ਡੇਰਾ ਪ੍ਰੇਮੀ ਕਤਲ ਕਾਂਡ ’ਚ ਰਣਜੀਤ ਸਿੰਘ ਨੂੰ ਹਿਰਾਸਤ ’ਚ ਲਏ ਜਾਣ ’ਤੇ ਸੰਗਤਾਂ ਅਤੇ ਸਟੱਡੀ ਸਰਕਲ ’ਚ ਭਾਰੀ ਰੋਸ

ਜੈਤੋ,(ਧਰਮ ਪਾਲ ਪੁੰਨੀ) -  ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਵਾਪਰੇ ਡੇਰਾ ਪ੍ਰੇਮੀ ਕਤਲ ਕਾਂਡ ਵਿੱਚ ਪਿੰਡ ਦੇ ਗੁਰਸਿੱਖ ਨੌਜੁਆਨਾਂ ਨੂੰ ਪੰਜਾਬ ਪੁਲਿਸ ਵੱਲੋਂ ਨਜਾਇਜ਼ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਦੇ ਜ਼ੋਨਲ ਦਫ਼ਤਰ ਵਿਖੇ ਹੋਈ ਭਰਵੀਂ ਇਕੱਤਰਤਾ ਤੋਂ ਬਾਅਦ ਪ੍ਰੈੱਸ ਨੋਟ ਜਾਰੀ ਕਰਦਿਆਂ ਡਾ.ਅਵੀਨਿੰਦਰਪਾਲ ਸਿੰਘ ਐਡੀੰਸ਼ਨਲ ਚੀਫ਼ ਸਕੱਤਰ, ਸ਼ਿਵਰਾਜ ਸਿੰਘ ਜ਼ੋਨਲ ਪ੍ਰਧਾਨ, ਪ੍ਰੋਫੈਸਰ ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪਿੰਡ ਵਿੱਚ ਸਟੱਡੀ ਸਰਕਲ ਦੇ ਖੇਤਰ ਸਕੱਤਰ ਭਾਈ ਰਣਜੀਤ ਸਿੰਘ ਨੂੰ ਪੁਲਿਸ ਨੇ ਬਿਨਾਂ ਕਿਸੇ ਸਬੂਤ ਘਰੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹ ਵੀਰ ਲੰਬੇ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲਾਂ ਕਾਲਜਾਂ ਵਿਚ ਕੀਤੀਆਂ ਜਾ ਰਹੀਆਂ ਧਾਰਮਿਕ ਤੇ ਵਿਦਿਅਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਪਾ ਰਿਹਾ ਹੈ। ਇਸ ਦਾ ਉਕਤ ਡੇਰਾ ਪ੍ਰੇਮੀ ਕਤਲ ਕਾਂਡ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ।ਇਸ ਦੇ ਨਾਲ ਹੀ ਪਿੰਡ ਦੇ ਇਕ ਹੋਰ ਗੁਰਸਿੱਖ ਨੌਜੁਆਨ ਗੁਰਜੀਤ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।ਇਹ ਗ੍ਰਿਫਤਾਰੀਆਂ ਸੱਚਾਈ ਤੋਂ ਕੋਹਾਂ ਦੂਰ ਅਤੇ ਤੱਥਾਂ ਤੋਂ ਬਗੈਰ ਕੀਤੀਆਂ ਗਈਆਂ ਹਨ। ਇਸ ਸਬੰਧੀ ਰਾਜਨੀਤਿਕ ਦਬਾਅ ਹੋਣ ਕਰਕੇ ਘਰਦਿਆਂ ਅਤੇ ਪਿੰਡ ਵਾਲਿਆਂ ਦੀ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਆਖਿਆ ਕਿ ਗੁਰੂ ਗੋਬਿੰਦ ਸਟੱਡੀ ਸਰਕਲ ਪਿਛਲੇ ਲੰਮੇ ਅਰਸੇ ਤੋਂ ਵਿਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਰਾਹੀਂ ਨੈਤਿਕ ਇਨਕਲਾਬ ਲਿਆਉਣ ਲਈ ਯਤਨਸ਼ੀਲ ਹੈ ਅਤੇ 5000 ਤੋਂ ਵੱਧ ਵਿਦਿਅਕ ਸੰਸਥਾਵਾਂ ਵਿੱਚ ਸੇਵਾ ਕਾਰਜ ਚੱਲ ਰਹੇ ਹਨ। ਇਹਨਾਂ ਕਾਰਜਾਂ ਅਧੀਨ ਹੀ ਰਣਜੀਤ ਸਿੰਘ ਪਿਛਲੇ 18 ਸਾਲਾਂ ਤੋਂ ਸਟੱਡੀ ਸਰਕਲ ਦਾ ਕਾਰਜਕਰਤਾ ਹੈ ਅਤੇ ਇਸ ਵੱਲੋਂ ਸੇਵਾ ਕਾਰਜਾਂ ਤੋਂ ਬਿਨਾਂ ਕਿਸੇ ਵੀ ਰਾਜਨੀਤਿਕ ਜਾਂ ਕਿਸੇ ਵੀ ਇਤਰਾਜਯੋਗ ਸਰਗਰਮੀ ਵਿੱਚ ਹਿੱਸਾ ਨਹੀਂ ਲਿਆ ਗਿਆ ਹੈ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਸਿੱਖ ਨੌਜੁਆਨਾਂ ਦੀ ਗ੍ਰਿਫਤਾਰੀ ਨੂੰ ਮੰਦਭਾਗਾ ਕਰਾਰ ਦਿੰਦਿਆਂ ਜਲਦ ਤੋਂ ਜਲਦ ਰਣਜੀਤ ਸਿੰਘ ਨੂੰ ਰਿਹਾਅ ਕਰਨ ਦੀ ਮੰਗ ਕੀਤੀੇ। ਇਸ ਮੌਕੇ, ਨਵਨੀਤ ਸਿੰਘ ਖੇਤਰ ਸਕੱਤਰ, ਲਖਵਿੰਦਰ ਸਿੰਘ, ਪਰਮਿੰਦਰ ਸਿੰਘ ਮੁਕਤਸਰ, ਕੁਲਦੀਪ ਸਿੰਘ ਫਰੀਦਕੋਟ, ਗੁਰਚਰਨ ਸਿੰਘ ਜੈਤੋਂ, ਸਤਵੀਰ ਸਿੰਘ ਬਾਘਾ ਪੁਰਾਣਾ, ਜਗਰੂਪ ਸਿੰਘ ਦੋਦਾ, ਹਰਬੰਸ ਸਿੰਘ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਹਾਜ਼ਰ ਸਨ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>