ਸਿੱਖਾਂ ਵਿਚ ਭਰਾ ਮਾਰੂ ਖ਼ਾਨਾਜੰਗੀ ਸ਼ੁਰੂ : ਇਤਿਹਾਸ ਤੋਂ ਸਬਕ ਨਹੀਂ ਸਿਖਿਆ

ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਗਿਣਿਆ ਜਾਂਦਾ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਧਰਮ ਹੈ, ਜਿਸ ਦੇ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਤ ਮਹਾਤਮਾ, ਭਗਤਾਂ, ਸੂਫੀਆਂ ਅਤੇ ਸਾਰੀਆਂ ਜਾਤਾਂ ਦੇ ਮਹਾਂ ਪੁਰਸ਼ਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ। ਦੁਨੀਆਂ ਦੇ ਬਾਕੀ ਸਾਰੇ ਧਰਮਾਂ ਵਿਚ ਸਿਰਫ ਤੇ ਸਿਰਫ ਇੱਕ ਹੀ ਫਿਰਕੇ ਦੇ ਲੋਕਾਂ ਦੀ ਵਿਚਾਰਧਾਰਾ ਸ਼ਾਮਲ ਕੀਤੀ ਗਈ ਹੈ। ਸਿੱਖ ਧਰਮ ਦੀ ਵਿਚਾਰਧਾਰਾ ਕਿਸੇ ਧਰਮ ਦੇ ਵਿਰੁਧ ਨਹੀਂ ਦੂਜੇ ਧਰਮਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੰਦਾ ਹੈ। ਸਰਬਤ ਦੇ ਭਲੇ ਦੀ ਗੱਲ ਕਰਦਾ ਹੈ। ਹੋਰਾਂ ਧਰਮਾਂ ਵਿਚ ਵਹਿਮਾਂ ਭਰਮਾਂ ਅਤੇ ਕਰਾਮਾਤਾਂ ਦਾ ਜ਼ਿਕਰ ਆਉਂਦਾ ਹੈ, ਜਿਸ ਕਰਕੇ ਉਹ ਸਾਰੀਆਂ ਮਿਥਿਹਾਸਕ ਗੱਲਾਂ ਲਗਦੀਆਂ ਹਨ। ਸਿੱਖ ਧਰਮ ਵਿਚ ਇਨ੍ਹਾਂ ਵਹਿਮਾਂ ਭਰਮਾਂ ਅਤੇ ਕਰਾਮਾਤਾਂ ਦਾ ਵਿਰੋਧ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਿਹਾ ਸੀ ਕਿ ਪਰਮਾਤਮਾ ਦਾ ਨਾਂ ਕਿਸੇ ਥਾਂ ਕਿਸੇ ਵੀ ਵੇਲੇ ਖਾਂਦੇ, ਪੀਂਦੇ, ਸੌਂਦੇ, ਕੰਮ ਕਰਦੇ ਲਿਆ ਜਾ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਦੇ ਗੁਰੂ ਦਾ ਦਰਜਾ ਦਿੱਤਾ ਸੀ। ਉਸ ਤੋਂ ਬਿਨਾ ਕਿਸੇ ਵੀ ਦੇਹਧਾਰੀ ਨੂੰ ਗੁਰੂ ਮੰਨਣ ਤੋਂ ਮਨ੍ਹਾਂ ਕੀਤਾ ਗਿਆ ਸੀ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਸਿੱਖਾਂ ਨੇ ਆਪਣੇ ਗੁਰੂਆਂ ਦੀ ਵਿਚਾਰਧਾਰਾ ਤੇ ਪਹਿਰਾ ਦੇਣ ਦੀ ਥਾਂ ਉਨ੍ਹਾਂ ਦੀ ਵਿਚਾਰਧਾਰਾ ਦੀ ਉਲੰਘਣਾ ਕਰਨੀ ਸ਼ੁਰੂ ਕਰ ਦਿੱਤੀ ਹੈ। ਬੜੇ ਅਫਸੋਸ ਦੀ ਗੱਲ ਹੈ ਕਿ ਸਿੱਖ ਧਰਮ ਦੇ ਅਨੁਆਈਆਂ ਨੇ ਆਪਣੀਆਂ ਭੁਲਾਂ ਅਤੇ ਅਣਗਹਿਲੀਆਂ ਤੋਂ ਸਬਕ ਨਹੀਂ ਸਿਖਿਆ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਸਰਵੋਤਮ ਰਾਜ ਗਿਣਿਆਂ ਜਾਂਦਾ ਹੈ। ਵਰਤਮਾਨ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੇ ਦਮਗਜੇ ਮਾਰ ਰਹੀ ਹੈ ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਦੁੱਖ ਦੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਵੀ ਰਾਜ ਗੱਦੀ ਦੀ ਲੜਾਈ ਸ਼ੁਰੂ ਹੋ ਗਈ ਸੀ, ਜਿਹੜੀ ਖ਼ਾਨਾਜੰਗੀ ਵਿਚ ਬਦਲ ਗਈ। ਆਪੋ ਧਾਪੀ ਦਾ ਸਮਾਂ ਰਿਹਾ। ਇਸ ਕਰਕੇ ਉਸ ਤੋਂ ਬਾਅਦ ਅੰਗਰੇਜਾਂ ਦਾ ਰਾਜ ਰਿਹਾ ਜਿਨ੍ਹਾਂ ਨੇ ਸਿੱਖਾਂ ਵਿਚ ਦੁਫਾੜ ਪਾਈ ਰੱਖਿਆ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਨਾਲ ਰਾਜ ਕਰਦੇ ਰਹੇ। ਆਜਾਦ ਭਾਰਤ ਵਿਚ ਵੀ ਸਿੱਖ ਆਪਣੀਆਂ ਗ਼ਲਤੀਆਂ ਕਰਕੇ ਅਣਗਹਿਲੀ ਦਾ ਸ਼ਿਕਾਰ ਹੋਏ ਕਿਉਂਕਿ ਰਾਜ ਗੱਦੀਆਂ ਅਤੇ ਅਹੁਦਿਆਂ ਦੀ ਪ੍ਰਾਪਤੀ ਲਈ ਗਦਾਰੀ ਕਰਕੇ ਸਿੱਖਾਂ ਵਿਚ ਵੰਡੀਆਂ ਪਾਈ ਰੱਖੀਆਂ। 80ਵਿਆਂ ਵਿਚ ਭਰਾ ਭਰਾ ਦਾ ਦੁਸ਼ਮਣ ਬਣਿਆਂ ਰਿਹਾ। ਹਓਮੈ ਦਾ ਸ਼ਿਕਾਰ ਹੋਣ ਕਰਕੇ ਸਿੱਖ ਕਈ ਧੜਿਆਂ ਵਿਚ ਵੰਡੇ ਗਏ। ਸਰਕਾਰ ਨਾਲ ਇਨਸਾਫ ਦੀ ਲੜਾਈ ਲੜਦਿਆਂ ਆਪਸ ਵਿਚ ਹੀ ਖ਼ਾਨਾ ਜੰਗੀ ਸ਼ੁਰੂ ਕਰ ਲਈ। ਅਸਲ ਵਿਚ ਇਸ ਸਾਰੀ ਲੜਾਈ ਦਾ ਕਾਰਨ ਭਾਰਤ ਦੀਆਂ ਗੁਪਤਚਰ ਏਜੰਸੀਆਂ ਹਨ, ਜਿਹੜੀਆਂ ਸਿੱਖ ਕੌਮ ਦੀ ਬਹਾਦਰੀ, ਦਲੇਰੀ, ਦ੍ਰਿੜ੍ਹਤਾ ਅਤੇ ਆਪਾਵਾਰੂ ਭਾਵਨਾ ਤੋਂ ਡਰਦੀਆਂ ਹਨ।

ਪੰਜਾਬ ਵਿਚ 25 ਸਾਲ ਅਫਰਾਤਫਰੀ ਦਾ ਮਾਹੌਲ ਰਿਹਾ। ਸਿੱਖਾਂ ਦੇ ਐਨੇ ਧੜੇ ਬਣਾ ਦਿੱਤੇ, ਏਜੰਸੀਆਂ ਦੀ ਚਾਲ ਨੂੰ ਸਿੱਖ ਸਮਝ ਹੀ ਨਹੀਂ ਸਕੇ, ਇਥੋਂ ਤੱਕ ਕਿ ਅੱਜ ਦਿਨ ਵੀ ਉਹ ਸਮਝ ਨਹੀਂ ਰਹੇ। ਨੌਜਵਾਨਾ ਦੇ ਧੜੇ ਇੱਕ ਦੂਜੇ ਤੇ ਸਰਕਾਰ ਨਾਲ ਰਲਣ ਦੀ ਸ਼ੱਕ ਕਰਦੇ ਹੋਏ ਇੱਕ ਦੂਜੇ ਨੂੰ ਮਾਰਦੇ ਰਹੇ। ਮਰਨ ਵਾਲੇ ਵੀ ਸਿੱਖ ਤੇ ਮਾਰਨ ਵਾਲੇ ਵੀ ਸਿੱਖ। ਪਹਿਲੀ ਗੱਲ ਤਾਂ ਹੈ ਕਿ ਗੁਰੂ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ ਹੈ। ਸਿੱਖਾਂ ਨੂੰ ਹੋਰ ਕੋਈ ਸੰਸਥਾ ਨਹੀਂ ਬਣਾਉੁਣੀ ਚਾਹੀਦੀ ਅਤੇ ਨਾ ਹੀ ਆਪਣੇ ਆਪ ਨੂੰ ਸੰਤ ਜਾਂ ਬਾਬਾ ਕਹਿਣਾ ਚਾਹੀਦਾ। ਜੇਕਰ ਇਹ ਸੰਤ ਬਾਬੇ ਜਾਂ ਮਹਾਂਪੁਰਸ਼ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ ਤਾਂ ਆਪਣੇ ਨਾਂ ਨਾਲ ਬਿਨਾਂ ਕਿਸੇ ਵਿਸ਼ੇਸ਼ਣ ਲਾਇਆਂ ਪ੍ਰਚਾਰ ਕਰੀ ਜਾਣ। ਇਨ੍ਹਾਂ ਪ੍ਰਚਾਰਕਾਂ ਵਿਚ ਵੀ ਹਓਮੈ ਭਾਰੂ ਹੋ ਗਈ, ਜਿਸਦਾ ਗੁਰਬਾਣੀ ਵਿਚ ਕੋਈ ਸਥਾਨ ਨਹੀਂ। ਗੁਰਬਾਣੀ ਤਾਂ ਨਮਰਤਾ ਦਾ ਸੰਦੇਸ਼ ਦਿੰਦੀ ਹੈ। ਇਹ ਬਾਬੇ ਜਾਂ ਸੰਤ ਇਕ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ। ਇਨ੍ਹਾਂ ਸਾਰੇ ਮਹਾਂ ਪੁਰਸ਼ਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਇੱਕ ਦੂਜੇ ਦੇ ਕੰਮ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ। ਅਜਿਹੀਆਂ ਘਟਨਾਵਾਂ ਨਾਲ ਨੁਕਸਾਨ ਤਾਂ ਸਿੱਖ ਧਰਮ ਦਾ ਹੋ ਰਿਹਾ ਹੈ। ਹੋਸ਼ ਤੋਂ ਕੰਮ ਲਵੋ। ਜੇਕਰ ਤੁਸੀਂ ਗੁਰੂ ਨਾਨਕ ਦੇ ਵਾਰਿਸ ਕਹਾਉਂਦੇ ਹੋ ਤਾਂ ਜੋਸ਼ ਨੂੰ ਕਾਬੂ ਵਿਚ ਰੱਖੋ ਅਤੇ ਨਮਰਤਾ ਦਾ ਪੱਲਾ ਫੜਕੇ ਲੋਕਾਂ ਦੀ ਭਲਾਈ ਦਾ ਬੀੜਾ ਚੁੱਕੋ ਮਰਨ ਮਾਰਨ ਦੀ ਸਿਆਸਤ ਤੋਂ ਖਹਿੜਾ ਛੁਡਾਓ ਤਾਂ ਹੀ ਸਿੱਖ ਧਰਮ ਦਾ ਪਾਸਾਰ ਹੋ ਸਕਦਾ ਹੈ। ਜੇਕਰ ਸਿੱਖ ਧਰਮ ਦੇ ਵਾਰਿਸ ਸੰਜੀਦਗੀ, ਸਿਆਣਪ ਅਤੇ ਸ਼ਹਿਨਸ਼ੀਲਤਾ ਤੋਂ ਕੰਮ ਲੈਂਦੇ ਤਾਂ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਚਿਆ ਜਾ ਸਕਦਾ ਸੀ।

ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤਾਂ ਸੰਤ ਮਹਾਂਪੁਰਸ਼ ਅਤੇ ਪ੍ਰਚਾਰਕ ਸਨ। ਅਕਾਲੀ ਦਲ ਵੀ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝ ਨਹੀਂ ਸਕਿਆ। ਸ਼੍ਰੀ ਹਰਿਮੰਦਰ ਸਾਹਿਬ ਅਤੇ 35 ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਹੋਈ, ਸਿਰਫ ਇਹ ਸਾਬਤ ਕਰਨ ਲਈ ਕਿ ਇਹ ਗੁਰਦੁਆਰੇ ਧਾਰਮਿਕ ਨਹੀਂ ਸਗੋਂ ਕਾਤਲਾਂ ਦੀ ਲੁਕਣ ਦੀ ਥਾਂ ਹੈ। ਨੁਕਸਾਨ ਸਿੱਖ ਧਰਮ ਦੀ ਫਿਲਾਸਫੀ ਦਾ ਹੋਇਆ। ਅਕਾਲੀ ਦਲ ਨੇ ਸੰਤਾਂ ਨਾਲ ਬੈਠਕੇ ਸੰਬਾਦ ਨਹੀਂ ਕੀਤਾ। ਸੰਬਾਦ ਹਰ ਸਮੱਸਿਆ ਦਾ ਹਲ ਕੱਢ ਸਕਦਾ ਹੈ ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਸਿੱਖ ਸੰਬਾਦ ਵਿਚ ਵਿਸ਼ਵਾਸ਼ ਹੀ ਨਹੀਂ ਰੱਖਦੇ, ਇਸ ਕਰਕੇ ਹਿੰਸਕ ਹੋ ਜਾਂਦੇ ਹਨ। ਅਕਾਲੀ ਦਲ ਦੇ ਮਨ ਵਿਚ ਖੋਟ ਸੀ। ਉਹ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਡਰਦੇ ਅਤੇ ਖ਼ਾਰ ਖਾਂਦੇ ਸਨ। ਗੁਪਤਚਰ ਏਜੰਸੀਆਂ ਨੇ ਇਨ੍ਹਾਂ ਦੀ ਫੁੱਟ ਦਾ ਲਾਭ ਉਠਾਉਂਦਿਆਂ ਆਪਣੇ ਬੰਦੇ ਉਨ੍ਹਾਂ ਦੇ ਆਲੇ ਦੁਆਲੇ ਲਾ ਦਿੱਤੇ। ਇਥੋਂ ਤੱਕ ਕਿ ਹੁਣ ਤੱਕ ਜਿਹੜੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ ਹਨ, ਉਨ੍ਹਾਂ ਵਿਚ ਲਿਖਿਆ ਗਿਆ ਹੈ ਕਿ ਬਹੁਤ ਸਾਰੇ ਦੋਹਾਂ ਪਾਸਿਆਂ ਦੇ ਵਿਅਕਤੀ ਸਰਕਾਰ ਦੇ ਪੇ ਰੋਲ ਉਪਰ ਸਨ, ਜੋ ਸਰਕਾਰ ਦਾ ਪੱਖ ਪੂਰਨ ਵਾਲੀ ਸਲਾਹ ਦਿੰਦੇ ਸਨ। ਸਿੱਟਾ ਤੁਹਾਡੇ ਸਾਹਮਣੇ ਹੈ।

ਹੁਣ ਵੇਖ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਹੋਈ, ਫਿਰ ਵੀ ਸੰਜਮ ਤੋਂ ਨਾ ਸਿੱਖਾਂ ਅਤੇ ਨਾ ਹੀ ਸਿੱਖਾਂ ਦੀ ਅਖੌਤੀ ਸਰਕਾਰ ਨੇ ਕੰਮ ਲਿਆ, ਦੋ ਨੌਜਵਾਨ ਸਿੱਖ ਗੁਆ ਲਏ। ਕੀ ਪ੍ਰਾਪਤੀ ਹੋਈ? ਉਸ ਮੌਕੇ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਅਤੇ ਪੰਥਪ੍ਰੀਤ ਸਿੰਘ ਨੇ ਸਰਕਾਰ ਤੇ ਦੋਸ਼ੀਆਂ ਨੂੰ ਫੜਨ ਲਈ ਦਬਾਆ ਪਾਉਣ ਲਈ ਧਰਨਾ ਲਾਇਆ, ਤਾਂ ਜੋ ਉਨ੍ਹਾਂ ਨੌਜਵਾਨਾ ਦੇ ਕਾਤਲਾਂ ਨੂੰ ਪਕੜਿਆ ਜਾ ਸਕੇ, ਸਮੁਚਾ ਸਿੱਖ ਜਗਤ ਉਨ੍ਹਾਂ ਦੀ ਸਪੋਰਟ ਤੇ ਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵਿਰੁਧ ਸਿੱਖਾਂ ਦੇ ਵਿਰੋਧ ਦੀ ਲਹਿਰ ਦੀ ਅਗਵਾਈ ਵੀ ਬਾਬਾ ਰਣਜੀਤ ਸਿੰਘ ਢਡਰੀਆਂਵਾਲੇ ਅਤੇ ਪੰਥਪ੍ਰੀਤ ਸਿੰਘ ਨੇ ਹੀ ਕੀਤੀ ਸੀ। ਉਦੋਂ ਤੋਂ ਹੀ ਉਹ ਸਰਕਾਰ ਪੱਖੀਅ ਸੰਸਥਾਵਾਂ ਦੀਆਂ ਅੱਖਾਂ ਵਿਚ ਰੜਕਦੇ ਸਨ। ਫਿਰ ਸਰਬਤ ਖਾਲਸਾ ਹੋਇਆ ਇਹ ਦੋਵੇਂ ਸਿੱਖ ਪ੍ਰਚਾਰਕ ਉਸ ਵਿਚ ਸ਼ਾਮਲ ਨਹੀਂ ਹੋਏ ਕਿਉਂਕਿ ਇਨ੍ਹਾਂ ਨੂੰ ਜਾਣਕਾਰੀ ਸੀ ਕਿ ਉਥੇ ਖਾਲਿਸਤਾਨ ਦੇ ਮਤੇ ਪਾਸ ਹੋਣਗੇ। ਇਨ੍ਹਾਂ ਦੋਵਾਂ ਦੀ ਸਿਆਣਪ ਸੀ। ਅਜੇ ਤੱਕ ਸਿੱਖਾਂ ਦੀ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੁਰਮਤੀ ਦੇ ਦੋਸ਼ੀਆਂ ਨੂੰ ਫੜ ਨਹੀਂ ਸਕੀ। ਉਦੋਂ ਤੋਂ ਹੀ ਬਾਬਾ ਰਣਜੀਤ ਸਿੰਘ ਢਡਰੀਆਂ ਵਾਲਾ ਅਤੇ ਪੰਥਪ੍ਰੀਤ ਸਿੰਘ ਕੁਝ ਸੰਸਥਾਵਾਂ ਅਤੇ ਵਿਅਕਤੀਆਂ ਦੇ ਨਿਸ਼ਾਨੇ ਤੇ ਸੀ। ਸਿੱਖ ਇੱਕ ਗ਼ਲਤੀ ਤੋਂ ਬਾਅਦ ਦੂਜੀ ਗ਼ਲਤੀ ਕਰੀ ਜਾ ਰਹੇ ਹਨ। ਬਜ਼ੁਰਗ ਮਾਤਾ ਚੰਦ ਕੌਰ ਨਾਮਧਾਰੀ ਸਵਰਗਵਾਸੀ ਬਾਬਾ ਜਗਜੀਤ ਸਿੰਘ ਦੀ ਸੁਪਤਨੀ ਦਾ ਭੈਣੀ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਕੋਲ ਕਤਲ ਹੋਣਾ ਵੀ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਸ਼ਾਜਿਸ ਸੀ, ਉਸਦੇ ਕਾਤਲ ਵੀ ਅਜੇ ਤੱਕ ਸਰਕਾਰ ਨੇ ਫੜੇ ਨਹੀਂ। ਤਾਜਾ ਘਟਨਾਕਰਮ ਸ਼ੋਸ਼ਲ ਨੈਟਵਰਕ ਤੇ ਵਾਇਰਲ ਹੋਈ ਬਾਬਾ ਰਣਜੀਤ ਸਿੰਘ ਢਡਰੀਆਂਵਾਲੇ ਦੀ ਵੀਡੀਓ ਅਤੇ ਇਸ ਦੇ ਜਵਾਬ ਵਿਚ ਦੂਜੇ ਧੜੇ ਵੱਲੋਂ ਜਵਾਬ ਵੀ ਸ਼ੋਸ਼ਲ ਨੈਟਵਰਕਿੰਗ ਤੇ ਆ ਗਿਆ। ਅੰਦਰਖਾਤੇ ਦੋਹਾਂ ਧੜਿਆਂ ਵਿਚ ਖਿਚੋਤਾਣ ਚਲ ਰਹੀ ਸੀ। ਵੈਸੇ ਦੋਵੇਂ ਧੜੇ ਧਾਰਮਿਕ ਹਨ, ਇਨ੍ਹਾਂ ਦਾ ਕੰਮ ਧਰਮ ਦਾ ਪ੍ਰਚਾਰ ਕਰਨਾ ਹੈ। ਇਨ੍ਹਾਂ ਨੂੰ ਦੂਸ਼ਣਬਾਜੀ ਸ਼ੋਭਾ ਨਹੀਂ ਦਿੰਦੀ। ਇਹ ਹੋਛੀਆਂ ਗੱਲਾਂ ਹਨ। ਧਾਰਮਿਕ ਵਿਅਕਤੀਆਂ ਵੱਲੋਂ ਅਜਿਹੀ ਸ਼ਬਦਾਵਲੀ ਵਰਤਣਾ ਵੀ ਯੋਗ ਨਹੀਂ। ਅਸਲ ਵਿਚ ਦੋਵੇਂ ਧੜੇ ਹਓਮੈ ਦਾ ਸ਼ਿਕਾਰ ਹਨ। ਇਹ ਘਟਨਾ ਵੀ ਨਿੰਦਣ ਯੋਗ ਹੈ ਕਿਉਂਕਿ ਛਬੀਲ ਲਗਾਕੇ ਬਹਾਨੇ ਨਾਲ ਬਾਬਾ ਰਣਜੀਤ ਸਿੰਘ ਢੱਡਰੀਆਂਵਾਲੇ ਦੇ ਜਥੇ ਨੂੰ ਰੋਕਿਆ ਗਿਆ। ਧਰਮ ਦੀ ਪਰੰਪਰਾ ਦੀ ਗ਼ਲਤ ਵਰਤੋਂ ਹੋਈ ਹੈ। ਇਹ ਕੁਦਰਤੀ ਹੈ ਕਿ ਇਹ ਖ਼ਬਰਾਂ ਪੜ੍ਹਨ ਵਾਲੇ ਗ਼ੈਰ ਸਿੱਖਾਂ ਦਾ ਸਿੱਖ ਧਰਮ ਪ੍ਰਤੀ ਸ਼ਰਧਾ, ਸਤਿਕਾਰ, ਵਿਸ਼ਵਾਸ਼ ਅਤੇ ਵਿਵਹਾਰ ਬਦਲੇਗਾ। ਹੁਣ ਕੋਈ ਛਬੀਲਾਂ ਲਾਉਣ ਵਾਲਿਆਂ ਤੇ ਵਿਸ਼ਵਾਸ਼ ਨਹੀਂ ਕਰੇਗਾ। ਧਾਰਮਿਕ ਸਮਾਗਮ ਤੇ ਜਾ ਰਹੇ ਬਹੁਤ ਸਾਰੇ ਸਿੱਖਾਂ ਵਿਚ ਸਨਮਾਨਯੋਗ ਸਥਾਨ ਰੱਖਣ ਵਾਲੇ ਵਿਅਕਤੀ ਤੇ ਕਾਤਲਾਨਾ ਹਮਲਾ ਕਰਨਾ ਬੁਜਦਿਲੀ ਦਾ ਕੰਮ ਹੈ, ਜਿਸ ਘਟਨਾ ਵਿਚ ਭਰ ਜਵਾਨੀ ਵਿਚ ਬਾਬਾ ਭੁਪਿੰਦਰ ਸਿੰਘ ਖਾਸੀ ਕਲਾਂ ਵਾਲਾ ਮਾਰਿਆ ਗਿਆ, ਜਿਹੜਾ ਪੰਜ ਭੈਣਾਂ ਦਾ ਭਰਾ ਅਤੇ ਦੋ ਮਾਸੂਮ ਬੱਚਿਆਂ ਦਾ ਪਿਤਾ ਸੀ। ਇਹ ਘਟਨਾ ਵੀ ਸ਼ੱਕੀ ਲਗਦੀ ਹੈ ਕਿਉਂਕਿ 40-50 ਗੋਲੀਆਂ ਚਲੀਆਂ ਸਿਰਫ ਇੱਕ ਵਿਅਕਤੀ ਹੀ ਨਿਸ਼ਾਨੇ ਤੇ ਰਿਹਾ ਬਾਕੀ ਹੋਰ ਕਿਸੇ ਵੀ ਵਿਅਕਤੀ ਨੂੰ ਆਂਚ ਨਹੀਂ ਆਈ। ਕਾਤਲਾਂ ਅਤੇ ਬਾਬਾ ਢਡਰੀਆਂਵਾਲੇ ਦੇ ਗਰੁਪ ਵਿਚੋਂ ਜਰੂਰ ਕੋਈ ਵਿਅਕਤੀ ਹੋਵੇਗਾ ਜਿਸਨੇ ਪੂਰੀ ਜਾਣਕਾਰੀ ਦਿੱਤੀ ਹੋਵੇਗੀ। ਸਿੱਖ ਭੈਣੋ ਤੇ ਭਰਾਵੋ ਧਰਮ ਦਾ ਨੁਕਸਾਨ ਨਾ ਕਰੋ ਸਗੋਂ ਧਰਮ ਦੀ ਵਿਸੇਸ਼ਤਾ ਦਾ ਪ੍ਰਚਾਰ ਕਰਕੇ ਹੋਰ ਲੋਕਾਂ ਨੂੰ ਜੋੜੋ, ਲੋਕਾਂ ਨੂੰ ਸਿੱਖ ਧਰਮ ਨਾਲੋਂ ਤੋੜਨ ਦਾ ਕੰਮ ਨਾ ਕਰੋ। ਇਤਿਹਾਸ ਤੁਹਾਨੂੰ ਕਦੀ ਮੁਆਫ ਨਹੀਂ ਕਰੇਗਾ। ਜਿਤਨੀ ਦੇਰ ਧਾਰਮਿਕ ਪ੍ਰਚਾਰਕ, ਕੀਰਤਨੀਏ ਸਿੰਘ, ਗ੍ਰੰਥੀ, ਸਿੱਖ ਵਿਦਵਾਨ ਆਪਣੀਆਂ ਨਿੱਜੀ ਵਿਚਾਰਧਾਰਾਵਾਂ ਨੂੰ ਤਿਲਾਂਜਲੀ ਦੇ ਕੇ ਇੱਕਮੂਠ ਨਹੀਂ ਹੁੰਦੇ ਉਤਨੀ ਦੇਰ ਜਿਹੀਆਂ ਘਟਨਾਵਾਂ ਨੂੰ ਰੋਕਣਾ ਅਸੰਭਵ ਹੋਵੇਗਾ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>