ਐਸਜੀਪੀਸੀ ਵਿਦੇਸ਼ੀ ਸਿੱਖਾਂ ਪ੍ਰਤੀ ਉਸਾਰੂ ਨੀਤੀ ਅਪਣਾਏ

ਜਦ ਵੀ ਵਿਦੇਸ਼ਾਂ ਵਿਚ ਸਿੱਖਾਂ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਨੋਟਿਸ ਲੈ ਕੇ ਕੋਈ ਨਾ ਕੋਈ ਬਿਆਨ ਮੀਡਿਆ ਵਿਚ ਜ਼ਰੂਰ ਦਾਗ਼ਿਆ ਜਾਂਦਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ। ਸਿੱਖ਼ਾਂ ਨਾਲ ਨਸਲੀ ਵਿਤਕਰੇ ਦੀਆਂ ਘਟਨਾਵਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।

ਸੱਭ ਤੋਂ ਜ਼ਿਆਦਾ ਮਾੜੀਆਂ ਘਟਨਾਵਾਂ ਅਮਰੀਕਾ ਵਿਚ ਵਾਪਰੀਆਂ ਹਨ ਤੇ ਅਜੇ ਵੀ ਵਾਪਰ ਰਹੀਆਂ ਹਨ। ਗੁਰਦੁਆਰਿਆਂ ਤੋਂ ਇਲਾਵਾ ਸਿੱਖੀ ਸਰੂਪ ਵਾਲਿਆ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।ਕਈ ਸਿੱਖ਼ ਇਸ ਨਫ਼ਰਤ ਕਰਕੇ ਜਾਨਾਂ ਗੁਆ ਚੁੱਕੇ ਹਨ।ਅਮਰੀਕਾ ਵਿਚ ਸੱਭ ਤੋਂ ਦੁੱਖਦਾਈ ਘਟਨਾ 5 ਅਗਸਤ 2012 ਨੂੰ ਓਕ੍ਰੀਕ ਗੁਰਦੁਆਰਾ ਵਿਚ ਵਾਪਰੀ ਜਦੋਂ ਇਕ ਸਿਰਫਿਰੇ ਨਵ-ਨਾਜੀਵਾਦੀ ਸਾਬਕਾ ਅਮਰੀਕੀ ਫ਼ੌਜੀ ਵੇਡ ਮਾਈਕਲ ਪੇਜਰ ਨੇ ਗੁਰਦੁਆਰੇ ’ਤੇ ਹਮਲਾ ਕਰ ਦਿੱਤਾ।ਅਮਰੀਕਾ ਦੇ ਗੁਰਦੁਆਰੇ ਵਿਚ ਵਾਪਰੀ ਇਹ ਆਪਣੀ ਕਿਸਮ ਦੀ ਪਹਿਲੀ ਘਟਨਾ ਸੀ। ਪੁਲਿਸ ਵੱਲੋਂ ਸਮੇਂ ਸਿਰ ਪੁੱਜਣ ਅਤੇ ਪੁਲਿਸ ਕਰਮਚਾਰੀ ਵੱਲੋਂ ਦਲੇਰਾਨਾ ਕਾਰਵਾਈ ਕਰਕੇ ਹਮਲਾਵਰ ਨੂੰ ਮਾਰਨ ਕਰਕੇ ਬਹੁਤ ਵੱਡਾ ਦੁਖਾਂਤ ਟਲ ਗਿਆ। ਗੁਰਦੁਆਰੇ ਦੇ ਬੱਚਿਆਂ ਵੱਲੋਂ ਅੰਦਰ ਜਾ ਕੇ ਹਮਲਾਵਰ ਬਾਰੇ ਜਾਣਕਾਰੀ ਦੇਣ ਅਤੇ ਗੁਰਦੁਆਰੇ ਦੇ ਪ੍ਰਧਾਨ ਸ. ਸਤਵੰਤ ਸਿੰਘ ਕਾਲਕਾ ਦੀ ਦਲੇਰਾਨਾ ਕਾਰਵਾਈ ਨੇ ਸੰਗਤ ਦੀਆਂ ਵੱਡਮੁੱਲੀਆਂ ਜਾਨਾਂ ਬਚਾਉਣ ਵਿਚ ਸਹਾਇਤਾ ਕੀਤੀ। ਇਸ ਕਾਰਵਾਈ ਵਿਚ ਭਾਈ ਕਾਲਕਾ ਹਮਲਾਵਰ ਦਾ ਸ਼ਿਕਾਰ ਹੋ ਗਏ ਤੇ ਉਨ੍ਹਾਂ ਸਮੇਤ 6 ਕੀਮਤੀ ਜਾਨਾਂ ਅਜਾਈਂ ਚਲੀਆਂ ਗਈਆਂ। ਹਮਲਾਵਰ ਦਾ ਸਬੰਧ ਇਕ ਨਵ-ਨਾਜੀਵਾਦੀ ਜਥੇਬੰਦੀ ਨਾਲ ਸਬੰਧ ਸੀ । ਗੋਰਿਆਂ ਦੀ ਇਸ ਨਸਲੀ ਜਥੇਬੰਦੀ  ਦਾ ਮੰਤਵ ਯਹੂਦੀਆਂ, ਅਮਰੀਕੀ ਮੂਲ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਖ਼ਤਮ ਕਰਕੇ ਅਮਰੀਕਾ ਵਿਚ ਗੋਰਿਆਂ ਦਾ ਰਾਜ ਕਾਇਮ ਕਰਨਾ ਹੈ।

ਇਸ ਘਟਨਾ ਦਾ ਅਮਰੀਕਾ ਦੇ ਕੌਮੀ ਚੈਨਲਾਂ ਸੀ ਐਨ ਐਨ ਅਤੇ ਫਾਕਸ ਨਿਊਜ ਨੇ 5 ਘੰਟੇ ਸਿੱਧਾ ਪ੍ਰਸਾਰਨ ਕੀਤਾ। ਅਮਰੀਕੀ ਰਾਸ਼ਟਰਪਤੀ ਨੇ ਕੌਮੀ ਝੰਡੇ ਨੀਵੇਂ ਕਰਨ ਦੇ ਆਦੇਸ਼ ਦਿੱਤੇ ਤੇ ਇਸ ਨੂੰ ਅਮਰੀਕਾ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੱਤਾ ਗਿਆ।    ਰਾਸ਼ਟਰਪਤੀ ਦੀ ਪਤਨੀ ਤੇ ਸੂਬੇ ਦਾ ਮੁੱਖ-ਮੰਤਰੀ (ਜਿਸ ਨੂੰ ਅਮਰੀਕਾ ਵਿਚ ਗਵਰਨਰ ਕਿਹਾ ਜਾਂਦਾ ਹੈ)  ਪੀੜਤ ਪ੍ਰਵਾਰਾਂ ਨੂੰ ਖ਼ੁਦ ਮਿਲੇ ਤੇ 10 ਅਗਸਤ ਨੂੰ ਸਸਕਾਰ ਸਮੇਂ ਅਹਿਮ ਅਮਰੀਕੀ ਸ਼ਖਸੀਅਤਾਂ ਇਸ ਵਿਚ ਸ਼ਾਮਲ ਹੋਈਆਂ। ਲਿਖਣ ਦਾ ਭਾਵ ਹੈ ਕਿ ਸਰਕਾਰ ਵੱਲੋਂ ਘਟ ਗਿਣਤੀਆਂ ਦੇ ਮਸਲੇ ਹਲ ਕਰਨ ਲਈ ਉਪਰਾਲੇ ਕੀਤੇ ਜਾਂਦੇ ਹਨ, ਪਰ ਸਰਕਾਰ ਦੀ ਮਜ਼ਬੂਰੀ ਇਹ ਹੈ ਕਿ ਉਹ ਵਿੱਦਿਅਕ ਅਦਾਰਿਆਂ ਵਿਚ  ਸਿੱਖ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੀ ਕਿਉਂਕਿ ਅਮਰੀਕਾ ਵਿਚ ਵਿਦਿਅਕ ਅਦਾਰਿਆਂ ਵਿਚ  ਧਰਮ ਦੇ ਪ੍ਰਚਾਰ ’ਤੇ ਪਾਬੰਦੀ ਹੈ। ਅਸਲ ਵਿਚ ਅਮਰੀਕਾ ਬੰਦੂਕ ਸਭਿਆਚਾਰ ਦਾ ਸ਼ਿਕਾਰ ਹੈ। ਅਮਰੀਕਾ ਵਿਚ ਹਥਿਆਰ ਰੱਖਣ ਦੀ ਖੁੱਲ੍ਹ ਹੈ। ਭਾਵ ਕੋਈ ਲਾਇਸੈਂਸ ਨਹੀਂ ਲੈਣਾ ਪੈਂਦਾ ਜਿਵੇਂ ਭਾਰਤ ਵਿਚ ਹੈ। ਇਹੋ ਕਾਰਨ ਹੈ ਕਿ ਰੋਜ਼ਾਨਾ ਅਮਰੀਕੀਆਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਹਰ ਸਾਲ  ਹਜ਼ਾਰਾਂ ਅਮਰੀਕੀ ਇਸ ਬੰਦੂਕ ਸਭਿਆਚਾਰ ਕਰਕੇ ਮਾਰੇ ਜਾਂਦੇ ਹਨ।  ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ।ਇੱਥੋਂ ਤੀਕ ਕਿ ਪੁਲੀਸ ਵਾਲੇ ਵੀ ਸੁਰੱਖਿਅਤ ਨਹੀਂ।

ਅਸਲ ਵਿਚ ਅਮਰੀਕਾ ਵਿਚ ਸਿੱਖ ਪਛਾਣ ਦਾ ਮਸਲਾ 11 ਸਤੰਬਰ 2001 ਵਿਚ ਉਸ ਸਮੇਂ ਪੈਦਾ ਹੋਇਆ ਜਦੋਂ ਮੁਸਲਮ ਜਥੇਬੰਦੀ ਅਲਕਾਇਦਾ ਵੱਲੋਂ ਨਿਊਯਾਰਕ ਅਤੇ ਹੋਰ ਸ਼ਹਿਰਾਂ ’ਤੇ ਅਤਿਵਾਦੀ ਹਮਲਾ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਅਲਕਾਇਦਾ ਦੇ ਲੀਡਰ ਬਿਨ ਲਾਦੇਨ ਨੇ ਲਈ ਸੀ। ਉਸ ਦੀ ਤਸਵੀਰ ਟੀ. ਵੀ. ਤੇ ਵਿਖਾਉਣ ਨਾਲ ਸਾਰਾ ਮਾਹੌਲ ਵਿਗੜ ਗਿਆ। ਭਾਵੇਂ ਕਿ ਉਸ ਦੀ ਪਗੜੀ ਵੱਖਰੀ ਤਰ੍ਹਾਂ ਦੀ ਸੀ ਪਰ ਉਸ ਦੀ ਸ਼ਕਲ ਸਿੱਖਾਂ ਨਾਲ ਮਿਲਦੀ ਜੁਲਦੀ ਹੋਣ ਕਰਕੇ ਸਿੱਖਾਂ ਨੂੰ ਉਸ ਨਾਲ ਜੋੜ ਕੇ ਵੇਖਿਆ ਜਾਣ ਲਗਾ। ਇਸ ਹਮਲੇ ਦੇ ਬਦਲੇ ਵਜੋਂ, ਚਾਰ ਦਿਨਾਂ ਪਿੱਛੋਂ ਆਪਣੇ ਸਟੋਰ ਦੇ ਬਾਹਰ ਬੂਟਿਆਂ ਨੂੰ ਪਾਣੀ ਦੇ ਰਹੇ ਐਰੀਜੋਨਾ ਵਾਸੀ ਸ. ਬਲਬੀਰ ਸਿੰਘ ਸੋਢੀ ਨੂੰ ਮੁਸਲਮਾਨ ਸਮਝ ਕੇ  ਇਕ ਸਿਰਫਿਰੇ ਅਮਰੀਕੀ ਫ਼ੌਜੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।ਉਸ ਕਾਤਲ ਨੂੰ  ਉਮਰ ਕੈਦ ਹੋਈ ਤੇ ਹੁਣ ਉਹ ਜੇਲ ਵਿਚ ਹੀ ਬਤੌਰ ਕੈਦੀ ਮਰੇਗਾ।  ਕੁਝ ਦਿਨਾਂ ਬਾਦ ਸ. ਬਲਬੀਰ ਸਿੰਘ ਸੋਢੀ ਦੇ ਭਰਾ ਦਾ ਵੀ ਇਸੇ ਤਰ੍ਹਾਂ ਕਤਲ ਹੋਇਆ ।ਨਸਲੀ ਵਿਤਕਰੇ ਦੀਆਂ ਸੈਂਕੜੇ ਵਾਰਦਾਤਾਂ ਹੋ ਚੁੱਕੀਆਂ ਹਨ ਤੇ ਕਈ ਸਿੱਖ ਨਸਲੀ ਵਿਤਕਰੇ ਕਾਰਨ ਮਾਰੇ ਜਾ ਚੁੱਕੇ ਹਨ।

ਅਮਰੀਕਾ ਵਿਚ ਸਿੱਖ ਪਛਾਣ ਦਾ ਮਸਲਾ ਜਿਉਂ ਦਾ ਤਿਉਂ ਹੈ।ਸਿੱਖੀ ਸਰੂਪ ਵਿਚ ਸੈਰ ਕਰਦੇ ਸਿੱਖਾਂ ਨੂੰ ਮੁਸਲਮਾਨ ਸਮਝ ਕੇ ਗੋਰੇ ਅਕਸਰ ਅਵਾਜ਼ੇ ਕਸਦੇ ਹਨ ਤੇ ਕਹਿੰਦੇ ਹਨ ਕਿ ‘ਗੋ ਬੈਕ’ (ਵਾਪਸ ਜਾਓ)।    ਸਿੱਖ ਪਛਾਣ ਤੋਂ ਜਾਣੂ ਕਰਾਉਣ ਲਈ ਹੁਣ ਡਾ. ਰਾਜਵੰਤ ਸਿੰਘ ਵੱਲੋਂ ਕੌਮੀ ਮੁਹਿੰਮ ਚਲਾਉਣ ਲਈ ਫੰਡ ਇਕੱਠਾ ਕੀਤਾ ਜਾ ਰਿਹਾ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇਕ ਨੁਮਾਇੰਦਾ ਸੰਸਥਾ ਹੈ, ਉਸ ਨੂੰ ਇਸ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ।

ਅਮਰੀਕਾ ਤੋਂ ਇਲਾਵਾ ਅਸਟਰੇਲੀਆ ਤੇ ਹੋਰਨਾਂ ਮੁਲਕਾਂ ਵਿਚ ਵੀ ਸਿੱਖ਼ਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਦ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਈ ਵੇਰ ਅਕਾਲੀ ਆਗੂਆਂ ਵੱਲੋਂ ਉਸ ਘਟਨਾ ਸਬੰਧੀ  ਬਿਆਨ ਤਾਂ ਅਕਸਰ ਆਉਂਦੇ ਹਨ ,ਪਰ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੇ ਪੱਧਰ ‘ਤੇ ਕੁਝ ਨਹੀਂ ਕੀਤਾ ਜਾਂਦਾ।

ਸੱਭ ਤੋਂ ਜਰੂਰੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਮੁਲਕ ਵਿਚ ਆਪਣਾ ਦਫ਼ਤਰ ਖੋਲੇ,ਜਿੱਥੇ ਅਜਿਹੇ ਪੜ੍ਹੇ ਲਿਖੇ ਵਿਅਕਤੀ ਰਖੇ ਜਾਣ ਜਿਨ੍ਹਾਂ ਨੂੰ ਪੰਜਾਬੀ ਤੋਂ ਇਲਾਵਾ ਉਸ ਦੇਸ਼ ਦੀ ਭਾਸ਼ਾ ਵੀ ਆਉਂਦੀ ਹੋਵੇ ਤਾਂ ਜੋ ਉਹ ਸ਼੍ਰੋਮਣੀ ਕਮੇਟੀ ਤੇ  ਉਸ ਦੇਸ਼ ਦੇ ਸਿੱਖਾਂ ਵਿਚ ਇਕ ਪੁੱਲ ਦਾ ਕੰਮ ਕਰ ਸਕਣ।

ਗੁਰਦੁਆਰੇ ਪ੍ਰਚਾਰ ਦਾ ਮੁੱਖ ਸਥਾਨ ਹਨ ਪਰ ਇਨ੍ਹਾਂ ਵਿਚ ਗ੍ਰੰਥੀ ਸਿੰਘ ਉਹ ਚਾਹੀਦੇ ਹਨ ਜਿਹੜੇ ਉਸ ਦੇਸ਼ ਦੀ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਤਾਂ ਜੋ ਉਹ ਉਥੋਂ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਗੁਰਬਾਣੀ ਤੇ ਸਿੱਖ ਧਰਮ ਤੋਂ ਜਾਣੂ ਕਰਾ ਸਕਣ। ਇਸ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਨਾਲ ਮਿਲ ਕੇ ਇਨ੍ਹਾਂ ਭਾਸ਼ਾਵਾਂ ਨੂੰ ਪੜ੍ਹਾਉਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।ਅਜਿਹਾ ਪ੍ਰਬੰਧ ਹੋਣ ਉਪਰੰਤ ਵੱਖ ਵੱਖ ਮੁਲਕਾਂ ਨਾਲ ਗੱਲਬਾਤ ਕੀਤੀ ਜਾਵੇ ਕਿ ਉਹ ਉਨ੍ਹਾਂ ਮੁਲਕਾਂ ਵਿਚ ਉਨ੍ਹਾਂ ਗੰ੍ਰਥੀਆਂ ਨੂੰ ਵੀਜ਼ਾ ਦੇਣ ਜਿਹੜੇ ਇਨ੍ਹਾਂ ਭਾਸ਼ਾਵਾਂ ਤੋਂ ਜਾਣੂ ਹੋਣ।ਇਸੇ ਤਰ੍ਹਾਂ ਭਾਰਤੀ ਭਾਸ਼ਾਵਾਂ ਵਿਚ ਗ੍ਰੰਥੀ ਸਿੰਘ ਤਿਆਰ ਕੀਤੇ ਜਾਣ ਜਿਹੜੇ ਸਬੰਧਿਤ ਸੂਬੇ ਦੀ ਭਾਸ਼ਾ ਜਾਣਦੇ ਹੋਣ।

ਸਿੱਖ ਧਰਮ ਨਾਲ ਸੰਬੰਧਿਤ ਸਾਹਿਤ ਦੀ ਘਾਟ ਬਹੁਤ ਹੈ।ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਵਿਚ ਸਿੱਖ ਰਹਿਤ ਮਰਿਆਦਾ ਨੂੰ ਪ੍ਰਕਾਸ਼ਿਤ ਕਰਕੇ ਭਾਰਤ ਤੋਂ ਇਲਾਵਾ ਵਿਦੇਸ਼ਾਂ ਦੇ ਗੁਰਦੁਆਰਿਆਂ ਵਿਚ ਭੇਜਿਆ ਜਾਵੇ ਤਾਂ ਜੁ ਸਥਾਨਕ ਲੋਕ ਇਸ ਨੂੰ ਪੜ੍ਹ ਸਕਣ।  ਚੋਣਵਾਂ ਸਾਹਿਤ ਵੀ ਭਾਰਤੀ ਤੇ ਵਿਦੇਸ਼ੀ ਭਾਸ਼ਾਵਾਂ ਪ੍ਰਕਾਸ਼ਿਤ ਕਰਕੇ ਮੁਫ਼ਤ ਵੰਡਿਆ ਜਾਵੇ।ਇਸ ਨੂੰ ਕਮੇਟੀ ਦੀ ਵੈੱਬ ਸਾਇਟ ਉਪਰ ਵੀ ਪਾਇਆ ਜਾਵੇ ਤਾਂ ਜੋ ਕਿਤੇ ਵੀ ਬੈਠਾ ਵਿਅਕਤੀ ਇਸ ਨੂੰ ਪੜ੍ਹ ਸਕੇ।ਇਸ ਸਮੇਂ ਜੋ ਵੈੱਬਸਾਇਟ ‘ਤੇ ਸਾਹਿਤ ਹੈ ,ਉਹ  ਨਾ ਮਾਤਰ ਹੀ ਹੈ।ਚੰਗਾ ਹੋਵੇ ,ਜੇ ਅਮਰੀਕਾ,ਕੈਨੇਡਾ,ਅਸਟਰੇਲੀਆ,ਇੰਗਲੈਂਡ ਆਦਿ ਦੇਸ਼ਾਂ ਜਿੱਥੇ ਕਿ ਸਿੱਖ ਵਡੀ ਗਿਣਤੀ ਵਿਚ ਹਨ,ਉੱਥੇ ਛਪਾਈ ਦੀਆਂ ਪ੍ਰੈਸਾਂ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਸਾਹਿਤ ਛਾਪਿਆ ਜਾਵੇ ਤਾਂ ਜੋ ਉਹ ਲੋਕਾਂ ਨੂੰ ਆਸਾਨੀ ਨਾਲ ਮਿਲ ਸਕੇ।

ਇਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਰਨ ਕੇਵਲ ਪੀ. ਟੀ. ਸੀ., ਟੀ. ਵੀ.ਚੈਨਲ  ਤੋਂ ਹੀ ਕੀਤਾ ਜਾਂਦਾ ਹੈ।ਇਸ ਦਾ ਪ੍ਰਸਾਰਨ ਸਾਰੇ ਦੇਸ਼ਾਂ ਵਿਚ ਨਹੀਂ ਹੈ। ਇਸ ਲਈ ਇਸ ਨੂੰ ਸਾਰੀ ਦੁਨੀਆਂ ਵਿਚ ਨਹੀਂ ਸੁਣਿਆ ਜਾ ਰਿਹਾ ।ਜਿੱਥੇ ਹੈ,ਉੱਥੇ ਇਸ ਦੇ ਪੈਸੇ ਵੀ ਕਾਫੀ ਦੇਣੇ ਪੈਂਦੇ ਹਨ। ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਆਪਣਾ ਟੀ. ਵੀ. ਚੈਨਲ ਲਾਏ। ਇਕ ਚੈਨਲ ਦਾ ਕੋਈ 40 ਲੱਖ ਰੁਪਏ ਖ਼ਰਚਾ ਆਉਂਦਾ ਹੈ। ਇਸ ਚੈਨਲ ਤੋਂ ਸ਼ਰਤਾਂ ਅਧੀਨ ਦੂਜੇ ਚੈਨਲਾਂ ਵਾਲਿਆਂ ਨੂੰ ਪ੍ਰਸਾਰਨ ਕਰਨ ਦੀ ਮੁਫ਼ਤ ਵਿਚ ਆਗਿਆ ਦਿੱਤੀ ਜਾਵੇ,ਜਿਵੇਂ ਕਿ ਉਹ ਪ੍ਰੋਗਰਾਮ ਦੌਰਾਨ, ਪ੍ਰੋਗਰਾਮ ਤੋਂ ਪਹਿਲਾਂ ਤੇ ਬਾਦ ਵਿਚ ਕੋਈ ਇਸ਼ਤਿਹਾਰਬਾਜ਼ੀ ਨਹੀਂ ਕਰ ਸਕਦੇ। ਰਾਤ ਨੂੰ ਕੀਰਤਨ ਦੀ ਸਮਾਪਤੀ ਪਿੱਛੋਂ ਇੱਥੇ ਸਿੱਖ ਧਰਮ ਬਾਰੇ ਜਾਣਕਾਰੀ ਦਿੱਤੀ ਜਾਵੇ। ਜਦ ਇਹ ਚੈਨਲ ਕਾਮਯਾਬ ਹੋ ਜਾਵੇ ਤਾਂ ਦੂਜਾ ਚੈਨਲ ਕੇਵਲ ਸਿੱਖੀ ਦੇ ਪ੍ਰਚਾਰ ਲਈ ਸ਼ੁਰੂ ਕੀਤਾ ਜਾਵੇ।ਇਸ ‘ਤੇ ਸਿਆਸਤ ਕਰਨ ਦੀ ਪਾਬੰਦੀ ਹੋਵੇ।। ਇਸ ਤਰ੍ਹਾਂ ਦੇ ਬਹੁਤ ਸਾਰੇ ਸੁਝਾਅ ਸੰਗਤਾਂ ਤੋਂ ਲੈ ਕੇ ਉਨ੍ਹਾਂ ਨੂੰ ਅਮਲੀਜਾਮਾ ਪਹਿਨਾਇਆ ਜਾਵੇ।  ਇਸ ਨਾਲ ਸਿੱਖੀ ਦੇ ਪ੍ਰਚਾਰ ਦਾ ਦਾਇਰਾ ਵੀ ਵਧੇਗਾ ਤੇ ਕਮੇਟੀ ਦੇ  ਮਾਣ ਸਤਿਕਾਰ  ਵਿਚ ਵੀ ਵਾਧਾ ਹੋਵੇਗਾ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>