ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ : ਉਜਾਗਰ ਸਿੰਘ

ਬਲਜਿੰਦਰ ਸੰਘਾ ਇੱਕ ਨੌਜਵਾਨ ਬਹੁ-ਪਰਤੀ ਅਤੇ ਸੰਵੇਦਨਸ਼ੀਲ ਸਾਹਿਤਕਾਰ ਹੈ। ਭਰ ਜਵਾਨੀ ਵਿਚ ਹੀ ਲੰਮੀਆਂ ਸਾਹਿਤਕ ਪੁਲਾਂਗਾਂ ਪੁੱਟ ਚੁੱਕਾ ਹੈ। ਉਸਨੂੰ ਸਾਹਿਤ ਦਾ ਰਸੀਆ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਾਹਿਤ ਨਾਲ ਉਸਨੂੰ ਜਨੂੰਨ ਤੱਕ ਪਿਆਰ ਹੈ। ਪਰਵਾਸ ਵਿਚ ਬੈਠਕੇ ਆਪਣੀ ਜਨਮ ਭੂਮੀ ਦਾ ਹੇਜ ਬਲਜਿੰਦਰ ਸੰਘਾ ਨੂੰ ਉਸਦੀ ਜਨਮ ਭੂਮੀ ਵਿਚ ਹੋ ਰਹੀਆਂ ਅਨੈਕਤਾਵਾਂ ਅਤੇ ਅਣਗਿਣਤ ਘਿਨਾਉਣੀਆਂ ਹਰਕਤਾਂ ਬਾਰੇ ਕੁਰੇਦਦਾ ਅਤੇ ਉਸਦੇ ਮਨ ਦੀ ਅਲ੍ਹੜ੍ਹ ਸਲੇਟ ਉਪਰ ਅਨੇਕਾਂ ਪ੍ਰਤੀਕ੍ਰਿਆਵਾਂ ਛੱਡਦਾ ਰਹਿੰਦਾ ਸੀ ਜਿਨ੍ਹਾਂ ਦੇ ਦਰਦ ਨੇ ਉਸਨੂੰ ਆਪਣੀਆਂ ਇਹ ਭਾਵਨਾਵਾਂ ਨੂੰ ਬਚਪਨ ਵਿਚ ਹੀ ਕਾਵਿਕ ਰੂਪ ਵਿਚ ਪਰਗਟ ਕਰਨ ਲਈ ਮਜ਼ਬੂਰ ਕਰ ਦਿੱਤਾ। ਸਾਹਿਤ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਇੱਕ ਕਿਸਮ ਨਾਲ ਪਰਗਟਾਵਾ ਹੀ ਹੁੰਦਾ ਹੈ। ਕਵਿਤਾ ਲਿਖਣਾ ਹੋਰ ਵੀ ਗੁੰਝਲਦਾਰ ਅਤੇ ਸੰਜੀਦਾ ਕੰਮ ਹੈ। ਕਵਿਤਾ ਲਿਖਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ।  ਇਸ ਵਿਚ ਸੁਰ-ਤਾਲ-ਲੈਅ ਅਤੇ ਸਰੋਦ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਹੀ ਵਿਚਾਰਧਾਰਾ ਵੀ ਉਸਾਰੂ ਹੋਣੀ ਚਾਹੀਦੀ ਹੈ। ਕਵਿਤਾ ਉਹ ਵਿਅਕਤੀ ਹੀ ਲਿਖ ਸਕਦਾ ਹੈ ਜਿਹੜਾ ਸੰਵੇਦਨਸੀਲ ਹੋਵੇ ਅਤੇ ਭਾਵਨਾਵਾਂ ਵਿਚ ਜਲਦੀ ਹੀ ਵਹਿ ਜਾਵੇ। ਕਵਿਤਾ ਦੀ ਰਵਾਨਗੀ ਦਰਿਆ ਦੇ ਪਾਣੀ ਦੇ ਵਹਿਣ ਦੀ ਤਰ੍ਹਾਂ ਬੇਰੋਕ ਬਲਜਿੰਦਰ ਸੰਘਾਂ ਦੇ ਕਾਵਿਕ ਮਨ ਤੇ ਵਹਿੰਦੀ ਰਹਿੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬਲਜਿੰਦਰ ਸੰਘਾ ਕਮਰਸ ਵਰਗੇ ਰੁੱਖੇ ਵਿਸ਼ੇ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਕੋਮਲ ਕਲਾ ਦੀ ਸੂਖ਼ਮ ਵਿੱਧਾ ਕਵਿਤਾ ਲਿਖਣ ਵਿਚ ਦਿਲਚਸਪੀ ਲੈਣ ਲਗ ਪਿਆ। ਅਸਲ ਵਿਚ ਸਾਹਿਤ ਨਾਲ ਪਿਆਰ ਅਤੇ ਲਗਾਓ ਉਸਨੂੰ ਆਪਣੇ ਵਿਰਸੇ ਵਿਚੋਂ ਹੀ ਮਿਲਿਆ ਕਿਉਂਕਿ ਉਸਦਾ ਪਿਤਾ ਸਾਹਿਤਕ ਮਸ ਰੱਖਣ ਵਾਲਾ ਅਧਿਆਪਕ ਸੀ ਜਿਹੜਾ ਆਪਣੇ ਘਰ ਵਿਚ ਹਮੇਸ਼ਾ ਸਾਹਿਤਕ ਰਸਾਲੇ ਅਤੇ ਪੁਸਤਕਾਂ ਲਿਆ ਕੇ ਪੜ੍ਹਦਾ ਰਹਿੰਦਾ ਸੀ। ਆਪਣੇ ਪਿਤਾ ਤੋਂ ਅੱਖ ਬਚਾਕੇ ਉਹ ਸਾਹਿਤ ਦੀਆਂ ਪੁਸਤਕਾਂ ਪੜ੍ਹਦਾ ਰਹਿੰਦਾ ਸੀ-ਜਿਸ ਕਰਕੇ ਉਸਦੇ ਦਿਮਾਗ ਦੇ ਖਾਲ੍ਹੀ ਪੰਨੇ ਉਪਰ ਸਾਹਿਤਕ ਲਿਖਤਾਂ ਦੇ ਅਜਿਹੇ ਪਰਭਾਵ ਪਏ ਜਿਹੜੇ ਬਲਜਿੰਦਰ ਸੰਘਾ ਦੀ ਜ਼ਿੰਦਗੀ ਦਾ ਰਾਹ ਦਸੇਰਾ ਬਣ ਗਏ ਕਿਉਂਕਿ ਬਚਪਨ ਵਿਚ ਪਏ ਸਾਹਿਤਕ ਵੰਨਗੀਆਂ ਦੇ ਅਸਰ ਪਕੇਰੇ ਅਤੇ ਸਥਾਈ ਹੁੰਦੇ ਹਨ। ਵਿਦਿਆਰਥੀ ਜੀਵਨ ਵਿਚ ਪੁਸਤਕਾਂ ਨਾਲ ਪਿਆਰ ਪੈਣ ਕਰਕੇ ਲਾਇਬਰੇਰੀ ਜਾਣ ਦੀ ਆਦਤ ਪਾ ਦਿੱਤੀ ਜਿਹੜੀ ਅਜੇ ਤੱਕ ਬਰਕਰਾਰ ਹੈ। ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਹੀ ਬਲਜਿੰਦਰ ਸੰਘਾ ਨੇ ਆਪਣੀ ਕਲਮ ਅਜਮਾਉਣੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਪੰਜਾਬੀ ਦੇ ਕੁਝ ਰੋਜ਼ਾਨਾ ਅਖ਼ਬਾਰਾਂ ਵਿਚ ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਪ੍ਰਕਾਸ਼ਤ ਹੋ ਗਈਆਂ ਜਿਨ੍ਹਾਂ ਨੇ ਉਸਨੂੰ ਲਿਖਣ ਲਈ ਉਤਸ਼ਾਹਤ ਕੀਤਾ। ਦੋ ਹਜ਼ਾਰ ਇੱਕ ਵਿਚ ਉਹ ਰੋਜੀ ਰੋਟੀ ਲਈ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਰਵਾਸ ਕਰ ਗਿਆ। ਇਥੇ ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਕੁਝ ਸਮੇਂ ਲਈ ਤਾਂ ਉਸਦੀ ਰਚਨਾ ਪਰਕਿਰਿਆ ਵਿਚ ਖੜ੍ਹੋਤ ਆ ਗਈ ਕਿਉਂਕਿ ਰੋਜ਼ੀ ਰੋਟੀ ਦਾ ਮਸਲਾ ਗੰਭੀਰ ਹੁੰਦਾ ਹੈ-ਪਰਵਾਸ ਵਿਚ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ। ਆਪਣੀ ਰੋਟੀ ਆਪ ਕਮਾ ਕੇ ਹੀ ਖਾਣੀ ਹੁੰਦੀ ਹੈ। ਕੰਮ ਕਾਰ ਕਰਕੇ ਹੀ ਗੁਜਾਰਾ ਕਰਨਾ ਹੁੰਦਾ ਹੈ। ਲਿਖਣ ਪੜ੍ਹਨ ਲਈ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਪਰੰਤੂ ਬਲਜਿੰਦਰ ਸੰਘਾ ਨੇ ਫੁਰਸਤ ਦੇ ਸਮੇਂ ਨੂੰ ਲਿਖਣ ਲਈ ਵਰਤਿਆ। ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਚੋਣ ਵੀ ਬਹੁ-ਪੱਖੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਬਿਤਾਏ ਵਕਤ ਸਮੇਂ ਪ੍ਰਾਪਤ ਕੀਤੇ ਤਜਰਬੇ ਅਤੇ ਵਰਤਮਾਨ ਪੰਜਾਬ ਦੀਆਂ ਪਰਸਥਿਤੀਆਂ ਉਸਦੀ ਪੰਜਾਬ ਨਾਲ ਸਾਂਝ-ਚਿੰਤਾ ਅਤੇ ਪਿਆਰ ਦਾ ਪਰਗਟਾਵਾ ਕਰਦੀਆਂ ਹਨ। ਦੂਜੇ ਵਿਸ਼ੇ ਪਰਵਾਸ ਨਾਲ ਸੰਬੰਧਤ ਹਨ ਕਿ ਇਥੇ ਰਹਿੰਦਿਆਂ ਜ਼ਿੰਦਗੀ ਨੂੰ ਕੀ ਕੀ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਬੈਠੇ ਭੈਣ ਭਰਾ ਸਮਝਦੇ ਹਨ ਕਿ ਪਰਵਾਸੀ ਏਥੇ ਆਨੰਦ ਮਾਣ ਰਹੇ ਹਨ ਡਾਲਰ ਉਨ੍ਹਾਂ ਦੇ ਅੱਗੇ ਪਿੱਛੇ ਡਿਗਦੇ ਫਿਰਦੇ ਹਨ ਜਦੋਂ ਕਿ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਡਾਲਰਾਂ ਦੀ ਕਮਾਈ ਲਈ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਮਨ ਮਾਰ ਕੇ ਕੰਮ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਗੁਜ਼ਾਰਾ ਹੁੰਦਾ ਹੈ। ਪੰਜਾਬ ਨਾਲ ਬਾਵਾਸਤਾ ਹੋਣ ਦਾ ਸਬੂਤ ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਹਨ ਜਿਨ੍ਹਾਂ ਵਿਚ ਉਸਨੇ ਪੰਜਾਬ ਦੀ ਤਰਾਸਦੀ ਨਾਲ ਸੰਬੰਧਤ ਸਾਰੇ ਵਿਸ਼ੇ ਲਏ ਹਨ-ਜਿਵੇਂ ਬੇਰੋਜ਼ਗਾਰੀ-ਭਰਿਸ਼ਟਾਚਾਰ-ਅਤਵਾਦ ਦਾ ਪਰਭਾਵ-ਨਸ਼ੇ-ਗਰੀਬੀ-ਕਿਸਾਨੀ-ਮਹਿੰਗਾਈ-ਦਾਜ-ਦਹੇਜ-ਕਰਜ਼ੇ-ਆਤਮ ਹੱਤਿਆਵਾਂ-ਸ਼ਾਹੂਕਾਰਾ ਪਰਣਾਲੀ-ਸਮਾਜਿਕ-ਆਰਥਿਕ-ਧਾਰਮਿਕ-ਸਮਾਜਿਕ ਸਮਾਗਮਾ ਵਿਚ ਫ਼ਜੂਲ-ਖ਼ਰਚੀ-ਵਿਖਾਵਾ-ਮਿਲਾਵਟ-ਸਿਆਸਤ-ਦੇਸ ਭਗਤੀ-ਔਰਤ ਦੀ ਬਰਾਬਰੀ-ਭਰੂਣ ਹੱਤਿਆ-ਵਰਕ ਕਲਚਰ ਦੀ ਅਣਹੋਂਦ -ਇਨਸਾਨੀ ਕਦਰਾਂ ਕੀਮਤਾਂ ਵਿਚ ਗਿਰਾਵਟ ਅਤੇ ਮਜ਼ਦਰੂਾਂ ਦੀ ਸਥਿਤੀ ਆਦਿ। ਉਸ ਦੀਆਂ ਸਾਰੀਆਂ ਕਵਿਤਾਵਾਂ ਵਿਚੋਂ ਪੰਜਾਬ ਦੀ ਚੀਸ ਦਾ ਦਰਦ ਅਤੇ ਮਿੱਟੀ ਦੀ ਮਹਿਕ ਖ਼ੁਸਬੂਆਂ ਵੰਡਦੀ ਦਿਸਦੀ ਹੈ। ਕਹਿਣ ਤੋਂ ਭਾਵ ਉਹ ਸਮਾਜਿਕ ਸਰੋਕਾਰਾਂ ਨਾਲ ਗੜੂੰਦ ਹੋਇਆ ਕਵੀ ਹੈ। ਕਿਸਾਨ ਤੇ ਮਜ਼ਦੂਰ ਦੀ ਅੱਜ ਅਸੀਂ ਗੁਰਬਤ ਦੀ ਜ਼ਿੰਦਗੀ ਦਾ ਜ਼ਿਕਰ ਬੜੇ ਜੋਰ ਸ਼ੋਰ ਨਾਲ ਕਰ ਰਹੇ ਹਾਂ ਪਰੰਤੂ ਬਲਜਿੰਦਰ ਸੰਘਾ ਨੇ ਬਚਪਨ ਵਿਚ ਹੀ ਉਨ੍ਹਾਂ ਦੀ ਦੁਰਦਸ਼ਾ ਵੇਖ ਕੇ ਕਵਿਤਾਵਾਂ ਲਿਖ ਦਿੱਤੀਆਂ ਸਨ। ਪਿੰਡਾਂ ਦੇ ਗ਼ਰੀਬ ਲੋਕਾਂ ਦੀ ਫੋਕੀ ਸ਼ਾਹਵਾ ਬਾਹਵਾ ਖੱਟਣ ਲਈ ਕੀਤੀ ਜਾਂਦੀ ਫ਼ਜੂਲ ਖਰਚੀ ਤੋਂ ਵੀ ਉਹ ਚਿੰਤਾਤੁਰ ਹੈ ਕਿ ਕਿਸ ਤਰ੍ਹਾਂ ਕਿਸਾਨ ਆਪਣੀਆਂ ਜਮੀਨਾਂ ਵੇਚ ਕੇ ਵਿਆਹਾਂ ਸ਼ਾਦੀਆਂ ਅਤੇ ਮਰਗ ਦੇ ਭੋਗਾਂ ਤੇ ਖ਼ਰਚ ਕਰਕੇ ਅਤੇ ਲੋੜ ਤੋਂ ਬਿਨਾ ਹੀ ਵਿਖਾਵੇ ਲਈ ਨਵੀਂਆਂ ਕਾਰਾਂ ਅਤੇ ਕੋਠੀਆਂ ਬਣਾਕੇ ਕਰਜਈ ਬਣਦੇ ਹਨ। ਉਸ ਦੀਆਂ ਕਵਿਤਾਵਾਂ ਮੈਰਿਜ ਪੈਲਸਾਂ ਵਿਚ ਸਮਾਗਮ ਕਰਕੇ ਪੁਰਾਤਨ ਪੰਜਾਬੀ ਵਿਰਸੇ ਨਾਲੋਂ ਦੂਰ ਹੋਣ ਬਾਰੇ ਵੀ ਖਦਸ਼ਾ ਪਰਗਟ ਕਰਦੀਆਂ ਹਨ। ਉਹ ਇਹ ਤਾਂ ਮਹਿਸੂਸ ਕਰਦਾ ਹੈ ਕਿ ਅੰਗਰੇਜੀ ਭਾਸ਼ਾ ਸਿੱਖਣਾ ਪੜ੍ਹਨਾ ਸਮੇਂ ਦੀ ਲੋੜ ਅਤੇ ਜਰੂਰੀ ਹੈ ਪਰੰਤੂ ਅੰਗਰੇਜੀ ਪੜ੍ਹਨ ਦੇ ਬਹਾਨੇ ਪੰਜਾਬੀ ਭਾਸ਼ਾ ਦੀ ਅਣਵੇਖੀ ਕਰਨੀ ਵੀ ਪੰਜਾਬੀਆਂ ਨੂੰ ਮਹਿੰਗੀ ਪਵੇਗੀ ਕਿਉਂਕਿ ਆਪਣੀ ਜੜ੍ਹ ਤੋਂ ਟੁੱਟਕੇ ਕੋਈ ਵੀ ਇਨਸਾਨ ਸਫਲ ਨਹੀਂ ਹੋ ਸਕਦਾ। ਬਲਜਿੰਦਰ ਸੰਘਾ ਨੂੰ ਆਪਣੀ ਵਿਰਾਸਤ ਨਾਲ ਜੁੜੀਆਂ ਕਵਿਤਾਵਾਂ ਲਿਖਣ ਕਰਕੇ ਇਨਸਾਨੀਅਤ ਦਾ ਪੁਜਾਰੀ ਸ਼ਾਇਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਵਿਚੋਂ ਇਨਸਾਨੀਅਤ ਦੀ ਹੂਕ ਨਿਕਲਦੀ ਵਿਖਾਈ ਦਿੰਦੀ ਹੈ।

ਪਰਵਾਸ ਦੀ ਜ਼ਿੰਦਗੀ ਬਾਰੇ ਆਪਣੀਆਂ ਕਵਿਤਾਵਾਂ ਵਿਚ ਉਹ ਲਿਖਦਾ ਹੈ ਕਿ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਕੇ ਰੱਖਣ ਵਿਚ ਅਸਫਲ ਹੋ ਰਹੇ ਹਨ ਕਿਉਂਕਿ ਉਹ ਆਪਣੇ ਬੱਚਿਆਂ ਵਲ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਸ ਕਰਕੇ ਪੰਜਾਬੀਆਂ ਦੀ ਪਰਵਾਸ ਵਿਚ ਰਹਿ ਰਹੀ ਅਗਲੀ ਪੀੜ੍ਹੀ ਆਪਣੇ ਵਿਰਸੇ ਨੂੰ ਤਿਲਾਂਜਲੀ ਦੇ ਜਾਵੇਗੀ। ਅਜੇ ਵੀ ਸਮਾਂ ਹੈ ਆਪਣੇ ਬੱਚਿਆਂ ਨੂੰ ਯੋਗ ਅਗਵਾਈ ਦੇਣ ਦਾ ਜੇਕਰ ਘਰਾਂ ਵਿਚ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨੂੰ ਅਪਣਾਇਆ ਜਾਵੇ। ਫੋਕੀ ਪੱਛਵੀਂ ਸਭਿਆਚਾਰ ਦੀ ਨਕਲ ਵੀ ਸਾਡੇ ਵਿਰਸੇ ਨੂੰ ਲੈ ਡੁਬੇਗੀ। ਬਲਜਿੰਦਰ ਸੰਘਾ ਦੀ ਕਵਿਤਾ ਤੇ ਵਿਚਾਰਧਾਰਾ ਭਾਰੂ ਹੈ। ਉਹ ਆਪਣੀ ਵਿਚਾਰਧਾਰਾ ਨੂੰ ਕਵਿਤਾ ਦਾ ਰੂਪ ਦਿੰਦਾ ਹੈ। ਜਿੰਦਗੀ ਬਾਰੇ ਲਿਖਦਾ ਹੈ-

ਲਹਿਰਾਂ ਸੰਗ ਗੋਤੇ ਖਾਣ ਦਾ ਨਾਂ ਜ਼ਿੰਦਗੀ ਹੈ।
ਫੁੱਲਾਂ ਵਾਂਗ ਕੰਡਿਆਂ ਵਿਚ ਮੁਸਕਾਣ ਦਾ ਨਾਂ ਜ਼ਿੰਦਗੀ ਹੈ।

ਗ਼ਰੀਬ ਕਿਸਾਨ ਤੇ ਮਜ਼ਦੂਰ ਦੀ ਮਿਹਨਤ ਦਾ ਜਦੋਂ ਮੁਲ ਨਹੀਂ ਮਿਲਦਾ ਤਾਂ ਬਲਜਿੰਦਰ ਉਸਦੀ ਮਜਬੂਰੀ ਬਾਰੇ ਲਿਖਦਾ ਹੈ-

ਤੇਰੀ ਪੈਦਾ ਕੀਤੀ ਕਣਕ ਦਾ ਆਟਾ ਅਸਮਾਨ ਛੂਹ ਰਿਹਾ ਹੈ ਆਪਣੇ ਮੁੱਲ ਨਾਲ।
ਪਰ ਤੇਰੀ ਮੰਡੀ ਵਿਚ ਪਈ ਕਣਕ ਆੜ੍ਹਤੀਏ ਦਾ ਪਿਛਲਾ ਹਿਸਾਬ ਵੀ ਬਰਾਬਰ ਨਹੀਂ ਕਰਦੀ।

ਪੰਜਾਬ ਵਿਚ ਬੇਰੋਜਗਾਰੀ-ਪੰਜਾਬੀ ਦੀ ਦੁਰਦਸ਼ਾ-ਕੈਨੇਡਾ ਵਿਚ ਆਰਥਿਕ ਖ਼ੁਸਹਾਲੀ ਅਤੇ ਪੰਜਾਬੀ ਦੀ ਅਣਵੇਖੀ ਦਾ ਜਿਕਰ ਕਰਦਾ ਉਹ ਵਿਅੰਗਮਈ ਢੰਗ ਨਾਲ ਆਪਣੀ ਕਵਿਤਾ-ਦੋਸਤ ਲਈ ਦੁਆ-ਵਿਚ ਲਿਖਦਾ ਹੈ-

ਜੇ ਤੂੰ ਪੰਜਾਬ ਵਿਚ ਹੁੰਦਾ ਤਾਂ ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜ੍ਹਾਈ ਦਾ ਮੁੱਲ ਪਵੇ ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ।
ਪਰ ਹੁਣ ਤੂੰ ਕੈਨੇਡਾ ਵਿਚ ਵਸਦਾ ਏਂ ਤੇ ਆਰਥਿਕ ਪੱਖੋਂ ਖ਼ੁਸਹਾਲ ਏਂ।
ਤੇ ਮੈਂ ਦੁਆ ਕਰਦਾ ਹਾਂ ਕਿ ਤੇਰੇ ਬੱਚੇ ਪੰਜਾਬੀ ਵੀ ਪੜ੍ਹਨ।

ਪੰਜਾਬ ਦਾ ਦਰਦ-ਇਨਸਾਨੀਅਤ ਦਾ ਕਤਲ ਅਤੇ ਧਰਮ ਦੇ ਠੇਕੇਦਾਰਾਂ ਅਤੇ ਸਿਆਸਤਦਾਨਾ ਵਲੋਂ ਕੀਤੇ ਜਾਂਦੇ ਅਨੈਤਿਕ ਕੰਮਾਂ ਦਾ ਜ਼ਿਕਰ ਉਹ ਆਪਣੀ ਕਵਿਤਾ ਵਿਚ ਕਰਦਾ ਦਿਲ ਨੂੰ ਵਲੂੰਧਰ ਜਾਂਦਾ ਹੈ ਜਦੋਂ ਉਹ-ਅੱਗੇ ਪਿਛੇ-ਕਵਿਤਾ ਵਿਚ ਲਿਖਦਾ ਹੈ-
ਅਸੀਂ ਅੱਗੇ ਹਾਂ ਅਸੀਂ ਅੱਗੇ ਹਾਂ-ਅਸੀਂ ਧਰਮ ਯੁਧਾਂ ਵਿਚ ਅੱਗੇ ਹਾਂ।
ਅਸੀਂ ਪਿੱਛੇ ਹਾਂ ਅਸੀਂ ਪਿੱਛੇ ਹਾਂ-ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ।
ਅਸੀਂ ਆਪ ਬੁਰਾਈਆਂ ਕਰਦੇ ਹਾਂ-ਅਸੀਂ ਦੋਸ਼ ਹੋਰਾਂ ਸਿਰ ਧਰਦੇ ਹਾਂ।
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ-ਅਸੀਂ ਪਸ਼ੂਆਂ ਨਾਲੋਂ ਵੀ ਗੰਦੇ ਹਾਂ।
ਘਰ ਇੱਕ ਦੂਜੇ ਦੇ ਸਮਝ-ਸਮਝ ਕੇ-ਢਾਹੁਣ ਮੰਦਰ ਮਸਜਿਦ ਲੱਗੇ ਹਾਂ।
ਕੋਈ ਧਰਮ ਪਾੜਨਾ ਚਾਹੁੰਦਾ ਨਹੀਂ-ਜੋ ਪਾੜੇ ਧਰਮ ਕਹਾਉਂਦਾ ਨਹੀਂ।
ਅਸੀਂ ਤੰਗ ਦਿਲਾਂ ਦੇ ਹੋ ਗਏ ਹਾਂ-ਬਸ ਵਿਚ ਪਖੰਡਾਂ ਖੋ ਗਏ ਹਾਂ।
ਅਸੀਂ ਅੰਦਰੋਂ ਕਿਸੇ ਨੂੰ ਤੱਕਦੇ ਨਹੀਂ-ਬਸ ਵੇਂਹਦੇ ਚੋਲੇ-ਝੱਗੇ ਹਾਂ।

ਸਿਆਸਤਦਾਨਾ ਦੇ ਕਿਰਦਾਰ ਦੀ ਤਸਵੀਰ ਵੀ ਆਪਣੀ ਕਵਿਤਾ ਵਿਚ ਅਜਿਹੀ ਖਿੱਚੀ ਹੈ ਕਿ ਸਿਆਸਤਦਾਨ ਆਪਣੀ ਪਰਜਾ ਨੂੰ ਆਪਸ ਵਿਚ ਲੜਾਕੇ ਆਪਣਾ ਉਲ ਸਿੱਧਾ ਕਰਦੇ ਹਨ । ਸਿਆਸਤਦਾਨਾ ਬਾਰੇ ਉਹ ਆਪਣੀ ਇੱਕ ਹੋਰ ਕਵਿਤਾ ਵਿਚ ਉਨ੍ਹਾਂ ਦਾ ਪਰਦਾ ਫਾਸ਼ ਕਰਦਾ ਹੋਇਆ ਲਿਖਦਾ ਹੈ-

ਸਾਨੂੰ ਨੇਤਾ ਪਾੜਕੇ ਬਹਿ ਜਾਂਦੇ ਨੇ-ਤੇ ਆਪ ਕੁਰਸੀਆਂ ਲੈ ਜਾਂਦੇ ਨੇ।
ਉਹ ਇੱਕ ਦੂਜੇ ਤੇ ਵਰ੍ਹਦੇ ਨੇ-ਬਸ ਕੁਰਸੀ ਖ਼ਾਤਰ ਲੜਦੇ ਨੇ।

ਪੰਜਾਬ ਵਿਚ ਅਜੇ ਵੀ ਲੋਕ ਕਿਸਮਤ ਦੀ ਗੱਲ ਕਰਦੇ ਹਨ। ਵਹਿਮਾ ਭਰਮਾ ਵਿਚ ਜਕੜੇ ਪਏ ਹਨ। ਅਗਿਆਨਤਾ ਦੇ ਫੰਦੇ ਵਿਚੋਂ ਬਾਹਰ ਆਉਣ ਦੀ ਕੋਸਿਸ਼ ਹੀ ਨਹੀਂ ਕਰਦੇ। ਕਿਤਾਬੀ ਪੜ੍ਹਾਈ ਪੰਜਾਬੀਆਂ ਦਾ ਭਵਿਖ ਸੁਆਰਨ ਵਿਚ ਸਫਲ ਨਹੀਂ ਹੋ ਰਹੀ। ਇਸ ਲਈ ਸੰਘਾ ਆਪਣੀ ਇੱਕ ਕਵਿਤਾ-ਸ਼ਾਇਦ ਇਹ ਸੱਚ ਹੋਵੇ-ਵਿਚ ਵਹਿਮਾਂ ਭਰਮਾ ਬਾਰੇ ਲਿਖਦਾ ਹੈ-

ਬੱਚੇ ਵਿਲਕਣ ਭੁੱਖੇ-ਪੂੜੇ ਸਾਧਾਂ ਨੂੰ-ਅੰਨ੍ਹੀ ਸ਼ਰਧਾ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸੀ ਬਣੇ ਹਾਂ ਛੱਡ ਕੇ ਤਰਕਾਂ ਨੂੰ-ਵਹਿਮਾਂ-ਭਰਮਾਂ ਪੈ ਕੇ ਕੀ ਸਵਾਰ ਲਿਆ।

ਪੰਜਾਬਣ ਸਿਰਲੇਖ ਵਾਲੀ ਕਵਿਤਾ ਵਿਚ ਕਵੀ ਪਰਵਾਸ ਵਿਚ ਪੰਜਾਬਣਾ ਵੱਲੋਂ ਕੀਤੀ ਜਾਂਦੀ ਮਿਹਨਤ-ਮਜ਼ਦੂਰੀ-ਪੰਜਾਬੀ ਸਭਿਆਚਾਰ ਨੂੰ ਦਿੱਤੀ ਜਾ ਰਹੀ ਤਿਲਾਂਜਲੀ-ਮਨੁੱਖ ਦਾ ਮਸ਼ੀਨ ਦੀ ਤਰ੍ਹਾਂ ਕੰਮ ਕਰਨਾਂ ਅਤੇ ਕਾਇਦੇ ਕਾਨੂੰਨਾ ਵਿਚ ਬੱਝੇ ਰਹਿਣ ਦਾ ਪਰਗਟਾਵਾ ਬਾਖ਼ੂਬ ਕੀਤਾ ਗਿਆ ਹੈ। ਕਹਿਣ ਸੁਣਨ ਨੂੰ ਪਰਵਾਸੀ ਦਾ ਆਰਾਮਦਾਇਕ ਜੀਵਨ ਹੈ ਪਰੰਤੂ ਇੱਕ ਪ੍ਰਣਾਲੀ ਵਿਚ ਵਿਚਰਣਾ ਪੈਂਦਾ ਹੈ। ਕੈਨੇਡਾ ਦੀ ਪ੍ਰਣਾਲੀ ਨੂੰ ਦੋਸ਼ ਅਸੀਂ ਦਿੰਦੇ ਹਾਂ ਪਰੰਤੂ ਕੈਨੇਡਾ ਵਿਚ ਅਸੀਂ ਖ਼ੁਦ ਆਉਂਦੇ ਹਾਂ। ਕੋਈ ਬੁਲਾਉਣ ਨਹੀਂ ਜਾਂਦਾ ਪਰੰਤੂ ਏਥੇ ਵੀ ਫੋਕੀ ਸ਼ੁਹਰਤ ਲਈ ਆਪਣੇ ਖ਼ਰਚ ਆਪ ਵਧਾ ਰਹੇ ਹਾਂ ਜਿਸਦਾ ਜਿਕਰ ਆਪਣੀ ਇੱਕ ਕਵਿਤਾ-ਦੋਸ ਕੈਨੇਡਾ ਨੂੰ-ਵਿਚ ਕਰਦਾ ਲਿਖਦਾ ਹੈ-

ਖਾਂਦਾ ਪੀਂਦਾ ਬਾਪੂ ਸੱਦ ਲਿਆ ਇੰਡੀਆ ਤੋਂ-ਦੋ ਕੰਮਾਂ ਤੇ ਲਾਇਆ ਦੋਸ਼ ਕੈਨੇਡਾ ਨੂੰ
ਨਿੱਕੇ ਘਰ ਵਿਚ ਰਹਿੰਦੇ ਰੰਗੀਂ ਵਸਦੇ ਸੀ-ਵੱਡਾ ਘਰ ਬਣਵਾਇਆ ਦੋਸ਼ ਕੈਨੇਡਾ ਨੂੰ।
ਹਫਤੇ ਬਾਅਦ ਹੈ ਮਿਲਣੀ ਮੀਆਂ-ਬੀਵੀ ਦੀ-ਡਾਲਰਾਂ ਰੰਗ ਵਿਖਾਇਆ ਦੋਸ਼ ਕੈਨੇਡਾ ਨੂੰ।
ਸੈਲ-ਫੋਨਾਂ ਬਿਨਾ ਸਰਦਾ ਨਾ ਕਿਸੇ ਮੈਂਬਰ ਦਾ-ਬਿਲਾਂ ਲੈਟਰ ਬਾਕਸ ਸਜਾਇਆ ਦੋਸ਼ ਕੈਨੇਡਾ ਨੂੰ
ਲੋੜਾਂ ਸੀਮਤ ਰੱਖਕੇ ਜ਼ਿੰਦਗੀ ਖ਼ੁਸ਼ ਰਹਿੰਦੀ-ਸੱਚ ਸਿਆਣਿਆਂ ਨੇ ਫਰਮਾਇਆ ਦੋਸ਼ ਕੈਨੇਡਾ ਨੂੰ

ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਦਸਦੀਆਂ ਹਨ ਕਿ ਪਰਵਾਸੀ ਕੈਨੇਡਾ ਵਿਚ ਰਹਿੰਦੇ ਆਪਣੀ ਜ਼ਿੰਦਗੀ ਦਾ ਆਨੰਦ ਵੀ ਲੈਂਦੇ ਹਨ ਅਤੇ ਨਿੰਦਿਆ ਵੀ ਕਰਦੇ ਹਨ। ਇਥੇ ਰਹਿੰਦਿਆਂ ਔਖ ਵੀ ਮਹਿਸੂਸ ਕਰਦੇ ਹਨ। ਜੇਕਰ ਉਹ ਔਖੇ ਹਨ ਤਾਂ ਵਾਪਸ ਆਪਣੇ ਵਤਨ ਕਿਉਂ ਨਹੀਂ ਜਾਂਦੇ। ਕਵੀ ਅਜਿਹੇ ਪੰਜਾਬੀਆਂ ਨੂੰ ਵੀ ਚੰਗਾ ਨਹੀਂ ਸਮਝਦਾ। ਉਹ ਕਹਿੰਦਾ ਹੈ ਜਿਥੋਂ ਰੋਜਗਾਰ ਮਿਲਦਾ ਹੈ। ਸਹੂਲਤਾਂ ਮਿਲਦੀਆਂ ਹਨ ਫਿਰ ਉਸ ਦੇਸ ਨੂੰ ਦੋਸ਼ ਕਾਹਦਾ। ਦੋਸ਼ ਤਾਂ ਸਾਡੀ ਆਪਣੀ ਮਾਨਸਿਕਤਾ ਦਾ ਹੈ। ਬਲਜਿੰਦਰ ਸੰਘਾ ਦੀ ਖ਼ੂਬੀ ਇਸ ਗੱਲ ਵਿਚ ਵੀ ਹੈ ਕਿ ਉਸਨੇ ਇਸ਼ਕ ਮੁਸ਼ਕ ਦੀਆਂ ਰੋਮਾਂਟਿਕ ਕਵਿਤਾਵਾਂ ਨਹੀਂ ਲਿਖੀਆਂ ਸਗੋਂ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੱਤੀ ਹੈ। ਇਸ ਲਈ ਉਹ ਸ਼ਾਬਾਸ਼ ਦਾ ਹੱਕਦਾਰ ਹੈ। ਬਲਜਿੰਦਰ ਸੰਘਾ ਦਾ ਜਨਮ ਫਰੀਦਕੋਟ ਜਿਲ੍ਹੇ ਦੇ ਪਿੰਡ ਢੁੱਡੀ ਵਿਖੇ ਪਿਤਾ ਚੰਦ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਹੋਇਆ। ਦਸਵੀਂ ਤੱਕ ਦੀ ਸਕੂਲੀ ਪੜ੍ਹਾਈ ਉਸਨੇ ਆਪਣੇ ਪਿੰਡ ਢੁੱਡੀ ਦੇ ਸਰਕਾਰੀ ਸਕੂਲ ਵਿਚੋਂ ਅਤੇ ਪਲੱਸ ਟੂ ਸਰਕਾਰੀ ਸੀਨੀਅਰ ਸੈਕੰਡਰੀ ਬਲਬੀਰ ਸਕੂਲ ਫਰੀਦਕੋਟ ਤੋਂ ਪਾਸ ਕੀਤੀ। ਇਸ ਤੋਂ ਮਗਰੋਂ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਬੈਚੂਲਰ ਆਫ ਕਮਰਸ ਵਿਚ ਦਾਖਲਾ ਲੈ ਲਿਆ। ਪੰਜਾਬੀ ਦਾ ਇਹ ਨੌਜਵਾਨ ਸ਼ਾਇਰ ਪਿਛਲੇ ਪੰਦਰਾਂ ਸਾਲਾਂ ਤੋਂ ਕੈਲਗਰੀ ਵਿਖੇ ਆਪਣੇ ਪਰਿਵਾਰ ਪਤਨੀ ਅਤੇ ਦੋ ਸਪੁੱਤਰਾਂ ਨਾਲ ਰਹਿ ਰਿਹਾ ਹੈ। ਸਾਹਿਤਕ ਸਰਗਰਮੀਆਂ ਵਿਚ ਦਿਲਚਸਪੀ ਨਾਲ ਹਿੱਸਾ ਲੈ ਰਿਹਾ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰਨੀ ਮੈਂਬਰ-ਖ਼ਜਾਨਚੀ ਅਤੇ ਜਨਰਲ ਸਕੱਤਰ ਵੀ ਰਿਹਾ ਹੈ। ਉਹ ਡਾਲਰਾਂ ਨਾਲੋਂ ਸਾਹਤਿਕ ਸਰਗਰਮੀਆਂ ਨੂੰ ਤਰਜੀਹ ਦਿੰਦਾ ਹੈ।

ਬਲਜਿੰਦਰ ਸੰਘਾ ਦੀ ਦੂਜੀ ਪੁਸਤਕ-ਪੰਜਾਬੀ ਸਾਹਿਤ ਪਰਖ ਤੇ ਪੜਚੋਲ-ਦੋ ਹਜ਼ਾਰ ਪੰਦਰਾਂ ਵਿਚ ਪ੍ਰਕਾਸ਼ਤ ਹੋਈ ਹੈ। ਜਿਸਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਵਿਚ ਗਿਆਰਾਂ ਕਵਿਤਾ-ਕਹਾਣੀ-ਨਾਵਲ ਅਤੇ ਰੇਖਾ ਚਿਤਰਾਂ ਦੀਆਂ ਪੁਸਤਕਾਂ ਉਪਰ ਉਸ ਵੱਲੋਂ ਲਿਖੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਤੋਂ ਸ਼ਪਸ਼ਟ ਹੋ ਜਾਂਦਾ ਹੈ ਕਿ ਬਲਜਿੰਦਰ ਸੰਘਾ ਨੂੰ ਸਾਹਿਤ ਨਾਲ ਕਿਤਨਾ ਪਰੇਮ ਹੈ। ਇਹ ਲੇਖ ਉਸਨੇ-ਪੰਜਾਬੀ ਲਿਖਾਰੀ ਸਭਾ ਕੈਲਗਰੀ-ਦੀਆਂ ਮੀਟਿੰਗਾਂ ਵਿਚ ਲੋਕ ਅਰਪਣ ਕੀਤੀਆਂ ਗਈਆਂ ਪੁਸਤਕਾਂ ਬਾਰੇ ਪੜ੍ਹੇ ਸਨ। ਇਹ ਪੁਸਤਕ ਬਲਜਿੰਦਰ ਸੰਘਾ ਦੀ ਸਾਹਿਤ ਬਾਰੇ ਬਚਨਵੱਧਤਾ ਦਾ ਪਰਗਟਾਵਾ ਵੀ ਕਰਦੀ ਹੈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਭਵਿਖ ਵਿਚ ਬਲਜਿੰਦਰ ਸੰਘਾ ਕੋਲੋਂ ਸਾਹਿਤਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>