ਨਗਰ ਕੀਰਤਨਾਂ ਨੂੰ ਸਿਆਸਤ ਦਾ ਅਖਾੜਾ ਨਾ ਬਣਾਉਣ ਆਪ ਆਗੂ : ਜੀ.ਕੇ.

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਾਰਕੂਨਾਂ ਵੱਲੋਂ ਟੋਰੰਟੋ ਦੇ ਨਗਰ ਕੀਰਤਨ ਵਿਚ ਪਾਰਟੀ ਚੋਣ ਨਿਸ਼ਾਨ ਅਤੇ ਮੁੱਖ ਆਗੂ ਅਰਵਿੰਦ ਕੇਜਰੀਵਾਲ ਦੀ ਫੋਟੋ ਵਾਲੀ ਟੀ-ਸ਼ਰਟਾਂ ਪਾ ਕੇ ਸਮੂਲਿਅਤ ਕਰਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਕਰਾਰ ਦਿੱਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਨਗਰ ਕੀਰਤਨਾਂ ਨੂੰ ਸਿਆਸਤ ਦਾ ਅਖਾੜਾ ਨਾ ਬਣਾਉਣ ਦੀ ਆਪ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇਸ ਕਾਰਜ ਦੇ ਜਿੰਮੇਵਾਰ ਲੋਕਾਂ ਨੂੰ ਸਖ਼ਤ ਤਾੜਨਾਂ ਕਰਨ ਦੀ ਵੀ ਬੇਨਤੀ ਕੀਤੀ ਹੈ।

ਜੀ.ਕੇ. ਨੇ ਸਾਫ਼ ਕਿਹਾ ਕਿ ਨਗਰ ਕੀਰਤਨ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਅਤੇ ਸਿੱਖੀ ਦੀ ਚੜਦੀਕਲਾਂ ਦੀ ਝਾਕੀ ਸੰਗਤਾਂ ਵਿਚ ਪੇਸ਼ ਕਰਨ ਦਾ ਮਾਧਿਅਮ ਹਨ। ਇਸ ਕਰਕੇ ਆਮ ਆਦਮੀ ਪਾਰਟੀ ਦੇ ਆਗੂ ਸਿੱਖਾਂ ਦੀ ਇਸ ਰਿਵਾਇਤ ਨੂੰ ਆਪਣੇ ਸਿਆਸੀ ਮੁਫਾਦਾ ਲਈ ਢਾਹ ਲਾਉਣ ਤੋਂ ਸੰਕੋਚ ਕਰਨ।

ਆਪ ਦੇ ਟੋਰਾਂਟੋ ਦੇ ਮੀਡੀਆ ਪ੍ਰਬੰਧਕ ਸੁਦੀਪ ਸਿੰਗਲਾ ਵੱਲੋਂ ਸ਼ੋਸਲ ਮੀਡੀਆ ’ਤੇ ਨਗਰ ਕੀਰਤਨ ਬਾਰੇ ਪਾਏ ਗਏ ਸੁਨੇਹੇ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਇਸ ਸੁਨੇਹੇ ਵਿਚ ਸਿੰਗਲਾ ਆਪਣੇ ਕਾਰਕੂਨਾਂ ਨੂੰ ਆਪ ਦੀਆਂ ਟੀ-ਸ਼ਰਟਸ ਅਤੇ ਬਸੰਤੀ ਰੰਗ ਦੀ ਦਸਤਾਰ ਜਾਂ ਸਕਾਫ਼ ਬੰਨ ਕੇ ਆਮ ਆਦਮੀ ਪਾਰਟੀ ਲਈ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੰਜਾਬੀਆਂ ਤੋਂ ਹਿਮਾਇਤ ਮੰਗਣ ਵਾਸਤੇ ਨਗਰ ਕੀਰਤਨ ਵਿਚ ਆਉਣ ਦੀ ਅਪੀਲ ਕਰ ਰਹੇ ਹਨ। ਜਿਸ ਤੋਂ ਇਹ ਗਲ ਸਾਫ਼ ਹੋ ਜਾਉਂਦੀ ਹੈ ਕਿ ਇਨ੍ਹਾਂ ਲੋਕਾਂ ਦਾ ਟੀਚਾ ਨਗਰ ਕੀਰਤਨ ਨੂੰ ਆਪਣੀ ਸੋੜੀ ਸਿਆਸਤ ਵਾਸਤੇ ਵਰਤ ਕੇ ਸਿਆਸੀ ਰੋਟੀਆਂ ਸੇਕਣ ਦਾ ਹੈ ਨਾ ਕਿ ਗੁਰੂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਦਾ।

ਆਮ ਆਦਮੀ ਪਾਰਟੀ ਦੇ ਆਗੂ ਅਵਤਾਰ ਬਰਾੜ ਦੀ ਮਾਲੀ ਸਹਾਇਤਾ ਨਾਲ ਆਪ ਲੋਗੋ ਵਾਲੇ ਬਿਜਨਸ ਕਾਰਡ ਨਗਰ ਕੀਰਤਨ ਵਿਚ ਵੰਡਣ ਅਤੇ ਨਵੇਂ ਮੈਂਬਰਾਂ ਦੇ ਫਾਰਮ ਭਰਨ ਦੇ ਉਕਤ ਸੁਨੇਹੇ ਵਿਚ ਕੀਤੇ ਗਏ ਦਾਅਵਿਆਂ ਤੇ ਵੀ ਜੀ.ਕੇ. ਨੇ ਸਵਾਲ ਖੜੇ ਕੀਤੇ। ਉਨ੍ਹਾਂ ਪੁੱਛਿਆ ਕਿ ਨਗਰ ਕੀਰਤਨ ਸਿਆਸੀ ਪਾਰਟੀਆਂ ਲਈ ਕੀ ਮਾਇਕ ਉਗਰਾਹੀ ਕਰਨ ਦਾ ਜਰੀਆ ਹਨ ? ਗੈਰ ਸਿੱਖਾਂ ਨੂੰ ਕੇਸਰੀ ਦਸਤਾਰਾਂ ਬੰਨ ਕੇ ਕੀ ਅਸੀਂ ਪਤਿਤਪੁਣੇ ਨੂੰ ਮਾਨਤਾ ਦੇਣ ਅਤੇ ਸਿੱਖਾਂ ਦੀ ਘੋਨੇ-ਮੋਨੇ ਵਾਲੀ ਪੱਛਾਣ ਕਾਇਮ ਕਰਨ ਦਾ ਮਨ ਬਣਾ ਲਿਆ ਹੈ ? ਉਕਤ ਸੁਨੇਹੇ ਵਿਚ ਇਸ ਕਾਰਜ ਨੂੰ ਮੁੜ ਤੋਂ ਮਲਟਨ ਦੇ ਨਗਰ ਕੀਰਤਨ ਵਿਚ 1 ਮਈ ਨੂੰ ਦੁਹਰਾਉਣ ਦੀ ਕਾਰਕੂਨਾਂ ਨੂੰ ਕੀਤੀ ਗਈ ਅਪੀਲ ਨੂੰ ਜੀ.ਕੇ. ਨੇ ਸਿੱਖੀ ਰਹੁ ਰੀਤਾਂ ਨੂੰ ਸਿੱਧੀ ਚੁਨੌਤੀ ਦੱਸਿਆ।

ਵਿਦੇਸ਼ਾਂ ਵਿਚ ਬੈਠੇ ਸਿੱਖਾਂ ਵੱਲੋਂ ਇਸ ਮਸਲੇ ’ਤੇ ਧਾਰੀ ਚੁੱਪੀ ਨੂੰ ਵੀ ਜੀ.ਕੇ. ਨੇ ਮਾੜਾ ਦੱਸਿਆ। ਜੀ.ਕੇ. ਨੇ ਸਿੱਖਾਂ ਦੀ ਹਮਦਰਦੀ ਪ੍ਰਾਪਤ ਕਰਨ ਅਤੇ ਪੰਜਾਬ ਦੀਆਂ ਵਿਧਾਨਸਭਾ ਚੋਣਾਂ ਜਿੱਤਣ ਵਾਸਤੇ ਆਪ ਦੇ ਨੌਸਿੱਖਏ ਆਗੂਆਂ ਵੱਲੋਂ ਕੀਤੀ ਜਾ ਰਹੀਆਂ ਕੋਸ਼ਿਸ਼ਾਂ ਤੋਂ ਸੁਚੇਤ ਹੋਣ ਦੀ ਵੀ ਸੰਗਤਾਂ ਨੂੰ ਅਪੀਲ ਕੀਤੀ। ਜੀ.ਕੇ. ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੌਰਾਨ ਇਸ ਮਸਲੇ ’ਤੇ ਘੋਖ ਕਰਕੇ ਨਗਰ ਕੀਰਤਨਾਂ ਦੀ ਧਾਰਮਿਕ ਸੁਨੇਹੇ ਵਾਲੀ ਰਿਵਾਇਤ ਬਹਾਲ ਰੱਖਣ ਦੀ ਵੀ ਅਪੀਲ ਕੀਤੀ ਹੈ। ਜੀ.ਕੇ. ਵੱਲੋਂ ਇਸ ਮੌਕੇ ਨਗਰ ਕੀਰਤਨ ਦੀਆਂ ਕੁਝ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>