ਨਵੀਂ ਦਿੱਲੀ : ਸੰਸਾਰ ਵਾਤਾਵਰਣ ਦਿਹਾੜੇ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਵਿਖੇ 50 ਬੂਟੇ ਲਗਾਏ ਗਏ। ਸਕੂਲੀ ਬੱਚਿਆਂ ਨੇ ਕਲੇਮ ਸੰਸਥਾ ਦੇ ਸਹਿਯੋਗ ਨਾਲ 50-70 ਵਿਕਲਾਂਗ ਬੱਚਿਆਂ ਦੀ ਅਗਵਾਹੀ ਹੇਠ ‘‘ਹਰਿਆਲੀ ਯਾਤਰਾ’’ ਹੱਥ ਵਿਚ ਬੂਟੇ ਫ਼ੜ ਕੇ ਤਿਲਕ ਮਾਰਗ ਤੋਂ ਸਕੂਲ ਤਕ ਕੱਢੀ, ਜਿਸਨੂੰ ਹਰੀ ਝੰਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਿਖਾਈ।
ਯਾਤਰਾ ਦੇ ਸਕੂਲ ਪੁੱਜਣ ਤੇ ਸਕੂਲ ਵੱਲੋਂ ਬੱਚਿਆਂ ਨੂੰ ਮਾਨਸਿਕ ਅਤੇ ਸ਼ਰੀਰਿਕ ਤੰਦਰੁਸ਼ਤੀ ਦੇਣ ਲਈ ਸੰਤੁਲਿਤ ਭੋਜਨ ਅਤੇ ਠੰਡੇ ਮਿੱਠਾ ਜਲ ਛਬੀਲ ਰਾਹੀਂ ਛਕਾਇਆ ਗਿਆ। ਸਕੂਲ ’ਚ ਬੱਚਿਆਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਗੁਰਬਾਣੀ ਕੀਰਤਨ ਨਾਲ ਕਰਦੇ ਹੋਏ ਅਕਾਲ ਪੁਰਖ ਵੱਲੋਂ ਸਾਜੀ ਗਈ ਪ੍ਰਕ੍ਰਿਤੀ ਦੀ ਮਹਿਮਾ ਦਾ ਗੁਣਗਾਨ ਕੀਤਾ। ਦਿੱਲੀ ਦੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਇਮਰਾਨ ਹੁਸੈਨ ਨੇ ਵੀ ਇਸ ਮੌਕੇ ਹਾਜ਼ਰੀ ਭਰੀ।ਕਲੇਮ ਸੰਸਥਾ ਦੇ ਸੰਸਥਾਪਕ ਵਿਜੈ ਕੰਨਨ, ਦਿੱਲੀ ਕਮੇਟੀ ਦੀ ਸਕੂਲੀ ਸਿੱਖਿਆ ਕਮੇਟੀ ਦੇ ਚੇਅਰਮੈਨ ਹਰਮੀਤ ਸਿੰਘ ਕਾਲਕਾ, ਸਕੂਲ ਚੇਅਰਮੈਨ ਬਲਬੀਰ ਸਿੰਘ ਕੋਹਲੀ, ਸਕੂਲ ਮੈਨੇਜਰ ਕੁਲਮੋਹਨ ਸਿੰਘ ਆਦਿਕ ਨੇ ਜੀ.ਕੇ. ਦੇ ਨਾਲ ਸਕੂਲ ਵਿਚ ਬੂਟੇ ਵੀ ਲਗਾਏ।
ਜੀ.ਕੇ. ਨੇ ਬੱਚਿਆਂ ਨੂੰ ਵਾਤਾਵਰਣ ਨੂੰ ਬਚਾਉਣ ਵਾਸਤੇ ਦਰਖਤਾਂ ਦੀ ਅਹਿਮੀਅਤ ਬਾਰੇ ਵੀ ਜਾਣੂ ਕਰਵਾਇਆ। ਜੀ.ਕੇ. ਨੇ ਕਿਹਾ ਕਿ ਜੇ ਦਰਖਤ ਨਹੀਂ ਰਹਿਣਗੇ ਤਾਂ ਸ਼ਰੀਰ ਵੀ ਨਹੀਂ ਤੰਦੁਰਸ਼ਤ ਨਹੀਂ ਰਹੇਗਾ। ਇਸ ਕਰਕੇ ਸ਼ਰੀਰਿਕ ਅਤੇ ਮਾਨਸਿਕ ਤੰਦਰੁਸ਼ਤੀ ਲਈ ਵਾਤਾਵਰਣ ਨੂੰ ਚੰਗਾ ਰਖਣ ਲਈ ਲੋਕਾਂ ਦਾ ਵਾਤਾਵਰਣ ਪ੍ਰਤੀ ਨਜ਼ਰਿਆ ਬਦਲਣ ਵਾਸਤੇ ਇਸ ਤਰ੍ਹਾਂ ਦੇ ਉਪਰਾਲੇ ਜਰੂਰੀ ਹਨ।ਇਸ ਉਪਰਾਲੇ ’ਚ ਸਹਿਯੋਗ ਦੇਣ ਲਈ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਸਾਰੇ ਪਤਿਵੰਤੇ ਸਜਣਾ ਦਾ ਧੰਨਵਾਦ ਕਰਦੇ ਹੋਏ ਸਕੂਲ ਵੱਲੋਂ ਅੱਗੇ ਵੀ ਅਜਿਹੇ ਉਪਰਾਲੇ ਕਰਨ ਦਾ ਅਹਿਦ ਵੀ ਲਿਆ।