ਰਾਸ਼ਟਰਵਾਰ ਉਸ ਦਾ ਨਿਕਾਸ ਅਤੇ ਚੁਣੌਤੀਆਂ ਬਾਰੇ ਸੈਮੀਨਾਰ

ਲੁਧਿਆਣਾ – ਆਰ. ਐਸ. ਐਸ. ਅਤੇ ਇਸਦੇ ਸਹਿਯੋਗੀਆਂ ਦੇ ਭਾਰਤ ਵਿੱਚ ਇੱਕ ਕਟੜਪੰਥੀ ਤੇ ਇੱਕਸਾਰਤਾ ਵਾਲੇ ਸਭਿਆਚਾਰ ਨੂੰ ਥੋਪਣ ਦੇ ਅਤੇ ਆਪਣੀ ਇੱਛਾ ਅਨੁਸਾਰ ਕਿਸੇ ਨੂੰ ਵੀ ਦੇਸ਼ ਭਗਤ ਯਾ ਦੇਸ ਧਰੋਹੀ ਕਰਾਰ ਦੇਣ ਦੇ ਮਨਸੂਬੇ ਕਦੇ ਕਾਮਯਾਬ ਨਹੀ ਹੋਣਗੇ। ਭਾਰਤ ਦੀ ਅਜਾਦੀ ਦੀ ਲਹਿਰ, ਜੋ ਕਿ ਪਹਿਲਾਂ ਤੋ ਹੀ ਚਲ ਰਹੀ ਸੀ ਤੇ ਸੰਨ 1857 ਵਿੱਚ ਭਾਰਤ ਦੀ ਪਹਿਲੇ ਸੁਤੰਤਰਤਾ ਸੰਗਰਾਮ ਵਜੋਂ ਇੱਕ ਮੁਠ ਹੋ ਗਈ। ਇਸ ਉਪਰੰਤ ਲਗਾਤਾਰ ਚੱਲੇ ਸੁਤੰਤਰਤਾ ਸੰਘਰਸ਼ ਵਿੱਚ  ਹਰ ਧਰਮ, ਜਾਤ, ਖੇਤਰ ਤੇ ਹਰ ਵਰਗ ਦੇ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਪਾਇਆ।  ਉਹਨਾਂ ਸਭ ਦਾ ਇੱਕੋ ਇੱਕ ਨਿਸ਼ਾਨਾ ਸੀ ਕਿ ਬਰਤਾਨਵੀ ਸਾਮਰਾਜ ਨੂੰ ਇੱਥੋ ਕੱਢਣਾ ਤੇ ਖ਼ੁਦਮੁਖ਼ਤਾਰ, ਲੋਕਤੰਤਰਿਕ ਅਤੇ ਧਰਮ ਨਿਰਪੱਖ ਭਾਰਤ ਦੀ ਸਿਰਜਣਾ ਕਰਨਾ ਸੀ। ਇਸ ਸੰਗਰਾਮ ਵਿੱਚ ਹਜ਼ਾਰਾਂ ਲੋਕਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ।  ਪਰ ਅੱਜ ਆਰ ਐਸ ਐਸ ਤੇ ਇਸਦੇ ਸਹਿਯੋਗੀ ਜਿਹੜੇ ਲੋਕ ਦੇਸ਼ ਭਗਤ ਹੋਣ ਦਾ ਦਾਅਵਾ ਕਰਦੇ ਹਨ  ਉਹਨਾਂ ਨੇ ਇਸ ਲੰਮੇ ਚੱਲੇ ਸੁਤੰਤਰਤਾ ਸੰਗਰਾਮ ਵਿੱਚ ਅੰਗ੍ਰੇਜੀ ਸਾਮਰਾਜ ਦੇ ਵਿਰੁੱਧ ਇਕ ਵੀ ਨਾਅਰਾ ਨਹੀ ਮਾਰਿਆ ਸਗੋਂ ਅੰਗ੍ਰਜੀ ਸਰਕਾਰ ਦੀ ਮੁਖਬਰੀ ਕੀਤੀ ਤੇ ਅਨੇਕਾਂ ਸੁਤੰਤਰਤਾ ਸੰਗਰਾਮੀਆਂ ਨੂੰ ਫੜਵਾਇਆ। ਇਹ ਵਿਚਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਤਹਾਸ ਦੇ ਪ੍ਰੋਫ਼ੈਸਰ ਤੇ ਸਮਾਜ ਵਿਗਿਆਨ ਵਿਭਾਗ ਦੇ ਸਾਬਕਾ ਡੀਨ ਅਤੇ ਨਹਿਰੂ ਮੈੋਰੀਅਲ ਮਿਊਜ਼ੀਅਮ ਲਾਇਬ੍ਰੇਰੀ ਦੇ ਸਾਬਕਾ ਨਿਰਦੇਸ਼ਕ ਪ੍ਰੋ. ਮ੍ਰਿਦੁਲਾ ਮੁਖਰਜੀ ਨੇ ਅੱਜ ਇੱਥੇ ਵਿਸ਼ਵ ਪੰਜਾਬੀ ਸਹਿਤ ਵਿਚਾਰ ਮੰਚ ਅਤੇ ਸੋਸ਼ਲ ਥਿੰਕਰਜ ਫੋਰਮ ਵਲੋ ਭਾਰਤੀ ਰਾਸਟਰ ਦਾ ਵਿਕਾਸ ਅਤੇ ਚੁਣੌਤੀਆਂ ਵਿਸ਼ੇ ਤੇ ਕਰਵਾਈ ਗਈ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਦਿੱਤੇ।  ਉਹਨਾਂ ਨੇ ਕਿਹਾ ਕਿ ਸਾਵਰਕਰ, ਜਿਸਦੀ ਇਹ ਲੋਕ ਬਹੁਤ ਵਡਿਆਈ ਕਰਦੇ ਹਨ ਅੰਡੇਮਾਨ ਜੇਲ ਵਿਚੋ ਇਹ ਮਾਫੀ ਮੰਗ ਕੇ ਬਾਹਰ ਆਇਆ ਸੀ ਕਿ ਉਹ ਬਰਤਾਨਵੀ ਸਰਕਾਰ ਦੇ ਨਾਲ ਸਹਿਯੋਗ ਕਰੇਗਾ।  ਉਸਨੇ ਸਭ ਤੋ ਪਹਿਲਾਂ ਇਹ ਸਿਧਾਂਤ ਦਿੱਤਾ ਕਿ ਹਿੰਦੂ ਤੇ ਮੁਸਲਮਾਨ ਦੋ ਵੱਖ ਵੱਖ ਕੌਮਾਂ ਹਨ। ਇਸ ਸਿਧਾਂਤ ਨੇ ਦੋ ਰਾਸ਼ਟਰ ਦੇ ਵਿਚਾਰ ਨੂੰ ਜਨਮ ਦਿੱਤਾ ਤੇ ਭਾਰਤ ਦੀ ਵੰਡ ਹੋਈ। ਜਦੋ ਕਿ ਪਾਕਿਸਤਾਨ ਇੱਕ ਇਸਲਾਮੀ ਦੇਸ਼ ਦੇ ਤੌਰ ਤੇ ਬਣਿਆ ਪਰ ਭਾਰਤ ਇੰਨਕਲਾਬੀਆਂ, ਗਾਂਧੀ , ਨਹਿਰੂ ਅਤੇ ਕਮਿਉਨਿਸਟਾਂ ਦੀ ਦੂਰਦਰਸ਼ਿਤਾ ਦੇ ਨਤੀਜੇ ਵਜੋŒ ਇੱਕ ਧਰਮ ਨਿਰਪੱਖ ਦੇਸ਼ ਦੇ ਤੌਰ ਤੇ ਬਣਿਆ। ਇਹੀ ਕਾਰਨ ਸੀ ਕਿ ਅਜ਼ਾਦੀ ਉਪਰੰਤ ਪਹਿਲੀਆਂ ਆਮ ਚੋਣਾ ਵਿੱਚ ਇਹਨਾਂ ਫ਼ਿਰਕੂ ਸ਼ਕਤੀਆਂ ਦੀ ਬੁਰੀ ਤਰਾਂ ਹਾਰ ਹੋਈ ਸੀ। ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਹ ਹੁਣ ਸੱਤਾ ਤੇ ਕਾਬਜ਼ ਹਨ।

ਇਸ ਮੌਕੇ ਤੇ ਬੋਲਦਿਆਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਹੀ ਇਤਹਾਸ ਦੇ  ਪ੍ਰੌਫ਼ੈਸਰ ਤੇ ਸਮਾਜੀ ਵਿਗਿਆਨ ਵਿਭਾਗ ਦੇ ਸਾਬਕਾ ਡੀਨ, ਆਦਿਤਿਆ ਮੁਖਰਜੀ ਨੇ ਕਿਹਾ ਕਿ ਇਹ ਗੱਲ ਕੋਈ ਲੁਕੀ ਹੋਈ ਨਹੀ ਕਿ ਕੱਟੜਪੰਥੀਆਂ ਨੇ ਬਰਤਾਨਵੀ ਸਾਮਰਾਜ ਦਾ ਕਦੇ ਵੀ ਵਿਰੋਧ ਨਹੀ ਕੀਤਾ ਤੇ ਅਜ਼ਾਦੀ ਦੇ ਸਘਰਸ਼ ਦੇ ਦੌਰਾਨ ਉਹ ਉਹਨਾਂ ਵੱਲ ਹੀ ਸਨ ਜਦੋਂ ਕਿ  ਸਮੁਚਾ ਹਾਂ ਪੱਖੀ ਰਾਜਨੀਤਿਕ ਅੰਦੋਲਨ ਬਰਤਾਨਵੀ ਸਾਮਰਾਜ ਦੀਆਂ ਜੜਾਂ ਉਖਾੜਨ ਲਈ ਤਤਪਰ ਸੀ। ਇਸ ਤਰਾਂ ਸਾਡੀ ਵਿਭਿੰਨਤਾ, ਆਰਥਿਕ, ਸਭਿਆਚਾਰਕ ਤੇ ਸਮਾਜਿਕ ਇੱਕਮੁਠਤਾ ਹੀ ਸਾਡੇ ਰਾਸ਼ਟਰ ਦਾ ਅਧਾਰ ਬਣਿਆ। ਪਰ ਇਹ ਸਾਫ਼ ਹੈ ਕਿ ਅਜ਼ਾਦੀ ਤੋ ਬਾਅਦ ਸਡੇ ਦੇਸ਼ ਨੇ ਪੂੰਜੀਪਤੀ ਵਿਕਾਸ ਦਾ ਜੋ ਰਾਹ ਅਪਣਾਇਆ ਉਸਦੇ ਕਾਰਨ ਸਮਾਜ ਵਿੱਚ ਨਾਬਰਾਬਰੀ, ਆਰਥਿਕ ਪਾੜਾ, ਅਸਮਾਨ ਇਲਾਕਾਈ ਵਿਕਾਸ ਹੋਣਾ ਸੁਭਾਵਿਕ ਹੀ ਸੀ।  ਇਸਦੇ ਨਤੀਜੇ ਵਜੋਂ ਬਹੁਤ ਸਾਰੇ ਸਮਾਜਿਕ ਤੇ ਆਰਥਿਕ ਮਸਲੇ ਪੈਦਾ ਹੋਏ ਜੋ ਕਿ ਇਸ ਪ੍ਰਬੰਧ  ਵਲੋ ਹੱਲ  ਨਹੀ ਹੋ ਸਕੇ। ਪਰ ਅਜ਼ਾਦੀ ਤੋਂ ਤੁਰੰਤ ਬਾਅਦ ਦੇ ਸਮੇਂ ਵਿੱਚ ਸਮਾਜਵਾਦੀ ਦਿਸ਼ਾ ਵਿਚ ਗੱਲਾਂ ਕੀਤੀਆਂ ਗਈਆਂ। ਸਮੂਚੇ ਤੌਰ ਤੇ ਕਾਬਜ਼ ਪੂੰਜੀਵਾਦੀ ਪ੍ਰਬੰਧ ਵਿੱਚ ਇਹ ਹੋਣਾ ਸੰਭਵ ਨਹੀਂ ਸੀ। ਪਰ ਦੇਸ਼ ਦੇ ਕੁਝ ਸੋਮਿਆਂ ਦੇ ਰਾਸ਼ਟ੍ਰੀਕਰਨ ਕਰਨ ਵਰਗੇ ਐਸੇ ਕਦਮ ਚੁੱਕੇ ਗਏ ਜਿਹਨਾਂ ਨੇ  ਅਜਾਰੇਦਾਰੀ ਨੂੰ ਕੁਝ ਹੱਦ ਤੱਕ ਠੱਲ੍ਹ ਪਾਈ। ਇਸੇ ਸਮੇਂ ਵਿੱਚ ਹੀ ਰਾਜਿਆਂ ਦੇ ਭੱਤੇ ਬੰਦ ਕੀਤੇ ਗਏ।

ਆਲ ਇੰਡੀਆ ਟ੍ਰੇਡ ਯੂਨੀਅਨ ਦੇ ਕੌਮੀ ਸਕੱਤਰ ਕਾ: ਅਮਰਜੀਤ ਕੌਰ ਨੇ ਕਿਹਾ ਕਿ ਹੁਣ ਪਿਛਲੇ ਲਗਭਗ 25 ਸਾਲਾਂ ਤੋ ਅਪਣਾਈਆਂ ਗਈਆਂ ਨਵ ਉਦਾਰਵਾਦੀ ਨੀਤੀਆਂ ਕਰਕੇ ਆਮ ਲੋਕਾਂ ਦੇ ਮਸਲੇ ਕਈ ਗੁਣਾਂ ਵੱਧ ਗਏ ਤੇ ਸਮਾਜਿਕ ਨਾ ਬਰਾਬਰੀ ਦਾ ਪਾੜਾ ਹਰ ਖੇਤਰ  ਵਿੱਚ ਵੱਧ ਗਿਆ ਹੈ। ਮੌਜੂਦਾ ਸਰਕਾਰ ਦੇ ਆਉਣ ਦੇ ਬਾਅਦ ਇਹਨਾਂ ਨੀਤੀਆਂ ਦੀ ਗਤੀ ਬਹੁਤ ਵੱਧ ਗਈ ਹੈ ਤੇ ਸਾਡਾ ਦੇਸ਼ ਦੇਸੀ ਅਤੇ ਵਿਦੇਸ਼ੀ ਅਜਾਰੇਦਾਰੀ ਦੀ ਝੋਲੀ ਪੈਦਾ ਜਾ ਰਿਹਾ ਹੈ। ਇਹ ਹਾਲਾਤ 1930ਵੇ ਦੇ ਜਰਮਨੀ ਦੀਆਂ ਘਟਨਾਵਾਂ ਯਾਦ ਦਿਲਾਉਦੇ ਹਨ ਜਦੋਂ ਜਰਮਨੀ ਦੇ ਕਾਰਪੋਰੇਟ ਖੇਤਰ ਨੇ ਹਿਟਲਰ ਨੂੰ ਖੜਾ ਕੀਤਾ ਅਤੇ ਜਰਮਨ ਕੌਮ ਦੇ ਸਰਵ ਉੱਚ ਆਰਿਅਨ ਕੌਮ ਹੋਣ ਦਾ ਨਾਅਰਾ ਦਿੱਤਾ ਅਤੇ  ਬਨਾਵਟੀ ਜਰਮਨ ਕੌਮਵਾਦ ਨੂੰ ਉਭਾਰਿਆ। ਇਹ ਅਸਲ ਵਿੱਚ ਜਰਮਨ ਕਾਰਪੋਰੇਟ ਖੇਤਰ ਦੀ ਦੁਨੀਆਂ ਦੇ ਅਰਥਚਾਰੇ ਤੇ ਗ਼ਲਬਾ ਪਾਉਣ ਦੀ ਖ਼ਾਹਿਸ਼ ਸੀ। ਅੱਜ ਉਸੇ ਕਿਸਮ ਦੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਘਟ ਰਹੀਆਂ ਹਨ। ਇੱਕੋ ਵਿਅਕਤੀ ਨੂੰ ਉਭਾਰਿਆ ਜਾ ਰਿਹਾ ਹੈ ਤੇ ਪ੍ਰਚਾਰਿਆ ਜਾ ਰਿਹਾ ਹੈ ਕਿ ਉਹ ਹੀ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾ ਕੇ ਭਾਰਤ ਨੂੰ ਦੁਨੀਆਂ ਦੀ ਮਹਾਨ ਸ਼ਕਤੀ ਬਣਾ ਦੇਵੇਗਾ। ਇਸ ਲਈ ਇੱਕੋ ਕਿਸਮ ਦੇ ਸਭਿਆਚਾਰ ਨੂੰ ਪ੍ਰਫ਼ੁਲਿੱਤ ਕਰਕੇ ਥੋਪਿਆ ਅਤੇ ਦੂਸਰੇ ਵਿਚਾਰਾਂ ਨੂੰ ਦਬਾਇਆ ਜਾ ਰਿਹਾ ਹੈ। ਜਿਹੜੇ ਇਹਨਾਂ ਨਾਲ ਸਹਿਮਤ ਨਾਂ ਹੋਣ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਾਨੋ ਵੀ ਮਾਰਿਆ ਜਾ ਰਿਹਾ ਹੈ। ਪਿਛਲੇ ਸਮੇ ਦਭੋਲਕਰ, ਪੰਸਰੇ ਅਤੇ ਕੁਲਬਰਗੀ ਦੀਆਂ ਹੱਤਿਆਵਾਂ ਇਸਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਹਨ। ਜਿਹੜੇ ਤਰਕਸ਼ੀਲ ਤੇ ਵਿਗਿਆਨਿਕ ਸੋਚ ਰੱਖਦੇ ਹਨ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਹਿਟਲਰ ਦੇ ਪ੍ਰਚਾਰ ਸਕੱਤਰ ਗੌਬਲ ਦੇ ਸਿਧਾਂਤ ਕਿ ਇੱਕ ਝੂਠ ਨੂੰ ਵਾਰ ਵਾਰ ਬੋਲੋ ਤਾਂ ਉਹ ਸੱਚ ਬਣ ਜਾਂਦਾ ਹੈ, ਨੂੰ ਲਾਗੂ ਕੀਤਾ ਜਾ ਰਿਹਾ ਹੈ।  ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਚੁਣੇ ਹੋਏ ਵਿਦਿਆਰਥੀ ਯੁਨੀਅਨ ਦੇ ਪ੍ਰਧਾਨ ਕਨ੍ਹਈਆਂ ਕੁਮਾਰ ਨੂੰ ਦੇਸ਼ ਧਰੋਹ ਦੇ ਕੇਸ ਵਿੱਚ ਫਸਾਉਣ ਦੇ ਲਈ ਘਟਨਾਵਾਂ ਦੇ ਤੱਥਾਂ ਨੂ ਤੋੜ ਮਰੋੜ ਕੇ ਅਤੇ ਵੀਡੀਓ ਫ਼ਿਲਮ ਨੂੰ ਕੁਝ ਚੈਨਲਾਂ ਦੀ ਮਦਦ ਨਾਲ ਤੋੜ ਮਰੇੜ ਕੇ ਇੰਝ ਪੇਸ਼ ਕੀਤਾ ਗਿਆ ਜਿਵੇਂ ਕਿ ਉਹ ਦੋਸ਼ੀ ਹੈ। ਪਰ ਜਲਦੀ ਹੀ ਇਸ ਸਾਜ਼ਿਸ਼ ਦਾ ਪਰਦਾ ਫ਼ਾਸ਼ ਹੋ ਗਿਆ।

ਪਰ ਭਾਰਤ  ਜਰਮਨੀ ਨਹੀਂ ਹੈ। ਸਾਡੇ ਦੇਸ਼ ਦੀਆਂ ਉਸ ਨਾਲੋ ਬਹੁਤ ਸਾਰੇ ਵਖਰੇਵੇ ਹਨ। ਸਾਡੇ ਇੱਥੇ ਬਹੁਪੱਖੀ ਸਭਿਆਚਾਰ ਹੈ। ਦੂਜੇ ਸਭਿਆਚਾਰਾਂ ਦੇ ਲੋਕ ਵੀ ਹੁਣ  ਹਰ ਤਰਾਂ ਦੀ ਜ਼ਿਆਦਤੀ ਦੇ ਵਿਰੁੱਧ ਲਗਾਤਾਰ ਅਵਾਜ਼ ਬੁਲੰਦ ਕਰ ਰਹੇ ਹਨ।  ਪਰ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਅਜ਼ਾਦੀ ਦੇ ਸੰਗ੍ਰਾਮ ਦੇ ਦੌਰਾਨ ਸਾਮਰਾਜ ਵਿਰੋਧੀ ਵਿਚਾਰਧਾਰਾ ਸਾਡੇ ਅੰਦਰ ਘਰ ਕਰ ਗਈ ਹੈ। ਪਰ ਅਵੇਸਲੇ ਹੋਣ ਦਾ ਸਮਾਂ ਨਹੀ ਅਤੇ ਇਹਨਾਂ ਕੱਟੜਪੰਥੀਆਂ ਅਤੇ ਰੂੜ੍ਹੀਵਾਦੀਆਂ ਨੂੰ  ਘਟਾ ਕੇ ਨਹੀ ਦੇਖਿਆ ਜਾਣਾ ਚਾਹੀਦਾ। ਇਹਨਾਂ ਦੇ ਖਿਲਾਫ਼ ਸਾਰੇ ਦੇਸ਼ ਭਗਤ ਤੇ ਅਗਾਂਹਵਧੂ ਲੋਕਾਂ ਵਲੋ ਲਗਾਤਾਰ ਵਿਸ਼ਾਲ ਵਿਚਾਰਧਾਰਕ, ਰਾਜਨੀਤਿਕ ਤੇ ਸਮਾਜਿਕ ਸੰਘਰਸ਼ ਜਾਰੀ ਰੱਖਣਾ ਸਮੇਂ ਦੀ ਲੋੜ ਹੈ।

ਸਮੁੱਚੇ ਪ੍ਰੋਗ੍ਰਾਮ ਦਾ ਆਯੋਜਨ ਸ਼ੋਸ਼ਲ ਥਿੰਕਰਜ਼ ਫ਼ੋਰਮ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰੋ. ਮ੍ਰਿਦੂਲਾ ਮੁਖ਼ਰਜੀ, ਪ੍ਰੋ. ਅਦਿੱਤਿਆ ਮੁਖ਼ਰਜੀ ਸਮੇਤ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਾਮਲ ਸਨ। ਡਾ. ਸਿਰਸਾ ਨੇ ਬੋਲਦਿਆਂ ਕਿਹਾ ਕਿ ਹਿੰਦੁਸਤਾਨ ਵਿਚ ਸਭਿਆਚਾਰਕ ਬਹੁਵਾਦ ਦੀ ਇਕ ਵਿਸ਼ੇਸ਼ ਭੂਮਿਕਾ ਰਹੀ ਹੈ ਜਿਸ ਨੂੰ ਉਪਰੋਂ ਸਖਤੀ ਨਾਲ ਖਤਮ ਕਰਨ ਦੇ ਯਤਨਾਂ ਨਾਲ ਗੰਭੀਰ ਸਮਾਜਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਨੇ ਕੇਂਦਰ ਸਰਕਾਰ ਦੇ ਅਤੇ ਹਿੰਦੁਸਤਾਨ ਦੀ ਇਕ ਕਾਬਜ਼ ਧਿਰ ਵੱਲੋਂ ਸਾਰੇ ਲੋਕਾਂ ਨੂੰ ਇਕੋ ਰੰਗ ਵਿਚ ਰੰਗਨ ਦਾ ਜੋ ਯਤਨ ਹੋ ਰਿਹਾ ਹੈ ਉਹ ਕਾਮਯਾਬ ਨਹੀਂ ਹੋਵੇਗਾ। ਸਾਡੀ ਧਰਤੀ ਦੇ ਲੋਕ ਕੁਰਬਾਨੀਆਂ ਕਰਕੇ ਆਪਣੇ ਰੰਗਾਂ ਦੀ ਭਿੰਨਤਾ ਨੂੰ ਕਾਇਮ ਰੱਖਣਗੇ। ਸਮਾਗਮ ਦਾ ਮੰਚ ਸੰਚਾਲਨ ਐਮ ਐਸ ਭਾਟੀਆ ਨੇ ਕੀਤਾ; ਡਾ: ਗੁਲਜ਼ਾਰ ਸਿੰਘ ਪੰਧੇਰ ਤੇ ਦਲਬੀਰ ਲੁਧਿਆਣਵੀ  ਨੇ ਪ੍ਰਮੁੱਖ ਬੁਲਾਰਿਆਂ ਦਾ ਸੁਆਗਤ ਕੀਤਾ ਤੇ ਡਾ: ਅਰੁਣ ਮਿੱਤਰਾ ਨੇ ਸਮਾਗਮ ਦੀ ਵਿਆਖਿਆ ਕੀਤੀ ਅਤੇ ਸਭ ਦਾ ਧੰਨਵਾਦ ਕੀਤਾ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>