ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਤੇ ਸੰਜੀਦਗੀ ਤੋਂ ਕੰਮ ਲਓ

ਸਿੱਖ ਧਰਮ ਦੁਨੀਆਂ ਦਾ ਅਤਿ ਆਧੁਨਿਕ ਅਤੇ ਸਰਬਤ ਦੇ ਭਲੇ ਤੇ ਪਹਿਰਾ ਦੇਣ ਵਾਲਾ ਧਰਮ ਹੈ। ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਇੱਕ ਫਿਰਕੇ, ਜਾਤ, ਨਸਲ ਜਾਂ ਲਿੰਗ ਤੇ ਅਧਾਰਤ ਨਹੀਂ। ਇਸ ਧਰਮ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਾਰੀਆਂ ਜਾਤਾਂ, ਭਗਤਾਂ, ਸੂਫ਼ੀਆਂ ਅਤੇ ਹੋਰ ਵਰਗਾਂ ਦੇ ਮਹਾਂਪੁਰਸ਼ਾਂ ਦੀ ਬਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ। ਸਾਰਿਆਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ। ਇਹੋ ਇਸ ਧਰਮ ਦੀ ਵਡਿਤਣ ਤੇ ਵਿਲੱਖਣਤਾ ਹੈ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਿਸ ਆਸ਼ੇ ਤੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਇਹ ਧਰਮ ਸਥਾਪਤ ਕੀਤਾ ਗਿਆ ਸੀ, ਅੱਜ ਇਸ ਦੇ ਕੁਝ ਪੈਰੋਕਾਰਾਂ ਨੇ ਇਸ ਧਰਮ ਨੂੰ ਇੱਕ ਫਿਰਕੇ ਨਾਲ ਜੋੜ ਲਿਆ ਹੈ ਜੋ ਕਿ ਸਿੱਖ ਧਰਮ ਦੀ ਵਿਚਾਰਧਾਰਾ ਦੇ ਉਲਟ ਹੈ। ਇਸ ਲਈ ਸਿੱਖ ਧਰਮ ਦੇ ਮੁਦੱਈਆਂ ਨੂੰ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਨਿੱਕੇ ਨਿੱਕੇ ਮਸਲਿਆਂ ਨੂੰ ਧਰਮ ਨਾਲ ਜੋੜ ਕੇ ਅਸਹਿਣਸ਼ੀਲਤਾ ਪੈਦਾ ਕਰ ਦਿੱਤੀ ਜਾਂਦੀ ਹੈ। ਹਰ ਮਸਲੇ ਨੂੰ ਧਰਮ ਨਾਲ ਜੋੜ ਦਿੱਤਾ ਜਾਂਦਾ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੇ ਅਨੁਆਈ ਜ਼ਿਆਦਾ ਹੀ ਸੰਵੇਦਨਸ਼ੀਲ ਹੋਣ ਕਰਕੇ ਕਿਸੇ ਵੀ ਘਟਨਾ ਤੇ ਪ੍ਰਤੀਕ੍ਰਿਆ ਜਲਦਬਾਜੀ ਵਿਚ ਬਿਨਾ ਉਸਦੇ ਗੰਭੀਰ ਸਿੱਟਿਆਂ ਬਾਰੇ ਸੋਚਿਆਂ ਹੀ ਦੇ ਦਿੰਦੇ ਹਨ। ਸੰਗਤ ਵੀ ਜਿਹੜਾ ਵਿਅਕਤੀ ਇਨਕਲਾਬੀ ਗੱਲ ਕਰ ਦਿੰਦਾ ਹੈ, ਉਸ ਉਪਰ ਨਾਅਰਾ ਗਜਾ ਕੇ ਸਹਿਮਤੀ ਦੇ ਦਿੰਦੀ ਹੈ, ਭਾਵੇਂ ਉਸ ਪ੍ਰਤੀਕ੍ਰਿਆ ਦੇ ਨਤੀਜੇ ਸਿੱਖਾਂ ਦੀ ਮੁੱਢਲੀ ਵਿਚਾਰਧਾਰਾ ਦੇ ਵਿਰੁੱਧ ਹੀ ਕਿਉਂ ਨਾ ਹੋਣ। ਅਜਿਹੇ ਮਸਲਿਆਂ ਨੂੰ ਤੁਰੰਤ ਸਿਆਸੀ ਰੰਗਤ ਦੇ ਕੇ ਉਭਾਰਿਆ ਜਾਂਦਾ ਹੈ ਅਤੇ ਸਿੱਖ ਧਰਮ ਨੂੰ ਖ਼ਤਰੇ ਦਾ ਰਾਗ ਅਲਾਪ ਦਿੱਤਾ ਜਾਂਦਾ ਹੈ। ਸਿੱਖ ਧਰਮ ਨੂੰ ਹਮੇਸ਼ਾ ਖ਼ਤਰਾ ਆਪਣਿਆਂ ਤੋਂ ਹੋਇਆ ਹੈ, ਅਰਥਾਤ ਅਸੀਂ ਖ਼ੁਦ ਹੀ ਜ਼ਿੰਮੇਵਾਰ ਬਣਦੇ ਹਾਂ। ਜਦੋਂ ਕਦੀਂ ਵੀ ਸਿੱਖ ਧਰਮ ਤੇ ਬਾਹਰੋਂ ਕੋਈ ਵੀ ਹਮਲਾ ਜਾਂ ਖ਼ਤਰਾ ਹੋਇਆ ਹੈ ਤਾਂ ਸਿੱਖ ਬਾਖ਼ੂਬੀ ਨਾਲ ਉਸਤੇ ਕਾਬੂ ਪਾਉਣ ਵਿਚ ਸਫਲ ਹੋਏ ਹਨ ਪ੍ਰੰਤੂ ਜਦੋਂ ਅੰਦਰੋਂ ਖ਼ਤਰਾ ਪੈਦਾ ਹੁੰਦਾ ਹੈ ਤਾਂ ਅਸੀਂ ਆਪਣਿਆਂ ਨਾਲ ਨਜਿਠਣ ਵਿਚ ਅਸਫਲ ਰਹਿੰਦੇ ਹਾਂ। ਕਦੀਂ ਵੀ ਸਾਰੇ ਸਿੱਖ ਇਕ ਮਤ ਨਹੀਂ ਹੁੰਦੇ। ਸਿੱਖ ਸਾਰੀਆਂ ਸਿਆਸੀ ਪਾਰਟੀਆਂ ਵਿਚ ਮੌਜੂਦ ਹਨ ਫਿਰ ਸਿੱਖਾਂ ਦੇ ਮਸਲਿਆਂ ਦੇ ਹਲ ਲਈ ਇਕੱਠੇ ਕਿਉਂ ਨਹੀਂ ਹੁੰਦੇ? ਤਾਜਾ ਘਟਨਾ ਦਿੱਲੀ ਸੀਸ ਗੰਜ ਗੁਰਦੁਆਰਾ ਚਾਂਦਨੀ ਚੌਕ ਦੇ ਨਾਲ ਲਗਦੇ ਪਿਆਓ ਦੀ ਖੜ੍ਹੀ ਹੋ ਗਈ ਸੀ। ਇਸ ਘਟਨਾ ਨੂੰ ਵੀ ਸਿਆਸੀ ਰੰਗਤ ਦੇ ਦਿੱਤੀ ਗਈ। ਇੱਕ ਦੂਜੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਕਿਉਂ ਨਹੀਂ ਸਾਰੀਆਂ ਪਾਰਟੀਆਂ ਦੇ ਸਿਆਸੀ ਲੋਕ ਇੱਕਮੰਚ ਤੇ ਇਕੱਠੇ ਹੋ ਕੇ ਵਿਚਾਰ ਕਰਦੇ। ਹੈਰਾਨੀ ਦੀ ਗੱਲ ਹੈ ਕਿ ਕਚਹਿਰੀ ਦਾ ਨੋਟਿਸ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਕੋਲ ਪਹੁੰਚ ਗਿਆ ਕਿਹਾ ਜਾਂਦਾ ਹੈ ਪ੍ਰੰਤੂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਰ ਠਹਿਰਾਉਣ ਦੇ ਇਰਾਦੇ ਨਾਲ ਕੋਈ ਕਾਨੂੰਨੀ ਕਾਰਵਾਈ ਜਾਣ ਬੁਝਕੇ ਕੀਤੀ ਨਹੀਂ ਗਈ। ਦਿੱਲੀ ਨਗਰ ਨਿਗਮ ਜਿਸਨੇ ਪਿਆਓ ਢਾਹੁਣ ਦਾ ਕੰਮ ਕੀਤਾ ਤੇ ਭਾਰਤੀ ਜਨਤਾ ਪਾਰਟੀ ਕਾਬਜ਼ ਹੈ, ਜਿਹੜੀ ਪੰਜਾਬ ਅਤੇ ਕੇਂਦਰੀ ਸਰਕਾਰਾਂ ਵਿਚ ਅਕਾਲੀ ਦਲ ਦੀ ਭਾਈਵਾਲ ਹੈ। ਫਿਰ ਇਹ ਹਾਲਾਤ ਪੈਦਾ ਹੀ ਕਿਉਂ ਹੋਏ? ਕਚਹਿਰੀ ਵਿਚ ਕੇਸ ਵੀ ਕਿਹਾ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਵਿਓਪਾਰੀ ਨੇ ਕੀਤਾ ਸੀ। ਇਨ੍ਹਾਂ ਹਾਲਾਤਾਂ ਤੋਂ ਤਾਂ ਲਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੀ ਸਹਿਯੋਗੀ ਪਾਰਟੀ ਨਾਲ ਧਰੋਹ ਕਰ ਰਹੀ ਹੈ। ਕਚਹਿਰੀ ਦਾ ਹੁਕਮ ਗੁਰਦੁਆਰਾ ਸਾਹਿਬ ਦੇ ਪਿਆਓ ਤੇ ਹੀ ਕਿਉਂ ਲਾਗੂ ਕੀਤਾ ਗਿਆ, ਹਾਲਾਂ ਕਿ ਹੋਰ ਵੀ ਕਈ ਧਾਰਮਿਕ ਸਥਾਨ ਨਜ਼ਾਇਜ ਕਬਜੇ ਨਾਲ ਬਣੇ ਹੋਏ ਹਨ। ਇਹ ਕੇਸ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਬੇਭਰੋਸਗੀ ਦੇ ਸਿੱਟੇ ਦਾ ਨਤੀਜਾ ਹੈ, ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਪਿਆਓ ਗੱਲਬਾਤ ਨਾਲ ਥੋੜ੍ਹਾ ਪਿਛੇ ਵੀ ਕੀਤਾ ਜਾ ਸਕਦਾ ਸੀ ਜਦੋਂ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਭਾਈਵਾਲ ਹਨ। ਇਹ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦਾ ਕੋਝਾ ਢੰਗ ਵੀ ਹੋ ਸਕਦਾ ਹੈ।

ਅਜਿਹੇ ਸੰਜੀਦਾ ਧਾਰਮਿਕ ਮਸਲਿਆਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਸ ਵਿਚ ਮਿਲਵਰਤਣ ਨਾਲ ਬੈਠਕੇ ਸਲਾਹ ਮਸ਼ਵਰਾ ਕਰਕੇ ਹੱਲ ਕੱਢਣਾ ਚਾਹੀਦਾ ਹੈ। ਪਾਣੀ ਵਿਚ ਮਧਾਣੀ ਪਾਉਣ ਦਾ ਕੋਈ ਲਾਭ ਨਹੀਂ ਹੁੰਦਾ ਸਗੋਂ ਸਮੱਸਿਆ ਦੇ ਹਲ ਦੀ ਥਾਂ ਉਲਝਣ ਹੋਰ ਵਧ ਜਾਂਦੀ ਹੈ। ਪਿਆਓ ਥੋੜ੍ਹਾ ਬਹੁਤਾ ਅੱਗੇ ਪਿਛੇ ਕਰਨ ਵਿਚ ਕੋਈ ਹਰਜ ਨਹੀਂ, ਨਿੱਕੀਆਂ ਗੱਲਾਂ ਤੇ ਤਣਾਓ ਨਹੀਂ ਪੈਦਾ ਕਰਨਾ ਚਾਹੀਦਾ। ਸੇਵਾ ਸਿੱਖ ਦਾ ਦੂਜਾ ਰੂਪ ਹੀ ਹੁੰਦੀ ਹੈ। ਸੇਵਾ ਭਾਵਨਾ ਨੂੰ ਠੇਸ ਨਹੀਂ ਪਹੁੰਚਣੀ ਚਾਹੀਦੀ। ਸਿੱਖੀ ਦੇ ਸੰਕਲਪ ਤੇ ਕਿੰਤੂ ਪ੍ਰੰਤੂ ਹੋਣ ਨਾਲ ਸਿੱਖੀ ਮਨਾ ਨੂੰ ਠੇਸ ਪਹੁੰਚਦੀ ਹੈ।

ਦੂਜਾ ਗੰਭੀਰ ਮਸਲਾ ਇੱਕ 86 ਸਾਲਾਂ ਦੀ ਬਿਰਧ ਧਾਰਮਿਕ ਵਿਚਾਰਾਂ ਨਾਲ ਪਰੁਤੀ ਨਾਮਧਾਰੀ ਪਰੰਪਰਾ ਦੇ ਮਰਹੂਮ ਮੁੱਖੀ ਬਾਬਾ ਜਗਜੀਤ ਸਿੰਘ ਦੀ ਸੁਪਤਨੀ ਮਾਤਾ ਚੰਦ ਕੌਰ ਦਾ ਦਿਨ ਦਿਹਾੜੇ ਭੈਣੀ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਇਆ ਕਤਲ ਵੀ ਸਿੱਖ ਧਰਮ ਦੀਆਂ ਪਰੰਪਰਾਵਾਂ ਦੇ ਵਿਰੁਧ ਕਿਹਾ ਜਾ ਸਕਦਾ ਹੈ। ਭਾਰਤ ਦੀ ਅਜ਼ਾਦੀ ਦੀ ਲੜਾਈ ਦੀ ਸ਼ੁਰੂਆਤ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਹੁਕਮ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀਆਂ ਸ਼ਹਾਦਤਾਂ ਤੋਂ ਬਾਅਦ ਮੁਗਲ ਰਾਜ ਦਾ ਖ਼ਾਤਮਾ ਕਰਕੇ ਸਿੱਖ ਰਾਜ ਦੀ ਸਥਾਪਨਾ ਕਰਕੇ ਕੀਤਾ ਸੀ। ਅਜ਼ਾਦੀ ਦੇ ਸੰਗਰਾਮ ਵਿਚ ਭਾਵੇਂ ਕਾਮਾਗਾਟਾ ਮਾਰੂ ਦੀ ਘਟਨਾ ਹੋਵੇ, ਗਦਰੀਆਂ ਦੀਆਂ ਕਾਰਵਾਈਆਂ ਹੋਣ, ਬਾਬਾ ਰਾਮ ਸਿੰਘ ਨਾਮਧਾਰੀ ਦਾ ਯੋਗਦਾਨ ਹੋਵੇ ਅਤੇ ਭਾਵੇਂ ਅਖੰਡ ਕੀਰਤਨੀ ਜੱਥੇ ਦੇ ਮੁੱਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀਆਂ ਗੁਰਮਤਿ ਲਬਰੇਜ ਸਰਗਰਮੀਆਂ ਹੋਣ, ਇਹ ਸਾਰੀਆਂ ਗਤੀਵਿਧੀਆਂ ਸਿੱਖਾਂ ਦੀਆਂ ਹੀ ਸਨ। ਇਨ੍ਹਾਂ ਨੇ ਕਦੀਂ ਵੀ ਇਸਤਰੀ ਤੇ ਹੱਥ ਨਹੀਂ ਚੁੱਕਿਆ ਸਗੋਂ ਇਸਤਰੀ ਦੀ ਹਿਫ਼ਾਜਤ ਕੀਤੀ ਸੀ, ਸ਼੍ਰੀ ਗੁਰੂ ਨਾਨਕ ਦੇਵ ਨੇ ਤਾਂ ਇਸਤਰੀ ਦੀ ਨਿੰਦਿਆ ਦੀ ਵਿਰੋਧਤਾ ਗੁਰਬਾਣੀ ਰਾਹੀਂ ਕੀਤੀ ਸੀ। ਫਿਰ ਮਾਤਾ ਚੰਦ ਕੌਰ ਦੇ ਕਤਲ ਵਰਗੀ ਅਜਿਹੀ ਅਣਹੋਣੀ ਘਟਨਾ ਕਿਉਂ ਵਾਪਰੀ? ਹੈਰਾਨੀ ਦੀ ਗੱਲ ਹੈ ਕਿ ਸਮਾਜਿਕ ਬੁਰਾਈਆਂ ਦੇ ਵਿਰੁਧ ਲਾਮਬੰਦ ਲਹਿਰ ਪੈਦਾ ਕਰਨ ਵਾਲੇ ਨਾਮਧਾਰੀ ਸਮਾਜ ਦੇ ਮੁੱਖੀ ਦੇ ਪਰਿਵਾਰ ਨਾਲ ਹੀ ਅਜਿਹੀ ਘਿਨਾਉਣੀ ਹਰਕਤ ਉਸਦੇ ਮੁੱਖ ਸਥਾਨ ਵਿਚ ਹੋਵੇ ਅਜੀਬ ਘਟਨਾ ਹੈ। ਭਰਾ ਭਰਾ ਦਾ ਦੁਸ਼ਮਣ ਬਣਿਆਂ ਬੈਠਾ ਹੈ। ਨਿੱਜੀ ਮੁਫਾਦਾਂ ਨੂੰ ਤਿਲਾਂਜਲੀ ਦੇ ਕੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਦੁਨਿਆਵੀ ਲਾਭ ਨੁਕਸਾਨ ਇਥੇ ਹੀ ਰਹਿ ਜਾਣੇ ਹਨ ਫਿਰ ਆਪਣੇ ਧਰਮ ਦੀਆਂ ਰਵਾਇਤਾਂ ਨੂੰ ਇਨ੍ਹਾਂ ਦੁਨਿਆਵੀ ਪ੍ਰਾਪਤੀਆਂ ਲਈ ਕਿਉਂ ਦਾਅ ਤੇ ਲਾਇਆ ਜਾਂਦਾ ਹੈ? ਭਾਈਚਾਰਿਕ ਸਾਂਝ ਕਿਉਂ ਖ਼ਤਮ ਕੀਤੀ ਜਾਵੇ ਅਤੇ ਭਰਾਵਾਂ ਵਿਚ ਵੰਡੀਆਂ ਕਿਉਂ ਪਾਈਆਂ ਜਾਣ?

ਪੰਜਾਬੀਓ ਖ਼ਾਸ ਤੌਰ ਤੇ ਸਿੱਖ ਭੈਣ ਤੇ ਭਰਾਵੋ ਤੁਸੀਂ ਹੀ ਸਿੱਖ ਧਰਮ ਦੇ ਵਾਰਿਸ ਹੋ, ਤੁਸੀਂ ਹੀ ਇਸ ਧਰਮ ਦੀਆਂ ਧਾਰਨਾਵਾਂ, ਪਰੰਪਰਾਵਾਂ ਅਤੇ ਅਸੂਲਾਂ ਤੇ ਪਹਿਰਾ ਦੇ ਕੇ ਇਸਦਾ ਫੈਲਾਓ ਕਰਨਾ ਹੈ ਤਾਂ ਜੋ ਗੁਰੂਆਂ ਦੀ ਵਿਚਾਰਧਾਰਾ ਇਨਸਾਨੀਅਤ ਲਈ ਮਾਰਗ ਦਰਸ਼ਕ ਬਣ ਸਕੇ, ਫਿਰ ਤੁਸੀਂ ਇਸ ਵਿਚਾਰਧਾਰਾ ਤੇ ਪਹਿਰਾ ਕਿਉਂ ਨਹੀਂ ਦੇ ਰਹੇ? ਆਪੋ ਆਪਣੇ ਅੰਤਰਝਾਤ ਮਾਰੋ ਤੇ ਭੱਟਕੇ ਹੋਏ ਭੈਣਾਂ ਤੇ ਭਰਾਵਾਂ ਨੂੰ ਸਿੱਧੇ ਰਸਤੇ ਤੇ ਲਿਆ ਕੇ ਇਨਸਾਨੀਅਤ ਦੀ ਸੇਵਾ ਕਰੋ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>