ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ

ਸ਼ਰੋਮਣੀ ਅਕਾਲੀ ਦਲ ਨੂੰ ਜੁਝਾਰੂਆਂ ਦੀ ਪਾਰਟੀ ਕਿਹਾ ਜਾਂਦਾ ਸੀ ਕਿਉਂਕਿ ਲੋਕ ਭਲਾਈ ਲਈ ਕੋਈ ਵੀ ਜਦੋਜਹਿਦ ਕਰਨੀ ਹੋਵੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਸੂਰਬੀਰ ਵਰਕਰ ਹੁੰਮ ਹੁੰਮਾਕੇ ਪਹੁੰਚਦੇ ਸਨ। ਉਹ ਹਮੇਸ਼ਾ ਮੋਹਰੀ ਬਣਕੇ ਲੜਦੇ ਅਤੇ ਖੜ੍ਹਦੇ ਸਨ। ਮੁਢਲੇ ਤੌਰ ਤੇ ਅਕਾਲੀ ਦਲ ਦੀ ਸਥਾਪਨਾ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਉਨੀ ਸੌ ਵੀਹ ਵਿਚ ਕੀਤੀ ਗਈ ਸੀ। ਅੰਗਰੇਜ ਦੇ ਰਾਜ ਸਮੇਂ ਸਰਕਾਰੀ ਪਿਠੂਆਂ ਨੇ ਗੁਰੂ ਘਰਾਂ ਤੇ ਕਬਜ਼ੇ ਕਰਕੇ ਪਵਿਤਰ ਸਥਾਨਾ ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਵਿਰੁਧ ਅਨੈਤਿਕ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਦੱਸਣ ਤੋਂ ਭਾਵ ਹੈ ਕਿ ਮਹੰਤਾਂ ਨੇ ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨ੍ਹਾਂ ਨਾਜ਼ੁਕ ਹਾਲਾਤ ਨੂੰ ਭਾਂਪਦਿਆਂ ਸਿੱਖ ਸੰਗਤ ਨੇ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਨੂੰ ਖਾਲ੍ਹੀ ਕਰਵਾਉਣ ਲਈ ਜੁਝਾਰੂ ਸਿੰਘਾਂ ਦਾ ਸੰਗਠਨ ਉਨੀ ਸੌ ਵੀਹ ਵਿਚ ਬਣਾਇਆ ਜਿਸ ਦਾ ਨਾਂ ਸ਼ਰੋਮਣੀ ਅਕਾਲੀ ਦਲ ਰੱਖਿਆ ਗਿਆ। ਇਸ ਸੰਗਠਨ ਵਿਚ ਆਪਾ ਵਾਰੂ ਵਿਅਕਤੀ ਹੀ ਸ਼ਾਮਲ ਹੋਏ ਸਨ ਜਿਨ੍ਹਾਂ ਵਿਚ ਦੇਸ ਭਗਤੀ ਅਤੇ ਸਿੱਖ ਧਰਮ ਦੀ ਹਿਫਾਜਤ ਲਈ ਕੁਰਬਾਨੀ ਦੇਣ ਦੀ ਭਾਵਨਾ ਪਰਜਵਲਿਤ ਸੀ। ਇਸ ਕੰਮ ਲਈ ਉਨ੍ਹਾਂ ਨੂੰ ਕੁਰਬਾਨੀਆਂ ਵੀ ਦੇਣੀਆਂ ਪਈਆਂ ਇਸੇ ਕਰਕੇ ਉਨ੍ਹਾਂ ਨੂੰ ਜੁਝਾਰੂ ਕਿਹਾ ਜਾਂਦਾ ਹੈ। ਉਹ ਆਪਣੇ ਨਿਸ਼ਾਨੇ ਵਿਚ ਸਫਲ ਵੀ ਹੋਏ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿਚ ਵੀ ਅਕਾਲੀ ਦਲ ਦੇ ਇਨ੍ਹਾਂ ਜੁਝਾਰੂਆਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਅਜ਼ਾਦੀ ਦੀ ਹਰ ਮੁਹਿੰਮ ਵਿਚ ਮੋਹਰੀ ਬਣਕੇ ਲੜੇ। ਉਨ੍ਹਾਂ ਨੂੰ ਟਕਸਾਲੀ ਅਕਾਲੀ ਕਿਹਾ ਜਾਣ ਲੱਗਿਆ ਕਿਉਂਕਿ ਉਨ੍ਹਾਂ ਜੁਝਾਰੂਆਂ ਦਾ ਨਿਸ਼ਾਨਾ ਨਿੱਜੀ ਹਿੱਤਾਂ ਦੀ ਰਾਖੀ ਕਰਨਾ ਨਹੀਂ ਸਗੋਂ ਧਰਮ ਅਤੇ ਦੇਸ਼ ਦੀ ਰੱਖਿਆ ਕਰਨਾ ਸੀ।

ਉਸ ਸਮੇਂ ਸਿਆਸੀ ਤਾਕਤ ਹਾਸਲ ਕਰਨ ਵਾਲੇ ਕੁਝ ਖ਼ੁਦਗਰਜ ਵਿਅਕਤੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਮੇਂ ਦੀ ਨਜ਼ਾਕਤ ਅਨੁਸਾਰ ਪਹਿਲਾਂ ਤਾਂ ਅਕਾਲੀ ਦਲ ਦੇ ਨੇਤਾ ਕਾਂਗਰਸ ਪਾਰਟੀ ਨਾਲ ਰਲਕੇ ਚੋਣਾਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਲੜਦੇ ਰਹੇ। ਪੰਜਾਬ ਦੇ ਵਰਤਮਾਨ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਕੁਝ ਹੋਰ ਅਕਾਲੀ ਦਲ ਦੇ ਨੁਮਾਇੰਦੇ ਜਿਨ੍ਹਾਂ ਵਿਚ ਸਵਰਗਵਾਸੀ ਜਸਦੇਵ ਸਿੰਘ ਸੰਧੂ ਵੀ ਸ਼ਾਮਲ ਸਨ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜੇ ਅਤੇ ਜਿੱਤ ਪਰਾਪਤ ਕੀਤੀ ਸੀ। ਬੜੀ ਹੈਰਾਨੀ ਦੀ ਗੱਲ ਹੈ ਕਿ ਕਈ ਅਕਾਲੀ ਲੀਡਰ ਸ਼ਰੋਮਣੀ ਅਕਾਲੀ ਦਲ ਅਤੇ ਪੰਜਾਬ ਪਰਦੇਸ ਕਾਂਗਰਸ ਕਮੇਟੀ ਦੋਹਾਂ ਦੇ ਪਰਧਾਨ ਰਹੇ। ਇਥੋਂ ਤੱਕ ਕਿ ਉਹ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਵੀ ਪਰਧਾਨ ਰਹੇ। ਫਿਰ ਅਕਾਲੀ ਦਲ ਦੇ ਨੇਤਾਵਾਂ ਵਿਚ ਸਿਆਸੀ ਭੁੱਖ ਹੋਰ ਪੈਦਾ ਹੋ ਗਈ ਜਿਸ ਕਰਕੇ ਅਖੀਰ ਸਿਆਸੀ ਤਾਕਤ ਦੀ ਇਛਾ ਜਾਗਣ ਕਰਕੇ ਅਕਾਲੀ ਦਲ ਨੇ ਵੱਖਰਾ ਹੋ ਕੇ ਅਕਾਲੀ ਦਲ ਨੂੰ ਸਿਆਸੀ ਪਾਰਟੀ ਬਣਾ ਕੇ ਇਸਦੇ ਬੈਨਰ ਹੇਠ ਚੋਣਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ।

ਸ਼ਰੋਮਣੀ ਅਕਾਲੀ ਦਲ ਨੂੰ ਮਾਣ ਰਿਹਾ ਕਿ ਇਸ ਜੁਝਾਰੂ ਪਾਰਟੀ ਦੇ ਬਾਬਾ ਖੜਕ ਸਿੰਘ ਵਰਗੇ ਨਿਰਛੱਲ ਅਤੇ ਖ਼ੁਦਦਾਰ ਨੇਤਾ ਅਗਵਾਈ ਕਰਦੇ ਰਹੇ। ਮਾਸਟਰ ਤਾਰਾ ਸਿੰਘ ਨੇ ਵੀ ਲੰਮਾ ਸਮਾਂ ਇੱਕ ਟਕਸਾਲੀ ਨੇਤਾ ਦੀ ਭੂਮਿਕਾ ਨਿਭਾਈ। ਪਰੰਤੂ ਦੁੱਖ ਦੀ ਗੱਲ ਹੈ ਕਿ ਨਿੱਜੀ ਲਾਭਾਂ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਵਿਚ ਸਿਆਸੀ ਤਾਕਤ ਪਰਾਪਤੀ ਦੀ ਇਛਾ ਭਾਰੂ ਪੈਣ ਕਰਕੇ ਨੇਤਾਵਾਂ ਦੇ ਕਿਰਦਾਰ ਵਿਚ ਨਿਘਾਰ ਆਉਣਾ ਸ਼ੁਰੂ ਹੋ ਗਿਆ। ਹਾਲਾਤ ਬਦ ਤੋਂ ਬਦਤਰ ਬਣ ਗਏ ਇਥੋਂ ਤੱਕ ਕਿ ਅਕਾਲੀ ਦਲ ਜਿਹੜਾ ਸ਼ਰਮੋਣੀ ਸੀ ਉਸ ਦਾ ਨਾਮ ਵਿਅਕਤੀ ਵਿਸ਼ੇਸ਼ ਦੇ ਨਾਮ ਨਾਲ ਜੁੜ ਗਿਆ। ਹੁਣ ਤੁਸੀਂ ਵੇਖਦੇ ਹੋ ਕਿ ਅਕਾਲੀ ਦਲ ਦੇ ਕਿਤਨੇ ਧੜੇ ਹਨ ਪਰੰਤੂ ਇੱਕੋ ਇੱਕ ਧੜਾ ਅਜਿਹਾ ਹੈ ਜਿਸ ਦਾ ਨਾਂ ਉਸ ਧੜੇ ਦੇ ਨੇਤਾ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ। ਉਹ ਹੈ ਪਰਕਾਸ਼ ਸਿੰਘ ਬਾਦਲ ਦੇ ਨਾਂ ਤੇ ਅਕਾਲੀ ਦਲ ਭਾਵੇਂ ਭਾਰਤੀ ਚੋਣ ਕਮਿਸਨ ਕੋਲ ਸ਼ਰੋਮਣੀ ਅਕਾਲੀ ਦਲ ਹੀ ਰਜਿਸਟਰਡ ਹੈ ਪਰੰਤੂ ਲੋਕ ਇਸਨੂੰ ਅਕਾਲੀ ਦਲ ਬਾਦਲ ਦੇ ਨਾਂ ਤੇ ਹੀ ਜਾਣਦੇ ਹਨ। ਬਾਕੀ ਅਕਾਲੀ ਦਲ ਦੇ ਜਿਤਨੇ ਵੀ ਧੜੇ ਹਨ ਜਾਂ ਰਹੇ ਹਨ ਭਾਵੇਂ ਉਹ ਵੱਖ ਵੱਖ ਨੇਤਾਵਾਂ ਨੇ ਬਣਾਏ ਪਰੰਤੂ ਉਨ੍ਹਾਂ ਦੇ ਦਲਾਂ ਦੇ ਨਾਂ ਵਿਅਕਤੀਆਂ ਦੇ ਨਾਂ ਤੇ ਨਹੀਂ ਸਨ। ਸਿਮਰਨਜੀਤ ਸਿੰਘ ਮਾਨ ਦੇ ਅਕਾਲੀ ਦਲ ਦਾ ਨਾਂ ਅਕਾਲੀ ਦਲ ਅੰਮਰਿਤਸਰ- ਦਲਜੀਤ ਸਿੰਘ ਬਿੱਟੂ ਦੇ ਧੜੇ ਦਾ ਉਸਦੇ ਨਾਂ ਨਾਲ ਨਹੀਂ ਬਲਕਿ ਅਕਾਲੀ ਦਲ ਪੰਚ ਪਰਧਾਨੀ ਹੈ ਜਿਹੜਾ ਹੁਣ ਦਲ ਖਾਲਸਾ ਵਿਚ ਸ਼ਾਮਲ ਹੋ ਗਿਆ ਹੈ। ਸੁਰਜੀਤ ਸਿੰਘ ਬਰਨਾਲਾ ਦੇ ਧੜੇ ਦਾ ਨਾਂ ਤੇ ਅਕਾਲੀ ਦਲ ਬਰਨਾਲਾ ਨਹੀਂ ਸੀ ਸਗੋਂ ਲੌਂਗੋਵਾਲ ਸੀ। ਰਵੀਇੰਦਰ ਸਿੰਘ ਦੇ ਧੜੇ ਦਾ ਨਾਂ ਅਕਾਲੀ ਦਲ ਉਨੀ ਸੌ ਵੀਹ ਹੈ। ਮੋਹਕਮ ਸਿੰਘ ਦੇ ਧੜੇ ਦਾ ਨਾਂ ਸੰਯੁਕਤ ਅਕਾਲੀ ਦਲ ਆਦਿ ਬਣੇ ਹੋਏ ਹਨ। ਅਕਾਲੀ ਦਲ ਦੇ ਟਕਸਾਲੀ ਇਮਾਨਦਾਰ ਅਤੇ ਨਿਧੱੜਕ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਵੀ ਆਪਣਾ ਸਰਬਹਿੰਦ ਅਕਾਲੀ ਦਲ ਬਣਾਕੇ ਚੋਣਾਂ ਲੜੀਆਂ ਸਨ ਪਰੰਤੂ ਆਪਣਾ ਨਾਂ ਨਹੀਂ ਜੋੜਿਆ ਸੀ। ਇਸੇ ਤਰ੍ਹਾਂ ਕੁਲਦੀਪ ਸਿੰਘ ਵਡਾਲਾ ਨੇ ਆਪਣੇ ਧੜੇ ਦਾ ਨਾਂ ਵੀ ਸ਼ਰੋਮਣੀ ਅਕਾਲੀ ਦਲ ਡੈਮੋਕਰੈਟਿਕ ਰੱਖਿਆ ਸੀ ਹੁਣ ਉਹ ਬਾਦਲ ਦਲ ਵਿਚ ਸ਼ਾਮਲ ਹੋ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬਲਿਊ ਸਟਾਰ ਅਪਰੇਸਨ ਤੋਂ ਬਾਅਦ ਕਾਂਗਰਸ ਪਾਰਟੀ ਚੋਂ ਅਸਤੀਫਾ ਦੇ ਕੇ ਪੰਥਕ ਅਕਾਲੀ ਦਲ ਬਣਾਇਆ ਸੀ। ਕਹਿਣ ਤੋਂ ਭਾਵ ਹੈ ਕਿ ਕਿਸੇ ਵੀ ਅਕਾਲੀ ਧੜੇ ਨੇ ਆਪਣੇ ਅਕਾਲੀ ਦਲ ਨੂੰ ਆਪਣੇ ਨਾਂ ਨਾਲ ਨਹੀਂ ਜੋੜਿਆ ਬਿਨਾ ਬਾਦਲ ਦਲ ਤੋਂ। ਇਸ ਸਮੇਂ ਬਾਦਲ ਦਲ ਦੇ ਪਰਧਾਨ ਸੁਖਬੀਰ ਸਿੰਘ ਬਾਦਲ ਹਨ ਜੋ ਬਾਬਾ ਬੋਹੜ ਦੀ ਸਰਪਰਸਤੀ ਦੀ ਛਾਂ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਵੀ ਛੋਟੇ ਮੋਟੇ ਧੜੇ ਹਨ ਜਿਹੜੇ ਆਪੋ ਆਪਣੀ ਡਫਲੀ ਵਜਾ ਰਹੇ ਹਨ। ਇਹ ਅਕਾਲੀ ਦਲ ਦੇ ਵੱਖਰੇ ਧੜੇ ਕਿਉਂ ਬਣੇ ਇਸ ਨੁਕਤੇ ਤੇ ਨਜ਼ਰਸਾਨੀ ਕਰਨ ਦੀ ਲੋੜ ਹੈ। ਸ਼ਰੋਮਣੀ ਅਕਾਲੀ ਦਲ ਦਾ ਜੋ ਵੀ ਪਰਧਾਨ ਬਣਦਾ ਹੈ ਉਹ ਹੋਰ ਕਿਸੇ ਵੀ ਲੀਡਰ ਦੀ ਵੱਧਦੀ ਹਰਮਨ ਪਿਆਰਤਾ ਨੂੰ ਬਰਦਾਸ਼ਤ ਨਹੀਂ ਕਰਦਾ। ਉਹ ਆਪਣੇ ਆਲੇ ਦੁਆਲੇ ਚਾਪਲੂਸਾਂ ਦਾ ਘੇਰਾ ਖੜ੍ਹਾ ਕਰ ਲੈਂਦਾ ਹੈ। ਉਹ ਚਾਪਲੂਸ ਚੰਗੇ ਮਾੜੇ ਦੀ ਪਛਾਣ ਕਰਨ ਹੀ ਨਹੀਂ ਦਿੰਦੇ। ਚੰਗੇ ਟਕਸਾਲੀ ਅਕਾਲੀਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਪਰੰਤੂ ਸ਼ਰੋਮਣੀ ਅਕਾਲੀ ਦਲ ਨੂੰ ਮਾਣ ਜਾਂਦਾ ਹੈ ਕਿ ਇਸਦੇ ਪਰਧਾਨ ਟਕਸਾਲੀ ਅਕਾਲੀ ਜਿਵੇਂ ਜਥੇਦਾਰ ਮੋਹਣ ਸਿੰਘ ਤੁੜ-ਜਥੇਦਾਰ ਊਧਮ ਸਿੰਘ ਨਾਗੋਕੇ-ਮਾਸਟਰ ਤਾਰਾ ਸਿੰਘ -ਗੋਪਾਲ ਸਿੰਘ ਕੌਮੀ-ਗਿਆਨੀ ਕਰਤਾਰ ਸਿੰਘ-ਹੁਕਮ ਸਿੰਘ-ਹਰਚੰਦ ਸਿੰਘ ਲੌਂਗੋਵਾਲ ਆਦਿ ਰਹੇ ਹਨ ਜਿਨ੍ਹਾਂ ਕਰਕੇ ਅਕਾਲੀ ਦਲ ਨੇ ਮੱਲਾਂ ਮਾਰੀਆਂ ਸਨ। ਜਦੋਂ ਤੋਂ ਅਕਾਲੀ ਦਲ ਵਿਚ ਵਿਸ਼ੇਸ ਵਿਅਕਤੀਆਂ ਦੇ ਨਾਂ ਤੇ ਆਪੋ ਆਪਣੀਆਂ ਜਾਗੀਰਾਂ ਸਮਝ ਕੇ ਅਕਾਲੀ ਦਲ ਦੇ ਧੜੇ ਬਣਨ ਲੱਗ ਗਏ ਹਨ ਤਾਂ ਸ਼ਰੋਮਣੀ ਸ਼ਬਦ ਰੁਲ ਗਿਆ ਹੈ। ਪੰਥ ਦਾ ਸਿਰਫ ਨਾਂ ਵਰਤਿਆ ਜਾਂਦਾ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨੇਤਾਵਾਂ ਨੇ ਆਪੋ ਆਪਣੇ ਕੁਨਬਿਆਂ ਦੀਆਂ ਮਿਸਲਾਂ ਬਣਾ ਲਈਆਂ ਸਨ ਉਸੇ ਤਰ੍ਹਾਂ ਹੁਣ ਵੀ ਜਿਸ ਨੇਤਾ ਦੀ ਕਿਸੇ ਦੂਜੇ ਨੇਤਾ ਨਾਲ ਨਿਭਦੀ ਨਹੀਂ ਤਾਂ ਉਹ ਆਪਣੀ ਵੱਖਰੀ ਤੂਤੀ ਵਜਾਉਣ ਲਈ ਵੱਖਰਾ ਧੜਾ ਬਣਾ ਲੈਂਦਾ ਹੈ। ਜਾਂ ਇਉਂ ਕਹਿ ਲਵੋ ਕਿ ਆਪੋ ਆਪਣੀ ਹਓਮੈ ਦੇ ਸ਼ਿਕਾਰ ਨੇਤਾ ਇੱਕ ਦੂਜੇ ਦੀ ਈਨ ਮੰਨਣ ਨੂੰ ਤਿਆਰ ਹੀ ਨਹੀਂ।

ਤਾਕਤਵਰ ਨੇਤਾ ਬਾਕੀ ਨੇਤਾਵਾਂ ਨੂੰ ਆਪਣੇ ਥੱਲੇ ਲਾ ਕੇ ਰੱਖਣਾ ਪਸੰਦ ਕਰਦੇ ਹਨ ਅਤੇ ਉਹ ਦੂਜੇ ਪਰਭਾਵਸ਼ਾਲੀ ਨੇਤਾ ਤੋਂ ਡਰਦੇ ਹੋਏ ਉਸ ਨੂੰ ਉਭਰਨ ਹੀ ਨਹੀਂ ਦਿੰਦੇ। ਉਹ ਸਾਰੇ ਹੀ ਆਪਣੇ ਆਪ ਨੂੰ ਪੰਥਕ ਕਹਿੰਦੇ ਹਨ। ਪਰੰਤੂ ਅਸਲ ਵਿਚ ਉਨ੍ਹਾਂ ਪੰਥ ਦਾ ਅਕਸ ਖ਼ਰਾਬ ਕਰ ਦਿੱਤਾ ਹੈ। ਆਮ ਲੋਕ ਅਕਾਲੀ ਦਲ ਨੂੰ ਨਫ਼ਰਤ ਕਰਨ ਲੱਗ ਗਏ ਹਨ ਜਿਸ ਕਰਕੇ ਸਿੱਖ ਦਾ ਅਕਸ ਵਿਗੜਿਆ ਹੈ। ਪਰਕਾਸ ਸਿੰਘ ਬਾਦਲ ਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ। ਉਹ ਹੈ ਵੀ ਕਿਉਂਕਿ ਪੰਜ ਵਾਰ ਮੁੱਖ ਮੰਤਰੀ ਬਣਨਾ ਖਾਅਲਾ ਜੀ ਦਾ ਵਾੜਾ ਨਹੀਂ। ਉਹ ਦੂਰ ਅੰਦੇਸ ਵੀ ਹੈ ਜਿਸ ਕਰਕੇ ਉਹ ਕਿਸੇ ਹੋਰ ਲੀਡਰ ਨੂੰ ਕੁਸਕਣ ਹੀ ਨਹੀਂ ਦਿੰਦਾ। ਇਹ ਉਸਦੀ ਸਿਆਸੀ ਕਾਬਲੀਅਤ ਹੈ ਪਰੰਤੂ ਇਸ ਕਾਬਲੀਅਤ ਨਾਲ ਅਕਾਲੀ ਦਲ ਦਾ ਟਕਸਾਲੀਪਣ ਨਜ਼ਰਅੰਦਾਜ ਹੋ ਰਿਹਾ ਹੈ। ਜਦੋਂ ਤੋਂ ਅਕਾਲੀ ਦਲ ਤੇ ਉਹ ਕਾਬਜ ਹੋਏ ਹਨ ਉਨ੍ਹਾਂ ਨੇ ਕਿਸੇ ਵੀ ਦਿਗਜ਼ ਨੇਤਾ ਨੂੰ ਫਰਕਣ ਹੀ ਨਹੀਂ ਦਿੱਤਾ। ਇੱਕ-ਇੱਕ ਕਰਕੇ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਨੇਤਾਵਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਖੂੰਜੇ ਲਾ ਦਿੱਤਾ ਹੈ। ਜਿਸ ਕਰਕੇ ਸ਼ਰੋਮਣੀ ਅਕਾਲੀ ਦਲ ਦੀ ਹੋਂਦ ਖ਼ਤਰੇ ਵਿਚ ਲੱਗਦੀ ਹੈ।

ਅਕਾਲੀ ਦਲ ਨੂੰ ਰਾਜ ਭਾਗ ਤੇ ਕਾਬਜ ਰੱਖਣ ਲਈ ਧਰਮ ਨਿਰਪੱਖ ਪੰਜਾਬੀ ਪਾਰਟੀ ਦਾ ਰੂਪ ਦਿੱਤਾ ਜਾ ਰਿਹਾ ਹੈ। ਰਾਜਭਾਗ ਬਰਕਰਾਰ ਰੱਖਣਾ ਮੁੱਖ ਮੰਤਵ ਬਣ ਗਿਆ ਹੈ। ਖਾਸ ਤੌਰ ਤੇ ਟਕਸਾਲੀ ਨੇਤਾਵਾਂ ਜਿਨ੍ਹਾਂ ਤੋਂ ਉਨ੍ਹਾਂ ਦੀ ਗੱਦੀ ਨੂੰ ਖ਼ਤਰਾ ਹੋ ਸਕਦਾ ਹੈ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁੱਠੇ ਲਾਈਨ ਲਾ ਦਿੱਤਾ ਹੈ। ਉਦਾਹਰਨ ਲਈ ਜਥੇਦਾਰ ਜਗਦੇਵ ਸਿੰਘ ਤਲਵੰਡੀ-ਮੋਹਨ ਸਿੰਘ ਤੁੜ-ਗੁਰਚਰਨ ਸਿੰਘ ਟੌਹੜਾ-ਸੁਰਜੀਤ ਸਿੰਘ ਬਰਨਾਲਾ-ਰਵੀਇੰਦਰ ਸਿੰਘ-ਕੁਲਦੀਪ ਸਿੰਘ ਵਡਾਲਾ-ਜਸਦੇਵ ਸਿੰਘ ਸੰਧੂ-ਦਾਰਾ ਸਿੰਘ ਐਡਵੋਕੇਟ(ਕੈਪਟਨ ਕੰਵਲਜੀਤ ਸਿੰਘ )ਆਦਿ ਦੇ ਪਰਿਵਾਰ ਵਰਣਨਯੋਗ ਹਨ। ਹੁਣ ਅਕਾਲੀ ਦਲ ਰਹਿ ਗਿਆ ਹੈ ਸ਼ਰੋਮਣੀ ਸ਼ਬਦ  ਸਿਰਫ ਨਾਂ ਲੈਣ ਲਈ ਹੀ ਰਹਿ ਗਿਆ ਹੈ। ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨੂੰ ਮਜ਼ਬੂਰੀ ਵਸ ਕਾਂਗਰਸ ਪਾਰਟੀ ਦਾ ਸਹਾਰਾ ਲੈਣਾ ਪੈ ਰਿਹਾ ਹੈ। ਦਾਰਾ ਸਿੰਘ ਐਡਵੋਕੇਟ ਦੀ ਪੋਤਰੀ ਤੇ ਕੈਪਟਨ ਕੰਵਲਜੀਤ ਸਿੰਘ ਦੀ ਲੜਕੀ ਕਾਂਗਰਸ ਦਾ ਪੱਲਾ ਫੜ ਬੈਠੀ ਹੈ। ਰਵੀਇੰਦਰ ਸਿੰਘ ਵੱਖਰਾ ਦਲ ਬਣਾ ਚੁੱਕਾ ਹੈ। ਮੋਹਨ ਸਿੰਘ ਤੁੜ ਦਾ ਪਰਿਵਾਰ ਰਿਸ਼ਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਵਿਚ ਚਲੇ ਗਏ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਜਸਦੇਵ ਸਿੰਘ ਸੰਧੂ ਦੇ ਪਰਿਵਾਰਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ। ਲੱਗ ਰਿਹਾ ਹੈ ਕਿ ਉਹ ਟਕਸਾਲੀ ਪਰਿਵਾਰ ਵੀ ਕਿਸੇ ਹੋਰ ਪਾਰਟੀ ਜਾਂ ਅਕਾਲੀ ਦਲ ਦੇ ਕਿਸੇ ਦੂਜੇ ਧੜੇ ਦੀ ਪੌੜੀ ਚੜ੍ਹਨਗੇ। ਲੋਹ ਪੁਰਸ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਵੀ ਜੱਦੀ ਹਲਕੇ ਬਦਲਣ ਕਰਕੇ ਸ਼ਸੋਪਜੰ ਵਿਚ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>