ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਰਤ ਵੱਲੋਂ ਐਨ.ਐਸ.ਜੀ. ਦਾ ਮੈਂਬਰ ਬਣਨ ਦਾ ਇਸ ਦਲੀਲ ਰਾਹੀ ਵਿਰੋਧ ਕੀਤਾ ਜਾ ਰਿਹਾ ਹੈ, ਤਾਂ ਕਿ ਪ੍ਰਮਾਣੂ ਸ਼ਕਤੀ ਦੇ ਭਾਰਤ ਵੱਲੋ ਇਕੱਤਰ ਕੀਤੇ ਜਾਣ ਵਾਲੇ ਪ੍ਰਮਾਣੂ ਭੰਡਾਰਾਂ ਦੀ ਬਦੌਲਤ, ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਕਿਸੇ ਵੀ ਸਮੇਂ ਜੰਗ ਵਰਗੀ ਮਨੁੱਖਤਾ ਵਿਰੋਧੀ ਅਮਲ ਕਰਨ ਲਈ ਉਤਸਾਹਿਤ ਨਾ ਹੋਵੇ । ਕਿਉਂਕਿ ਪ੍ਰਮਾਣੂ ਜੰਗ ਲੱਗਣ ਦੀ ਸੂਰਤ ਵਿਚ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕਾ ਜੰਗ ਦਾ ਮੈਦਾਨ ਬਣਨਗੇ ਅਤੇ ਸਿੱਖ ਕੌਮ ਦਾ ਤਾਂ ਇਹਨਾਂ ਦੀ ਦੋਵਾਂ ਮੁਲਕਾਂ ਦੀ ਦੁਸ਼ਮਣੀ ਵਿਚ ਬੀਜ਼ ਨਾਸ ਹੋ ਕੇ ਰਹਿ ਜਾਵੇਗਾ । ਜਦੋਂਕਿ ਸਿੱਖ ਕੌਮ ਦਾ ਨਾ ਤਾਂ ਇਸਲਾਮਿਕ ਪਾਕਿਸਤਾਨ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਤੇ ਦੁਸ਼ਮਣੀ ਹੈ ਅਤੇ ਨਾ ਹੀ ਹਿੰਦੂ ਭਾਰਤ ਨਾਲ । ਫਿਰ ਸਿੱਖ ਕੌਮ ਇਹਨਾਂ ਦੋਵਾਂ ਦੁਸ਼ਮਣ ਮੁਲਕਾਂ ਦੇ ਆਪਸੀ ਤਣਾਅ ਦੀ ਬਦੌਲਤ ਪ੍ਰਮਾਣੂ ਜੰਗ ਦੇ ਵੱਡੇ ਖ਼ਤਰੇ ਦਾ ਨਿਸ਼ਾਨਾਂ ਕਿਉਂ ਬਣਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲੀਲ ਢੰਗ ਰਾਹੀ ਭਾਰਤ ਵਰਗੇ ਘੱਟ ਗਿਣਤੀ ਕੌਮਾਂ ਵਿਰੋਧੀ ਮੁਲਕ ਨੂੰ ਐਨ.ਐਸ.ਜੀ. ਅਤੇ ਐਮ.ਟੀ.ਸੀ.ਆਰ. ਵਰਗੀਆਂ ਕੌਮਾਂਤਰੀ ਸੰਸਥਾਵਾਂ ਤੋਂ ਦੂਰ ਰੱਖਣ ਦੀ ਜੋਰਦਾਰ ਅਪੀਲ ਕਰਦੇ ਹੋਏ ਅਤੇ ਸਿੱਖ ਵਸੋਂ ਵਾਲੇ ਇਲਾਕਿਆ ਨੂੰ ਜੰਗ ਦਾ ਅਖਾੜਾ ਨਾ ਬਣਨ ਦੇਣ ਦੀ ਇਨਸਾਨੀਅਤ ਪੱਖੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹੁਣ ਜਦੋਂ ਭਾਰਤ ਐਮ.ਟੀ.ਸੀ.ਆਰ. (ਮਿਜ਼ਾਇਲ ਟੈਕਨੋਲੋਜੀ ਕੰਟਰੋਲ ਰਿਜ਼ਾਇਮ) ਕਲੱਬ ਦਾ ਮੈਂਬਰ ਬਣਨ ਜਾ ਰਿਹਾ ਹੈ, ਇਸ ਨਾਲ ਤਾਂ ਭਾਰਤ ਨੂੰ ਮਿਜ਼ਾਇਲ ਨਾਲ ਸੰਬੰਧਤ ਹਰ ਤਰ੍ਹਾਂ ਦੀ ਤਕਨੀਕ ਦੂਸਰੇ ਮੁਲਕਾਂ ਤੋ ਪ੍ਰਾਪਤ ਕਰਨ ਅਤੇ ਮਾਰੂ ਤੋ ਮਾਰੂ ਮਿਜ਼ਾਇਲਾਂ ਤਿਆਰ ਕਰਨ ਦੇ ਅਧਿਕਾਰ ਮਿਲ ਜਾਣਗੇ । ਇਸ ਦੇ ਨਾਲ ਹੀ ਭਾਰਤ “ਮਿਜ਼ਾਇਲਾਂ ਦੀ ਤਕਨੀਕ ਰਾਹੀ ਡਰੋਨ ਹਮਲੇ” ਵੀ ਕਰ ਸਕੇਗਾ । ਅਸੀਂ ਦਹਿਸਤਵਾਦ ਨੂੰ ਖ਼ਤਮ ਕਰਨ ਲਈ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੇ ਵਿਰੁੱਧ ਨਹੀਂ ਹਾਂ । ਪਰ ਡਰੋਨ ਹਮਲਿਆ ਰਾਹੀ ਨਿਸ਼ਾਨਾਂ ਬਣਾਉਣ ਵਾਲੇ ਵਿਅਕਤੀ ਦੇ ਨਾਲ-ਨਾਲ ਵੱਡੀ ਗਿਣਤੀ ਵਿਚ ਆਮ ਲੋਕਾਂ ਦੀ ਨੂੰ ਵੀ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈਦੇ ਹਨ । ਜੋ ਕਿ ਕੌਮਾਂਤਰੀ ਮਨੁੱਖੀ ਅਧਿਕਾਰਾਂ, ਕਾਨੂੰਨਾਂ ਅਤੇ ਨਿਯਮਾਂ ਦੀ ਘੋਰ ਉਲੰਘਣਾ ਕਰਨ ਦੇ ਨਾਲ-ਨਾਲ ਮਨੁੱਖਤਾ ਦੇ ਕਤਲੇਆਮ ਲਈ ਇਹਨਾਂ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਨੂੰ ਬਹਾਨਾ ਮਿਲ ਜਾਂਦਾ ਹੈ ਜੋ ਇਨਸਾਨੀ ਕਦਰਾਂ-ਕੀਮਤਾਂ ਅਤੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਨਿਯਮਾਂ ਦਾ ਜ਼ਨਾਜ਼ਾਂ ਕੱਢਣ ਦੇ ਤੁੱਲ ਦੁੱਖਦਾਇਕ ਅਮਲ ਹਨ । ਹਿੰਦੂਤਵ ਭਾਰਤ ਇਹਨਾਂ ਡਰੋਨ ਹਮਲਿਆ ਅਤੇ ਮਿਜ਼ਾਇਲ ਟੈਕਨੋਲੋਜੀ ਦੀ ਦੁਰਵਰਤੋ ਕਰਕੇ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਕੌਮਾਂ ਵਿਚ ਦਹਿਸਤ ਪਾਉਣ ਅਤੇ ਉਹਨਾਂ ਉਤੇ ਅਣਮਨੁੱਖੀ ਜ਼ਬਰ-ਜੁਲਮ ਕਰਨ ਦੇ ਅਮਲ ਕਰਨ ਲਈ ਉਤਸਾਹਿਤ ਹੋਵੇਗਾ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਹਿੰਦੂਤਵ ਭਾਰਤ ਨੂੰ ਐਨ.ਐਸ.ਜੀ. ਅਤੇ ਐਮ.ਟੀ.ਸੀ.ਆਰ. ਕਲੱਬ ਦਾ ਮੈਂਬਰ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਜੋਰਦਾਰ ਇਸੇ ਤਰ੍ਹਾਂ ਵਿਰੋਧ ਕਰਦਾ ਰਹੇਗਾ । ਤਾਂ ਕਿ ਸਿੱਖ ਵਸੋਂ ਵਾਲੇ ਇਲਾਕੇ ਮੈਦਾਨ-ਏ-ਜੰਗ ਦਾ ਰੂਪ ਬਿਲਕੁਲ ਨਾ ਧਾਰ ਸਕਣ ਅਤੇ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਆਪਣੇ ਜੀਵਨ ਨੂੰ ਬਿਨ੍ਹਾਂ ਕਿਸੇ ਡਰ-ਭੈ ਆਦਿ ਤੋਂ ਆਜ਼ਾਦੀ ਅਤੇ ਅਮਨ-ਚੈਨ ਨਾਲ ਜੀ ਸਕਣ ਅਤੇ ਆਪਣੀਆਂ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਾਂਝੇ ਤੌਰ ਤੇ ਫੈਸਲੇ ਕਰਦੇ ਹੋਏ ਖ਼ਤਮ ਕਰਵਾ ਸਕਣ ਅਤੇ ਸਿੱਖ ਕੌਮ ਦੀ ਵੱਖਰੀ ਤੇ ਅਣਖੀਲੀ ਪਹਿਚਾਣ ਨੂੰ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਸਥਾਪਿਤ ਕਰ ਸਕਣ ।