ਕੈਨੇਡਾ ਦੇ ਖਾਲਿਸਤਾਨੀ ਸੰਗਠਨਾਂ ਵੱਲੋਂ ਪੰਜਾਬ ‘ਚ ਹਮਲਾ ਕਰਨ ਦੀ ਲਗਵਾਈ ਗਈ ਖਬਰ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਨ ਦੀ ਡੂੰਘੀ ਸਾਜਿਸ਼: ਮਾਨ

ਫਤਹਿਗੜ੍ਹ ਸਾਹਿਬ – “ਅੱਜ ਦੇ ਅੰਗਰੇਜ਼ੀ ਅਤੇ ਪੰਜਾਬੀ ਅਖ਼ਬਾਰਾਂ ਵਿਚ ਜੋ “ਪੰਜਾਬ ‘ਤੇ ਵੱਡੇ ਹਮਲੇ ਦੀ ਕੋਸਿ਼ਸ਼ ਹਨ ਕੈਨੇਡਾ ਦੇ ਖਾਲਿਸਤਾਨੀ ਸੰਗਠਨ” ਦੇ ਸਿਰਲੇਖ ਹੇਠ ਜੋ ਹੈੱਡ ਲਾਇਨਾਂ ਲਗਵਾਈਆਂ ਗਈਆਂ ਹਨ, ਇਹ ਹਿੰਦ ਦੀਆਂ ਖੂਫੀਆ ਏਜੰਸੀਆਂ ਅਤੇ ਮੋਦੀ ਦੀ ਮੁਤੱਸਵੀ ਸਿੱਖ ਵਿਰੋਧੀ ਹਕੂਮਤ ਵੱਲੋਂ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ‘ਤੇ ਬਦਨਾਮ ਕਰਕੇ ਆਪਣੀਆਂ ਸਿਆਸੀ ਇੱਛਾਵਾਂ ਦੀ ਪੂਰਤੀ ਕਰਨ ਅਤੇ ਆਉਣ ਵਾਲੇ ਦਿਨਾਂ ਵਿਚ ਸ਼੍ਰੀ ਮੋਦੀ ਵੱਲੋਂ ਜੋ ਅਮਰੀਕਾ ਅਤੇ ਕੈਨੇਡਾ ਦੇ ਦੌਰੇ ਹੋਣ ਜਾ ਰਹੇ ਹਨ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕਾਮਯਾਬ ਕਰਨ ਹਿੱਤ ਮੰਦਭਾਵਨਾ ਅਧੀਨ ਲਗਵਾਈਆਂ ਗਈਆਂ ਹਨ। ਜਦੋਂ ਕਿ ਸਾਡੇ ਆਪਣੇ ਸਾਧਨਾਂ ਤੋਂ ਨਾ ਤਾਂ ਹਿੰਦ ਵਿਚ ਨਾ ਕੈਨੇਡਾ ਵਿਚ ਨਾਂ ਪੰਜਾਬ ਵਿਚ ਅਤੇ ਨਾਂ ਹੀ ਕਿਸੇ ਹੋਰ ਮੁਲਕ ਵਿਚ ਵੱਸ ਰਹੀ ਸਿੱਖ ਕੌਮ, ਭਾਵੇਂ ਕਿ ਉਹ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਕਾਇਮ ਕਰਨ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਸਰਗਰਮੀਆਂ ਕਰ ਰਹੇ ਹਨ, ਪਰ ਕਿਸੇ ਵੀ ਸਥਾਨ ‘ਤੇ ਕਿਸੇ ਵੀ ਮੁਲਕ ਦੇ ਕਾਨੂੰਨਾਂ ਅਤੇ ਨਿਯਮਾਂ ਦੀ ਉਲੰਘਣਾਂ ਕਰਕੇ ਕੋਈ ਸਿੱਖ ਅਜਿਹੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਕਾਰਵਾਈ ਰਤੀ ਭਰ ਵੀ ਨਹੀਂ ਕਰ ਰਿਹਾ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਹਿੰਦ ਅਤੇ ਪੰਜਾਬ ਵਿਚ ਛਪਣ ਵਾਲੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਅਖਬਾਰਾਂ ਵਿਚ ਕੈਨੇਡਾ ਦੇ ਖਾਲਿਸਤਾਨੀ ਸੰਗਠਨਾਂ ਵੱਲੋਂ ਪੰਜਾਬ ‘ਤੇ ਵੱਡੇ ਹਮਲੇ ਕਰਨ ਦੀ ਪ੍ਰਕਾਸਿ਼ਤ ਕਰਵਾਈਆਂ ਗਈਆਂ ਸਿੱਖ ਕੌਮ ਵਿਰੋਧੀ ਖਬਰਾਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਅਤੇ ਦੁਨੀਆਂ ਦੀਆਂ ਜਮਹੂਰੀਅਤ ਪਸੰਦ ਹਕੂਮਤਾਂ ਦਾ ਧਿਆਨ ਹਿੰਦ ਹਕੂਮਤ ਦੀਆਂ ਸਿੱਖ ਵਿਰੋਧੀ ਸਾਜਿਸ਼ਾਂ ਵੱਲ ਕੇਂਦਰਿਤ ਕਰਦੇ ਹੋਏ ਆਪਣੇ ਇਕ ਕੌਮੀ ਪੱਧਰ ਦੇ ਕੌਮਾਂਤਰੀ ਬਿਆਨ ਵਿਚ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਅੱਜ ਜਦੋਂ ਸਿੱਖ ਅਮਰੀਕਾ, ਕੈਨੇਡਾ, ਜਰਮਨ ਆਸਟ੍ਰੇਲੀਆ, ਬਰਤਾਨੀਆਂ, ਫਰਾਂਸ ਆਦਿ ਵੱਡੇ ਮੁਲਕਾਂ ਵਿਚ ਆਪਣੀ ਲਿਆਕਤ ਅਤੇ ਮਿਹਨਤ ਦੇ ਜ਼ਰੀਏ ਉੱਥੋਂ ਦੀਆਂ ਸਿਆਸੀ ਪਦਵੀਆਂ ਉਤੇ ਬਿਰਾਜਮਾਨ ਹੋ ਰਹੇ ਹਨ ਅਤੇ ਸਿੱਖ ਕੌਮ ਦਾ ਨਾਮ ਕੌਮਾਂਤਰੀ ਪੱਧਰ ‘ਤੇ ਰੌਸ਼ਨ ਕਰ ਰਹੇ ਹਨ। ਲਿਆਕਤਮੰਦ ਸਿੱਖ ਦੁਨੀਆਂ ਦੇ ਪਲੇਟਫਾਰਮਾਂ ‘ਤੇ ਬਾਦਲੀਲ ਢੰਗ ਨਾਲ ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਅਤੇ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਉਤੇ ਕੀਤੇ ਜਾਣ ਵਾਲੇ ਜ਼ਬਰ-ਜ਼ੁਲਮਾਂ ਜਾਂ ਬੇਇਨਸਾਫੀਆਂ ਸੰਬੰਧੀ ਆਵਾਜ਼ ਉਠਾਉਂਦੇ ਹੋਏ “ਸਿੱਖ ਕੇਸ” ਨੂੰ ਮਜ਼ਬੂਤ ਕਰ ਰਹੇ ਹਨ, ਤਾਂ ਮੋਦੀ ਦੀ ਹਿੰਦੂਤਵ ਹਕੂਮਤ, ਮੁਤੱਸਵੀ ਆਰ ਐਸ ਐਸ ਵਰਗੀਆਂ ਜਮਾਤਾਂ ਸਿੱਖ ਕੌਮ ਦੇ ਲਿਆਕਤਮੰਦਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਕੀਤੇ ਜਾਣ ਵਾਲੇ ਕੌਮਪੱਖੀ ਉੱਦਮਾਂ ਅਤੇ ਸਿੱਖ ਕੌਮ ਦੀ ਸਹੀ ਸਥਿਤੀ ਦੀ ਜਾਣਕਾਰੀ ਦੇਣ ਵਾਲੇ ਉੱਦਮਾਂ ਤੋਂ ਘਬਰਾ ਕੇ ਅਜਿਹੀਆਂ ਸਾਜਿਸ਼ਾਂ ਵਿਚ ਮਲੀਨ ਹੋ ਗਏ ਹਨ ਕਿ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਦੇ ਮਨ ਅਤੇ ਆਤਮਾ ਵਿਚ ਉਹਨਾਂ ਦੇ ਵਧਦੇ ਜਾ ਰਹੇ ਸਤਿਕਾਰ ਮਾਣ ਅਤੇ ਉਹਨਾਂ ਹਕੂਮਤਾਂ ਦੇ ਸਿੱਖ ਕੌਮ ਵਿਚ ਵਿਸ਼ਵਾਸ ਨੂੰ ਸੱਟ ਮਾਰੀ ਜਾ ਸਕੇ। ਸ.ਮਾਨ ਨੇ ਅੱਗੇ ਚੱਲ ਕੇ ਕਿਹਾ ਕਿ ਜਿਸ ਕੈਨੇਡਾ ਮੁਲਕ ਨੇ ਆਪਣੀ ਹਕੂਮਤ ਵਿਚ ਚਾਰ ਸਿੱਖਾਂ ਨੂੰ ਮਹੱਤਵਪੂਰਨ ਮਹਿਕਮੇ ਦੇ ਕੇ ਵਜ਼ੀਰ ਬਣਾਇਆ ਹੋਵੇ, ਅਤੇ ਰੱਖਿਆ ਵਜ਼ੀਰ ਦੀ ਪਦਵੀ ਸਿੱਖ ਕੌਮ ਦੇ ਹਿੱਸੇ ਪਾਈ ਹੋਵੇ, ਉੱਥੋਂ ਦੇ ਸਿੱਖ ਕੈਨੇਡਾ ਜਾਂ ਹੋਰ ਕਿਸੇ ਮੁਲਕ ਦੇ ਵਿਚ ਕਿਸ ਤਰ੍ਹਾਂ ਕਿਸੇ ਗੈਰ ਕਾਨੂੰਨੀਂ ਕੰਮ ਵਿਚ ਸ਼ਾਮਿਲ ਹੋ ਸਕਦੇ ਹਨ? ਜਦੋਂ ਕਿ ਮੋਦੀ ਦੀ ਹਕੂਮਤ ਨੇ ਕਿਸੇ ਵੀ ਸਿੱਖ ਨੂੰ ਆਪਣੀ ਵਜਾਰਤ ਵਿਚ ਨਹੀਂ ਲਿਆ। ਇਹ ਅਮਲ ਮੋਦੀ ਅਤੇ ਮੁਤੱਸਵੀ ਹਕੂਮਤ ਦੇ ਸਿੱਖ ਕੌਮ ਉੱਤੇ ਮੁਤੱਸਵੀ ਸੋਚ ਅਧੀਨ ਵਿਸ਼ਵਾਸ ਨਾ ਕਰਨ ਦੀ ਗੱਲ ਨੂੰ ਪ੍ਰਤੱਖ ਕਰਦੇ ਹਨ।

ਸ. ਮਾਨ ਨੇ ਆਪਣੇ ਵਿਚਾਰਾਂ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ ਹਿੰਦ ਦੇ ਵਜ਼ੀਰੇ ਆਜ਼ਮ ਸ਼੍ਰੀ ਮੋਦੀ ਜਿਸ ਨੇ 2002 ਵਿਚ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਹੋਏ ਉੱਥੇ ਸਾਜਿਸ਼ੀ ਢੰਗ ਨਾਲ 2000 ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਹੋਏ, ਮੁਸਲਿਮ ਬੀਬੀਆਂ ਨਾਲ ਜਬਰ-ਜਿਨਾਹ ਕਰਦਿਆਂ ਦੀਆਂ ਵੀਡੀਓਜ਼ ਬਣਾਈਆਂ ਹੋਣ, ਜਿਸ ਨੇ 2013 ਵਿਚ ਗੁਜਰਾਤ ਵਿਚ ਬੀਤੇ ਪੰਜਾਹ ਸਾਲਾਂ ਤੋਂ ਪੱਕੇ ਤੌਰ ‘ਤੇ ਵੱਸੇ ਹੋਏ 60,000 ਦੇ ਕਰੀਬ ਸਿੱਖ ਜਿੰਮੀਦਾਰਾਂ ਨੂੰ ਮੁਤੱਸਵੀ ਸੋਚ ਅਧੀਨ ਜਬਰੀ ਬੇਜ਼ਮੀਨੇ ਅਤੇ ਬੇਘਰ ਕਰ ਦਿੱਤਾ ਹੋਵੇ, ਅਜਿਹੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਮੋਦੀ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੈਨੇਡਾ ਅਤੇ ਅਮਰੀਕਾ ਦੇ ਦੌਰ ਹੋ ਰਹੇ ਹਨ। ਸੰਸਾਰ ਭਰ ਦੇ ਸਿੱਖਾਂ ਅਤੇ ਮੁਸਲਿਮ ਕੌਮ ਦੇ ਮਨਾਂ ਵਿਚ “ਇਨਸਾਨੀਅਤ ਦੇ ਦੁਸ਼ਮਣ” ਮੋਦੀ ਵਿਰੁੱਧ ਬਹੁਤ ਵੱਡਾ ਰੋਹ ਉਤਪੰਨ ਹੋ ਚੁੱਕਾ ਹੈ। ਅਮਰੀਕਾ ਅਤੇ ਕੈਨੇਡਾ ਦੇ ਦੌਰਿਆਂ ਦੌਰਾਨ ਉੱਥੋਂ ਦੇ ਇਨਸਾਫ ਪਸੰਦ ਅਤੇ ਅਮਨ ਚੈਨ ਦੀ ਚਾਹਨਾਂ ਰੱਖਣ ਵਾਲੇ ਸਿੱਖਾਂ ਵੱਲੋਂ ਇਕੱਤਰ ਹੋ ਕੇ ਮੋਦੀ ਦੇ ਉਥੇ ਪਹੁੰਚਣ ‘ਤੇ ਵੱਡੇ ਰੋਸ ਵਿਖਾਵੇ ਅਤੇ ਉਥੋਂ ਦੀਆਂ ਹਕੂਮਤਾਂ ਨੂੰ ਮੁਸਲਿਮ ਅਤੇ ਸਿੱਖ ਕੌਮ ਦੇ ਕਾਤਲ ਮੋਦੀ ਵਿਰੁੱਧ ਯਾਦ ਪੱਤਰ ਦਿੱਤੇ ਜਾ ਰਹੇ ਹਨ। ਆਪਣੀਆਂ ਕਾਲੀਆਂ ਕਰਤੂਤਾਂ ਅਤੇ ਅਣਮਨੁੱਖੀ ਕਾਰਵਾਈਆਂ ਦੇ ਕੌਮਾਂਤਰੀ ਪੱਧਰ ‘ਤੇ ਉੱਠ ਰਹੇ ਮਾੜੇ ਪ੍ਰਭਾਵ ਨੂੰ ਰੋਕਣ ਦੀ ਅਸਫ਼ਲ ਕੋਸਿ਼ਸ਼ ਕਰਦੇ ਹੋਏ ਮੋਦੀ ਹਕੂਮਤ ਅਤੇ ਸੈਂਟਰ ਦੀਆਂ ਏਜੰਸੀਆਂ ਵੱਲੋਂ ਅਖਬਾਰਾਂ ਅਤੇ ਮੀਡੀਆ ਵਿਚ ਖਾਲਿਸਤਾਨੀ ਸੰਗਠਨਾਂ ਅਤੇ ਸਿੱਖਾਂ ਵੱਲੋਂ ਪੰਜਾਬ ਵਿਚ ਹਮਲੇ ਹੋਣ ਦੀਆਂ ਕੌਮਾਂਤਰੀ ਪੱਧਰ ‘ਤੇ ਅਫਵਾਹਾਂ ਫੈਲਾ ਕੇ ਸਿੱਖ ਕੌਮ ਨੂੰ ਬਿਨ੍ਹਾਂ ਵਜ੍ਹਾ ਨਿਸ਼ਾਨਾ ਬਣਾਉਣਾ ਚਾਹੁੰਦੇ ਹਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਦਾਅਵੇ ਨਾਲ ਕਹਿ ਸਕਦਾ ਹੈ ਕਿ ਕਿਸੇ ਵੀ ਮੁਲਕ ਵਿਚ ਵੱਸਣ ਵਾਲਾ ਸਿੱਖ ਅੱਜ ਆਪਣੀ ਲਿਆਕਤ ਅਤੇ ਹੌਂਸਲੇ ਨਾਲ ਆਪਣਾ ਕੌਮੀ ਪੱਖ ਰੱਖਣ ਵਿਚ ਤਾਂ ਅੱਗੇ ਵਧ ਰਿਹਾ ਹੈ ਅਤੇ ਉੱਥੋਂ ਦੀਆਂ ਸਰਕਾਰੀ, ਗੈਰ ਸਰਕਾਰੀ ਉੱਚ ਪਦਵੀਆਂ ਅਤੇ ਸਿਆਸੀ ਆਹੁਦਿਆਂ ਨੂੰ ਪ੍ਰਾਪਤ ਕਰ ਰਹਿਾ ਹੈ। ਪਰ ਕਿਸੇ ਤਰ੍ਹਾਂ ਦੀ ਵੀ ਅਣਮਨੁੱਖੀ, ਗੈਰ ਕਾਨੂੰਨੀਂ ਜਾਂ ਕਿਸੇ ਮੁਲਕ ਦੇ ਨਿਯਮਾਂ ਨੂੰ ਤੋੜਨ ਦੀ ਕਾਰਵਾਈ ਕਤਈ ਨਹੀਂ ਕਰ ਸਕਦਾ। ਕਿਉਂ ਕਿ ਅਜਿਹੇ ਗੈਰ ਕਾਨੂੰਨੀਂ ਕੰਮ ਉਹਨਾਂ ਲੋਕਾਂ ਅਤੇ ਸੰਗਠਨਾਂ ਵੱਲੋਂ ਹੁੰਦੇ ਹਨ ਜਿਹਨਾਂ ਕੋਲ ਦਲੀਲ ਅਤੇ ਤਰਕ ਨਾ ਹੋਵੇ। ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦੁਨੀਆਂ ਦੇ ਹਰ ਪੱਧਰ ਦੇ ਸਵਾਲ ਦਾ ਜਵਾਬ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵੀ ਕੀਤੇ ਹਨ ਅਤੇ ਸਾਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਅਨੁਸਾਰਹਰ ਮਾੜੇ ਚੰਗੇ ਸਮੇਂ ਅਗਵਾਈ ਪ੍ਰਾਪਤ ਕਰਦੇ ਰਹਿਣ ਦੀ ਹਿਦਾਇਤ ਵੀ ਕੀਤੀ ਹੈ। ਇਸ ਲਈ ਹੀ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਆਦਿ ਦੇ ਦੁਨਿਆਵੀ ਵਿਤਕਰਿਆਂ ਤੋਂ ਉਪੱਰ ਉੱਠ ਕੇ ਸਮੁੱਚੀ ਮਨੁੱਖਤਾ ਲਈ “ਸਰਬੱਤ ਦੇ ਭਲੇ” ਦੇ ਮਿਸ਼ਨ ਅਧੀਨ ਜਿੱਥੇ ਸਮੁੱਚੀ ਮਨੁੱਖਤਾ ਦੀ ਸੇਵਾ ਕਰਨ, ਲੋੜਵੰਦ ਦੀ ਮਦਦ ਕਰਨ, ਮਜ਼ਲੂਮ ਗਰੀਬ ਦੀ ਰੱਖਿਆ ਕਰਨ ਦੇ ਆਦੇਸ਼ ਦਿੱਤੇ ਹਨ, ਉੱਥੇ ਕਿਸੇ ਕੌਮੀ ਅਤੇ ਮਨੁੱਖੀ ਸੰਕਟ ਸਮੇਂ ਜਾਂ ਇਨਸਾਨੀ ਜਬਰ ਜੁਲਮ ਸਮੇਂ ਨਿਰਭੈਤਾ ਅਤੇ ਨਿਡਰਤਾ ਨਾਲ ਜਬਰ ਅਤੇ ਜਾਬਰ ਦਾ ਨਾਸ਼ ਕਰਨ ਦੇ ਫਰਜ਼ ਅਦਾ ਕਰਨ ਦੇ ਵੀ ਹੁਕਮ ਕੀਤੇ ਹਨ। ਇਸ ਲਈ ਮੋਦੀ ਵਰਗੀ ਮੁਤੱਸਵੀ ਹਕੂਮਤ ਜਾਂ ਆਰ ਐਸ ਐਸ ਵਰਗੀਆਂ ਮੁਤਸੱਵੀ ਜਮਾਤਾਂ ਅੱਜ ਸਿੱਖ ਕੌਮ ਨੂੰ ਸਾਜਿਸ਼ੀ ਢੰਗਾਂ ਰਾਹੀਂ ਬਦਨਾਮ ਕਰਨ ਜਾਂ ਸਿੱਖ ਕੌਮ ਨੂੰ ਫਿਰ ਤੋਂ ਨਿਸ਼ਾਨਾ ਬਣਾ ਕੇ ਜਬਰ ਜ਼ੁਲਮ ਕਰਨ ਦੇ ਮੰਦਭਾਵਨਾ ਭਰਿਆਂ ਮਨਸੂਬਿਆਂ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੀਆਂ।

ਸ.ਮਾਨ ਨੇ ਲਹਿੰਦੇ ਵੱਲ ਦੇ ਸਮੁੱਚੇ ਜਮਹੂਰੀਅਤ ਪਸੰਦ ਮੁਲਕਾਂ ਅਤੇ ਉੱਥੋਂ ਦੀਆਂ ਹਕੂਮਤਾਂ ਨੂੰ ਇਹ ਸੰਜੀਦਾ ਅਪੀਲ ਕੀਤੀ ਹੈ ਕਿ ਗੁਜਰਾਤ ਵਿਚ ਮੁਸਲਮਾਨਾਂ ਦਾ ਕਤਲੇਆਮ ਕਰਨ ਵਾਲੇ ਅਤੇ ਸਿੱਖਾਂ ਨੂੰ ਬੇਜ਼ਮੀਨੇ ਅਤੇ ਬੇਘਰ ਕਰਨ ਵਾਲੇ ਇਨਸਾਨੀਅਤ ਵਿਰੋਧੀ ਮੋਦੀ ਨੂੰ ਆਪਣੇ ਮੁਲਕਾਂ ਵਿਚ ਬੁਲਾ ਕੇ ਜਾਂ ਸਵਾਗਤ ਕਰਕੇ ਜਾਬਰ ਅਤੇ ਜ਼ਬਰ ਦੀ ਬਿਲਕੁਲ ਪਿੱਠ ਨਾਂ ਥੋਪਣ, ਬਲਕਿ ਜਮਹੂਰੀਅਤ ਅਤੇ ਇਨਸਾਨੀ ਕਦਰਾਂ ਕੀਮਤਾਂ ‘ਤੇ ਪਹਿਰਾ ਦਿੰਦੇਹੋਏ ਅਜਿਹੇ ਜਾਬਰ ਹਾਕਮਾਂ ਦੀਆਂ ਵਧੀਕੀਆਂ ਦੀ ਬਦੌਲਤ ਕੌਮਾਂਤਰੀ ਪੱਧਰ ‘ਤੇ ਨੰਗਾ ਕਰਨ ਦੀ ਜਿੰਮੇਵਾਰੀ ਨਿਭਾਉਣ ਅਤੇ ਜੋ “ਦਹਿਸ਼ਤਗਰਦੀ” ਦਾ ਝੂਠਾ ਬਹਾਨਾ ਬਣਾ ਕੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਬਦਨਾਮ ਕਰਨ ਦੇ ਅਮਲ ਹੋ ਰਹੇ ਹਨ, ਇਹ ਜਮਹੂਰੀਅਤ ਪਸੰਦ ਹਕੂਮਤਾਂ ਉਸ ਅਣਮਨੁੱਖੀ ਅਮਲ ਵਿਰੁੱਧ ਅਮਲੀ ਕਾਰਵਾਈ ਕਰਕੇ ਸਹੀ ਮੁਆਇਨਿਆਂ ਵਿਚ ਇਨਸਾਨੀਅਤ ਦੀ ਆਵਾਜ਼ ਬੁਲੰਦ ਕਰਨ ਅਤੇ ਸਰਬੱਤ ਦਾ ਭਲਾ ਚਾਹੁਣ ਵਾਲੀ ਸਿੱਖ ਕੌਮ ਦੇ ਮਨੁੱਖਤਾ ਪੱਖੀ ਉੱਦਮਾਂ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਪਹੁੰਚਾਉਣ ਲਈ ਸਹਿਯੋਗ ਕਰਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>