ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ.ਐਸ.ਸੋਢੀ ਵੱਲੋਂ ਪੀਲੀਭੀਤ ਜੇਲ ਵਿਚ 7 ਸਿੱਖਾਂ ਦੀ ਜੇਲ ਪ੍ਰਸਾਸ਼ਨ ਵੱਲੋਂ ਕੀਤੀ ਗਈ ਹੱਤਿਆ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਕਾਨੂੰਨੀ ਮੁਹਿੰਮ ਦਾ ਹਿੱਸਾ ਭਰਨ ਦੀ ਜਤਾਈ ਗਈ ਹਾਮੀ ਦਾ ਕਮੇਟੀ ਨੇ ਸਵਾਗਤ ਕੀਤਾ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਜਸਟਿਸ ਸੋਢੀ ਦਾ ਧੰਨਵਾਦ ਕਰਦੇ ਹੋਏ ਪੀਲੀਭੀਤ ਜੇਲ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਕਮੇਟੀ ਦੇ ਵੱਚਨਬੱਧ ਹੋਣ ਦਾ ਵੀ ਦਾਅਵਾ ਕੀਤਾ ਹੈ।
ਜੀ.ਕੇ. ਨੇ ਆਸ ਜਤਾਈ ਕਿ ਜਸਟਿਸ ਸੋਢੀ ਜੱਜ ਬਣਨ ਤੋਂ ਪਹਿਲਾ ਬਤੌਰ ਸੀਨੀਅਰ ਵਕੀਲ ਪੰਥਕ ਮਸਲਿਆਂ ਨੂੰ ਨਿਆਪਾਲਿਕਾ ਦੇ ਬੂਹੇ ਤੇ ਕੌਮ ਨੂੰ ਇਨਸਾਫ਼ ਦਿਵਾਉਣ ਲਈ ਆਪਣੀ ਉਸਾਰੂ ਭੂਮਿਕਾ ਪਹਿਲੇ ਵੀ ਨਿਭਾਉਂਦੇ ਰਹੇ ਹਨ ਤੇ ਹੁਣ ਵੀ ਆਪਣੇ ਕੌਮੀ ਫਰਜਾਂ ਦੀ ਪੂਰੀ ਤਨਦੇਹੀ ਨਾਲ ਅਦਾਇਗੀ ਕਰਨਗੇ। ਜਸਟਿਸ ਸੋਢੀ ਵੱਲੋਂ 1984 ਸਿੱਖ ਕਤਲੇਆਮ ਦੇ ਮੁਖ ਦੋਸ਼ੀਆਂ ਨੂੰ ਸਰਕਾਰਾਂ ਵੱਲੋਂ ਕਲੀਨ ਚਿੱਟ ਦੇਣ ਤੋਂ ਬਾਅਦ ਪੰਥਕ ਦਰਦ ਨੂੰ ਮਹਿਸੂਸ ਕਰਦੇ ਹੋਏ ਪੀੜਿਤਾਂ ਦੇ ਨਾਲ ਖੜੇ ਹੋਣ ਦੀ ਦਿਖਾਈ ਗਈ ਦਿਲੇਰੀ ਨੂੰ ਵੀ ਜੀ.ਕੇ. ਨੇ ਯਾਦ ਕੀਤਾ।
ਸਿਰਸਾ ਨੇ ਕਿਹਾ ਕਿ ਚੰਗਾ ਵਕੀਲ ਹੋਣਾ ਤੇ ਪੰਥਕ ਦਰਦ ਰੱਖਣਾ ਹਰ ਆਦਮੀ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਜਸਟਿਸ ਸੋਢੀ ਵੱਲੋਂ ਲਗਾਤਾਰ ਪੰਥਕ ਮਸਲਿਆਂ ਤੇ ਦਿਖਾਏ ਜਾਂਦੇ ਦਰਦ ਦੇ ਉਹ ਕਾਇਲ ਹਨ। ਉਨ੍ਹਾਂ ਨੇ ਸਿੱਖ ਵਕੀਲਾਂ ਨੂੰ ਜਸਟਿਸ ਸੋਢੀ ਤੋਂ ਪ੍ਰੇਰਣਾਂ ਲੈਣ ਦੀ ਵੀ ਬੇਨਤੀ ਕੀਤੀ। ਸਿਰਸਾ ਨੇ ਕਿਹਾ ਕਿ ਜੇ ਕਿਸੇ ਸਿੱਖ ਵੱਲੋਂ ਪ੍ਰਾਪਤ ਕੀਤੀ ਗਈ ਉੱਚ ਸਿੱਖਿਆ ਕਿਰਤ ਕਰਨ ਦੇ ਨਾਲ ਹੀ ਪੰਥਕ ਫ਼ਰਜਾਂ ਦੀ ਵੀ ਅਦਾਇਗੀ ਕਰਦੀ ਹੈ ਤਾਂ ਉਸਤੋਂ ਚੰਗੀ ਗੱਲ ਕੋਈ ਹੋਰ ਨਹੀਂ ਹੋ ਸਕਦੀ ।