ਯੋਗ ਦਿਹਾੜਾ ਘੱਟ ਗਿਣਤੀ ਕੌਮਾਂ ਵਿਰੋਧੀ, ਸਿੱਖ ਕੌਮ 21 ਜੂਨ ਦੇ ਦਿਨ ਨੂੰ ਗੱਤਕਾ ਦਿਹਾੜਾ ਦੇ ਤੌਰ ਤੇ ਮਨਾਕੇ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖੇਗੀ : ਮਾਨ

ਫ਼ਤਹਿਗੜ੍ਹ ਸਾਹਿਬ  -  “ਗੁਰੂ ਨਾਨਕ ਦੇਵ ਸਾਹਿਬ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਕੋਈ ਵੀ ਅਜਿਹਾ ਅਮਲ ਜਾਂ ਉਹਨਾਂ ਵੱਲੋਂ ਕੀਤਾ ਗਿਆ ਆਦੇਸ਼ ਸਾਹਮਣੇ ਨਹੀਂ ਆਉਦਾ ਜਿਸ ਵਿਚ ਸਿੱਖਾਂ ਨੂੰ ਯੋਗ ਬਾਰੇ ਕੁਝ ਕਿਹਾ ਗਿਆ ਹੋਵੇ । ਬਲਕਿ ਵੱਖ-ਵੱਖ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਤਮਿਕ ਤੌਰ ਤੇ ਮਜ਼ਬੂਤ ਰੱਖਣ ਹਿੱਤ ਨਾਮ-ਸਿਮਰਨ, ਵੰਡ ਕੇ ਛਕਣ, ਲੋੜਵੰਦ, ਮਜ਼ਲੂਮਾਂ ਅਤੇ ਬੇਸਹਾਰਿਆ ਦੀ ਹਰ ਤਰ੍ਹਾਂ ਮਦਦ ਕਰਨ ਦੇ ਗੁਰਸਿੱਖਾਂ ਨੂੰ ਆਦੇਸ਼ ਦਿੱਤੇ ਹਨ । ਸਰੀਰਕ ਤੌਰ ਤੇ ਰਿਸਟ-ਪੁਸਟ ਰੱਖਣ ਹਿੱਤ ਕੁਸਤੀਆ, ਮੂੰਗਲੀਆ ਘੁੰਮਾਉਣਾ, ਗੱਤਕੇਬਾਜੀ, ਨੇਜੇਬਾਜੀ, ਤਲਵਾਰਬਾਜੀ ਅਤੇ ਘੋੜ-ਸਵਾਰੀ ਦੀਆਂ ਖੇਡਾਂ ਨੂੰ ਉਤਸਾਹਿਤ ਕੀਤਾ ਸੀ । ਪਰ ਜੋ ਮੋਦੀ ਦੀ ਹਕੂਮਤ ਵੱਲੋਂ ਸਮੁੱਚੇ ਮੁਲਕ ਵਿਚ ਤਾਨਾਸ਼ਾਹੀ ਔਰੰਗਜੇਬੀ ਹੁਕਮਾਂ ਰਾਹੀ ਯੋਗ ਦਿਹਾੜਾ ਮਨਾਉਣ ਲਈ ਹਕੂਮਤੀ ਪੱਧਰ ਤੇ ਆਦੇਸ਼ ਤੇ ਸਰਪ੍ਰਸਤੀ ਦਿੱਤੀ ਜਾ ਰਹੀ ਹੈ, ਮੀਡੀਏ ਤੇ ਪ੍ਰਚਾਰ ਸਾਧਨਾਂ ਰਾਹੀ ਇਸ ਕੱਟੜਵਾਦੀ ਹਿੰਦੂਤਵ ਪ੍ਰੋਗਰਾਮ ਅਧੀਨ ਹਿੰਦ ਵਿਚ ਵੱਸਣ ਵਾਲੇ ਸਭ ਵਰਗਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਯੋਗਾ ਦਿਹਾੜਾ ਮਨਾਉਣ ਲਈ ਜ਼ਾਬਰ ਸੋਚ ਤੋ ਕੰਮ ਲਿਆ ਜਾ ਰਿਹਾ ਹੈ, ਇਸ ਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀਂ ਕਰੇਗੀ । ਕਿਉਂਕਿ ਗੁਰੂ ਸਾਹਿਬਾਨ ਨੇ ਸਾਨੂੰ “ਭੈ ਕਾਹੂੰ ਕੋ ਦੈਤਿ ਨਾਹਿ, ਨਾ ਭੈ ਮਾਨਤਿ ਆਨਿ” ਦੇ ਹੁਕਮ ਕੀਤੇ ਹਨ । ਇਸ ਲਈ ਗੁਰਸਿੱਖ ਨਾ ਤਾਂ ਕਿਸੇ ਉਤੇ ਕਿਸੇ ਤਰ੍ਹਾਂ ਦਾ ਕੋਈ ਜ਼ਬਰ-ਜੁਲਮ ਕਰਦਾ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਜ਼ਬਰ-ਜੁਲਮ ਸਹਿਣ ਕਰਦਾ ਹੈ । ਸ੍ਰੀ ਮੋਦੀ ਵੱਲੋਂ ਪਹਿਲੇ ਵੀ ਅਜਿਹੇ ਵਿਧਾਨਿਕ, ਸਮਾਜਿਕ, ਇਨਸਾਨੀ, ਇਖ਼ਲਾਕੀ, ਅਸੂਲਾਂ, ਨਿਯਮਾਂ ਦਾ ਉਲੰਘਣ ਕਰਕੇ ਸਕੂਲੀ ਬੱਚਿਆਂ ਨੂੰ “ਸੂਰਜ ਪ੍ਰਣਾਮ” ਕਰਨ ਅਤੇ ਗੀਤਾ ਦਾ ਪਾਠ ਕਰਨ ਦੇ ਮੁਤੱਸਵੀ ਸੋਚ ਅਧੀਨ ਹੁਕਮ ਕੀਤੇ ਗਏ ਸਨ । ਅਸੀਂ ਸਭ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ, ਪਰ ਸਿੱਖ ਕੌਮ ਕੇਵਲ ਤੇ ਕੇਵਲ ਉਸ ਇਕ ਅਕਾਲ ਪੁਰਖ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਵਿਚ ਹੀ ਵਿਸ਼ਵਾਸ ਰੱਖਦੀ ਹੈ । ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਸਾਨੂੰ ਕੀਤੇ ਜਾਣ ਵਾਲੇ ਹੁਕਮ ਅਤੇ ਦਿੱਤੀ ਜਾਣ ਵਾਲੀ ਅਗਵਾਈ ਅਨੁਸਾਰ ਹੀ ਆਪਣਾ ਜੀਵਨ ਬਸਰ ਕਰਦੀ ਹੈ । ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਉਤੇ ਅਜਿਹੇ ਕੱਟੜਵਾਦੀ ਹਿੰਦੂ ਪ੍ਰੋਗਰਾਮਾਂ ਨੂੰ ਠੋਸਿਆ ਨਹੀਂ ਜਾ ਸਕਦਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ, ਹਿੰਦ ਦੇ ਮੌਜੂਦਾ ਵਜ਼ੀਰ-ਏ-ਆਜ਼ਮ ਸ੍ਰੀ ਨਰਿੰਦਰ ਮੋਦੀ ਵੱਲੋ 21 ਜੂਨ ਨੂੰ ਸਮੁੱਚੇ ਭਾਰਤ ਵਿਚ ਨਾਦਰਸਾਹੀ ਹੁਕਮਾਂ ਅਧੀਨ ਯੋਗਾ ਦਿਹਾੜਾ ਮਨਾਉਣ ਦੇ ਅਮਨ-ਚੈਨ ਨੂੰ ਭੰਗ ਕਰਨ ਵਾਲੇ ਅਮਲਾਂ ਅਤੇ ਦੂਸਰੀਆਂ ਕੌਮਾਂ, ਧਰਮਾਂ ਵਿਚ ਨਫ਼ਰਤ ਪੈਦਾ ਕਰਨ ਵਾਲੇ ਅਮਲਾਂ ਦਾ ਜਿਥੇ ਪੁਰਜੋਰ ਵਿਰੋਧ ਕਰਦੀ ਹੈ, ਉਥੇ ਸਮੁੱਚੇ ਭਾਰਤ ਵਿਚ ਵੱਸਣ ਵਾਲੀਆਂ ਸਿੱਖਾਂ ਸਮੇਤ ਘੱਟ ਗਿਣਤੀ ਕੌਮਾਂ ਅਤੇ ਹੋਰ ਕਬੀਲਿਆ ਫਿਰਕਿਆ ਨੂੰ ਅਜਿਹੇ ਤਾਨਾਸ਼ਾਹੀ ਹੁਕਮਾਂ ਨੂੰ ਪ੍ਰਵਾਨ ਨਾ ਕਰਨ ਦੀ ਵੀ ਜੋਰਦਾਰ ਗੁਜਾਰਿਸ਼ ਕਰਦੀ ਹੋਈ ਉਥੇ ਸ੍ਰੀ ਮੋਦੀ ਹਕੂਮਤ ਅਤੇ ਹਿੰਦੂਤਵ ਹੁਕਮਰਾਨਾਂ ਨੂੰ ਅਜਿਹੇ ਫਿਰਕੂ ਪ੍ਰੋਗਰਾਮ ਜ਼ਬਰੀ ਲਾਗੂ ਕਰਨ ਲਈ ਖ਼ਬਰਦਾਰ ਕਰਦੀ ਹੈ । ਤਾਂ ਕਿ ਸਮੁੱਚੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਅਤੇ ਬਹੁਗਿਣਤੀ ਹਿੰਦੂ ਕੌਮ ਵਿਚ ਕਿਸੇ ਤਰ੍ਹਾਂ ਦੀ ਨਫ਼ਰਤ ਦੀ ਦੀਵਾਰ ਨਾ ਖੜ੍ਹੀ ਹੋ ਸਕੇ ਅਤੇ ਇਥੋ ਦਾ ਅਮਨ-ਚੈਨ ਅਤੇ ਜ਼ਮਹੂਰੀਅਤ ਸਹੀ ਸਲਾਮਤ ਰਹਿ ਸਕੇ ।”

ਇਹ ਵਿਚਾਰ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਗੱਤਕਾ ਦਿਹਾੜਾ ਮਨਾਉਦੇ ਹੋਏ ਗੱਤਕੇ ਦੀਆਂ ਟੀਮਾਂ ਦੇ ਮੁਕਾਬਲੇ ਦੀਆਂ ਖੇਡਾਂ ਦੌਰਾਨ ਸਿੱਖ ਕੌਮ ਨੂੰ ਯੋਗੇ ਵਰਗੇ ਹਿੰਦੂ ਕੱਟੜਵਾਦੀ ਪ੍ਰੋਗਰਾਮਾਂ ਤੋ ਦੂਰ ਰਹਿਣ ਅਤੇ ਗੁਰੂ ਸਾਹਿਬਾਨ ਵੱਲੋਂ ਬਖਸਿ਼ਸ਼ ਕੀਤੀ ਗਈ ਗੱਤਕੇਬਾਜੀ ਦੀ (ਮਾਰਸ਼ਲ ਆਰਟ) ਖੇਡ ਵਿਚ ਵੱਧ ਤੋ ਵੱਧ ਸਮੂਲੀਅਤ ਕਰਨ ਅਤੇ ਆਪਣੇ ਸਰੀਰਾਂ ਨੂੰ ਰਿਸਟ-ਪੁਸਟ ਰੱਖਣ ਅਤੇ ਆਪਣੀਆਂ ਪੰ੍ਰਪਰਾਵਾਂ ਨੂੰ ਕਾਇਮ ਰੱਖਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅੱਜ ਛੇਵੇ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਆਗਮਨ ਪੁਰਬ ਵੀ ਹੈ ਜਿਨ੍ਹਾ ਨੇ ਸਿੱਖਾਂ ਨੂੰ ਭਗਤੀ ਅਤੇ ਸ਼ਕਤੀ ਦੇ ਪ੍ਰਥਾਏ ਮੀਰੀ ਤੇ ਪੀਰੀ ਦੀਆਂ ਦੋਵੇ ਕਿਰਪਾਨਾਂ ਬਖਸਿ਼ਸ਼ ਕੀਤੀਆਂ ਹਨ । ਉਹਨਾ ਨੇ ਸਿੱਖਾਂ ਨੂੰ ਉਸ ਅਕਾਲ ਪੁਰਖ ਵਿਚ ਵਿਸ਼ਵਾਸ ਰੱਖਦੇ ਹੋਏ ਭਗਤੀ ਰਾਹੀ ਆਪਣੇ ਆਤਮਿਕ ਬਲ ਨੂੰ ਹਰ ਪੱਖੋ ਮਜ਼ਬੂਤ ਰੱਖਣ ਅਤੇ ਸਮਾਂ ਅਤੇ ਲੋੜ ਪੈਣ ਤੇ ਆਪਣੀ ਸਰੀਰਕ ਅਤੇ ਸਿਆਸੀ ਸ਼ਕਤੀ ਦੀ ਸਹੀ ਵਰਤੋ ਕਰਦੇ ਹੋਏ ਮਜ਼ਲੂਮਾਂ, ਗਰੀਬਾਂ, ਲਤਾੜਿਆ, ਜਿਥੇ ਕਿਤੇ ਵੀ ਬੇਇਨਸਾਫ਼ੀ ਹੋਵੇ, ਉਸ ਵਿਰੁੱਧ ਦਲੀਲ ਸਹਿਤ ਆਵਾਜ਼ ਬੁਲੰਦ ਕਰਨ ਦੀ ਹਦਾਇਤ ਕੀਤੀ ਹੈ ਤਾਂ ਕਿ ਗੁਰਸਿੱਖ ਸਮਾਜ ਵਿਚ ਬਤੌਰ ਸੰਤ-ਸਿਪਾਹੀ ਦੀ ਸਖਸ਼ੀਅਤ ਵੱਜੋ ਸਤਿਕਾਰਿਤ ਰਹੇ । ਸਿੱਖ ਕੌਮ ਆਪਣੇ ਹਰ ਮਹੱਤਵਪੂਰਨ ਦਿਨਾਂ ਤੇ ਗੱਤਕੇ ਦੀ ਖੇਡ ਰਾਹੀ ਹਰ ਸਮੇਂ ਚੁਸਤ-ਦਰੁਸਤ ਰਹਿਣ ਅਤੇ ਆਪਣੀ ਕੌਮੀ ਅਤੇ ਧਰਮੀ ਜਿੰਮੇਵਾਰੀਆਂ ਨੂੰ ਬਾਖੂਬੀ ਪੂਰਨ ਕਰਨ ਦੇ ਸੰਦੇਸ਼ ਤੇ ਪ੍ਰਚਾਰ ਵੀ ਕਰਦੀ ਆ ਰਹੀ ਹੈ । ਜਦੋਂ ਹਿੰਦੂਤਵ ਹਕੂਮਤ 21 ਜੂਨ ਨੂੰ ਬਤੌਰ ਯੋਗਾ ਦਿਹਾੜਾ ਮਨਾਉਦੀ ਹੋਈ ਹਿੰਦੂ ਕੱਟੜਵਾਦੀ ਸੋਚ ਵੱਲ ਵੱਧ ਰਹੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਮੁੱਚੀਆਂ ਸਰਬੱਤ ਖ਼ਾਲਸਾ ਜਥੇਬੰਦੀਆਂ, ਦਮਦਮੀ ਟਕਸਾਲ ਆਦਿ ਸਭ ਨੇ ਕੌਮੀ ਫੈਸਲੇ ਵੱਜੋ ਇਹ ਨਿਰਣਾ ਲਿਆ ਹੈ ਕਿ ਸਿੱਖ ਕੌਮ ਹਿੰਦੂਤਵ ਕੱਟੜਵਾਦੀ ਪ੍ਰੋਗਰਾਮਾਂ ਦੀ ਚੁਣੋਤੀ ਨੂੰ ਪ੍ਰਵਾਨ ਕਰਦੀ ਹੋਈ ਇਸ 21 ਜੂਨ ਨੂੰ ਕੇਵਲ ਪੰਜਾਬ ਜਾਂ ਹਿੰਦ ਵਿਚ ਹੀ ਨਹੀਂ, ਬਲਕਿ ਸਮੁੱਚੇ ਮੁਲਕਾਂ ਵਿਚ ਵੀ “ਗੱਤਕਾ ਦਿਹਾੜਾ” ਦੇ ਤੌਰ ਤੇ ਮਨਾਉਦੀ ਹੋਈ ਆਪਣੇ ਗੁਰੂ ਸਾਹਿਬਾਨ ਵੱਲੋ ਬਖਸਿ਼ਸ਼ ਕੀਤੀਆਂ ਗਈਆਂ ਰਵਾਇਤਾ ਨੂੰ ਕਾਇਮ ਰੱਖੇਗੀ ਅਤੇ ਇਸੇ 21 ਜੂਨ ਨੂੰ ਹਮੇਸ਼ਾਂ ਲਈ ਸਿੱਖ ਕੌਮ ਗੱਤਕੇ ਦੇ ਦਿਹਾੜੇ ਦੇ ਤੌਰ ਤੇ ਮਨਾਇਆ ਕਰੇਗੀ ।

ਸ. ਮਾਨ ਨੇ ਇਸ ਮੌਕੇ ਤੇ ਸਿੱਖ ਨੌਜ਼ਵਾਨੀ ਨੂੰ ਗੁਰੂ ਸਾਹਿਬਾਨ ਵੱਲੋਂ ਮਿਲੇ ਆਦੇਸ਼ਾਂ ਉਤੇ ਪਹਿਰਾ ਦੇਣ, ਅੰਮ੍ਰਿਤਧਾਰੀ ਬਣਕੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨ ਦੇ ਨਾਲ-ਨਾਲ ਗੱਤਕੇਬਾਜੀ, ਤਲਵਾਰਬਾਜੀ, ਨੇਜੇਬਾਜੀ, ਕੁਸਤੀਆ, ਘੋੜ-ਸਵਾਰੀ ਆਦਿ ਸਿੱਖੀ ਪ੍ਰੰਪਰਾਵਾਂ ਵਿਚ ਨਿਪੁੰਨ ਹੋ ਕੇ ਸਿੱਖ ਕੌਮ ਦੀ ਆਉਣ ਵਾਲੇ ਸਮੇਂ ਦੀ ਵੱਡੀ ਸ਼ਕਤੀ ਬਣਨ ਲਈ ਪ੍ਰੇਰਦੇ ਹੋਏ ਕਿਹਾ ਕਿ ਜਦੋਂ ਸਿੱਖ ਨੌਜ਼ਵਾਨੀ ਆਪਣੇ ਸਿੱਖੀ ਅਸੂਲਾਂ ਉਤੇ ਪਹਿਰਾ ਦਿੰਦੀ ਹੋਈ, ਗੈਰ ਸਮਾਜਿਕ ਨਸ਼ੀਲੀਆਂ ਵਸਤਾਂ ਦੇ ਸੇਵਨ ਤੋਂ ਦੂਰ ਰਹਿੰਦੀ ਹੋਈ ਉਪਰੋਕਤ ਸਿੱਖੀ ਖੇਡਾਂ ਵਿਚ ਦਿਲਚਸਪੀ ਰੱਖੇਗੀ, ਤਾਂ ਸਿੱਖ ਕੌਮ ਜਿਥੇ ਆਤਮਿਕ ਤੌਰ ਤੇ ਹਰ ਖੇਤਰ ਵਿਚ ਬਲਬਾਨ ਹੋ ਕੇ ਨਿਕਲੇਗੀ, ਉਥੇ ਸਰੀਰਕ ਤੌਰ ਤੇ ਵੀ ਸਿੱਖ ਕੌਮ ਦਾ ਬੀਤੇ ਸਮੇਂ ਦੇ ਸਿੱਖਾਂ ਦੀ ਤਰ੍ਹਾਂ ਕੋਈ ਸਾਨੀ ਨਹੀਂ ਹੋਵੇਗਾ । ਆਤਮਿਕ ਤੇ ਸਰੀਰਕ ਤੌਰ ਤੇ ਰਿਸਟ-ਪੁਸਟ ਮਨੁੱਖ ਹੀ ਗੁਰੂ ਸਾਹਿਬਾਨ ਅਤੇ ਉਸ ਅਕਾਲ ਪੁਰਖ ਦੀ ਪ੍ਰਸ਼ੰਸ਼ਾਂ ਦੇ ਪਾਤਰ ਬਣਦੇ ਹੋਏ ਸਿੱਖ ਕੌਮ ਦਾ ਨਾਮ ਰੌਸ਼ਨ ਕਰਨ ਵਿਚ ਯੋਗਦਾਨ ਪਾਉਣਗੇ । ਸ. ਮਾਨ ਨੇ ਇਕ ਹੋਰ ਮੁੱਦੇ ਉਤੇ ਸਪੱਸਟਤਾ ਨਾਲ ਕਿਹਾ ਕਿ ਸਿੱਖ ਕੌਮ ਦਾ ਮਕਸਦ ਕਿਸੇ ਵੀ ਧਰਮ, ਕੌਮ, ਫਿਰਕੇ ਜਾਂ ਇਨਸਾਨ ਦੀਆਂ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਵੀ ਠੇਸ ਪਹੁੰਚਾਉਣਾ ਨਹੀਂ ਹੈ । ਬਲਕਿ ਇਸ ਗੱਤਕੇ ਦਿਹਾੜੇ ਦੇ ਦਿਨ ਰਾਹੀ ਸਿੱਖ ਕੌਮ ਸਮੁੱਚੇ ਸੰਸਾਰ ਵਿਚ ਵੱਸਣ ਵਾਲੀਆਂ ਕੌਮਾਂ, ਧਰਮਾਂ, ਫਿਰਕਿਆ ਨੂੰ ਆਜ਼ਾਦੀ ਨਾਲ ਵਿਚਰਣ, ਬਿਨ੍ਹਾਂ ਕਿਸੇ ਡਰ-ਭੈ ਦੇ ਆਪਣੇ ਖਿਆਲਾਤ ਪ੍ਰਗਟ ਕਰਨ ਅਤੇ ਕਿਸੇ ਵੀ ਧਰਮ ਨੂੰ ਜਿਸ ਨੂੰ ਕੋਈ ਇਨਸਾਨ ਚੰਗਾਂ ਸਮਝਦਾ ਹੈ, ਉਸ ਨੂੰ ਗ੍ਰਹਿਣ ਕਰਨ ਅਤੇ ਆਪਣੇ ਧਰਮ ਵਿਚ ਪ੍ਰਪੱਕ ਰਹਿੰਦੇ ਹੋਏ ਅਤੇ ਸਰਬੱਤ ਦੇ ਭਲੇ ਦੇ ਉਦਮ ਕਰਨ ਦੇ ਨਾਲ-ਨਾਲ ਲੋੜਵੰਦਾਂ, ਮਜ਼ਲੂਮਾਂ, ਬੇਸਹਾਰਿਆ ਅਤੇ ਗਰੀਬਾਂ ਦੀ ਹਰ ਤਰ੍ਹਾਂ ਮਦਦ ਕਰਨ ਦਾ ਮਨੁੱਖਤਾ ਪੱਖੀ ਸੰਦੇਸ਼ ਦਿੰਦੀ ਆ ਰਹੀ ਹੈ ਅਤੇ ਦਿੰਦੀ ਰਹੇਗੀ । ਸ. ਮਾਨ ਨੇ ਗੱਤਕੇ ਦਿਹਾੜੇ ਦੇ ਮੁਕਾਬਲਿਆ ਵਿਚ ਹਿੱਸਾ ਲੈਣ ਵਾਲੀਆਂ ਸਿੱਖ ਨੌਜ਼ਵਾਨੀ ਦੀਆਂ ਗੱਤਕਾ ਟੀਮਾਂ ਨੂੰ ਪਾਰਟੀ ਵੱਲੋ 5100-5100 ਦੀ ਭੇਟਾਂ, ਸਿਰਪਾਓ ਅਤੇ ਸਨਮਾਨ ਚਿੰਨ੍ਹ ਦਿੰਦੇ ਹੋਏ ਆਈਆ ਟੀਮਾਂ ਦੀ ਹੌਸਲਾ ਅਫਜਾਈ ਕਰਦੇ ਹੋਏ ਇਹਨਾਂ ਟੀਮਾਂ ਉਤੇ ਡੂੰਘਾਂ ਫਖ਼ਰ ਮਹਿਸੂਸ ਕੀਤਾ । ਕਿਉਂਕਿ ਇਹ ਨੌਜ਼ਵਾਨੀ ਹੀ ਆਉਣ ਵਾਲੇ ਖ਼ਾਲਸਾ ਰਾਜ ਦੀ ਮੋਢੀ ਹੈ ਅਤੇ ਇਹਨਾਂ ਨੇ ਹੀ ਖ਼ਾਲਸਾ ਰਾਜ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਹੈ । ਇਸ ਲਈ ਹੀ ਅਸੀਂ ਸਿੱਖ ਨੌਜ਼ਵਾਨੀ ਨੂੰ ਸੱਦਾ ਦਿੰਦੇ ਹੋਏ 21 ਜੂਨ ਦੇ ਦਿਨ ਨੂੰ ਬਤੌਰ ਗੱਤਕਾ ਦਿਹਾੜਾ ਮਨਾਉਣ ਅਤੇ ਸਿੱਖੀ ਰਵਾਇਤਾ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ । ਅੱਜ ਦੇ ਇਸ ਸਮਾਗਮ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਵਿੰਗ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਰਣਜੀਤ ਸਿੰਘ ਚੀਮਾਂ ਮੁੱਖ ਦਫ਼ਤਰ ਸਕੱਤਰ, ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ, ਸ. ਧਰਮ ਸਿੰਘ ਕਲੌੜ, ਪ੍ਰਦੀਪ ਸਿੰਘ ਯੂਥ ਪ੍ਰਧਾਨ, ਗੁਰਜੰਟ ਸਿੰਘ ਕੱਟੂ, ਨਾਜਰ ਸਿੰਘ ਕਾਹਨਪੁਰਾ, ਕੁਲਦੀਪ ਸਿੰਘ ਮਾਜਰੀ ਸੋਢੀਆ ਹਲਕਾ ਇੰਨਚਾਰਜ ਫਤਹਿਗੜ੍ਹ ਸਾਹਿਬ, ਸਵਰਨ ਸਿੰਘ ਫਾਟਕ ਮਾਜਰੀ, ਸਰਬਜੀਤ ਸਿੰਘ ਮੋਰਿੰਡਾ, ਕੁਲਦੀਪ ਸਿੰਘ ਦੁਭਾਲੀ, ਪਵਨਪ੍ਰੀਤ ਸਿੰਘ ਢੋਲੇਵਾਲ, ਗਿਆਨ ਸਿੰਘ ਸੈਪਲੀ, ਜੋਗਿੰਦਰ ਸਿੰਘ ਸੈਪਲਾ, ਭਾਗ ਸਿੰਘ ਰੈਲੋ, ਅੰਮ੍ਰਿਤਪਾਲ ਸਿੰਘ ਬਸ਼ੀ ਪਠਾਣਾ, ਲੱਖਾ ਮਹੇਸ਼ਪੁਰੀਆ, ਸੁਖਦੇਵ ਸਿੰਘ ਗੱਗੜਵਾਲ, ਗੁਰਪ੍ਰੀਤ ਸਿੰਘ ਦੁੱਲਵਾ, ਲਖਵੀਰ ਸਿੰਘ ਕੋਟਲਾ, ਮਨਜੀਤ ਸਿੰਘ ਮਹੱਦੀਆ ਆਦਿ ਵੱਡੀ ਗਿਣਤੀ ਵਿਚ ਗੱਤਕਾ ਮੁਕਾਬਲਾ ਦੇਖਣ ਲਈ ਵੱਡਾ ਉਤਸਾਹ ਸੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>