ਹਰਕੀਰਤ ਸਿੰਘ ਦੀ ਅੰਤਮ ਅਰਦਾਸ ਐਤਵਾਰ 5 ਜੂਨ ਨੂੰ ਦੋਰਾਹਾ ਕਸਬਾ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ

ਪਿੰਡਾਂ ਵਿਚ ਆਮ ਤੌਰ ਤੇ ਸਰਪੰਚ ਬੜੀ ਕਸ਼ਮਕਸ਼ ਅਤੇ ਮੁਕਾਬਲੇ ਨਾਲ ਚੁਣੇ ਜਾਂਦੇ ਹਨ ਕਿਉਂਕਿ ਪਿੰਡਾਂ ਵਿਚ ਪਾਰਟੀਬਾਜ਼ੀ ਸਿਖ਼ਰਾਂ ਤੇ ਹੁੰਦੀ ਹੈ, ਪ੍ਰੰਤੂ ਲੁਧਿਆਣਾ ਜਿਲ੍ਹੇ ਦਾ ਕੋਟਲਾ ਅਫ਼ਗਾਨਾ ਅਜਿਹਾ ਪਿੰਡ ਹੈ, ਜਿਥੇ ਆਮ ਤੌਰ ਤੇ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਹਰਕੀਰਤ ਸਿੰਘ ਕੋਟਲੀ ਇਸ ਪਿੰਡ ਦਾ ਪਹਿਲਾ ਨੌਜਵਾਨ ਅਤੇ ਲੋਕਾਂ ਦਾ ਚਹੇਤਾ ਸਰਪੰਚ ਸੀ, ਜਿਸ ਦੀ ਚੋਣ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਨਾਲ ਕਰਕੇ ਪਿੰਡ ਦੀ ਪਰੰਪਰਾ ਨੂੰ ਕਾਇਮ ਰੱਖਿਆ। ਉਹ ਇਸ ਪਿੰਡ ਦਾ ਹੁਣ ਤੱਕ ਦੇ ਸਰਪੰਚਾਂ ਵਿਚੋਂ ਸਭ ਤੋਂ ਘੱਟ ਉਮਰ ਦਾ ਸਰਪੰਚ ਸੀ, ਜਿਸਨੇ ਪਿੰਡ ਵਿਚ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਵਿਕਾਸ ਦੇ ਕੰਮ ਕਰਵਾਏ ਅਤੇ ਬਜ਼ੁਰਗਾਂ ਦਾ ਚਹੇਤਾ ਅਤੇ ਛੋਟੀ ਉਮਰ ਵਿਚ ਮਾਰਗ ਦਰਸ਼ਕ ਵੀ ਬਣਿਆਂ। ਉਸਨੇ ਆਪਣੀ ਹਲੀਮੀ, ਨਮਰਤਾ, ਪਿਆਰ, ਬਜ਼ੁਰਗਾਂ ਦਾ ਸਤਿਕਾਰ ਕਰਕੇ ਲੋਕਾਂ ਦਾ ਮੋਹ ਜਿੱਤ ਲਿਆ ਸੀ। ਪਿੰਡ ਦੇ ਲੋਕਾਂ ਨਾਲ ਮਿਲਵਰਣ ਇਤਨਾ ਸੀ ਕਿ ਪਿੰਡ ਦੇ ਲੋਕਾਂ ਦੇ ਹਰ ਦੁੱਖ ਸੁੱਖ ਵਿਚ ਉਹ ਸ਼ਰੀਕ ਹੀ ਨਹੀਂ ਹੁੰਦਾ ਸੀ ਸਗੋਂ ਮੋਹਰੀ ਦੀ ਭੂਮਿਕਾ ਨਿਭਾਉਂਦਾ ਸੀ, ਲੋਕ ਮਹਿਸੂਸ ਕਰਦੇ ਸਨ ਕਿ ਜਿਵੇਂ ਉਹ ਉਨ੍ਹਾਂ ਦੇ ਪਰਿਵਾਰ ਦਾ ਹੀ ਮੈਂਬਰ ਹੋਵੇ। ਥੋੜ੍ਹੇ ਜਹੇ ਸਮੇਂ ਵਿਚ ਹੀ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਪਿੰਡ ਵਿਚ ਸੂਰਜੀ ਲਾਈਟਾਂ ਲਗਵਾਈਆਂ, ਗ਼ਰੀਬ ਲੋਕਾਂ ਦੇ ਵਿਆਹ ਸ਼ਾਦੀਆਂ ਲਈ ਰੁੜਨ ਵਾਲੀਆਂ ਸੂਰਜੀ ਲਾਈਟਾਂ ਖ੍ਰੀਦੀਆਂ ਤੇ ਅਕਸਰ ਉਹ ਕਹਿੰਦਾ ਹੁੰਦਾ ਸੀ ਕਿ ਅਮੀਰ ਲੋਕ ਤਾਂ ਖਰਚ ਕਰਕੇ ਲਾਈਟਾਂ ਲਗਵਾ ਸਕਦੇ ਹਨ, ਗ਼ਰੀਬ ਲੋਕਾਂ ਲਈ ਮੁਸ਼ਕਲ ਹੁੰਦਾ ਸੀ, ਹੁਣ ਇਨ੍ਹਾਂ ਲਾਈਟਾਂ ਨਾਲ ਉਨ੍ਹਾਂ ਦੀ ਸਮੱਸਿਆ ਖ਼ਤਮ ਕਰ ਦਿੱਤੀ ਹੈ। ਉਹ ਵਾਤਾਵਰਨ ਪ੍ਰੇਮੀ ਵੀ ਸੀ ਇਸ ਲਈ ਉਸਨੇ ਪਿੰਡ ਵਿਚ ਦਰੱਖਤ ਵੀ ਲਗਵਾਏ। ਪਿੰਡ ਵਿਚ ਸੀਵਰੇਜ ਦਾ ਕੰਮ ਵੀ ਕਰਵਾਇਆ। ਗਲੀਆਂ ਨਾਲੀਆਂ ਕਨਕਰੀਟ ਨਾਲ ਪੱਕੀਆਂ ਕਰਵਾਈਆਂ। ਨਾਲੀਆਂ ਨੂੰ ਉਪਰੋਂ ਕਵਰ ਕਰਵਾਇਆ ਤਾਂ ਜੋ ਗੰਦੇ ਪਾਣੀ ਨਾਲ ਬਿਮਾਰੀਆਂ ਨਾ ਫੈਲ ਸਕਣ। ਮੀਂਹ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ। ਕੋਟਲੀ ਅਫਗਾਨਾ ਪਿੰਡ ਇੱਕ ਸਾਫ ਸੁਥਰਾ ਅਤੇ ਨਮੂਨੇ ਦਾ ਪਿੰਡ ਬਣਵਾਇਆ। ਸ਼ਹਿਰਾਂ ਨਾਲੋਂ ਵੀ ਬਿਹਤਰ ਸਫਾਈ ਹੈ। ਵਿਕਾਸ ਦੀਆਂ ਗ੍ਰਾਂਟਾਂ ਲਈ ਉਹ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਤਾਲਮੇਲ ਕਰਕੇ ਗ੍ਰਾਂਟ ਲੈ ਲੈਂਦਾ ਸੀ। ਸਾਂਝੇ ਕੰਮ ਲਈ ਉਸਨੇ ਪਾਰਟੀਬਾਜ਼ੀ ਖ਼ਤਮ ਕਰ ਦਿੱਤੀ ਸੀ। ਹਾਕੀ ਦਾ ਖਿਡਾਰੀ ਹੋਣ ਕਰਕੇ ਹਰ ਸਾਲ ਖੇਡ ਟੂਰਨਾਮੈਂਟ ਵੀ ਸਾਂਝੇ ਤੌਰ ਤੇ ਕਰਵਾਉਂਦਾ ਸੀ। ਬਿਮਾਰੀ ਦੀ ਹਾਲਤ ਵਿਚ ਵੀ ਵਿਕਾਸ ਕੰਮਾ ਦੀ ਨਿਗਰਾਨੀ ਆਪ ਕਰਦਾ ਸੀ ਪ੍ਰੰਤੂ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ। ਇੱਕ ਸਾਬਕ ਮੁੱਖ ਮੰਤਰੀ ਦਾ ਪੋਤਰਾ, ਸਾਬਕਾ ਮੰਤਰੀ ਦਾ ਸਪੁੱਤਰ, ਵਿਧਾਨਕਾਰ ਅਤੇ ਲੋਕ ਸਭਾ ਮੈਂਬਰ ਦਾ ਭਰਾ ਹੋਣ ਦਾ ਉਸਨੂੰ ਕੋਈ ਗੁਮਾਨ ਨਹੀਂ ਸੀ, ਸਗੋਂ ਲੋਕਾਂ ਵਿਚ ਘੁਲ ਮਿਲ ਜਾਂਦਾ ਸੀ। ਉਸਦੀ ਦੋਸਤੀ ਦਾ ਘੇਰਾ ਵੀ ਵਿਸ਼ਲ ਅਤੇ ਪਾਰਟੀ ਪੱਧਰ ਤੋਂ ਉਪਰ ਉਠਕੇ ਸੀ। ਦੋਸਤਾਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਹੁੰਦਾ ਸੀ। ਆਪਣੇ ਘਰ ਬੁਲਾਕੇ ਦੋਸਤਾਂ ਮਿਤਰਾਂ ਨਾਲ ਪਾਰਟੀਆਂ ਕਰਦਾ ਰਹਿੰਦਾ ਸੀ। ਉਹ ਦੋਸਤਾਂ ਦਾ ਦੋਸਤ ਸੀ। ਅਜੇ ਤੱਕ ਵੀ ਗੁਰੂ ਨਾਨਕ ਪਬਲਿਕ ਸਕੂਲ ਦੇ ਆਪਣੇ ਜਮਾਤੀਆਂ ਨਾਲ ਬਾਵਾਸਤਾ ਸੀ। ਉਸਨੇ ਆਪਣੇ ਦਾਦਾ ਸ੍ਰ.ਬੇਅੰਤ ਸਿੰਘ ਨੂੰ ਆਪਣਾ ਆਦਰਸ਼ ਬਣਾਇਆ ਹੋਇਆ ਸੀ ਕਿਉਂਕਿ ਉਹ ਵੀ ਭਰ ਜਵਾਨੀ ਵਿਚ 1960 ਵਿਚ ਆਪਣੇ ਪਿੰਡ ਦੇ ਸਰਪੰਚ ਬਣੇ ਸਨ ਅਤੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਨ। ਪਰਮਾਤਮਾ ਨੂੰ ਪਤਾ ਨਹੀਂ ਕੀ ਮਨਜੂਰ ਸੀ, ਉਸਦੇ ਸੁਪਨੇ ਅਧੂਰੇ ਹੀ ਰਹਿ ਗਏ। ਹਰਕੀਰਤ ਆਪਣੇ ਪਿਛੇ ਪਤਨੀ ਮਨਜਿੰਦਰਜੀਤ ਕੌਰ, ਮਾਤਾ ਦਵਿੰਦਰ ਕੌਰ, ਪਿਤਾ ਤੇਜ ਪ੍ਰਕਾਸ਼ ਸਿੰਘ, ਭਰਾ ਗੁਰਕੀਰਤ ਸਿੰਘ ਕੋਟਲੀ, ਰਵਨੀਤ ਸਿੰਘ ਬਿੱਟੂ, ਗੁਰਇਕਬਾਲ ਸਿੰਘ ਹਨੀ ਅਤੇ ਭੈਣ ਅਪਨਜੀਤ ਕੌਰ ਨੂੰ ਛੱਡ ਗਏ ਹਨ। ਹਰਕੀਰਤ ਸਿੰਘ ਦੀ ਅੰਤਮ ਅਰਦਾਸ ਐਤਵਾਰ 5 ਜੂਨ 2016 ਨੂੰ ਲੁਧਿਆਣਾ ਜਿਲ੍ਹੇ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਕਸਬਾ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>