ਤਲਵੰਡੀ ਸਾਬੋ ਕਾਨਫਰੰਸ ਕਾਂਗਰਸ ਲਈ ਸੰਜੀਵਨੀ ਬੂਟੀ ਬਣੀ

ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸਾਖੀ ਦੇ ਮੌਕੇ ਤੇ ਆਯੋਜਤ ਕੀਤੀ ਗਈ ਕਾਨਫ਼ਰੰਸ ਕਾਂਗਰਸ ਪਾਰਟੀ ਦੇ ਭਵਿਖ ਲਈ ਆਸ ਦੀ ਕਿਰਨ ਬਣਕੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਦੀ ਇਹ ਦੂਜੀ ਸਭ ਤੋਂ ਵੱਡੀ ਕਾਨਫ਼ਰੰਸ ਸਾਬਤ ਹੋਈ ਹੈ, ਜਿਸ ਨਾਲ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਉਤਸ਼ਾਹ ਪੈਦਾ ਹੋਇਆ ਹੈ। ਪਹਿਲੀ ਕਾਨਫਰੰਸ ਬਠਿੰਡਾ ਵਿਖੇ ਕੈਪਟਨ ਅਮਰਿੰਦਰ ਸਿੰਘ ਦੇ ਬਤੌਰ ਪ੍ਰਧਾਨ ਦੀ ਤਾਜਪੋਸ਼ੀ ਦੇ ਮੌਕੇ ਆਯੋਜਤ ਕੀਤੀ ਗਈ ਸੀ। ਇਸ ਤੋਂ ਪਹਿਲਾਂ ਮਾਘੀ ਦੇ ਮੌਕੇ ਤੇ ਮੁਕਤਸਰ ਵਿਖੇ ਆਮ ਆਦਮੀ ਪਾਰਟੀ ਦੀ ਕਾਨਫ਼ਰੰਸ ਨੇ ਮੇਲਾ ਲੁੱਟ ਲਿਆ ਸੀ, ਜਿਸ ਨਾਲ ਆਮ ਲੋਕਾਂ ਵਿਚ ਆਮ ਆਦਮੀ ਪਾਰਟੀ ਦੀ ਚੜ੍ਹਤ ਦਾ ਡੰਕਾ ਵੱਜ ਗਿਆ ਸੀ। ਜੇਕਰ ਸਿਆਸੀ ਪਾਰਟੀਆਂ ਦੀਆਂ ਕਾਨਫ਼ਰੰਸਾਂ ਵਿਚ ਲੋਕਾਂ ਦੇ ਜਨਸਮੂਹ ਨੂੰ ਮੁੱਖ ਰੱਖਕੇ ਨਿਰਣਾ ਕਰਨਾ ਹੈ ਤਾਂ ਵਿਸਾਖੀ ਦੇ ਮੌਕੇ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੰਜਾਬ ਦੀਆਂ ਤਿੰਨਾਂ ਮੁੱਖ ਪਾਰਟੀਆਂ ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਕਾਨਫ਼ਰੰਸਾਂ ਵਿਚੋਂ ਕਾਂਗਰਸ ਪਾਰਟੀ ਦਾ ਇਕੱਠ ਸਭ ਤੋਂ ਜ਼ਿਆਦਾ ਸੀ ਅਤੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ਦੀ ਕਾਨਫ਼ਰੰਸ ਤੀਜੇ ਨੰਬਰ ਤੇ ਆਈ ਹੈ। ਆਮ ਆਦਮੀ ਅਤੇ ਕਾਂਗਰਸ ਪਾਰਟੀ ਦੀਆਂ ਕਾਨਫ਼ਰੰਸਾਂ ਵਿਚ ਇਕੱਠ ਆਪ ਮੁਹਾਰੇ ਆਏ ਲੋਕਾਂ ਦਾ ਜਨਸਮੂਹ ਸੀ, ਜਦੋਂ ਕਿ ਅਕਾਲੀ ਦਲ ਬਾਦਲ ਦੀ ਕਾਨਫ਼ਰੰਸ ਤੇ ਸਰਕਾਰ ਦੀ ਤਾਕਤ ਦਾ ਠੱਪਾ ਸੀ। ਇਸ ਕਾਨਫਰੰਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਮਨੋਬਲ ਉਚਾ ਹੋ ਗਿਆ ਹੈ।

ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਕਈ ਮੁੱਦਿਆਂ ਤੇ ਸਿਆਸੀ ਪਾਰਟੀਆਂ ਦੀਆਂ ਤੂਹਮਤਾਂ ਕਰਕੇ ਘਿਰੀ ਹੋਈ ਹੈ ਪ੍ਰੰਤੂ ਇਸਦਾ ਲਾਭ ਹੁਣ ਤੱਕ ਕਾਂਗਰਸ ਪਾਰਟੀ ਦੀ ਆਪਸੀ ਫੁੱਟ ਕਰਕੇ ਆਮ ਆਦਮੀ ਪਾਰਟੀ ਲੈ ਰਹੀ ਸੀ। ਰਵਾਇਤੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਦਾ ਆਧਾਰ ਤਾਂ ਅਜੇ ਵੀ ਬਰਕਰਾਰ ਹੈ ਪ੍ਰੰਤੂ ਅਕਾਲੀ ਦਲ ਦੇ ਪੰਜਾਬ ਦੇ ਵਿਕਾਸ ਅਤੇ ਅਮਨ ਕਾਨੂੰਨ ਬਾਰੇ ਦਮਗਜੇ ਵਾਲੀ ਬਿਆਨਬਾਜ਼ੀ ਅਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਖਿਚੋ ਤਾਣ ਹਮੇਸ਼ਾ ਪਾਰਟੀ ਦੀ ਵੋਟ ਬੈਂਕ ਨੂੰ ਖ਼ੋਰਾ ਲਾਉਂਦੀ ਰਹੀ ਹੈ। ਦਮਦਮਾ ਸਾਹਿਬ ਦੀ ਕਾਨਫਰੰਸ ਮੌਕੇ ਕਾਂਗਰਸ ਪਾਰਟੀ ਦੇ ਸਾਰੇ ਧੜਿਆਂ ਦੀ ਇਕਜੁਟਤਾ ਹੋਣ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਸੀਨੀਅਰ ਨੇਤਾਵਾਂ ਦੀ ਏਕਤਾ ਦਾ ਪ੍ਰਭਵ ਆਮ ਲੋਕਾਂ ਵਿਚ ਚਲਿਆ ਗਿਆ ਹੈ, ਜਿਸ ਕਰਕੇ ਉਹ ਕਾਂਗਰਸ ਪਾਰਟੀ ਦੇ ਸੁਨਹਿਰੇ ਭਵਿਖ ਦੇ ਆਸਵੰਦ ਹੋ ਗਏ ਹਨ। ਵਰਕਰਾਂ ਦੇ ਪਸਤ ਹੋਏ ਹੌਸਲੇ ਮੁੜ ਪੁਨਰਜੀਵਤ ਹੋ ਗਏ ਹਨ। ਪੰਜਾਬ ਕਾਂਗਰਸ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕੱਟੜ ਵਿਰੋਧੀ ਗਿਣੀ ਜਾਂਦੀ ਬੀਬੀ ਰਾਜਿੰਦਰ ਕੌਰ ਭੱਠਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਬਾਰੇ ਟਿਪਣੀ ਕਰਨ ਲਈ ਮੌਕੇ ਦੀ ਤਾੜ ਵਿਚ ਰਹਿੰਦੀ ਸੀ, ਉਹ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸੋਹਲੇ ਗਾਉਂਦੀ ਨਹੀਂ ਥੱਕਦੀ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਿਸਨੂੰ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਬਣਿਆਂ ਹੈ, ਉਹ ਵੀ ਰਾਜ ਸਭਾ ਦੀ ਸੀਟ ਲੈ ਕੇ ਸੰਤੁਸ਼ਟ ਹੋ ਗਿਆ ਲਗਦਾ ਹੈ। ਉਸਦੇ ਵੀ ਕੁੱਬੇ ਦੀ ਲੱਤ ਠੀਕ ਬੈਠਗੀ ਲੱਗਦੀ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਦਿਗਜ ਨੇਤਾ ਅਰੁਨ ਜੇਤਲੀ ਨੂੰ ਹਰਾਕੇ ਜਿੱਤਣ ਅਤੇ ਬਾਜਵਾ ਦੇ ਲੋਕ ਸਭਾ ਹਾਰਨ ਤੋਂ ਬਾਅਦ ਹੋਈ ਨਮੋਸ਼ੀ ਦੂਰ ਹੋ ਗਈ ਹੈ। ਇਉਂ ਲੱਗਦਾ ਹੈ ਕਿ ਕਾਂਗਰਸ ਹਾਈ ਕਮਾਂਡ ਦੀ ਘੁਰਕੀ ਦਾ ਅਸਰ ਅਨੁਸ਼ਾਨ ਭੰਗ ਕਰਨ ਵਾਲੇ ਨੇਤਾਵਾਂ ਤੇ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਬਣਾਈ ਰੱਖਣ ਲਈ ਕਾਂਗਰਸ ਹਾਈ ਕਮਾਂਡ ਨੇ ਪਾਰਟੀ ਵਿਚ ਅਨੁਸ਼ਾਸ਼ਨ ਕਾਇਮ ਰੱਖਣ ਲਈ ਬੀਰ ਦਵਿੰਦਰ ਸਿੰਘ ਅਤੇ ਜਗਮੀਤ ਸਿੰਘ ਬਰਾੜ ਵਰਗੇ ਦਿਗਜ਼ ਨੇਤਾਵਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ ਤਾਂ ਜੋ ਬਾਕੀ ਨੇਤਾਵਾਂ ਨੂੰ ਕੰਨ ਹੋ ਸਕੇ ਅਤੇ ਪਾਰਟੀ ਵਿਰੋਧੀ ਬਿਆਨਬਾਜ਼ੀ ਤੋਂ ਰੋਕਿਆ ਜਾ ਸਕੇ। ਪ੍ਰੰਤੂ ਇਨ੍ਹਾਂ ਦੋਵਾਂ ਨੇਤਾਵਾਂ ਦੇ ਪਾਰਟੀ ਵਿਚੋਂ ਬਾਹਰ ਜਾਣ ਨਾਲ ਦੋ ਬਿਹਤਰੀਨ ਬੁਲਾਰਿਆਂ ਤੋਂ ਪਾਰਟੀ ਬਾਂਝੀ ਹੋ ਗਈ ਹੈ। ਪਾਰਟੀ ਵਿਚ ਹੁਣ ਕੈਪਟਨ ਨੂੰ ਵੰਗਾਰਨ ਵਾਲਾ ਕੋਈ ਨੇਤਾ ਨਹੀਂ ਰਿਹਾ। ਸ਼ਮਸ਼ੇਰ ਸਿੰਘ ਦੂਲੋ ਵੀ ਰਾਜ ਸਭਾ ਵਿਚ ਜਾ ਕੇ ਟਿਕ ਗਿਆ ਹੈ। ਇਹ ਵੀ ਪਹਿਲੀ ਵਾਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਲਗਾਤਾਰ ਸਿਆਸੀ, ਸਮਾਜਿਕ ਅਤੇ ਧਾਰਮਿਕ ਪ੍ਰੋਗਰਾਮਾ ਵਿਚ ਸ਼ਾਮਲ ਹੋ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਹਰੇਕ ਨੁਕਤੇ ਤੇ ਬੜੀ ਸੰਜਦਗੀ ਅਤੇ ਸਿਆਣਪ ਤੋਂ ਕੰਮ ਲੈ ਰਹੇ ਹਨ। ਉਹ ਫੂਕ ਫੂਕ ਕੇ ਪੈਰ ਧਰ ਰਹੇ ਹਨ। ਹੁਣ ਉਹ ਕੋਟਰੀ ਜਿਹੜੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਆਲੇ ਦੁਆਲੇ ਘੁੰਮਕੇ ਆਮ ਕਾਂਗਰਸੀ ਵਰਕਰਾਂ ਵਿਚ ਪ੍ਰਭਾਵ ਦਿੰਦੀ ਰਹਿੰਦੀ ਸੀ ਕਿ ਉਨ੍ਹਾਂ ਤੋਂ ਬਿਨਾ ਕਾਂਗਰਸ ਪਾਰਟੀ ਵਿਚ ਪੱਤਾ ਵੀ ਨਹੀਂ ਹਿਲਦਾ, ਹੁਣ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਬਲਿਕ ਸਮਾਗਮਾਂ ਤੋਂ ਦੂਰ ਰੱਖਿਆ ਹੋਇਆ ਹੈ। ਇਥੋਂ ਤੱਕ ਕਈ ਕਾਂਗਰਸ ਦੇ ਸੀਨੀਅਰ ਨੇਤਾ ਜਿਹੜੇ ਆਪਣੇ ਆਪ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਵਾਲ ਕਹਿੰਦੇ ਸਨ, ਉਹ ਵੀ ਹੁਣ ਨੇੜੇ ਤੇੜੇ ਨਹੀਂ ਫਟਕਦੇ। ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਵਿਚ ਇਹ ਵਿਲੱਖਣ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ।

ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ 2017 ਦੀ ਜਿੱਤ ਦਾ ਆਧਾਰ ਨੌਜਵਾਨ ਵੋਟਰ ਹਨ, ਇਸ ਲਈ ਕੈਪਟਨ ਅਮਰਿੰਦਰ ਸਿੰਘ ਨੌਜਵਾਨਾ ਨਾਲ ਲਗਾਤਾਰ ਵੱਖ-ਵੱਖ ਬੈਨਰਾਂ ਦੇ ਪ੍ਰੋਗਰਾਮਾ ਅਧੀਨ ਪੂਰਨ ਸੰਪਰਕ ਵਿਚ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਨੌਜਵਾਨ ਵਰਗ ਨਾਲ ਮੀਟਿੰਗਾਂ ‘‘ ਕਾਫੀ ਵਿਧ ਕੈਪਟਨ’’ ਅਤੇ ‘‘ ਪੰਜਾਬ ਦਾ ਕੈਪਟਨ’’ ਪ੍ਰੋਗਰਾਮ ਅਧੀਨ ਕੀਤੀਆਂ ਜਾ ਰਹੀਆਂ ਹਨ। ਪ੍ਰਸ਼ਾਂਤ ਕਿਸ਼ੋਰ ਦੀਆਂ ਤਜਵੀਜਾਂ ਅਨੁਸਾਰ ਸਾਰਾ ਪ੍ਰੋਗਰਾਮ ਬਣਾਇਆ ਜਾਂਦਾ ਹੈ। ਸ਼ੋਸ਼ਲ ਮੀਡੀਆ ਰਾਹੀਂ ਪਰਵਾਸੀ ਭਾਰਤੀ ਪੰਜਾਬ ਦੀ ਚੋਣ ਵਿਚ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ। ਆਮ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਪਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦੀ ਸਹਾਇਤਾ ਕਰ ਰਹੇ ਹਨ। ਪਿਛਲੀਆਂ ਮਈ 2014 ਦੀਆਂ ਲੋਕ ਸਭਾ ਚੋਣਾ ਵਿਚ ਵੀ ਪਰਵਾਸੀਆਂ ਦਾ ਯੋਗਦਾਨ ਆਮ ਆਦਮੀ ਪਾਰਟੀ ਵਲ ਹੀ ਰਿਹਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਧ ਚੰਦਾ, ਆਮ ਆਦਮੀ ਪਾਰਟੀ ਨੂੰ ਹੀ ਮਿਲਿਆ ਸੀ। ਪਿਛੇ ਜਹੇ ਅਕਾਲੀ ਦਲ ਨੇ ਵੀ ਆਪਣੇ ਮੰਤਰੀ ਵਿਦੇਸ਼ਾਂ ਵਿਚ ਪਰਵਾਸੀਆਂ ਕੋਲ ਆਪਣਾ ਅਕਸ ਸੁਧਾਰਨ ਲਈ ਭੇਜੇ ਸਨ, ਜਿਸ ਦੇ ਨਤੀਜੇ ਅਕਾਲੀ ਦਲ ਲਈ ਮਾੜੇ ਨਿਕਲੇ ਅਤੇ ਕਈ ਥਾਵਾਂ ਤੇ ਅਕਾਲੀ ਦਲ ਦੇ ਲੀਡਰਾਂ ਦਾ ਘੇਰਾਓ ਵੀ ਕੀਤਾ ਗਿਆ। ਉਨ੍ਹਾਂ ਨੂੰ ਕਈ ਪ੍ਰੋਗਰਾਮ ਮੁਲਤਵੀ ਕਰਨੇ ਪਏ। ਪਰਵਾਸੀਆਂ ਵਿਚ ਪੰਜਾਬ ਕਾਂਗਰਸ ਦਾ ਅਕਸ ਸੁਧਾਰਨ ਦੇ ਨਿਸ਼ਾਨੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੈਨੇਡਾ ਅਤੇ ਅਮਰੀਕਾ ਦੇ ਪਰਵਾਸੀਆਂ ਨੂੰ ਮਿਲਣ ਲਈ ਚਲੇ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਮਹਾਰਾਣੀ ਪਰਨੀਤ ਕੌਰ ਵੀ ਪਰਵਾਸ ਵਿਚ ਆਸਟਰੇਲੀਆ ਅਤੇ ਨਿਊਜੀਲੈਂਡ ਜਾ ਕੇ ਪਰਚਾਰ ਕਰਕੇ ਆਏ ਹਨ। ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਦੇ ਨੇਤਾਵਾਂ ਨੇ ਉਨ੍ਹਾਂ ਦੇ ਪ੍ਰੋਗਰਾਮ ਨਿਸਚਤ ਵੀ ਕਰ ਲਏ ਹਨ। ਕੈਪਟਨ ਦੇ ਚਹੇਤੇ ਲਗਪਗ ਇੱਕ ਦਰਜਨ ਵਿਧਾਇਕ ਅਤੇ ਨੇਤਾ ਪਹਿਲਾਂ ਹੀ ਕੈਪਟਨ ਦਾ ਸੁਆਗਤ ਕਰਨ ਅਤੇ ਕਰਵਾਉਣ ਲਈ ਪਹੁੰਚ ਚੁੱਕੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਕੈਨੇਡਾ ਵਿਚ ਸਮਾਗਮ ਰੱਦ ਹੋ ਗਏ ਹਨ ਕਿਉਂਕਿ ਇੱਕ ਜਥੇਬੰਦੀ ਨੇ ਕੋਰਟ ਵਿਚ ਕੇਸ ਪਾ ਦਿੱਤਾ ਹੈ ਪ੍ਰੰਤੂ ਅਮਰੀਕਾ ਵਿਚ ਫਰਿਜਨੋ, ਲਾਸ ਏਂਜਲਸ, ਨਿਊ ਯਾਰਕ, ਸ਼ਿਕਾਗੋ  ਪ੍ਰੋਗਰਾਮ ਕਰਕੇ ਪਰਵਾਸੀਆਂ ਨੂੰ ਮਿਲਣਗੇ। ਪਹਿਲਾ ਅਤੇ ਅਖ਼ੀਰਲਾ ਜਲਸਾ ਦੋਵੇਂ ਵੱਖ-ਵੱਖ ਥਾਵਾਂ ਤੇ ਸ਼ਿਕਾਗੋ ਵਿਖੇ ਕਰਨਗੇ। ਭਾਵੇਂ ਪਰਵਾਸੀਆਂ ਦੀਆਂ ਪੰਜਾਬ ਵਿਚ ਵੋਟਾਂ ਨਹੀਂ ਪ੍ਰੰਤੂ ਉਹ ਸ਼ੋਸਲ ਮੀਡੀਆ ਰਾਹੀਂ ਲੋਕ ਰਾਏ ਬਦਲਣ ਦੀ ਸਮਰੱਥਾ ਰੱਖਦੇ ਹਨ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਉਹ ਕਿੰਨੇ ਕੁ ਸਫਲ ਹੁੰਦੇ ਹਨ। ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ.ਧਰਮਵੀਰ ਗਾਂਧੀ ਵੀ ਪਰਵਾਸੀਆਂ ਨੂੰ ਮਿਲਣ ਲਈ ਕੈਨੇਡਾ ਪਹੁੰਚ ਗਏ ਹਨ। ਪਰਵਾਸੀ ਭਾਰਤੀ ਹੁਣ ਦੁਚਿਤੀ ਵਿਚ ਮੰਨੇ ਜਾ ਰਹੇ ਹਨ, ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਗਰਮ ਲੋਹੇ ਤੇ ਸੱਟ ਮਾਰਨ ਦੀ ਕੋਸ਼ਿਸ਼ ਕਰਨਗੇ। ਇੱਕ ਕਿਸਮ ਨਾਲ ਚੋਣ ਤੋਂ ਇੱਕ ਸਾਲ ਪਹਿਲਾਂ ਹੀ ਚੋਣ ਦਾ ਬਿਗਲ ਵੱਜ ਗਿਆ ਹੈ। ਸਾਰੀਆਂ ਹੀ ਪਾਰਟੀਆਂ ਨੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਉਂ ਮਹਿਸੂਸ ਹੋ ਰਿਹਾ ਹੈ ਕਿ ਰਾਹੁਲ ਗਾਂਧੀ ਪੰਜਾਬ ਦੀ ਚੋਣ ਵਿਚ ਵਿਸ਼ੇਸ ਦਿਲਚਸਪੀ ਲੈ ਰਿਹਾ ਹੈ। ਇਸ ਸਿਲਸਲੇ ਵਿਚ ਰਾਹੁਲ ਗਾਂਧੀ ਪੰਜਾਬ ਵਿਚ ਕਈ ਗੇੜੇ ਮਾਰ ਚੁੱਕਾ ਹੈ। ਰਾਹੁਲ ਗਾਂਧੀ ਆਪਣੇ ਭਾਸ਼ਣ ਵਿਚ ਹਮੇਸ਼ਾ ਹੀ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁਖਤਾ ਦੇ ਰਿਹਾ ਹੈ। ਇਹ ਵੀ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਪੰਜਾਬ ਦੀ ਚੋਣ ਦੇ ਬਹਾਨੇ ਅਸਿੱਧੇ ਤੌਰ ਤੇ ਕਾਂਗਰਸ ਹਾਈ ਕਮਾਂਡ ਪ੍ਰਸ਼ਾਂਤ ਕਿਸ਼ੋਰ ਦੇ ਮਾਧਿਅਮ ਰਾਹੀਂ ਰਾਹੁਲ ਗਾਂਧੀ ਦਾ ਅਕਸ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸੇ ਕਰਕੇ ਰਾਹੁਲ ਗਾਂਧੀ ਪੰਜਾਬ ਵਾਰ ਵਾਰ ਆ ਰਿਹਾ ਹੈ। ਇਸ ਦੇ ਨਾਲ ਹੀ ਵਿਦਵਾਨ ਸਿਆਸਤਦਾਨ ਇਹ ਮਹਿਸੂਸ ਕਰ ਰਹੇ ਹਨ ਕਿ ਕਾਂਗਰਸੀ ਨੇਤਾਵਾਂ ਨੂੰ ਆਪੀ ਕਾਬਲੀਅਤ ਤੇ ਭਰੋਸਾ ਨਹੀਂ ਰਿਹਾ, ਜਿਸ ਕਰਕੇ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ ਪ੍ਰੰਤੂ ਕੁਝ ਕਾਂਗਰਸੀ ਇਹ ਵੀ ਸੋਚ ਰਹੇ ਹਨ ਕਿ ਆਧੁਨਿਕਤਾ ਅਤੇ ਤਕੀਨਕ ਦੇ ਜ਼ਮਾਨੇ ਵਿਚ ਅਜਿਹੀਆਂ ਸੇਵਾਵਾਂ ਜ਼ਰੂਰੀ ਹੋ ਗਈਆਂ ਹਨ।

ਕਾਂਗਰਸ ਹਾਈ ਕਮਾਂਡ ਨੇ ਮਹਿਸੂਸ ਕਰ ਲਿਆ ਸੀ ਕਿ ਪੰਜਾਬ ਵਿਚ ਬਾਦਲ ਪਰਿਵਾਰ ਨਾਲ ਮੁਕਾਬਲਾ ਕਰਨ ਵਾਲਾ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦਾ ਇੱਕੋ ਇੱਕ ਨੇਤਾ ਹੈ, ਜਿਸ ਕਰਕੇ ਪਰਤਾਪ ਸਿੰਘ ਬਾਜਵਾ ਦੀ ਪ੍ਰਧਾਨਗੀ ਦੀ ਬਲੀ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਕਾਂਗਰਸ ਦੀ ਵਾਗ ਡੋਰ ਸੰਭਾਲ ਦਿੱਤੀ ਗਈ ਹੈ। ਸਿਆਸੀ ਪੜਚੋਲਕਾਰ ਇਹ ਵੀ ਕਹਿ ਰਹੇ ਹਨ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਧੜੱਲੇਦਾਰ ਸਿਆਸੀ ਖਾੜਕੂ ਨੇਤਾ ਹਨ ਪ੍ਰੰਤੂ ਪੰਜਾਬ ਦੇ ਬਾਕੀ ਸਿਆਸਤਦਾਨ ਜਿਨ੍ਹਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਹਨ, ਉਨ੍ਹਾਂ ਦੇ ਪੱਲੇ ਵੀ ਕੁਝ ਤਾਂ ਹੋਣਾ ਚਾਹੀਦਾ ਹੈ, ਨਿਰਾ ਕੈਪਟਨ ਅਮਰਿੰਦਰ ਸਿੰਘ ਦੇ ਦਮ ਤੇ ਚੋਣ ਤਾਂ ਤਾਂਹੀ ਲੜੀ ਜਾ ਸਕਦੀ ਹੈ, ਜੇਕਰ ਟਿਕਟਾਂ ਦੇਣ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਦਾਰੀ ਮੰਨੀ ਜਾਵੇ। ਕਿਤੇ ਇਹ ਨਾ ਹੋਵੇ ਟਿਕਟਾਂ ਦੀਆਂ ਸੀਰਨੀਆਂ ਆਪਸ ਵਿਚ ਵੱਖ-ਵੱਖ ਧੜਿਆਂ ਨੂੰ ਵੰਡ ਦਿੱਤੀਆਂ ਜਾਣ, ਜਿਹੜਾ ਕਿ ਆਮ ਤੌਰ ਤੇ ਕਾਂਗਰਸ ਦੇ ਸਭਿਆਚਾਰ ਵਿਚ ਹੁੰਦਾ ਆਇਆ ਹੈ। ਹਰ ਵਿਧਾਨ ਸਭਾ ਹਲਕੇ ਵਿਚ ਹਰ ਧੜੇ ਦੇ ਨੇਤਾਵਾਂ ਨੇ ਆਪੋ ਆਪਣੇ ਉਮੀਦਵਾਰਾਂ ਨੂੰ ਥਾਪੀ ਦਿੱਤੀ ਹੋਈ ਹੈ, ਟਿਕਟ ਤਾਂ ਇੱਕ ਉਮੀਦਵਾਰ ਨੂੰ ਹੀ ਮਿਲਣੀ ਹੈ, ਜੇਕਰ ਨੇਤਾਵਾਂ ਨੇ ਥਾਪੀ ਦੇ ਕੇ ਬਾਗੀ ਖੜ੍ਹੇ ਕਰ ਦਿੱਤੇ, ਜਿਵੇਂ ਆਮ ਤੌਰ ਤੇ ਹੁੰਦਾ ਹੈ ਅਤੇ 2012 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਹੋਇਆ ਸੀ ਤਾਂ ਕਾਂਗਰਸ ਨੂੰ ਮੂੰਹੀ ਦੀ ਖਾਣੀ ਪੈ ਸਕਦੀ ਹੈ। ਬਾਗੀ ਉਮੀਦਵਾਰਾਂ ਨੂੰ ਦੁਬਾਰਾ ਕਾਂਗਰਸ ਸ਼ਾਮਲ ਨਾ ਕਰਨ ਦਾ ਐਲਾਨ ਪਹਿਲਾਂ ਹੀ ਜ਼ਰੂਰੀ ਹੈ, ਨਹੀਂ ਤਾਂ ਆਮ ਤੌਰ ਤੇ ਅਗਲੀ ਚੋਣ ਵਿਚ ਹਰ ਬਾਗੀ ਨੂੰ ਸ਼ਾਮਲ ਕਰ ਲਿਆ ਜਾਂਦਾ ਹੈ, ਜਿਵੇਂ ਹੁਣ ਵੀ ਕਾਂਗਰਸ ਦੇ ਉਮੀਦਵਾਰਾਂ ਦੇ ਵਿਰੁਧ ਚੋਣ ਲੜਨ ਵਾਲਿਆਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਮਲ ਕਰਵਾ ਲਿਆ ਹੈ। ਜੇਕਰ ਕਾਂਗਰਸ ਪਾਰਟੀ ਆਪਣੀਆਂ ਪੁਰਾਣੀਆਂ ਨੀਤੀਆਂ ਉਮੀਦਵਾਰਾਂ ਅਤੇ ਬਾਗੀਆਂ ਬਾਰੇ ਨਹੀਂ ਬਦਲੇਗੀ ਤਾਂ ਅਕਾਲੀ ਦਲ ਦਾ 25 ਸਾਲ ਰਾਜ ਕਰਨ ਦਾ ਸਪਨਾ ਕਾਂਗਰਸ ਦੇ ਨੇਤਾ ਆਪ ਹੀ ਪੂਰਾ ਕਰ ਦੇਣਗੇ ਜਿਵੇਂ ਉਨ੍ਹਾਂ 2012 ਦੀਆਂ ਚੋਣਾ ਵਿਚ ਕੀਤਾ ਸੀ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>