ਸਮੁੱਚੀ ਸਿੱਖ ਕੌਮ 6 ਜੂਨ ਨੂੰ ਨਿਮਰਤਾ ਸਹਿਤ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦੀ ਹੋਈ ਨਤਮਸਤਕ ਹੋਣ ਲਈ ਸ੍ਰੀ ਦਰਬਾਰ ਸਾਹਿਬ ਪਹੁੰਚੇ : ਮਾਨ

ਫ਼ਤਹਿਗੜ੍ਹ ਸਾਹਿਬ – “ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੇ ਬਹੁਤ ਹੀ ਸਤਿਕਾਰਯੋਗ ਅਤੇ ਸਿੱਖ ਕੌਮ ਨੂੰ ਹਰ ਔਖੇ-ਚੰਗੇ ਸਮੇਂ ਸਹੀ ਅਗਵਾਈ ਦੇਣ ਵਾਲੇ ਸਰਬਉੱਚ ਅਸਥਾਨ ਹਨ । ਜੋ ਬਲਿਊ ਸਟਾਰ ਫ਼ੌਜੀ ਹਮਲੇ ਦੀ 32ਵੀਂ ਸ਼ਹੀਦੀ ਬਰਸ਼ੀ 06 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਉਦੇ ਹੋਏ ਸਿੱਖ ਕੌਮ ਵੱਲੋਂ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਰਦਾਸ ਕੀਤੀ ਜਾ ਰਹੀ ਹੈ, ਉਸ ਅਰਦਾਸ ਵਿਚ ਸਮੁੱਚੀ ਸਿੱਖ ਕੌਮ ਪੂਰਨ ਸਰਧਾ, ਸਤਿਕਾਰ, ਨਿਮਰਤਾ ਅਤੇ ਅਮਨਮਈ ਲੀਹਾਂ ਉਤੇ ਪਹਿਰਾ ਦਿੰਦੀ ਹੋਈ ਸ਼ਾਮਿਲ ਹੋਵੇ । ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਅਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਅਜਿਹਾ ਕੋਈ ਵੀ ਬਹਾਨਾ ਨਾ ਮਿਲੇ, ਜਿਸ ਨੂੰ ਉਹ ਆਧਾਰ ਬਣਾਕੇ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਜਾਂ ਅੰਮ੍ਰਿਤਸਰ ਸ਼ਹਿਰ ਵਿਚ “ਦਹਿਸ਼ਤ” ਵਾਲਾ ਮਾਹੌਲ ਉਤਪੰਨ ਕਰਨ ਵਿਚ ਕਾਮਯਾਬ ਹੋ ਸਕੇ । ਕਿਉਂਕਿ ਸੈਟਰ ਦੀ ਮੋਦੀ ਤੇ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ, ਅਮਨ-ਚੈਨ ਤੇ ਜ਼ਮਹੂਰੀਅਤ ਕਦਰਾ-ਕੀਮਤਾ ਦੀ ਪੈਰੋਕਾਰ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ 06 ਜੂਨ ਵਾਲੇ ਦਿਨ ਆਪਣੀਆਂ ਸਿੱਖ ਵਿਰੋਧੀ ਸਾਜਿ਼ਸਾਂ ਨੂੰ ਜੋ ਪੂਰਨ ਕਰਨਾ ਲੋੜਦੀਆਂ ਹਨ, ਉਸ ਵਿਚ ਇਹ ਕੌਮ ਵਿਰੋਧੀ ਤਾਕਤਾਂ ਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਾਮਯਾਬ ਨਾ ਹੋ ਸਕਣ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ 06 ਜੂਨ ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੀ 32ਵੀਂ ਸ਼ਹੀਦੀ ਬਰਸ਼ੀ ਉਤੇ ਸਮੁੱਚੀ ਸਿੱਖ ਕੌਮ ਨੂੰ ਅਮਨਮਈ ਢੰਗਾਂ ਰਾਹੀ ਨਿਮਰਤਾ ਸਹਿਤ ਬਿਨ੍ਹਾਂ ਕਿਸੇ ਡਰ-ਭੈ ਦੇ ਸ੍ਰੀ ਦਰਬਾਰ ਸਾਹਿਬ ਵਿਖੇ 05 ਜੂਨ ਦੀ ਰਾਤ ਨੂੰ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ 06 ਜੂਨ ਵਾਲੇ ਦਿਨ ਹਰ ਸਾਲ ਅਮਨਮਈ, ਕਾਨੂੰਨੀ ਅਤੇ ਸਮਾਜਿਕ ਦਾਇਰੇ ਵਿਚ ਰਹਿੰਦੀ ਹੋਈ ਹੀ ਆਪਣੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੀ ਆ ਰਹੀ ਹੈ, ਇਹ ਮੁਤੱਸਵੀ ਹਿੰਦੂਤਵ ਜਮਾਤਾਂ ਦੀਆਂ ਸਾਜਿ਼ਸਾਂ ਹੀ ਹਨ, ਜੋ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ, ਚਿੱਟ ਕੱਪੜੀਏ ਪੁਲਸੀਏ, ਖੂਫੀਆਂ ਏਜੰਸੀਆਂ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਅਜਿਹੇ ਮੌਕਿਆਂ ਤੇ ਘੁਸਪੈਠ ਕਰਵਾਕੇ ਉਥੋ ਦੇ ਧਾਰਮਿਕ ਤੇ ਸਮਾਜਿਕ ਮਾਹੌਲ ਨੂੰ ਜਾਣਬੁੱਝ ਕੇ ਗੰਧਲਾ ਕਰਦੇ ਹੋਏ ਸਿੱਖ ਕੌਮ ਨੂੰ ਬਦਨਾਮ ਕਰਨ ਦੀਆਂ ਸਾਜਿ਼ਸਾਂ ਰਚਦੀਆ ਆ ਰਹੀਆਂ ਹਨ । ਪਹਿਲੇ ਵੀ ਸਿੱਖਾਂ ਨੇ ਕਦੀ ਵੀ ਦਰਬਾਰ ਸਾਹਿਬ ਦੇ ਸਮੂਹ ਦੇ ਮਾਹੌਲ ਨੂੰ ਕਦੀ ਕਈ ਆਂਚ ਨਹੀਂ ਆਉਣ ਦਿੱਤੀ । ਇਹ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ ਵਿਚ ਭਰਤੀ ਕੀਤੀ ਗਏ ਗੁੰਡਾ ਅਨਸਰ, ਚਿੱਟ ਕੱਪੜੀਏ ਪੁਲਸੀਏ ਅਤੇ ਨਿਹੰਗ ਸਿੱਖੀ ਬਾਣੇ ਵਿਚ ਕਈ ਤਰ੍ਹਾਂ ਦੇ ਸ਼ਰਾਰਤੀ ਟੋਲੇ ਭੇਜਕੇ, ਉਥੋ ਦੇ ਮਾਹੌਲ ਨੂੰ ਗੰਧਲਾ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਦੇ ਆ ਰਹੇ ਹਨ । ਜਦੋਂਕਿ ਸਿੱਖ ਕੌਮ ਤਾਂ ਉਥੇ ਕੇਵਲ ਸਰਧਾ ਸਹਿਤ ਨਤਮਸਤਕ ਹੋਣ ਲਈ ਅਤੇ ਅਰਦਾਸ ਵਿਚ ਸ਼ਾਮਿਲ ਹੋਣ ਲਈ ਆਉਦੀ ਹੈ । 06 ਜੂਨ 2016 ਨੂੰ ਵੀ ਸਿੱਖ ਕੌਮ, ਸਿੱਖ ਲੀਡਰਸਿ਼ਪ, ਰਾਗੀ-ਢਾਡੀ, ਕਥਾਵਾਚਕ, ਪਾਠੀ ਸਿੰਘ ਅਤੇ ਕੌਮੀ ਬੁੱਧੀਜੀਵੀ ਅਤੇ ਸਿੱਖ ਸੰਗਤ ਸਭ ਵਰਗ ਅਮਨਮਈ ਢੰਗਾਂ ਰਾਹੀ ਉਥੇ ਪਹੁੰਚ ਰਹੇ ਹਨ । ਜੋ ਸਾਡੇ ਕੋਲ ਰਿਪੋਰਟ ਹੈ ਕਿ ਪੰਜਾਬ ਸਰਕਾਰ ਨੇ ਉਥੇ ਵੱਡੀ ਗਿਣਤੀ ਵਿਚ ਅਰਧ ਸੈਨਿਕ ਬਲਾਂ ਦੀਆਂ ਟੁਕੜੀਆਂ, ਪੁਲਿਸ, ਫ਼ੌਜ ਤਾਇਨਾਤ ਕਰਨ ਦਾ ਪ੍ਰਬੰਧ ਕਰਕੇ ਸਿੱਖ ਕੌਮ ਵਿਚ ਉਸੇ ਤਰ੍ਹਾਂ ਦਹਿਸਤ ਪਾਈ ਜਾ ਰਹੀ ਹੈ, ਜਿਵੇ 10 ਨਵੰਬਰ 2015 ਨੂੰ ਚੱਬਾ (ਅੰਮ੍ਰਿਤਸਰ) ਵਿਖੇ ਸਰਬੱਤ ਖ਼ਾਲਸਾ ਸਮੇਂ ਸਮੁੱਚੇ ਪੰਜਾਬ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਜਿ਼ਲ੍ਹੇ ਵਿਚ ਵੱਡੀ ਗਿਣਤੀ ਵਿਚ ਫੋਰਸਾ ਲਗਾਕੇ “ਦਹਿਸਤ” ਫਿਲਾਈ ਸੀ । ਪਰ ਜਿਵੇ ਸਿੱਖ ਸੰਗਤਾਂ ਨੇ ਇਹਨਾਂ ਵੱਲੋਂ ਸਾਜ਼ਸੀ ਢੰਗ ਨਾਲ ਫਿਲਾਈ ਗਈ ਦਹਿਸ਼ਤ, ਪੁਲਿਸ, ਫ਼ੌਜ, ਅਰਧ ਸੈਨਿਕ ਬਲਾਂ ਦੀ ਵੱਡੀ ਗਿਣਤੀ ਦੀ ਪ੍ਰਵਾਹ ਨਾ ਕਰਦੇ ਹੋਏ ਲੱਖਾਂ ਦੀ ਗਿਣਤੀ ਵਿਚ ਸਰਬੱਤ ਖ਼ਾਲਸਾ ਵਿਚ ਸਮੂਲੀਅਤ ਕੀਤੀ ਸੀ, ਉਸੇ ਤਰ੍ਹਾਂ 06 ਜੂਨ 2016 ਨੂੰ ਵੀ ਹਕੂਮਤੀ ਦਹਿਸਤ ਉਤਪੰਨ ਕਰਨ ਦੇ ਬਾਵਜੂਦ ਵੀ ਸਿੱਖ ਕੌਮ ਪੂਰਨ ਸਰਧਾ, ਸਤਿਕਾਰ, ਨਿਮਰਤਾ ਅਤੇ ਅਮਨ-ਚੈਨ ਨਾਲ ਲੱਖਾਂ ਦੀ ਗਿਣਤੀ ਵਿਚ ਪਹੁੰਚੇਗੀ । ਜੇਕਰ ਕੋਈ ਸ੍ਰੀ ਦਰਬਾਰ ਸਾਹਿਬ ਸਮੂਹ ਜਾਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਂ ਕਿਸੇ ਹੋਰ ਸਥਾਂਨ ਤੇ ਕੋਈ ਅਣਸੁਖਾਵੀ ਘਟਨਾ ਵਾਪਰੀ ਤਾਂ ਐਸ.ਜੀ.ਪੀ.ਸੀ. ਦੀ ਟਾਸਕ ਫੋਰਸ, ਚਿੱਟ ਕੱਪੜੀਏ ਪੁਲਸੀਏ, ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲ ਜਿੰਮੇਵਾਰ ਹੋਣਗੇ, ਜੋ ਮੁਤੱਸਵੀ ਜਮਾਤਾਂ ਤੇ ਹਕੂਮਤਾਂ ਦੀਆਂ ਮੰਦਭਾਵਨਾਵਾਂ ਅਧੀਨ ਸਿੱਖ ਕੌਮ ਉਤੇ ਬਿਨ੍ਹਾਂ ਵਜਹ ਜ਼ਬਰ-ਜੁਲਮ ਕਰਨ ਅਤੇ ਉਹਨਾਂ ਵਿਚ ਦਹਿਸਤ ਪਾਉਣ ਦੀਆਂ ਸਾਜਿ਼ਸਾਂ ਤੇ ਕੰਮ ਕਰਦੇ ਆ ਰਹੇ ਹਨ ਅਤੇ ਸਿੱਖ ਕੌਮ ਨੂੰ ਜ਼ਲੀਲ ਕਰਦੇ ਹੋਏ ਭੜਕਾਊ ਕਾਰਵਾਈਆਂ ਕਰਨ ਦੇ ਆਦੀ ਬਣ ਚੁੱਕੇ ਹਨ ।

ਸ. ਮਾਨ ਨੇ ਹਿੰਦੂਤਵ ਮੁਤੱਸਵੀ ਜਮਾਤਾਂ ਅਤੇ ਉਹਨਾਂ ਦੀਆਂ ਸਿੱਖ ਵਿਰੋਧੀ ਸਾਜਿ਼ਸਾਂ ਵਿਚ ਮੁਲੀਨ ਹੋ ਚੁੱਕੀ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਦਹਿਸਤ ਦਾ ਮਾਹੌਲ ਬਣਾਕੇ ਸਿੱਖ ਕੌਮ ਨੂੰ 06 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਅੰਦਰ ਨਤਮਸਤਕ ਹੋਣ ਅਤੇ ਅਰਦਾਸ ਵਿਚ ਸ਼ਾਮਿਲ ਹੋਣ ਤੋ ਰੋਕਣ ਦੀ ਡੂੰਘੀ ਸਾਜਿ਼ਸ ਰਚੀ ਗਈ ਜਾਂ ਅਜਿਹਾ ਕੋਈ ਅਮਲ ਹੋਇਆ ਤਾਂ ਉਸਦੇ ਮਾਰੂ ਨਤੀਜਿਆ ਲਈ ਸੈਟਰ ਦੀ ਮੋਦੀ ਹਕੂਮਤ, ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਅਤੇ ਇਥੋ ਦੀਆਂ ਖੂਫੀਆਂ ਏਜੰਸੀਆਂ ਅਤੇ ਐਸ.ਜੀ.ਪੀ.ਸੀ. ਦੇ ਗੈਰ-ਜਿੰਮੇਵਾਰਾਨ ਮੌਜੂਦਾ ਅਧਿਕਾਰੀ ਜਿੰਮੇਵਾਰ ਹੋਣਗੇ । ਕਿਉਂਕਿ ਸਿੱਖ ਕੌਮ ਕਿਸੇ ਤਰ੍ਹਾਂ ਦੀਆਂ ਵੀ ਅਣਮਨੁੱਖੀ, ਗੈਰ-ਕਾਨੂੰਨੀ ਜਾਂ ਗੈਰ-ਸਮਾਜਿਕ ਕਾਰਵਾਈਆਂ ਅਤੇ ਅਮਲਾਂ ਵਿਚ ਬਿਲਕੁਲ ਵਿਸ਼ਵਾਸ ਨਹੀਂ ਰੱਖਦੀ ਅਤੇ ਨਾ ਹੀ ਕਿਸੇ ਤਾਕਤ ਨੂੰ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਇਜ਼ਾਜਤ ਦਿੱਤੀ ਜਾਵੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>