ਪਾਕਿਸਤਾਨ ਸਥਿਤ ਗੁਰਦੁਆਰਾ ਬਾਬੇ ਦੀ ਬੇਰ ਤੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਬਾਬੇ ਦੀ ਬੇਰ ਨੂੰ ਪੀਰਾਂ ਦੀ ਕਬਰ ਦੱਸਣ ਵਾਲੇ ਅਨਸਰਾਂ ਵੱਲੋਂ ਵਿਰੋਧ ਕਰਨ ਤੇ ਜਬਰੀ ਅੰਦਰ ਦਾਖਲ ਹੋਣ ਤੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਉਕਤ ਗੁਰਦੁਆਰਾ ਸਾਹਿਬ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਹੈ।ਜਿੱਥੇ ਕੁਝ ਲੋਕਾਂ ਵੱਲੋਂ ਕਬਰਾਂ/ਮਜ਼ਾਰ ਬਣਾ ਕੇ ਨਜਾਇਜ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਮਜਾਰ ਦੱਸਣਾ ਤੇ ਜਬਰੀ ਕਬਜਾ ਕਰਨ ਦੀ ਕੋਸ਼ਿਸ਼ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ।ਉਨ੍ਹਾਂ ਕਿਹਾ ਕਿ ਅਗਰ ਗੁਰਦੁਆਰਾ ਸਾਹਿਬ ਦਾ ਪ੍ਰਬੰਧਕ ਇਨ੍ਹਾਂ ਨੂੰ ਨਾ ਰੋਕਦਾ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਤਲਾਹ ਨਾਂ ਦੇਂਦਾ ਤਾਂ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ।

ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰਦੁਆਰਿਆ ਦੀ ਜਾਇਦਾਦ ਤੇ ਨਜਾਇਜ਼ ਕਬਜ਼ੇ ਰੋਕਣ ਲਈ ਓਕਾਫ ਬੋਰਡ ਨੂੰ ਹਰਕਤ ਵਿੱਚ ਆਉਣਾ ਚਾਹੀਦਾ ਹੈ ਅਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਨ੍ਹਾਂ ਅਸਥਾਨਾਂ ਦੀ ਸਾਂਭ-ਸੰਭਾਲ ਲਈ ਹਰ ਉਹ ਹੀਲਾ ਵਰਤਣਾ ਚਾਹੀਦਾ ਹੈ ਜਿਸ ਨਾਲ ਜਾਇਦਾਦਾਂ ਨੂੰ ਖੁਰਦ-ਬੁਰਦ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਪਾਕਿਸਤਾਨ ਓਕਾਫ਼ ਬੋਰਡ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਜਸਕਰਨ ਸਿੰਘ ਦੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਚਲਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ ਤੇ ਨਜਾਇਜ ਕਬਜਾ ਕਰਨ ਵਾਲੇ ਅਨਸਰਾਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸਿਆਲਕੋਟ (ਪਾਕਿਸਤਾਨ) ਗੁਰਦੁਆਰਾ ਬਾਬੇ ਦੀ ਬੇਰ ਦੀਆਂ ਦੀਵਾਰਾਂ ‘ਤੇ ਬਣੇ ਗੁਰੂਆਂ ਦੇ ਕੰਧ ਚਿੱਤਰਾਂ ‘ਤੇ ਲਿਖੀਆਂ ਗੁਰਬਾਣੀ ਦੀਆਂ ਤੁਕਾਂ ਨੂੰ ਲੁਪਤ ਕਰਕੇ ਉਸ ਜਗ੍ਹਾ ਕਲਮਾ ਲਿਖਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਰੂ ਸਾਹਿਬਾਨ ਦੇ ਚਿੱਤਰਾਂ ਨੂੰ ਸੰਭਾਲਣ ਦੀ ਜ਼ਰੂਰਤ ਸੀ ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉਲਟਾ ਇਸ ਤੇ ਕੁਝ ਅਨਸਰਾਂ ਵੱਲੋਂ ਕਲਮਾਂ ਲਿਖ ਦਿੱਤੀਆਂ ਗਈਆਂ ਹਨ।

ਉਨ੍ਹਾਂ ਪਾਕਿਸਤਾਨ ਓਕਾਫ ਬੋਰਡ ਦੇ ਚੇਅਰਮੈਨ ਜਨਾਬ ਸਦੀਕ-ਉਲ-ਫਾਰੂਕ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਪਾਵਨ ਪਵਿੱਤਰ ਅਸਥਾਨ ਦੀ ਪੜਤਾਲ ਕਰਵਾ ਕੇ ਜਲਦ ਇਸ ਦਾ ਕੋਈ ਢੁੱਕਵਾਂ ਹੱਲ ਲੱਭਣ ਤਾਂ ਜੋ ਦੇਸ਼-ਵਿਦੇਸ਼ ਵਿਚ ਵੱਸਦੇ ਸਿੱਖਾਂ ਦੇ ਮਨਾਂ ਵਿਚ ਪਾਏ ਜਾ ਰਹੇ ਰੋਸ ਨੂੰ ਦੂਰ ਕੀਤਾ ਜਾਵੇ।

This entry was posted in ਪੰਜਾਬ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>