ਡੇਟਨ, (ਅਮਰੀਕਾ) : ਸਪਰਿੰਗਫੀਲਡ (ਓਹਾਇਹੋ) ਦੇ ਬਜਾਰਾਂ, ਘਰਾਂ ਦੇ ਬਾਹਰ ਅਤੇ ਪਾਰਕਾਂ ਵਿਚ ਹਜਾਰਾਂ ਹੀ ਲੋਕਾਂ ਨੇ ਮੈਮੋਰੀਅਲ ਡੇ ਪਰੇਡ ਦਾ ਆਨੰਦ ਮਾਣਿਆ। ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਾਂਗ ਓਹਾਇਹੋ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਵਿੱਖੇ ਵੀ ਮੈਮੋਰੀਅਲ ਡੇ ਮਨਾਇਆ ਗਿਆ। ਆਪਣੀ ਨੌਕਰੀ ਦੌਰਾਨ ਸ਼ਹੀਦ ਹੋਏ ਅਮਰੀਕੀ ਫ਼ੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿਚ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਸਪਰਿੰਗਫੀਲਡ ਅਤੇ ਨਾਲ ਲਗਦੇ ਸ਼ਹਿਰ ਡੇਟਨ, ਬੀਵਰਕਰੀਕ ਤੋਂ ਕਈ ਸਿੱਖ ਪਤਵੰਤਿਆਂ ਨੇ ਵੀ ਇਸ ਵਿਚ ਭਾਗ ਲਿਆ ਤੇ ਇਸ ਪਰੇਡ ਦਾ ਆਨੰਦ ਮਾਣਿਆ।ਅਮਰੀਕੀ ਝੰਡਿਆਂ, ਬੈਨਰਾਂ, ਪੋਸਟਰਾਂ ਨਾਲ ਸਜਾਏ ਗਏ ਸਿਖ ਫਲੋਟ ਵਿਚ ਵਿਸ਼ਵ ਯੂਧਾਂ ਦੌਰਾਨ ਸ਼ਹੀਦ ਹੋਏ ਸਿਖ ਫੌਜੀਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਪਰੇਡ ਵਿਚ ਸਪਰਿੰਗਫੀਲਡ ਦੇ ਨਿਵਾਸੀ ਅਵਤਾਰ ਸਿੰਘ ਆਪਣੇ ਪਰਿਵਾਰ ਸਮੇਤ 1999 ਤੋਂ ਉਚੇਚੇ ਤੌਰ ਤੇ ਭਾਗ ਲੈ ਰਹੇ ਹਨ ਤਾਂ ਜੋ ਸਿੱਖਾਂ ਦੀ ਨਵੇਕਲੀ ਪਛਾਣ ਤੋਂ ਅਮਰੀਕੀ ਜਾਣੂ ਹੋ ਸਕਣ।
ਜਦ 4 ਕਿਲੋਮੀਟਰ ਲੰਮੀ ਪਰੇਡ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿੱਚੋਂ ਲੰਘੀ ਤਾਂ ਸੜਕ ਦੇ ਦੋਵੇਂ ਪਾਸੀਂ ਖੜ੍ਹੇ ਸ਼ਹਿਰੀਆਂ ਨੇ ਹੱਥਾਂ ਵਿਚ ਅਮਰੀਕੀ ਝੰਡੇ ਲੈ ਕੇ ਉਸ ਨੂੰ ਜੀਅ ਆਇਆਂ ਕਿਹਾ। ਇਹ ਫਲੋਟ ਜਿਸ ਵਿਚ ਸਿੱਖਾਂ ਵਲੋਂ ਅਮਰੀਕੀਆਂ ਨੂੰ ਮੈਮੋਰੀਅਲ ਡੇ ‘ਤੇ ਸ਼ੁਭ- ਕਾਮਨਾਵਾਂ ਭੇਟ ਕੀਤੀਆਂ ਗਈਆਂ ਸਨ ਜਿਸ ਦਾ ਸੜ੍ਹਕ ਕੰਢੇ ਖੜੇ ਲੋਕਾਂ ਨੇ ਉਨ੍ਹਾਂ ਦਾ ਹੱਥ ਹਿਲਾ ਕੇ ਨਿੱਘਾ ਸੁਆਗਤ ਕੀਤਾ। ਕਈ ਲੋਕਾਂ ਨੇ ਸਿੱਖਾਂ ਨੂੰ ,”ਮਿਸਟਰ ਸਿੰਘ, ਡਾ. ਸਿੰਘ, ਹੈਪੀ ਮੈਮੋਰੀਅਲ ਡੇ,” ਕਿਹਾ। ਅਮਰੀਕੀਆਂ ਨੂੰ ਸਿੱਖਾਂ ਦੀ ਨਿਵੇਕਲੀ ਪਛਾਣ ਤੋਂ ਜਾਣੂ ਕਰਵਾਉਣ ਲਈ ਪੈਂਫ਼ਲੈਟ ਤੇ ਡੌਕੁਮੈਂਟਰੀਆਂ ਵਾਲੀਆਂ ਸੀ. ਡੀ. ਵੰਡੀਆਂ ਗਈਆਂ, ਜਿਸ ਨੂੰ ਅਮਰੀਕੀਆਂ ਨੇ ਧੰਨਵਾਦ ਸਹਿਤ ਪ੍ਰਵਾਨ ਕੀਤਾ।
ਵੱਖ ਵੱਖ ਵਿਭਾਗਾਂ, ਜਥੇਬੰਦੀਆਂ, ਵਿਦਿਅਕ ਤੇ ਧਾਰਮਕ ਅਦਾਰਿਆਂ ਦੀਆਂ ਝਲਕੀਆਂ, ਇਸ ਪਰੇਡ ਦੀ ਵਿਸ਼ੇਸ਼ ਖਿੱਚ ਸਨ। ਇਸ ਪਰੇਡ ਵਿਚ ਇੱਥੋਂ ਦੇ ਸ਼ਹੀਦਾਂ ਦੀਆਂ ਤਸਵੀਰਾਂ ਪੋਸਟਰਾਂ, ਬੈਨਰਾਂ ‘ਤੇ ਲਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਦਿਨ ਤੋਂ ਇਕ ਪਹਿਲਾਂ ਸ਼ਹੀਦ ਫ਼ੌਜੀਆਂ ਦੀਆਂ ਕਬਰਾਂ ‘ਤੇ ਗੁਲਦਸਤੇ ਭੇਟ ਕੀਤੇ ਗਏ ਤੇ ਅਮਰੀਕੀ ਝੰਡੇ ਲਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਪਰੇਡ ਦਾ ਪ੍ਰਬੰਧ ਕਲਾਰਕ ਕਾਊਂਟੀ ਵੈਟਰਨ ਕੌਂਸਲ ਨੇ ਕੀਤਾ।