ਹਿਜਬੁਲ ਮੁਜਾਹੂਦੀਨ ਦੇ ਕਮਾਂਡਰ ਬੁਰਹਾਨ ਵਾਣੀ ਨੂੰ ਅਤੇ ਕਸ਼ਮੀਰੀਆਂ ਨੂੰ ਮਾਰਕੇ ਹਿੰਦ ਹਕੂਮਤ ਅਤੇ ਫ਼ੌਜਾਂ ਕਸ਼ਮੀਰ ਘਾਟੀ ਵਿਚ ਅਮਨ ਕਾਇਮ ਨਹੀਂ ਕਰ ਸਕਣਗੀਆਂ : ਮਾਨ

ਫ਼ਤਹਿਗੜ੍ਹ ਸਾਹਿ  “ਸਟੇਟ ਦਹਿਸਤਗਰਦੀ” ਦੀ ਬਦੌਲਤ ਹੀ ਦੂਸਰੀ ਦਹਿਸ਼ਤਗਰਦੀ ਜਨਮ ਲੈਦੀ ਹੈ, ਜਦੋਂ ਹੁਕਮਰਾਨ ਅਤੇ ਹਕੂਮਤਾਂ ਆਪਣੇ ਹੀ ਮੁਲਕ ਨਿਵਾਸੀਆਂ ਦੇ ਗੰਭੀਰ ਮਸਲਿਆ ਨੂੰ ਸਹੀ ਪਹੁੰਚ ਅਪਣਾਕੇ ਹੱਲ ਕਰਨ ਦੀ ਬਜਾਇ ਗੋਲੀ-ਬੰਦੂਕ, ਜ਼ਬਰ-ਜੁਲਮ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲੱਗ ਪੈਣ ਤਾਂ ਜਨਤਾ ਵਿਚੋਂ ਜਿਆਦਤੀਆਂ ਦੀ ਬਦੌਲਤ ਦਹਿਸ਼ਤਗਰਦੀ ਪਨਪਣ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ ? ਜੋ ਕਸ਼ਮੀਰ ਵਿਚ ਘੱਟ ਗਿਣਤੀ ਮੁਸ਼ਲਿਮ ਕੌਮ ਦੇ ਹੱਕ-ਹਕੂਕਾਂ ਲਈ ਸੰਘਰਸ਼ ਕਰ ਰਹੇ ਕਸ਼ਮੀਰੀ ਆਗੂਆਂ ਦੇ ਕਮਾਂਡਰ ਬੁਰਹਾਨ ਵਾਣੀ ਨੂੰ ਝੂਠਾਂ ਪੁਲਿਸ ਮੁਕਾਬਲਾ ਦਿਖਾਕੇ ਮਾਰ ਦਿੱਤਾ ਗਿਆ ਹੈ ਤਾਂ ਅਜਿਹੇ ਅਮਲ ਹਿੰਦ ਹਕੂਮਤ, ਫ਼ੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਕੀਤਾ ਜਾਣ ਵਾਲਾ ਅਣਮਨੁੱਖੀ ਕਾਰਾ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ, ਅਸੂਲਾਂ ਅਤੇ ਸੰਧੀਆਂ ਦਾ ਵੀ ਜਨਾਜ਼ਾਂ ਕੱਢਣ ਵਾਲੇ ਹਨ । ਇਸ ਤਰ੍ਹਾਂ ਆਮ ਕਸ਼ਮੀਰੀਆਂ ਨੂੰ ਖ਼ਤਮ ਕਰਨ ਦੇ ਦੁੱਖਦਾਇਕ ਅਮਲ ਜੰਮੂ-ਕਸ਼ਮੀਰ ਸੂਬੇ ਦੇ ਹੀ ਨਹੀਂ, ਬਲਕਿ ਸਮੁੱਚੇ ਹਿੰਦ ਦੇ ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਕਤਲੇਆਮ ਕਰਨ ਵਾਲੇ ਹਨ, ਜੋ ਅਤਿ ਨਿੰਦਣਯੋਗ ਅਣਮਨੁੱਖੀ ਅਮਲ ਹਨ । ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਸ਼ਬਦਾ ਵਿਚ ਨਿਖੇਧੀ ਕਰਦੇ ਹੋਏ ਹਿੰਦੂਤਵ ਹੁਕਮਰਾਨਾਂ ਦੇ ਅਜਿਹੇ ਇਨਸਾਨੀਅਤ ਵਿਰੋਧੀ ਅਮਲਾਂ ਦੀ ਕੌਮਾਂਤਰੀ ਪੱਧਰ ਤੇ ਪੁਰਜੋਰ ਨਿੰਦਾ ਕਰਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਕਸ਼ਮੀਰ ਵਿਚ ਹਿਜਬੁਲ ਮੁਜਾਹੂਦੀਨ ਦੇ ਆਗੂ ਬੁਰਹਾਨ ਵਾਣੀ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦੇਣ ਅਤੇ ਉਥੋ ਦੇ ਮੁਸਲਿਮ ਨਿਵਾਸੀਆਂ ਉਤੇ ਹੋ ਰਹੇ ਜ਼ਬਰ-ਜੁਲਮ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਕ ਪਾਸੇ ਹਿੰਦੂ ਵੀਰ ਸੰਗੀਨਾਂ ਦੇ ਸਾਏ ਹੇਠ ਸ੍ਰੀ ਅਮਨਾਥ ਦੀ ਯਾਤਰਾ ਕਰਕੇ ਪੂਜਾ ਕਰ ਰਹੇ ਹਨ ਅਤੇ ਦੂਸਰੇ ਪਾਸੇ ਉਸ ਕੁਦਰਤ ਅਕਾਲ ਪੁਰਖ ਦੀ ਪੈਦਾਇਸ ਕਸ਼ਮੀਰ ਵਿਚ ਵੱਸਣ ਵਾਲੇ ਮੁਸਲਿਮ ਜਾਂ ਸਿੱਖ ਨੌਜ਼ਵਾਨਾਂ ਨੂੰ ਨਿਸ਼ਾਨਾਂ ਬਣਾਕੇ ਅਣਮਨੁੱਖੀ ਗੈਰ-ਧਾਰਮਿਕ ਅਮਲ ਹੋ ਰਹੇ ਹਨ । ਉਹਨਾਂ ਕਿਹਾ ਕਿ ਕਿਸ ਤਰ੍ਹਾਂ ਦੀ ਪੂਜਾ ਅਤੇ ਯਾਤਰਾ ਹੈ, ਜੋ ਉਥੋ ਦੇ ਕਸ਼ਮੀਰੀ ਮੁਸਲਮਾਨਾਂ ਜਾਂ ਸਿੱਖਾਂ ਉਤੇ ਜ਼ਬਰ-ਜੁਲਮ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਵਿਚ ਧਕੇਲ ਕੇ ਕੀਤੀ ਜਾ ਰਹੀ ਹੈ ? ਉਹਨਾਂ ਕਿਹਾ ਕਿ ਯੂ.ਐਨ. ਦੀ ਸਕਿਊਰਟੀ ਕਾਊਸਲ ਨੇ ਜਦੋਂ ਸਰਬਸੰਮਤੀ ਨਾਲ ਕਸ਼ਮੀਰ ਵਿਚ ਰਾਏਸੁਮਾਰੀ ਕਰਵਾਉਣ ਦਾ ਮਤਾ ਪਾਸ ਕੀਤਾ ਹੋਇਆ ਹੈ, ਤਾਂ ਕਸ਼ਮੀਰ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਰੱਖਣ ਵਿਚ ਯੂ.ਐਨ.ਓ. ਦੇ ਫੈਸਲੇ ਅਨੁਸਾਰ ਰਾਏਸੁਮਾਰੀ ਕਰਵਾਉਣ ਤੋ ਕਿਉਂ ਭੱਜਿਆ ਜਾ ਰਿਹਾ ਹੈ ? ਰਾਏਸੁਮਾਰੀ ਕਰਵਾਕੇ ਕਸ਼ਮੀਰੀਆਂ ਦੀ ਭਾਵਨਾਵਾਂ ਅਨੁਸਾਰ ਫੈਸਲਾ ਕਰਦੇ ਹੋਏ ਅਮਨ-ਚੈਨ ਨੂੰ ਸਥਾਈ ਤੌਰ ਤੇ ਕਾਇਮ ਕੀਤਾ ਜਾਵੇ ਅਤੇ ਕਸ਼ਮੀਰ ਨਿਵਾਸੀਆਂ ਦੀ ਰਾਏ ਨੂੰ ਮਹੱਤਵ ਦਿੰਦੇ ਹੋਏ ਫੈਸਲਾ ਕੀਤਾ ਜਾਵੇ ।

ਉਹਨਾਂ ਕਿਹਾ ਕਿ 2000 ਵਿਚ ਜੋ ਹਿੰਦ ਫ਼ੌਜ ਨੇ ਚਿੱਠੀ ਸਿੰਘ ਪੁਰਾ ਵਿਖੇ 43 ਅੰਮ੍ਰਿਤਧਾਰੀ ਨਿਰਦੋਸੇ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀ-ਬਰੂਦ ਚਲਾਉਦੇ ਹੋਏ ਅਣਮਨੁੱਖੀ ਢੰਗਾਂ ਰਾਹੀ ਖ਼ਤਮ ਕਰ ਦਿੱਤਾ ਗਿਆ ਸੀ, ਉਸ ਸਮੇਂ ਤੋ ਲੈਕੇ ਅੱਜ ਤੱਕ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਨਾ ਦੇਣ ਦੇ ਅਮਲ ਮੁਸਲਿਮ ਅਤੇ ਸਿੱਖ ਕੌਮ ਵਿਰੁੱਧ ਹੁਕਮਰਾਨਾਂ ਵੱਲੋ ਰਚੀ ਸਾਜਿ਼ਸ ਨੂੰ ਹੀ ਪ੍ਰਤੱਖ ਕਰਦੇ ਹਨ । ਇਹ ਵਰਣਨ ਕਰਨਾ ਜ਼ਰੂਰੀ ਹੈ ਕਿ 1836 ਵਿਚ ਜਦੋਂ ਲੇਹ-ਲਦਾਖ ਖ਼ਾਲਸਾ ਰਾਜ ਦਾ ਹਿੱਸਾ ਸੀ, ਤਾਂ ਉਸ ਸਮੇਂ ਖ਼ਾਲਸਾ ਰਾਜ ਦੀਆਂ ਫ਼ੌਜਾਂ ਨੇ ਅਫਗਾਨੀਸਤਾਨ ਦੇ ਕਸ਼ਮੀਰ ਸੂਬੇ ਨੂੰ ਫ਼ਤਹਿ ਕਰਕੇ ਖ਼ਾਲਸਾ ਰਾਜ ਦੀਆਂ ਹੱਦਾਂ ਵਿਚ ਸ਼ਾਮਿਲ ਕੀਤਾ ਸੀ । ਲੇਕਿਨ ਅੱਜ ਅੱਧਾ ਕਸ਼ਮੀਰ ਪਾਕਿਸਤਾਨ ਦੇ ਅਧੀਨ ਹੈ ਅਤੇ ਅੱਧਾ ਕਸ਼ਮੀਰ ਹਿੰਦੂਸਤਾਨੀ ਹੁਕਮਰਾਨਾਂ ਦੇ । ਉਹਨਾਂ ਕਿਹਾ ਕਿ ਅਸੀਂ ਜੰਮੂ-ਕਸ਼ਮੀਰ ਦੇ ਗਵਰਨਰ ਸ੍ਰੀ ਵੋਹਰਾ ਨੂੰ ਅਨੇਕਾ ਵਾਰ ਕਸ਼ਮੀਰ ਵਿਚ ਹੋਣ ਵਾਲੇ ਘੱਟ ਗਿਣਤੀ ਕੌਮਾਂ ਉਤੇ ਜ਼ਬਰ-ਜੁਲਮ ਦਾ ਵੇਰਵਾ ਦਿੰਦੇ ਹੋਏ ਇਨਸਾਫ਼ ਦੇਣ ਦੀ ਆਵਾਜ਼ ਨੂੰ ਉਠਾ ਚੁੱਕੇ ਹਾਂ, ਪਰ ਗਵਰਨਰ ਜੰਮੂ-ਕਸ਼ਮੀਰ ਵੱਲੋ ਅੱਜ ਤੱਕ ਨਾ ਤਾਂ ਸਿੱਖ ਕਤਲੇਆਮ ਅਤੇ ਨਾ ਹੀ ਹੋ ਰਹੇ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਕਾਨੂੰਨੀ ਅਮਲ ਕੀਤਾ ਗਿਆ ਹੈ। ਸ. ਮਾਨ ਨੇ ਅਮਰਨਾਥ ਯਾਤਰਾ ਸੰਬੰਧੀ ਖਿਆਲ ਪ੍ਰਗਟਾਉਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਕੌਮ, ਧਰਮ ਦੀ ਪੂਜਾ, ਸਰਧਾ-ਭਾਵਨਾ ਦੇ ਵਿਰੁੱਧ ਨਹੀਂ ਹਾਂ । ਪਰ ਮੁਸਲਿਮ ਕੌਮ, ਕਸ਼ਮੀਰੀ ਨੌਜ਼ਵਾਨਾਂ, ਮਜਾਹੂਦੀਨਾਂ ਦਾ ਨਿੱਤ ਦਿਹਾੜੇ ਹਿੰਦ ਦੇ ਹੁਕਮਰਾਨਾਂ ਵੱਲੋ ਕਤਲੇਆਮ ਕਰਕੇ ਕੀਤੀ ਜਾ ਰਹੀ ਸ੍ਰੀ ਅਮਰਨਾਥ ਯਾਤਰਾ ਦੀ ਭਾਵਨਾ ਨੂੰ ਸਫ਼ਲ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ? ਇਕ ਪਾਸੇ ਮਨੁੱਖਤਾ ਦਾ ਕਤਲੇਆਮ ਹੋ ਰਿਹਾ ਹੋਵੇ, ਦੂਸਰੇ ਪਾਸੇ ਧਾਰਮਿਕ ਯਾਤਰਾ ਤਾਂ ਇਸਦਾ ਫ਼ਲ ਹਿੰਦੂ ਵੀਰਾਂ ਨੂੰ ਕਿਸ ਤਰ੍ਹਾਂ ਮਿਲ ਸਕੇਗਾ ? ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮੰਗ ਕਰਦਾ ਹੈ ਕਿ ਕਸ਼ਮੀਰ ਵਿਚ ਮੁਸਲਿਮ ਨੌਜ਼ਵਾਨਾਂ ਦੇ ਕੀਤੇ ਜਾ ਰਹੇ ਅਣਮਨੁੱਖੀ ਕਤਲੇਆਮ ਦੇ ਅਮਲ ਨੂੰ ਫੌਰੀ ਬੰਦ ਕਰਕੇ, ਕਸ਼ਮੀਰ ਵਿਚ ਹੁਣ ਤੱਕ ਹੋਏ ਕਤਲਾਂ, 2000 ਵਿਚ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਦੇ ਹੋਏ ਕਤਲੇਆਮ ਅਤੇ ਹੋਰ ਜ਼ਬਰ-ਜੁਲਮ ਸੰਬੰਧੀ ਨਿਰਪੱਖਤਾ ਨਾਲ ਤਫ਼ਤੀਸ ਕਰਵਾਕੇ ਮੁਸਲਮਾਨਾਂ ਅਤੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਯੂ.ਐਨ. ਸਕਿਊਰਟੀ ਕਾਊਸਲ ਵੱਲੋ ਸਰਬਸੰਮਤੀ ਨਾਲ ਕਸ਼ਮੀਰ ਦੀ “ਰਾਏਸੁਮਾਰੀ” ਕਰਵਾਉਣ ਦੇ ਪਾਸ ਕੀਤੇ ਗਏ ਮਤੇ ਨੂੰ ਪ੍ਰਵਾਨ ਕਰਕੇ ਕਸ਼ਮੀਰੀਆਂ ਦੀ ਭਾਵਨਾਵਾਂ ਅਨੁਸਾਰ ਕਸ਼ਮੀਰ ਸੂਬੇ ਅਤੇ ਉਥੋ ਦੇ ਨਿਵਾਸੀਆਂ ਦੇ ਭਵਿੱਖ ਦਾ ਜੇਕਰ ਇਮਾਨਦਾਰੀ ਨਾਲ ਅਮਲ ਕੀਤਾ ਜਾਵੇ ਤਾਂ ਅਜਿਹਾ ਕਰਨ ਨਾਲ ਕਸ਼ਮੀਰ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਵੀ ਕਾਇਮ ਹੋ ਜਾਵੇਗੀ ਅਤੇ ਜੋ ਹੁਕਮਰਾਨ ਮੰਦਭਾਵਨਾ ਅਧੀਨ ਘੱਟ ਗਿਣਤੀ ਮੁਸਲਿਮ ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਸਮੇਂ-ਸਮੇਂ ਤੇ ਮਨੁੱਖਤਾ ਦਾ ਘਾਣ ਕਰਦੇ ਹਨ, ਉਹ ਵੀ ਸਦਾ ਲਈ ਬੰਦ ਹੋ ਜਾਵੇਗਾ ਅਤੇ ਇਸ ਸਰਹੱਦੀ ਸੂਬੇ ਜੰਮੂ-ਕਸ਼ਮੀਰ ਅਤੇ ਪੰਜਾਬ ਦੀਆਂ ਸਰਹੱਦਾਂ ਤੇ ਸ਼ਾਂਤੀ ਕਾਇਮ ਹੋ ਜਾਵੇਗੀ ਅਤੇ ਵੱਖ-ਵੱਖ ਕੌਮਾਂ ਵਿਚ ਸਾਜ਼ਸੀ ਢੰਗਾਂ ਰਾਹੀ ਪੈਦਾ ਕੀਤੀ ਜਾਣ ਵਾਲੀ ਕੁੜੱਤਣ ਖੁਦ-ਬ-ਖੁਦ ਖ਼ਤਮ ਹੋ ਜਾਵੇਗੀ ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>