ਹਾਂ ਵੱਲੋਂ ਲਿਆਂਦੇ ਜਸਵੰਤ ਕੰਵਲ ਤੇ ਨਾਨਕ ਸਿੰਘ ਦੇ ਨਾਵਲ ਪੜ੍ਹਨੇ ਸ਼ੁਰੂ ਕਰ ਦਿੱਤੇ। ‘ਸੱਚ ਨੂੰ ਫ਼ਾਂਸੀ’, ‘ਰਾਤ ਬਾਕੀ ਹੈ’ ਅਤੇ ‘ਚਿੱਟਾ ਲਹੂ’ ਨੇ ਮੇਰੇ ਮਨ ’ਤੇ ਅਜਿਹਾ ਪ੍ਰਭਾਵ ਪਾਇਆ ਕਿ ਮੈਂ ਸਮੁੱਚੀ ਜ਼ਿੰਦਗੀ ਲਈ ਪੁਸਤਕਾਂ ਪ੍ਰਤੀ ਸਮਰਪਿਤ ਹੋ ਗਿਆ। ਚੰਗੀਆਂ ਪੁਸਤਕਾਂ ਖ਼ਰੀਦ ਕੇ ਪੜ੍ਹਨਾ ਮੇਰਾ ਸ਼ੌਕ ਬਣ ਗਿਆ।

ਗੱਲ ਐਮਰਜੈਂਸੀ ਦੇ ਦਿਨਾਂ ਦੀ ਹੈ। ਸਾਨੂੰ ਕਿਸੇ ਵਿਅਕਤੀ ਨੇ ਦੱਸਿਆ ਕਿ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਦਾ ਇਕ ਨਵਾਂ ਨਾਵਲ ‘ਲਹੂ ਦੀ ਲੋਅ’ ਛਪ ਕੇ ਆਇਆ ਹੈ। ਭਾਰਤ ਵਿਚ ਲੱਗੀ ਸੈਂਸਰਸ਼ਿਪ ਕਾਰਨ ਉਸ ਨੂੰ ਇਹ ਨਾਵਲ ਬਰਮਾ ਜਾ ਕੇ ਛਪਵਾਉਣਾ ਪਿਆ, ਜਿਸ ਦੀ ਕੀਮਤ ਉਸ ਸਮੇਂ 30 ਰੁਪਏ ਸੀ। ਅਸੀਂ ਚਾਰ ਕੁ ਪੁਸਤਕ ਪ੍ਰੇਮੀਆਂ ਨੇ ਦਸ-ਦਸ ਰੁਪਏ ਇਕੱਠੇ ਕਰ ਕੇ ਆਪਣੇ ਵਿਚੋਂ ਇਕ ਜਣੇ ਨੂੰ ਕਿਤਾਬ ਖ਼ਰੀਦਣ ਲਈ ਰਵਾਨਾ ਕੀਤਾ। ਉਹ ਢੁੱਡੀਕੇ ਜਾ ਕੇ ਜਸਵੰਤ ਕੰਵਲ ਤੋਂ ਕਿਤਾਬ ਖ਼ਰੀਦ ਲਿਆਇਆ। ਵਾਰੋ-ਵਾਰੀ ਅਸੀਂ ਚਾਰਾਂ ਜਣਿਆਂ ਨੇ ਉਹ ਕਿਤਾਬ ਪੜ੍ਹੀ। ਕਿਤਾਬ ਪਹਿਲਾਂ ਪੜ੍ਹਨ ਲਈ ਵੀ ਲਾਟਰੀ ਕੱਢੀ ਗਈ। ਹਰ ਕੋਈ ਪੁਸਤਕ ਨੂੰ ਪਹਿਲਾਂ ਪੜ੍ਹਨਾ ਚਾਹੁੰਦਾ ਸੀ। ਇਸ ਤਰ੍ਹਾਂ ਜ਼ਿੰਦਗੀ ਵਿਚ ਚਲਦਿਆਂ-ਚਲਦਿਆਂ ਇਕ ਚੰਗੀ ਪੁਸਤਕ ਹੱਥ ਲੱਗੀ। ਲੋਕਾਂ ਨੂੰ ਪੜ੍ਹਾਉਣ ਲਈ ਮੈਂ ਡਾ. ਕੋਵੂਰ ਦੀਆਂ ਪੁਸਤਕਾਂ ਦਾ ਅਨੁਵਾਦ ਕਰ ਦਿੱਤਾ। ਉਸ ਤੋਂ ਬਾਅਦ ਤਾਂ ਕਿਤਾਬਾਂ ਪੜ੍ਹਨ ਦੇ ਬਹੁਤ ਸਾਰੇ ਸ਼ੌਕੀਨ ਮੇਰੇ ਕੋਲ ਆਉਣ ਲੱਗ ਪਏ। ਬਰਨਾਲੇ ਤੋਂ ਵੀਹ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਖਿਆਲੀ ਦਾ ਕਿਸਾਨੀ ਨਾਲ ਸਬੰਧਤ ਇਕ ਵਿਅਕਤੀ ਮੇਰੇ ਕੋਲ ਆਇਆ। ਕਹਿਣ ਲੱਗਿਆ, ‘‘ਮੈਂ ਤੁਹਾਡੇ ਕੋਲੋਂ ਤਰਕਸ਼ੀਲ ਲਹਿਰ ਦੀਆਂ ਪੰਜ ਮੁੱਢਲੀਆਂ ਕਿਤਾਬਾਂ ਖ਼ਰੀਦਣ ਲਈ ਆਇਆ ਹਾਂ। ਇਹ ਕਿਤਾਬਾਂ ਮੈਨੂੰ ਚਾਲੀ ਹਜ਼ਾਰ ਰੁਪਏ ਵਿਚ ਪੈ ਰਹੀਆਂ ਹਨ।’’ ਮੈਂ ਉਨ੍ਹਾਂ ਨੂੰ ਪੁੱਛਿਆ, ‘‘ਕਿਤਾਬਾਂ ਤਾਂ ਸੌ ਰੁਪਏ ਦੀਆਂ ਹਨ। ਤੁਹਾਨੂੰ ਇਹ ਚਾਲੀ ਹਜ਼ਾਰ ਰੁਪਏ ਵਿਚ ਕਿਵੇਂ ਪੈ ਗਈਆਂ?’’ ਉਹ ਕਹਿਣ ਲੱਗਿਆ, ‘‘ਮੈਂ ਕੈਨੇਡਾ ਚਲਿਆ ਗਿਆ ਸੀ। ਜਾਣ ਸਮੇਂ ਮੈਂ ਕਿਤਾਬਾਂ ਦਾ ਇਕ ਸੈਟ ਆਪਣੀ ਅਟੈਚੀ ਵਿਚ ਰੱਖ ਲਿਆ, ਪਰ ਮੇਰੀ ਘਰਵਾਲੀ ਨੇ ਵਾਧੂ ਸਮਝ ਕੇ ਇਸ ਨੂੰ ਬਾਹਰ ਕੱਢ ਦਿੱਤਾ। ਜਦੋਂ ਮੈਂ ਕੈਨੇਡਾ ਗਿਆ ਤਾਂ ਮੈਨੂੰ ਉਹ ਇਹ ਕਿਤਾਬਾਂ ਨਾ ਮਿਲੀਆਂ। ਜਿਨ੍ਹਾਂ ਚਿਰ ਮੈਂ ਇਹ ਕਿਤਾਬਾਂ ਪੜ੍ਹਦਾ ਰਹਿੰਦਾ ਹਾਂ। ਮੇਰਾ ਚਿੱਤ ਠੀਕ ਰਹਿੰਦਾ ਹੈ, ਪਰ ਕੈਨੇਡਾ ਵਿਚ ਇਹ ਕਿਤਾਬਾਂ ਨਾ ਹੋਣ ਕਰ ਕੇ ਮੇਰਾ ਚਿੱਤ ਫਿਰ ਘਬਰਾਉਣ ਲੱਗ ਪਿਆ। ਮੈਂ ਟਿਕਟ ਕਟਾਈ ਪਿੰਡ ਆ ਗਿਆ। ਮੇਰੀਆਂ ਕਿਤਾਬਾਂ ਪਿੰਡ ਦੇ ਕੁੱਝ ਵਿਅਕਤੀ ਲੈ ਗਏ, ਜਿਸ ਕਰਕੇ ਮੈਂ ਹੁਣ ਕਿਤਾਬਾਂ ਦਾ ਇੱਕ ਹੋਰ ਸੈਟ ਲੈਣ ਆਇਆ ਹਾਂ।’’

ਇਕ ਦਿਨ ਮੈਂ ਆਪਣੇ ਕਮਰੇ ਵਿਚ ਬੈਠਾ ਪੁਸਤਕ ਪੜ੍ਹ ਰਿਹਾ ਸਾਂ। ਦੋ ਵਿਅਕਤੀ ਮੇਰੇ ਕੋਲ ਆਏ। ਉਨ੍ਹਾਂ ਵਿਚੋਂ ਇਕ ਮੇਰੀ ਪੁਰਾਣੀ ਜਾਣ-ਪਛਾਣ ਦਾ ਵਿਅਕਤੀ ਸੀ। ਉਹ ਕਹਿਣ ਲੱਗਿਆ, ‘‘ਮੇਰੇ ਨਾਲ ਮੇਰਾ ਦੋਸਤ ਲਾਜੀ ਹੈ। ਇਹ ਬਹੁਤ ਦੇਰ ਦਾ ਮੇਰੇ ਪਿੱਛੇ ਪਿਆ ਹੋਇਆ। ਕਹਿ ਰਿਹਾ ਸੀ ਕਿ ਮੈਂ ਤੁਹਾਨੂੰ ਆਪਣੇ ਧਾਰਮਿਕ ਸਥਾਨ ’ਤੇ ਲੈ ਕੇ ਜਾਣਾ ਹੈ। ਮੈਂ ਇਸ ਨਾਲ ਸ਼ਰਤ ਲਗਾ ਬੈਠਾ ਕਿ ਮੈਂ ਪੰਜ-ਛੇ ਘੰਟਿਆਂ ਲਈ ਤੇਰੇ ਧਾਰਮਿਕ ਸਥਾਨ ’ਤੇ ਚਲਿਆ ਜਾਵਾਂਗਾ। ਪਰ ਉਸ ਤੋਂ ਬਾਅਦ ਤੈਨੂੰ ਇਕ ਘੰਟੇ ਲਈ ਮੇਰੇ ਧਾਰਮਿਕ ਸਥਾਨ ’ਤੇ ਵੀ ਜਾਣਾ ਪਵੇਗਾ। ਅੱਜ ਮੈਂ ਇਸ ਦੀ ਸ਼ਰਤ ਪੂਰੀ ਕਰ ਦਿੱਤੀ ਹੈ। ਇਸ ਦੇ ਧਾਰਮਿਕ ਸਥਾਨ ਦੇ ਪੁਜਾਰੀ ਨੇ ਜੋ ਉਪਦੇਸ਼ ਦਿੱਤੇ, ਉਨ੍ਹਾਂ ਵਿਚੋਂ ਕੁੱਝ ਮੈਨੂੰ ਚੰਗੇ ਵੀ ਲੱਗੇ, ਕੁੱਝ ਨਹੀਂ ਵੀ। ਹੁਣ ਇਹ ਆਪਣੀ ਸ਼ਰਤ ਪੂਰੀ ਕਰਨ ਆਇਆ ਹੈ। ਮੇਰਾ ਧਾਰਮਿਕ ਸਥਾਨ ਤੁਹਾਡਾ ਘਰ ਹੈ।’’ ਮੈਂ ਉਸ ਵਿਅਕਤੀ ਨਾਲ ਦਸ-ਵੀਹ ਮਿੰਟ ਗੱਲਬਾਤ ਕੀਤੀ। ਉਸ ਨੇ ਕੁੱਝ ਸਾਧਾਰਨ ਜਿਹੇ ਸਵਾਲ ਮੈਨੂੰ ਪੁੱਛੇ। ਮੈਂ ਉਸ ਦਾ ਜਵਾਬ ਦੇ ਦਿੱਤਾ। ਇਸ ਤੋਂ ਬਾਅਦ ਮੈਂ ਉਸ ਨੂੰ ਮੁੱਢਲੀਆਂ ਕਿਤਾਬਾਂ ਦਾ ਇਕ ਸੈ¤ਟ ਦੇ ਦਿੱਤਾ ਅਤੇ ਕਿਹਾ, ‘‘ਅੱਜ ਮੈਂ ਤੇਰੇ ਨਾਲ ਵੀਹ ਕੁ ਮਿੰਟ ਲਈ ਗੱਲਬਾਤ ਕੀਤੀ ਹੈ। ਇਹ ਪੰਜ ਕਿਤਾਬਾਂ ਤੂੰ ਪੜ੍ਹ ਲੈ। ਮੈਨੂੰ ਉਮੀਦ ਹੈ ਕਿ ਤੇਰੇ ਸਵਾਲਾਂ ਦਾ ਜਵਾਬ ਇਹ ਕਿਤਾਬਾਂ ਬਾਖ਼ੂਬੀ ਦੇ ਦੇਣਗੀਆਂ। ਫਿਰ ਤੂੰ ਭਾਵੇਂ ਮੈਨੂੰ ਪੂਰੇ ਦਿਨ ਲਈ ਬਿਠਾਈਂ ਰੱਖਣਾ। ਤੇਰੇ ਜੋ ਵੀ ਸਵਾਲ ਹੋਣਗੇ, ਮੈਂ ਉਨ੍ਹਾਂ ਦੇ ਜਵਾਬ ਦੇਣ ਦਾ ਯਤਨ ਕਰਾਂਗਾ।’’ ਪੰਦਰਾਂ ਕੁ ਦਿਨਾਂ ਬਾਅਦ ਉਸ ਦਾ ਫੋਨ ਆ ਗਿਆ, ‘‘ਮੈਂ ਤਾਂ ਅਜੇ ਤਿੰਨ ਕੁ ਕਿਤਾਬਾਂ ਹੀ ਪੜ੍ਹੀਆਂ ਹਨ।’’ ਮੈਂ ਉਸ ਨੂੰ ਕਿਹਾ, ‘‘ਕੋਈ ਕਾਹਲੀ ਨਹੀਂ। ਦੋਵੇਂ ਕਿਤਾਬਾਂ ਹੋਰ ਪੜ੍ਹ ਲਵੋ।’’ ਉਹ ਕਹਿਣ ਲੱਗਿਆ, ‘‘ਮੇਰੀ ਗੱਲ ਤਾਂ ਸੁਣੋ ਜੀ! ਅੱਜ ਸਾਡੇ ਸਾਰੇ ਧਾਰਮਿਕ ਪ੍ਰੇਮੀਆਂ ਦੀ ਮੀਟਿੰਗ ਸੀ। ਮੈਂ ਉਨ੍ਹਾਂ ਨੂੰ ਮਾਈਕ ’ਤੇ ਖੜ੍ਹ ਕੇ ਕਹਿ ਦਿੱਤਾ ਕਿ ਮੈਂ ਤਾਂ ਅੱਜ ਤੋਂ ਤਰਕਸ਼ੀਲ ਬਣ ਗਿਆ ਹਾਂ। ਮੇਰੇ ਵੱਲੋਂ ਬਣਾਇਆ ਗਿਆ ਇਹ ਧਾਰਮਿਕ ਸਥਾਨ ਅਤੇ ਪੁਜਾਰੀ ਲਈ ਬਣਾਇਆ ਗਿਆ ਕਮਰਾ ਅੱਜ ਸ਼ਾਮ ਨੂੰ ਖ਼ਾਲੀ ਕਰ ਦਿਓ!!’’ ਅਗਲੇ ਦਿਨ ਡੀ.ਸੀ. ਦਫ਼ਤਰ ਵਿਚ ਫਿਰ ਉਸ ਨਾਲ ਮੁਲਾਕਾਤ ਹੋ ਗਈ। ਮੈਂ ਉਨ੍ਹਾਂ ਨੂੰ ਸਹਿਜ ਸੁਭਾਅ ਹੀ ਪੁੱਛ ਲਿਆ, ‘‘ਕੀ ਕਰ ਰਹੇ ਹੋ?’’ ਉਹ ਕਹਿਣ ਲੱਗਿਆ, ‘‘ਮੈਂ ਜੋ ਧਾਰਮਿਕ ਸਭਾ ਰਜਿਸਟਰਡ ਕਰਵਾਈ ਸੀ, ਉਹ ਰੱਦ ਕਰਵਾਉਣ ਆਇਆ ਹਾਂ। ਹੁਣ ਦੱਸੋ ਮੈਂ ਉਸ ਧਾਰਮਿਕ ਸਥਾਨ ਨੂੰ ਕਿਸ ਕੰਮ ਲਈ ਵਰਤਾਂ?’’ ਮੈਂ ਕਿਹਾ, ‘‘ਇਸ ਸਥਾਨ ’ਤੇ ਕੋਈ ਗ਼ਰੀਬ ਬੱਚਿਆਂ ਲਈ ਸਕੂਲ ਅਤੇ ਕੁੜੀਆਂ ਲਈ ਸਿਲਾਈ ਸਿੱਖਣ ਦਾ ਪ੍ਰਬੰਧ ਕਰ ਦੇਵੋਂ ਤਾਂ ਬਹੁਤ ਹੀ ਵਧੀਆ ਹੈ ਤਾਂ ਜੋ ਉਹ ਜ਼ਿੰਦਗੀ ਦੀ ਨਿਰਭਰਤਾ ਵੱਲ ਵਧ ਸਕਣ।’’

ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ਵਿਚ ਨਾਭੇ ਤੋਂ ਦਲਿੱਤ ਪਰਿਵਾਰ ਨਾਲ ਸਬੰਧਤ ਇਕ ਬਜ਼ੁਰਗ ਮਾਈ ਮੇਰੇ ਕੋਲ ਆਈ। ਕਹਿਣ ਲੱਗੀ, ‘‘ਮੈਨੂੰ ਡਰਾਉਣੇ ਸੁਪਨੇ ਬਹੁਤ ਆਉਂਦੇ ਹਨ। ਉਨ੍ਹਾਂ ਸੁਪਨਿਆਂ ਵਿਚ ਜਮਦੂਤ ਮੈਨੂੰ ਘੜੀਸ ਕੇ ਲਿਜਾ ਰਹੇ ਹੁੰਦੇ ਹਨ।’’ ਕੁੱਝ ਸਮੇਂ ਲਈ ਸਲਾਹ-ਮਸ਼ਵਰਾ ਦੇਣ ਤੋਂ ਬਾਅਦ ਮੈਂ ਉਨ੍ਹਾਂ ਨੂੰ ‘ਤਰਕਬਾਣੀ’ ਕਿਤਾਬ ਦੇ ਦਿੱਤੀ ਅਤੇ ਕਿਹਾ, ‘‘ਗੁਆਂਢ ਵਿਚ ਕਿਸੇ ਲੜਕੇ ਜਾਂ ਲੜਕੀ ਨੂੰ ਸੱਦ ਕੇ ਇਸ ਵਿਚ ਲਿਖੀਆਂ ਹੋਈਆਂ ਸੱਚੀਆਂ ਕਹਾਣੀਆਂ ਸੁਣ ਲਿਆ ਕਰਿਓ। ਤੁਹਾਨੂੰ ਸੁਪਨੇ ਆਉਣੇ ਬੰਦ ਹੋ ਜਾਣਗੇ।’’ ਲਗਭਗ ਤਿੰਨ ਕੁ ਮਹੀਨਿਆਂ ਬਾਅਦ ਉਹ ਫਿਰ ਆਈ। ਕਹਿਣ ਲੱਗੀ, ‘‘ਵੀਰਾ! ਮੈਨੂੰ ਹੋਰ ਕਿਤਾਬ ਦੇ ਦੇ। ਪਹਿਲਾਂ ਦਿੱਤੀ ਕਿਤਾਬ ਨੂੰ ਮੈਂ ਹਰ ਰੋਜ਼ ਸਿਰਹਾਣੇ ਰੱਖ ਕੇ ਸੌਂ ਜਾਂਦੀ ਸੀ ਅਤੇ ਮੈਨੂੰ ਨੀਂਦ ਵਧੀਆ ਆਉਣ ਲੱਗ ਪੈਂਦੀ ਸੀ। ਪਰ ਕਿਸੇ ਅਣਹੋਏ ਨੇ ਉਹ ਕਿਤਾਬ ਮੈਥੋਂ ਲੈ ਲਈ। ਮੁੜ ਕੇ ਵਾਪਸ ਨਾ ਦਿੱਤੀ ਅਤੇ ਮੈਨੂੰ ਡਰਾਉਣੇ ਸੁਪਨਿਆਂ ਨੇ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਹੈ।’’

ਇਸੇ ਤਰ੍ਹਾਂ ਜਦੋਂ ਮੈਂ ਇਕ ਸਵੇਰ ਆਪਣੇ ਸਕੂਲ ਵਿਚ ਪਹੁੰਚਿਆ ਤਾਂ ਸਾਹਮਣੇ ਚਪੜਾਸੀ ਸੁਸ਼ੀਲ ਮਿਲਿਆ। ਉਹ ਮੂੰਹ ਸੁਜਾਈਂ ਫਿਰਦਾ ਸੀ। ਮੈਂ ਉਸ ਨੂੰ ਪੁੱਛਿਆ, ‘‘ਕੀ ਹੋ ਗਿਆ?’’ ਉਹ ਕਹਿਣ ਲੱਗਿਆ, ‘‘ਤੁਹਾਡੀ ਤਰਕਬਾਣੀ ਨੇ ਪੰਗਾ ਪਾ’ਤਾ! ਕੱਲ੍ਹ ਸ਼ਾਮ ਤੁਹਾਡੀ ਤਰਕਬਾਣੀ ਪੜ੍ਹ ਕੇ ਹਟਿਆ ਸਾਂ। ਇਕ-ਦੋ ਪੈ¤ਗ ਵੀ ਲਾ ਲਏ। ਸੇਖੇ ਵਾਲੇ ਸੰਤਾਂ ਦੀ ਕੁਟੀਆ ਵੱਲ ਨੂੰ ਹੋ ਤੁਰਿਆ ਅਤੇ ਉਸ ਨੂੰ ਕਿਹਾ ਕਿ ਵਿਖਾ ਤੇਰੇ ਵਿਚ ਕਿਹੜੀ ਚਮਤਕਾਰੀ ਸ਼ਕਤੀ ਹੈ। ਉਸ ਦੇ ਚੇਲਿਆਂ ਨੇ ਮੇਰੀ ਛਿੱਤਰ-ਪਰੇਡ ਕਰ ਦਿੱਤੀ। ਨਾਲੇ ਘੜੀ ਖੋਹ ਲਈ।’’ ਮੈਂ ਉਸ ਨੂੰ ਆਰਾਮ ਨਾਲ ਬਿਠਾਇਆ ਅਤੇ ਕਿਹਾ ‘‘ਤਰਕਸ਼ੀਲਤਾ ਦਾ ਸੰਘਰਸ਼ ਇਕੱਲੇ-ਕਹਿਰੇ ਬਾਬੇ ਨਾਲ ਨਹੀ, ਸਗੋਂ ‘ਬਾਬਾਵਾਦ’ ਨਾਲ ਹੈ। ਬਾਬਾਵਾਦ ਵਿਰੁਧ ਇਹ ਲੜਾਈ ਲੋਕਾਂ ਨੂੰ ਚੇਤਨ ਕਰ ਕੇ ਹੀ ਜਿੱਤੀ ਜਾ ਸਕਣੀ ਹੈ। ਆ! ਤੂੰ ਤਰਕਸ਼ੀਲ ਕਾਫ਼ਲਿਆਂ ਦਾ ਇਕ ਅੰਗ ਬਣ ਜਾ। ਆ ਪਿੰਡ-ਪਿੰਡ ਇਹ ਪੈਗ਼ਾਮ ਪਹੁੰਚਾਈਏ। ਉਨ੍ਹਾਂ ਨੇ ਹੀ ਇਹ ਲੜਾਈ ਅੰਤਿਮ ਜਿੱਤ ਤਕ ਲੈ ਕੇ ਜਾਣੀ ਹੈ।’

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>