ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸਹੀ ਅਰਥਾਂ ਵਿਚ ਸਿੱਖ ਸਿਧਾਂਤਾ ਵਾਲਾ ਰਾਜ ਸੀ : ਗਿਆਨੀ ਗੁਰਬਚਨ ਸਿੰਘ

ਨਵੀਂ ਦਿੱਲੀ : ਬਾਬਾ ਬੰਦਾ ਸਿੰਘ ਬਹਾਦਰ ਦੇ 300ਵੇਂ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਤਬ ਮੀਨਾਰ ਫੈਸਟੀਵਲ ਪਾਰਕ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਤਖਤ ਸਾਹਿਬਾਨਾਂ ਦੇ ਜਥੇਦਾਰ, ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਸੰਤ ਮਹਾਪੁਰਸ਼ ਅਤੇ ਸਿਆਸੀ ਆਗੂਆਂ ਨੇ ਹਾਜ਼ਰੀ ਭਰੀ। ਪਹਿਲੀ ਵਾਰ ਕੁਤਬ ਮੀਨਾਰ ਤੇ ਕਰਵਾਏ ਗਏ ਸਮਾਗਮ ਵਿਚ ਦੇਸ਼ ਵਿਦੇਸ਼ ਦੀਆਂ ਹਜਾਰਾਂ ਸੰਗਤਾਂ ਨੇ ਦੁਪਹਿਰ ਬਾਅਦ 3.30 ਵਜੇ ਤੋਂ ਦੇਰ ਰਾਤ 1 ਵਜੇ ਤਕ ਚਲੇ ਦੀਵਾਨ ਵਿਚ ਬਾਬਾ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ।

ਸਮਾਗਮ ਦੀ ਥਾਂ ਤੋਂ ਥੋੜੀ ਦੂਰ ਦਿੱਲੀ ਕਮੇਟੀ ਵੱਲੋਂ ਪਾਰਕ ਰੂਪੀ ਵਿਕਸਿਤ ਕੀਤੀ ਜਾ ਰਹੀ ਯਾਦਗਾਰ ਵਿਚ ਦਿੱਲੀ ਸਰਕਾਰ ਵੱਲੋਂ ਬਾਬਾ ਜੀ ਦਾ ਬੁੱਤ ਲਗਾਉਣ ਵਾਸਤੇ ਨਹੀਂ ਦਿੱਤੀ ਜਾ ਰਹੀ ਮਨਜੂਰੀ ਵੀ ਸਮਾਗਮ ਦੌਰਾਨ ਚਰਚਾ ਵਿਚ ਰਹੀ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜਿਥੇ ਦਿੱਲੀ ਸਰਕਾਰ ਨੂੰ ਬੁੱਤ ਦੀ ਮਨਜੂਰੀ ਦੇਣ ਲਈ ਇੱਕ ਹਫ਼ਤੇ ਦਾ ਅਲਟੀਮੈਟਮ ਦਿਤਾ ਉਥੇ ਹੀ ਪੰਥ ਦੇ ਉੱਘੇ ਢਾਡੀ ਭਾਈ ਤਰਸ਼ੇਮ ਸਿੰਘ ਮੋਰਾਵਾਲੀ ਨੇ ਬਾਬਾ ਜੀ ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਗਾਇਨ ਕਰਦੇ ਹੋਏ ਨਿਹੰਗ ਜਥੇਬੰਦੀਆਂ ਦੀ ਅਗਵਾਈ ਵਿਚ ਪਾਰਕ ਵਿਖੇ ਬਾਬਾ ਜੀ ਦਾ ਬੁੱਤ ਸੰਗਤਾਂ ਵੱਲੋਂ ਛੇਤੀ ਹੀ ਬਿਨਾਂ ਮਨਜੂਰੀ ਦੇ ਲਗਾ ਦੇਣ ਦੀ ਵੀ ਚੇਤਾਵਨੀ ਦਿੱਤੀ। ਪੰਥ ਪ੍ਰਸਿੱਧ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਸ਼ਹਾਦਤ ਬਾਰੇ ਗੁਰਮਤਿ ਦੇ ਆਧਾਰ ਤੇ ਜਾਣਕਾਰੀ ਦਿੱਤੀ।

ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ਼੍ਰੀ ਕੇਸ਼ਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖਤ ਸ਼੍ਰੀ ਹਰਿਮੰਦਰ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖਤ ਸ਼੍ਰੀ ਹਜੂਰ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਰਾਮ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰਿਆਵੇਲਾ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ, ਬਾਬਾ ਬਿੱਧੀ ਚੰਦ ਦਲ ਦੇ ਮੁਖੀ ਬਾਬਾ ਅਵਤਾਰ ਸਿੰਘ ਅਤੇ ਹਜੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਦਿੱਲੀ ਕਮੇਟੀ ਵੱਲੋਂ ਸਿਰੋਪਾਉ, ਪ੍ਰਤੀਕ ਚਿਨ੍ਹ ਅਤੇ ਨਾਨਕਸ਼ਾਹੀ ਸਿੱਕਾ ਦੇ ਕੇ ਇਸ ਮੌਕੇ ਸਨਮਾਨ ਕੀਤਾ ਗਿਆ।

ਤਖਤ ਸ਼੍ਰੀ ਹਜ਼ੂਰ ਸਾਹਿਬ ਵੱਲੋਂ ਜੀ.ਕੇ. ਦਾ ਅਤੇ ਨਿਹੰਗ ਜਥੇਬੰਦੀਆਂ ਵੱਲੋਂ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਕਮੇਟੀ ਨੂੰ ਸ਼ਹੀਦੀ ਸ਼ਤਾਬਦੀ ਲਈ 2 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਕਾਇਮ ਕੀਤੇ ਜਾ ਰਹੇ ਕਿਲੇ, ਸਕੂਲ ਅਤੇ ਕਾਲਜ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਬਾਬਾ ਜੀ ਦਾ ਨਾਂ ਕੌਮਾਂਤਰੀ ਪਧਰ ਤੇ ਪਹੁੰਚਾਉਣ ਵਾਸਤੇ ਕੀਤੇ ਗਏ ਉਪਰਾਲਿਆਂ ਦੀ ਸਲਾਘਾ ਕੀਤੀ। ਦਿੱਲੀ ਕਮੇਟੀ ਪ੍ਰਬੰਧਕਾਂ ਨੂੰ ਆਪਣਾ ਛੋਟੇ ਵੀਰ ਦਸਦੇ ਹੋਏ ਉਨ੍ਹਾਂ ਨੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਟਨਾ ਸਾਹਿਬ ਵਿਖੇ ਜਨਵਰੀ 2017 ਵਿਚ ਮਨਾਏ ਜਾ ਰਹੇ 350ਵੇਂ ਪ੍ਰਕਾਸ਼ ਪੁਰਬ ਮੌਕੇ ਹਾਜ਼ਰੀ ਭਰਨ ਦਾ ਵੀ ਸੱਦਾ ਦਿੱਤਾ।

ਗਿਆਨੀ ਗੁਰਬਚਨ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਆਪਣੇ ਰਾਜ ਦੌਰਾਨ ਕਾਸਤਕਾਰਾਂ ਨੂੰ ਜਮੀਨਾਂ ਦਾ ਮਾਲਕ ਬਣਾਉਣ ਬਾਰੇ ਬੋਲਦੇ ਹੋਏ ਕਿਹਾ ਕਿ ਬਾਬਾ ਜੀ ਨੇ ਆਪਣੇ ਦਰਬਾਰ ਵਿਚ ਉਨ੍ਹਾਂ ਲੋਕਾਂ ਨੂੰ ਅਹਿਲਕਾਰ ਬਣਾਇਆ ਜਿਨ੍ਹਾਂ ਨੂੰ ਕੋਈ ਜਾਣਦਾ ਵੀ ਨਹੀਂ ਸੀ। ਬਾਬਾ ਜੀ ਦੇ ਰਾਜ ਨੂੰ ਉਨ੍ਹਾਂ ਨੇ ਸਹੀ ਅਰਥਾਂ ਵਿਚ ਸਿੱਖ ਸਿਧਾਂਤਾ ਵਾਲਾ ਰਾਜ ਦੱਸਿਆ। ਦਿੱਲੀ ਕਮੇਟੀ ਦੇ ਸ਼ਤਾਬਦੀ ਸਬੰਧੀ ਪ੍ਰੋਗਰਾਮਾ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਨੇ ਇਨ੍ਹਾਂ ਸਮਾਗਮਾਂ ਵਿਚ ਸਹਿਯੋਗ ਦੇਣ ਲਈ ਨਿਹੰਗ ਜਥੇਬੰਦਿਆਂ, ਟਕਸਾਲ, ਸੇਵਾਪੰਥੀ ਸੰਪ੍ਰਦਾਵਾ ਅਤੇ ਸੇਵਕ ਜਥਿਆਂ ਦਾ ਧੰਨਵਾਦ ਕੀਤਾ।

ਜੀ.ਕੇ. ਨੇ ਸਮਾਗਮ ਵਿਚ ਸੰਗਤਾਂ ਦੇ ਆਏ ਹੜ੍ਹ ਕਾਰਨ ਪ੍ਰਬੰਧਾਂ ਵਿਚ ਆਈ ਘਾਟ ਲਈ ਮੁਆਫੀ ਮੰਗਦੇ ਹੋਏ ਸ਼ਤਾਬਦੀ ਸਬੰਧੀ ਦਿੱਲੀ ਕਮੇਟੀ ਵੱਲੋਂ ਇਕ ਸਾਲ ਦੌਰਾਨ ਪੂਰੇ ਦੇਸ਼ ਵਿਚ ਕਰਵਾਏ ਗਏ ਸਮਾਗਮਾਂ ਦਾ ਵੇਰਵਾ ਦਿੱਤਾ। ਲਾਲ ਕਿਲੇ ਤੇ ਫਤਹਿ ਦਿਵਸ ਅਤੇ ਕੁਤਬ ਮੀਨਾਰ ਤੇ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਕਮੇਟੀ ਦੇ ਉਪਰਾਲਿਆਂ ਨੂੰ ਸੰਗਤਾਂ ਵੱਲੋਂ ਮਿਲੇ ਭਰਵੇ ਹੁੰਗਾਰੇ ਨੂੰ ਜੀ.ਕੇ. ਨੇ ਕਮੇਟੀ ਲਈ ਪ੍ਰੇਰਣਾਂ ਦਾ ਸ੍ਰੋਤ ਦੱਸਿਆ। ਜੀ.ਕੇ. ਨੇ ਸੰਗਤਾਂ ਨੂੰ ਬੱਚਿਆਂ ਦੇ ਨਾਲ ਸਮਾਗਮਾ ਵਿਚ ਹਾਜਰੀ ਭਰਨ ਅਤੇ ਉਚੇਰੀ ਸਿਖਿਆ ਦੇਣ ਦੀ ਅਪੀਲ ਕੀਤੀ। ਜੀ.ਕੇ. ਨੇ ਸਮੂਚੇ ਪੰਥ ਦਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਵਿਚ ਸਹਿਯੋਗ ਕਰਨ ਲਈ ਧੰਨਵਾਦ ਕਰਦੇ ਹੋਏ ਸੰਗਤਾਂ ਪਾਸੋਂ ਮਿਲੇ ਸਹਿਯੋਗ ਨੂੰ ਬੇਮਿਸਾਲ ਦੱਸਿਆ।

ਦਿੱਲੀ ਵਿਚ ਬਾਰ-ਬਾਰ ਸਿੱਖਾਂ ਤੇ ਹੋਏ ਜੁਲਮਾਂ ਦੀ ਗੱਲ ਕਰਦੇ ਹੋਏ ਸਿਰਸਾ ਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਹਾਦਤ, 1965 ਅਤੇ 1984 ਵਿਚ ਸਿੱਖਾਂ ਦਾ ਹੋਏ ਕਤਲੇਆਮ ਦਾ ਵੀ ਹਵਾਲਾ ਦਿੱਤਾ। ਸਿਰਸਾ ਨੇ ਕੌਮ ਨੂੰ ਭਰਾ-ਮਾਰੂ ਜੰਗ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਮੁਗਲਾਂ ਅਤੇ ਅੰਗਰੇਜਾ ਦੇ ਜਮਾਨੇ ਦੀ ਇਮਾਰਤਾਂ ਨੂੰ ਹਮਲਾਵਰਾਂ ਦੀਆਂ ਨਿਸ਼ਾਨੀਆਂ ਵੱਜੋਂ ਪਰਿਭਾਸ਼ਿਤ ਕੀਤਾ। ਸਿਰਸਾ ਨੇ ਸਵਾਲ ਕੀਤਾ ਕਿ ਅਸੀਂ ਆਪਣਾ ਇਤਿਹਾਸ ਵਿਦੇਸ਼ੀਆਂ ਨੂੰ ਦਿਖਾਉਣ ਦੀ ਬਜਾਏ ਮੁਗਲਾਂ ਅਤੇ ਗੋਰਿਆਂ ਦਾ ਇਤਿਹਾਸ ਕਿੳਂੁ ਦਿਖਾ ਰਹੇ ਹਾਂ ?

ਸਟੇਜ ਸਕੱਤਰ ਦੀ ਸੇਵਾ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਬਾਖੂਬੀ ਨਿਭਾਈ। ਇਸ ਮੌਕੇ ਕਮੇਟੀ ਅਹੁੱਦੇਦਾਰ ਅਤੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਸਨ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>