ਜੈਤੋ, (ਧਰਮਪਾਲ ਪੁੰਨੀ) – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਬਾਦਲ ਦਾ ਸਿਆਸੀ ਭਵਿੱਖ ਤੂਫਾਨ ਵਿਚ ਘਿਰੀ ਕਿਸ਼ਤੀ ਵਰਗਾ ਹੋ ਗਿਆ ਹੈ ਕਿਉਂਕਿ ਇਕ ਦਹਾਕੇ ਦੌਰਾਨ ਲਗਾਤਾਰ ਵਿਧਾਨ ਸਭਾ ਵਿਚੋਂ ਮਿਲੀ ਹਾਰ ਨੇ ਉਹਨਾਂ ਨੂੰ ਜਿੱਥੇ ਰਾਜ ਭਾਗ ਤੋਂ ਦੂਰ ਕਰ ਦਿੱਤਾ ਹੈ ਉਥੇ ਅਕਾਲੀ ਦਲ ਦੇ ਸੁਪਰੀਮੋ ਨੇ ਇਸ ਪਰਿਵਾਰ ਨੂੰ ਕੋਈ ਸੰਵਿਧਾਨਕ ਅਹੁਦਾ ਨਾ ਦੇ ਕੇ ਰਾਜਨੀਤਿਕ ਹਾਸ਼ੀਏ ਤੋਂ ਲਾਂਭੇ ਕਰ ਦਿੱਤਾ ਹੈ। ਗੁਰਦੇਵ ਸਿੰਘ ਬਾਦਲ ਦੇ ਸਪੁੱਤਰ ਸੂਬਾ ਸਿੰਘ ਬਾਦਲ ਬਹੁਤ ਦੇਰ ਤੱਕ ਵਿਧਾਨ ਸਭਾ ਹਲਕਾ ਜੈਤੋ ਦੇ ਹਲਕਾ ਇੰਚਾਰਜ ਲੱਗਣ ਲਈ ਇੰਤਜ਼ਾਰ ਕਰਦੇ ਰਹੇ ਪਰੰਤੁ ਅਕਾਲੀ ਦਲ ਨੇ ਪਹਿਲਾਂ ਮਨਤਾਰ ਸਿੰਘ ਬਰਾੜ ਨੂੰ ਅਤੇ ਫਿਰ ਪ੍ਰਕਾਸ਼ ਸਿੰਘ ਭੱਟੀ ਨੂੰ ਹਲਕਾ ਇੰਚਾਰਜ ਥਾਪ ਦਿੱਤਾ। 2012 ਦੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੈਤੋ ਹਲਕੇ ਦੀ ਦੂਸਰੀ ਲਾਈਨ ਦੀ ਅਕਾਲੀ ਲੀਡਰਸ਼ਿਪ ਨੇ ਗੁਰਦੇਵ ਸਿੰਘ ਬਾਦਲ ਦੇ ਖਿਲਾਫ ਝੰਡਾ ਚੁੱਕ ਕੇ ਕਿਸੇ ਹੋਰ ਨੂੰ ਜੈਤੋ ਦਾ ਹਲਕਾ ਇੰਚਾਰਜ ਲਾਉਣ ਦੀ ਬੇਨਤੀ ਪਾਰਟੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਸੀ ਜਿੰਨਾ ਨੇ ਵਿਧਾਨ ਸਭਾ ਹਲਕਾ ਬੱਲੂਆਣਾ ਤੋਂ ਚੋਣ ਹਾਰ ਕੇ ਆਏ ਪ੍ਰਕਾਸ਼ ਸਿੰਘ ਭੱਟੀ ਨੂੰ ਜੈਤੋ ਹਲਕੇ ਦਾ ਇੰਚਾਰਜ ਲਗਾ ਦਿੱਤਾ। ਪ੍ਰਕਾਸ਼ ਸਿੰਘ ਭੱਟੀ ਤੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਵਾਲੇ ਹੀ ਹੁਣ ਉਸ ਵੱਲੋਂ ਅੱਖੋਂ ਪਰੋਖੇ ਕਰਨ ਦੀ ਨਾਮੋਸ਼ੀ ਝੱਲ ਰਹੇ ਹਨ। ਕਰੀਬ ਦੋ ਕੁ ਸਾਲ ਬਾਅਦ ਹੀ ਹਲਕੇ ਦੀ ਦੂਸਰੀ ਲਾਈਨ ਦੀ ਅਕਾਲੀ ਲੀਡਰਸ਼ਿਪ ਹੁਣ ਫਿਰ ਜੈਤੋ ਹਲਕੇ ਦਾ ਇੰਚਾਰਜ ਬਦਲਣ ਲਈ ਸੜਕਾਂ ਉਤੇ ਉਤਰ ਚੁੱਕੀ ਹੈ। ਇਸ ਵਾਰ ਇਸ ਲੀਡਰਸ਼ਿਪ ਨੇ ਸਾਬਕਾ ਖੇਤੀਬਾੜੀ ਮੰਤਰੀ ਗੁਰਦੇਵ ਸਿੰਘ ਬਾਦਲ ਦੇ ਸਪੁੱਤਰ ਸੂਬਾ ਸਿੰਘ ਬਾਦਲ ਨੂੰ ਆਪਣਾ ਲੀਡਰ ਮੰਨ ਕੇ ਉਸ ਨੂੰ ਹਲਕਾ ਇੰਚਾਰਜੀ ਦੀ ਕਲਗੀ ਦੇਣ ਲਈ ਪਾਰਟੀ ਸੁਪਰੀਮੋ ਅੱਗੇ ਅਰਜ਼ੋਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਭੱਟੀ ਨੇ ਆਪਣੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰ ਲਿਆ ਜਿਸ ਕਾਰਨ ਸਥਾਨਕ ਲੀਡਰਸ਼ਿਪ ਜ਼ਿਆਦਾ ਔਖੀ ਹੋ ਗਈ। ਹਲਕੇ ਦੇ ਵਸਨੀਕਾਂ ਵੱਲੋਂ ਹਲਕਾ ਇੰਚਾਰਜ ਨਾਲ ਸਿੱਧਾ ਸੰਪਰਕ ਕਰਨ ਦੀ ਸੂਰਤ ਵਿਚ ਸਥਾਨਕ ਲੀਡਰਸ਼ਿਪ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਣ ਦਾ ਡਰ ਸਤਾਉਣ ਲੱਗ ਪਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਇਸੇ ਸਾਲ ਹੋਣ ਦੇ ਆਸਾਰ ਵੀ ਬਣਦੇ ਨਜ਼ਰ ਆ ਰਹੇ ਹਨ ਜਿਸ ਕਾਰਨ ਸਥਾਨਕ ਕਮੇਟੀ ਮੈਂਬਰ ਨੂੰ ਆਪਣੀ ਉਮੀਦਵਾਰੀ ਵੀ ਖੁੱਸਦੀ ਜਾਪਦੀ ਹੈ। ਰਾਜਨੀਤਿਕ ਸਫਾਂ ਵਿਚ ਜਿੱਥੇ ਪ੍ਰਕਾਸ਼ ਸਿੰਘ ਭੱਟੀ ਤੇਜ਼ ਤਰਾਰ ਆਗੂ ਵਿਚ ਉਭਰੇ ਹਨ ਉਥੇ ਸੂਬਾ ਸਿੰਘ ਬਾਦਲ ਆਪਣੇ ਨਿਮਰ ਸੁਭਾਅ ਕਾਰਨ ਮਿੱਠ ਬੋਲੜੇ ਆਗੂ ਵਜੋਂ ਜਾਣੇ ਜਾਂਦੇ ਹਨ ਜਿਹੜੇ ਸਭਨਾਂ ਨੂੰ ਨਾਲ ਲੈ ਕੇ ਚੱਲਣ ਦੇ ਮੁਦਈ ਰਹੇ ਹਨ। ਅਕਾਲੀ ਦਲ ਵਿਚ ਲਗਾਤਾਰ ਹਾਸ਼ੀਏ ਤੇ ਰਹੇ ਗੁਰਦੇਵ ਬਾਦਲ ਪਰਿਵਾਰ ਵੱਲੋਂ ਸਿਆਸੀ ਕਾਟਾ ਬਦਲ ਕੇ ਕਿਸੇ ਹੋਰ ਸਿਆਸੀ ਧਿਰ ਨਾਲ ਜੁੜਨ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ ਜਿਸ ਕਾਰਨ ਅਕਾਲੀ ਦਲ ਵੱਲੋਂ ਉਹਨਾਂ ਨੂੰ ਬਣਦਾ ਸਤਿਕਾਰ ਦੇਣ ਲਈ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਉਮੀਦਵਾਰੀ ਵੀ ਦਿੱਤੀ ਜਾ ਸਕਦੀ ਹੈ। ਹੁਣ ਵੱਡੀ ਗੱਲ ਇਹ ਹੈ ਕਿ ਪਿੱਛਲੇ ਤਿੰਨ ਸਾਲਾਂ ਤੋਂ ਹਲਕੇ ਵਿਚ ਹਰ ਗਰਾਂਟ ਨੂੰ ਵੰਡਣ ਦੀ ਜ਼ਿੰੇਮੇਵਾਰੀ ਪ੍ਰਕਾਸ਼ ਸਿੰਘ ਭੱਟੀ ਨੇ ਸੰਭਾਲੀ ਹੋਈ ਹੈ ਤਾਂ ਹੁਣ ਉਸ ਨੂੰ ਇਸ ਤਰ੍ਹਾਂ ਕਿਨਾਰੇ ਕਰਨਾ ਵੀ ਅਕਾਲੀ ਦਲ ਲਈ ਬਹੁਤ ਔਖਾ ਫੈਸਲਾ ਹੋਵੇਗਾ। ਪੰਜਾਬ ਵਿਚ ਰਾਜਨੀਤਿਕ ਤੌਰ ਉਤੇ ਅਕਾਲੀ ਦਲ ਦੀ ਹਾਲਤ ਪਹਿਲਾਂ ਹੀ ਕੋਈ ਬਹੁਤੀ ਚੰਗੀ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਦੇ ਲਗਾਤਾਰ ਵੱਧਦੇ ਆਧਾਰ ਨੇ ਪੰਜਾਬੀਆਂ ਵਿਚ ਬਹੁਤ ਲੋਕਪ੍ਰਿਯਤਾ ਹਾਸਲ ਕਰ ਲਈ ਹੈ ਅਤੇ ਪੰਜਾਬ ਦੇ ਵਸਨੀਕਾਂ ਵਿਚ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਵੱਲੋਂ ਸਿਰਫ ਇਕ ਸਾਲ ਵਿਚ ਕੀਤੇ ਕੰਮਾਂ ਦਾ ਵੇਰਵਾ ਤਾਂ ਜ਼ੁਬਾਨੀ ਯਾਦ ਹੈ ਪਰ ਅਕਾਲੀ ਦਲ ਦੀ ਸਰਕਾਰ ਵੱਲੋਂ ਪਿੱਛਲੇ ਦਸ ਸਾਲਾਂ ਦੌਰਾਨ ਕੀਤੇ ਕਾਰਜਾਂ ਦਾ ਇਕ ਸ਼ਬਦ ਵੀ ਚੇਤੇ ਨਹੀਂ। ਅਕਾਲੀ ਦਲ ਨੂੰ ਆਪਣੇ ਹੀ ਘਰ ਅੰਦਰ ਖਾਨਾਜੰਗੀ ਵਰਗੀ ਹੋਈ ਇਸ ਹਾਲਤ ਨੇ ਪਾਣੀਓਂ ਪਤਲੇ ਕਰ ਦਿੱਤਾ ਹੈ।