ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਮਾਣੂੰ ਵਿਗਿਆਨਿਕ ਡਾ. ਅਬਦੁੱਲ ਕਾਦਿਰ ਖਾਨ ਨੇ ਕਿਹਾ ਕਿ ਅਸੀਂ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਰਾਵਲਪਿੰਡੀ ਦੇ ਨਜ਼ਦੀਕ ਕਹੁਟਾ ਤੋਂ ਪੰਜ ਮਿੰਟ ਵਿੱਚ ਨਿਸ਼ਾਨਾ ਬਣਾ ਸਕਦੇ ਹਾਂ। ਡਾ. ਅਬਦੁੱਲ ਕਾਦਿਰ ਖਾਨ ਨੇ ਪਾਕਿਸਤਾਨ ਦੇ ਪਹਿਲੇ ਪਰਮਾਣੂੰ ਟੈਸਟ ਦੀ ਵਰ੍ਹੇਗੰਢ ਦੇ ਮੌਕੇ ਤੇ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਇਹ ਬਿਆਨ ਦਿੱਤਾ।
ਡਾ. ਖਾਨ ਦਾ ਕਹਿਣਾ ਹੈ ਕਿ ਜੇ ਜਨਰਲ ਜਿਆ ਉਲ ਹੱਕ ਨੇ ਸਾਡਾ ਸਾਥ ਦਿੱਤਾ ਹੁੰਦਾ ਤਾਂ ਪਾਕਿਸਤਾਨ 1984 ਵਿੱਚ ਹੀ ਪਰਮਾਣੂੰ ਸ਼ਕਤੀ ਵਾਲਾ ਰਾਸ਼ਟਰ ਬਣ ਗਿਆ ਹੁੰਦਾ। ਜਨਰਲ ਜਿਆ ਦੇ ਵਿਰੋਧ ਕਰਨ ਕਰਕੇ ਅਸੀਂ ਪਰਮਾਣੂੰ ਪ੍ਰਯੋਗ ਨੂੰ ਅੱਗੇ ਨਹੀਂ ਸੀ ਵਧਾ ਸਕੇ। ਜਨਰਲ ਜਿਆ ਨੇ ਪਾਕਿਸਤਾਨ ਤੇ 1979 ਤੋਂ 1988 ਤੱਕ ਰਾਜ ਕੀਤਾ। ਉਹ ਪਰਮਾਣੂੰ ਪ੍ਰਯੋਗ ਦੇ ਵਿਰੋਧ ਵਿੱਚ ਸਨ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਅਜਿਹਾ ਕਰਨ ਨਾਲ ਉਨ੍ਹਾਂ ਦੇ ਦੇਸ਼ ਨੂੰ ਸਖਤ ਪਾਬੰਦੀਆਂ ਦੇ ਨਾਲ ਸੈਨਿਕ ਦਖਲਅੰਦਾਜੀ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਸੀ। ਅਫ਼ਗਾਨਿਸਤਾਨ ਵਿੱਚ ਰੂਸੀ ਘੁੱਸਪੈਠ ਕਾਰਣ ਜੋ ਵਿੱਤੀ ਸਹਾਇਤਾ ਮਿਲ ਰਹੀ ਸੀ, ਉਹ ਵੀ ਬੰਦ ਹੋ ਸਕਦੀ ਸੀ।
ਉਨ੍ਹਾਂ ਨੂੰ ਪਰਮਾਣੂੰ ਤਕਨੀਕ ਦੇ ਪਰਸਾਰ ਦੇ ਆਰੋਪਾਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਜਿਸ ਕਰਕੇ ਉਨ੍ਹਾਂ ਨੂੰ ਸ਼ਰਮਿੰਦਗੀ ਵੀ ਝਲਣੀ ਪਈ ਸੀ ਅਤੇ ਨਜ਼ਬੰਦ ਵੀ ਰਹਿਣਾ ਪਿਆ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਦੇ ਇਸ ਤਰ੍ਹਾਂ ਦੇ ਵਤੀਰੇ ਤੋਂ ਉਹ ਬੇਹੱਦ ਪਰੇਸ਼ਾਨ ਸਨ।
ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ ਅਨੁਸਾਰ ਪਰਮਾਣੂੰ ਸ਼ਕਤੀ ਵਾਲੇ 9 ਦੇਸ਼ਾਂ ਦੇ ਕੋਲ 18500 ਪਰਮਾਣੂੰ ਹੱਥਿਆਰ ਹਨ। ਇੱਕਲੇ ਰੂਸ ਦੇ ਕੋਲ ਹੀ 7500 ਪਰਮਾਣੂੰ ਹੱਥਿਆਰ ਹਨ ਜੋ ਕਿ ਦੁਨੀਆਂ ਵਿੱਚ ਸੱਭ ਤੋਂ ਵੱਧ ਹਨ। ਅਮਰੀਕਾ ਕੋਲ 7200 ਹੱਥਿਆਰ ਹਨ ਤੇ ਉਹ ਇਸ ਦੌੜ ਵਿੱਚ ਦੂਸਰੇ ਸਥਾਨ ਤੇ ਹੈ। ਫਰਾਂਸ ਦੇ ਕੋਲ 300 ਅਤੇ ਚੀਨ ਕੋਲ 250 ਪਰਮਾਣੂੰ ਹੱਥਿਆਰ ਹਨ। ਬ੍ਰਿਟੇਨ ਦੇ ਕੋਲ 215 ਹੱਥਿਆਰ ਹਨ। ਪਾਕਿਸਤਾਨ ਕੋਲ 100 ਤੋਂ 120 ਦੇ ਕਰੀਬ ਪਰਮਾਣੂੰ ਹੱਥਿਆਰ ਹਨ ਤੇ ਭਾਰਤ ਕੋਲ 90 ਤੋਂ 100 ਦੇ ਕਰੀਬ ਹੱਥਿਆਰ ਹਨ।