ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ

ਦੁਨੀਆਂ ਦੇ ਇਤਿਹਾਸ ਵਿੱਚ ਵਿਰਲੇ ਹੀ ਮੌਕੇ ਪੈਦਾ ਹੁੰਦੇ ਹਨ ਜਦ ਆਮ ਲੋਕ ਰਾਜਸੱਤਾ ਦੇ ਖਿਲਾਫ ਵਿਦਰੋਹ ਕਰਦੇ ਹਨ ਤਾਂ ਕਿ ਰਾਜਸੱਤਾ ਨੂੰ ਜਾਲਮ ਹੋਣ ਤੋਂ ਰੋਕ ਕੇ ਲੋਕਪੱਖੀ ਕੀਤਾ ਜਾ ਸਕੇ। ਰਾਜਸੱਤਾ ਇਹੋ ਜਿਹੇ ਇਨਕਲਾਬੀ ਸਮਿਆਂ ਤੇ ਲੋਕਾਂ ਦੇ ਆਗੂਆਂ ਨੂੰ ਗਦਾਰੀਆਂ ਕਰਨ ਦੇ ਇਨਾਮ ਵਜੋਂ ਰਾਜਸੱਤਾ ਦੇ ਵਿੱਚ ਕੁੱਝ ਬੁਰਕੀਆਂ ਪਾਉਣ ਤੋਂ ਲੈਕੇ ਹਿੱਸੇਦਾਰ ਬਨਾਉਣ ਤੱਕ ਦੀ ਕੀਮਤ ਵੀ ਅਦਾ ਕਰ ਦਿੰਦੀਆਂ ਹਨ ਇਹੋ ਜਿਹੇ ਸਮਿਆਂ ਵਿੱਚ। ਪੰਜਾਬ ਦੇ ਸਿੱਖ ਇਤਿਹਾਸ ਵਿੱਚ ਡੋਗਰਿਆਂ ਦਾ ਰੋਲ, ਤੇਜਾ ਸਿੰਘ ਅਤੇ ਲਾਲ ਸਿੰਘ ਵਰਗੇ ਗਦਾਰ ਅੱਜ ਵੀ ਆਪਣੀ ਗਦਾਰੀ ਅਤੇ ਕਮੀਨਗੀ ਲਈ ਤਿਰਸਕਾਰੇ ਜਾਂਦੇ ਹਨ ਜਿਹਨਾਂ ਸਿੱਖ ਸੱਤਾ ਨੂੰ  ਤਬਾਹ ਕਰਵਾਉਣ ਲਈ ਅੰਗਰੇਜਾਂ ਨਾਲ ਰਲਣ ਨੂੰ ਪਹਿਲ ਦਿੱਤੀ ਸੀ। ਆਪਣੇ ਸਮੇਂ ਵਿੱਚ ਤਾਂ ਇਹੋ ਜਿਹੇ ਗਦਾਰ ਭਾਵੇਂ ਰਾਜਸੱਤਾ ਦਾ ਸੁੱਖ ਮਾਣ ਜਾਂਦੇ ਹਨ ਪਰ ਇਤਿਹਾਸ ਵਿੱਚ ਇਹੋ ਜਿਹੇ ਲੋਕ ਅਪਮਾਨ ਰੂਪੀ ਜਹਿਰ ਹੀ ਪੀਂਦੇ ਹਨ। ਪੰਜਾਬ ਦੇ ਵਰਤਮਾਨ ਉੱਪਰ ਵੀ ਇਹੋ ਜਿਹੇ ਹਿੰਦੋਸਤਾਨ ਦੇ ਗਦਾਰਾਂ ਦੇ ਪਰਛਾਵੇਂ ਪੈ ਰਹੇ ਹਨ। ਇਸ ਭਰਿਸ਼ਟਾਚਾਰ ਵਿਰੁੱਧ ਚੱਲੇ ਅੰਦੋਲਨ ਨੂੰ ਫੇਲ ਕਰਨ ਵਾਲੇ ਟੋਲੇ ਨੂੰ ਪੰਜਾਬ ਵਿੱਚ ਸਫਲਤਾ ਮਿਲਦੀ ਹੈ ਜਾਂ ਨਹੀਂ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ। ਇਸ ਅੰਦੋਲਨ ਸਮੇਂ ਪਿੱਛਲੇ 70 ਸਾਲਾਂ ਤੋਂ ਭਾਰਤ ਦੇਸ਼ ਦੀ ਜਨਤਾ ਰਾਜਸੱਤਾ ਦੇ ਲੋਕ ਹਿੱਤ ਤੋਂ ਲੋਕ ਵਿਰੋਧੀ ਹੋਣ ਤੱਕ ਦੇ ਸਫਰ ਤੋਂ ਅੱਕ ਕੇ ਰੋਹ ਨਾਲ ਭਰ ਗਈ ਸੀ ਜਿਸਦਾ ਪਰਗਟਾਵਾ ਅੰਨੇ ਹਜਾਰੇ ਦੀ ਭੁੱਖ ਹੜਤਾਲ ਦੌਰਾਨ ਵੱਡੇ ਪੱਧਰ ਤੇ ਦਿਖਾਈ ਦਿੱਤਾ ਸੀ। ਇਸ ਸਮੇਂ ਤੇ ਰਾਜਸੱਤਾ ਦੀ ਲੁਕਵੀ ਹਮਾਇਤ ਕਰਨ ਲਈ ਉਸਦਾ ਲੋਕ ਸੇਵਾ ਦੇ ਭੇਸ਼ ਵਿੱਚ ਫਿਰ ਰਿਹਾ ਆਈ ਏ ਐੱਸ ਤੋਂ ਵਿਹਲਾ ਹੋਇਆ ਟੋਲਾ ਸ਼ਾਮਿਲ ਹੋਇਆ ਜਿਸ ਵਿੱਚ ਕੇਜਰੀਵਾਲ ਕਿਰਨ ਬੇਦੀ ਅਤੇ ਫੌਜ ਦੇ ਰਿਟਾਇਰਡ ਅਧਿਕਾਰੀ ਸ਼ਾਮਿਲ ਸਨ। ਕੇਜਰੀਵਾਲ ਇਸ ਜੁੰਡਲੀ ਦਾ ਬੁਲਾਰਾ ਅਤੇ ਪਰਬੰਧਕ ਬਣ ਬੈਠਿਆ ਜਿਸਨੇ ਅੰਨਾਂ ਹਜਾਰੇ ਵਰਗੇ ਬਜੁਰਗ ਨੂੰ ਵੀ ਆਪਣੀ ਕੁਟਿਲ ਚਾਣਕਯ ਨੀਤੀ ਵਿੱਚ ਫਸਾ ਲਿਆ। ਭਿਰਸ਼ਟਾਚਾਰ  ਖਿਲਾਫ ਇਸ ਭੁੱਖ ਹੜਤਾਲ ਦੌਰਾਨ ਸਰਕਾਰ ਅੰਨਾਂ ਹਜਾਰੇ ਨੂੰ ਤਿਹਾੜ ਜੇਲ ਵਿੱਚ ਰੱਖਣ ਤੋਂ ਵੀ ਅਸਮਰਥ ਹੋ ਗਈ ਸੀ ਕਿਉਂਕਿ ਲੋਕਾਂ ਦਾ ਹੜ ਤਿਹਾੜ ਜੇਲ ਨੂੰ ਘੇਰਾ ਪਾਕੇ ਬੈਠ ਗਿਆਂ ਅਤੇ ਦੇਸ਼ ਭਰ ਵਿੱਚੋਂ ਲੋਕਾਂ ਦੇ ਹਜੂਮ ਦਿੱਲੀ ਵੱਲ ਕੂਚ ਕਰਨ ਲੱਗੇ ਸਨ। ਇਹ ਪਹਿਲਾ ਮੌਕਾ ਸੀ ਜਦ ਦੇਸ਼ ਦੀ ਪਾਰਲੀਮੈਂਟ ਕਿਸੇ ਅੰਦੋਲਨ ਦੇ ਕਾਰਨ ਛੁੱਟੀ ਵਾਲੇ ਦਿਨ ਵੀ ਲੋਕਪਾਲ ਬਨਾਉਣ ਲਈ ਕੋਈ ਮਤਾ ਪਾਸ ਕਰਨ ਲਈ ਬੈਠਣ ਲਈ ਮਜਬੂਰ ਹੋਈ ਹੋਵੇ । ਇਸ ਤਰਾਂ ਦਾ ਅੰਦੋਲਨ ਵੀ ਤਬਾਹ ਕਿਵੇਂ ਹੋ ਗਿਆਂ ਜਦੋਂ ਕਿ ਉਸਦਾ ਮੁੱਖ ਆਗੂ ਅੰਨਾਂ ਹਜਾਰੇ ਭੱਜਿਆ ਵੀ ਨਾਂ ਹੋਵੇ ਤੇ ਵਿਕਿਆ ਵੀ ਨਾਂ ਹੋਵੇ।

ਹਿੰਦੋਸਤਾਨ ਹਕੂਮਤ ਦੇ ਲੁਕਵੇਂ ਏਜੰਟ ਸ੍ਰੀ ਸ੍ਰੀ ਰਵਿਸੰਕਰ, ਰਾਮਦੇਵ ਅਤੇ ਹੋਰ ਅਨੇਕਾਂ ਆਗੂ  ਸ਼ਾਮਿਲ ਹੋਏ ਅਤੇ ਇੰਹਨਾਂ ਸਾਰਿਆਂ ਨੇ ਰਲਕੇ ਕੇਜਰੀਵਾਲ ਰਾਹੀ ਇਸ ਅੰਦੋਲਨ ਦੇ ਆਗੂਆਂ ਨੂੰ ਆਪਣੀਆਂ ਲੂੰਬੜ ਚਾਲਾਂ ਦਾ ਹਿੱਸੇਦਾਰ ਬਣਾ  ਲਿਆ। ਕੇਜਰੀਵਾਲ ਨੇ ਇਸ ਦੌਰਾਨ ਇਸ ਅੰਦੋਲਨ ਨੂੰ ਫੇਲ ਕਰਨ ਲਈ ਸੱਭ ਤੋਂ ਜਿਆਦਾ ਕੀਮਤ ਵਸੂਲੀ ਜਿਸ ਵਿੱਚ ਇਸ ਅੰਦੋਲਨ ਦੌਰਾਨ ਇਕੱਠੀ ਹੋਈ ਕਰੋੜਾਂ ਰੁਪਏ ਦੀ ਦਾਨ ਰਾਸ਼ੀ ਹੜੱਪ ਕਰ ਲਈ ਗਈ। ਇਸ ਰਾਸ਼ੀ ਦੇ ਬਾਰੇ ਸਰਕਾਰਾਂ ਨੇ ਕਦੇ ਵੀ ਕੋਈ ਜਾਂਚ ਨਹੀਂ ਕਰਵਾਈ। ਇਸ ਅੰਦੋਲਨ ਦੀਆਂ ਜੜਾ ਪੁੱਟਣ ਲਈ ਇਸ ਦੇ ਬਹੁਤ ਸਾਰੇ ਛੋਟੇ ਆਗੂਆਂ ਨੂੰ ਰਾਜਨੀਤਕ ਪਾਰਟੀ ਵਿੱਚ ਬਦਲਕੇ ਅਤੇ ਕੁਰਸੀਆਂ ਦਾ ਲਾਲਚ ਦਿਖਾਕਿ ਤੋੜ ਲਿਆ ਗਿਆ। ਇਸ ਅੰਦੋਲਨ ਦੇ ਸਿਧਾਂਤ ਜੋ ਲੋਕ ਰੋਹ ਨੂੰ ਹੋਰ ਪਰਚੰਡ ਕਰਨ ਦਾ ਸੀ ਨੂੰ ਕੁਰਸੀ ਯੁੱਧ ਦੀ ਅੰਨੀ ਗਲੀ ਵਿੱਚੋਂ ਇਨਕਲਾਬ ਭਾਲਣ ਦੇ ਖੂਹ ਵਿੱਚ ਸਿੱਟ ਦਿੱਤਾ ਗਿਆ। ਰਾਜਨੀਤਕਾਂ ਧਿਰਾਂ ਨੇ ਆਪੋ ਆਪਣੇ ਹਿੱਤਾਂ ਲਈ ਵਰਤਦਿਆਂ ਬਹੁਮਤ ਨਾਂ ਹੋਣ ਦੇ ਬਾਵਜੂਦ ਕੇਜਰੀਵਾਲ ਨੂੰ ਦਿੱਲੀ ਦੀ ਕੁਰਸੀ ਦਾਨ ਤੱਕ ਕਰ ਦਿੱਤੀ । ਇਸ ਕੁਰਸੀ ਉੱਪਰ ਬੈਠਕੇ ਹੰਕਾਰੀ ਹੋਇਆ ਕੇਜਰੀਵਾਲ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਦੇਖਣ ਲੱਗਿਆ ਜਿਸ ਵਿੱਚ ਦੇਸ਼ ਦੇ ਲੋਕਾਂ ਨੇ ਦਿੱਲੀ ਸਮੇਤ ਇਸ ਦਾ ਸਫਾਇਆ ਕਰ ਦਿੱਤਾ। ਪੰਜਾਬ ਵਿੱਚ ਪੰਜਾਬ ਦੀਆਂ ਸਥਿਤੀਆਂ ਕਾਰਨ ਚਾਰ ਕੁ ਬੰਦੇ ਜਿੱਤ ਗਏ ਜਿਹਨਾਂ ਦੇ ਸਿਰ ਤੇ ਕੇਜਰੀਵਾਲ ਦੀ ਦੁਕਾਨ ਦਾ ਦੁਬਾਰਾ ਚਾਲੂ ਕਰਨ ਦਾ ਸਬੱਬ ਬਣ ਗਿਆਂ। ਵਿਦੇਸ਼ੀ ਪੰਜਾਬੀਆਂ ਤੋਂ ਅੰਨਾਂ ਧੰਨ ਮਿਲਣ ਦੇ ਕਾਰਨ ਦੁਬਾਰਾ ਦਿੱਲੀ ਵਿੱਚ ਜਿੱਤ ਦਾ ਸਾਹ ਸਵਾਰ ਹੋਇਆ ਕੇਜੀਵਾਲ ਹੰਕਾਰ ਦੀਆਂ ਨੀਚ ਹੱਦਾਂ ਵੀ ਪਾਰ ਕਰ ਗਿਆ।

ਯੋਗੇਦਰ ਯਾਦਵ ਅਤੇ ਪਰਸ਼ਾਂਤ ਭੂਸ਼ਣ ਵਰਗੇ ਕਰੋੜਾਂ ਰੁਪਏ ਦੇਣ ਵਾਲਿਆਂ ਉੱਤੇ ਰਾਜਨੀਤੀ ਦੀ ਤਲਵਾਰ ਚਲਾ ਦਿੱਤੀ ।ਇਸ ਤੋਂ ਅਗਲਾ ਵਾਰ ਪੰਜਾਬ ਦੇ ਦਲੇਰ ਰਾਜਨੀਤਕਾਂ ਤੇ ਕੀਤਾ ਗਿਆ ਜਿਸ ਵਿੱਚ ਪਾਕਿ ਸਾਫ ਡਾਕਟਰ ਦਲਜੀਤ ਸਿੰਘ ਅੰਮਿ੍ਤਸਰ, ਹਰਿੰਦਰ ਸਿੰਘ ਖਾਲਸਾ ਅਤੇ ਧਰਮਵੀਰ ਗਾਂਧੀ ਬਣੇ। ਪੰਜਾਬ ਦੀ ਚੋਣ ਮੁਹਿੰਮ ਚਲਾਉਣ ਵਾਲੀ ਬਾਰਾਂ ਮੈਂਬਰੀ ਕੰਪੇਨ ਕਮੇਟੀ ਨੂੰ ਚਮਚਿਆਂ ਨੂੰ ਛੱਡਕੇ ਬਾਕੀਆਂ ਨੂੰ ਘਰ ਤੋਰ ਦਿੱਤਾ ਗਿਆ। ਆਪਣੇ ਏਜੰਟ ਪੰਜਾਬ ਦੇ ਵਿੱਚੋਂ ਚਮਚੇ ਅਤੇ ਕੜਛੇ ਭਾਲਣ ਤੋਰ ਦਿੱਤੇ ਗਏ ਜਿਸ ਵਿੱਚ ਕੁੱਝ ਅਣਜਾਣ ਕੁੱਝ ਚਮਚੇ ਕੁੱਝ ਗਦਾਰ ਬੇਈਮਾਨ ਕੁੱਝ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਏਜੰਟ ਹੀ ਸ਼ਾਮਿਲ ਹੋਣ ਦੇ ਯੋਗ ਸਿੱਧ ਹੋਏ ਕਿਉਂਕਿ ਅਸਲੀ ਆਮ ਲੋਕਾਂ ਵਿੱਚੋਂ ਵਲੰਟੀਅਰ ਤਾਂ ਖੂੰਜੇ ਲਾ ਦਿੱਤੇ ਗਏ। ਅਣਜਾਣ ਲੋਕਾਂ ਨੂੰ ਤਾਂ ਜਦ ਹੀ ਅਸਲੀਅਤ ਪਤਾ ਲੱਗਦੀ ਗਈ ਪਾਸੇ ਹੱਟਦੇ ਗਏ ਅਤੇ ਹੱਟਦੇ ਜਾਂ ਰਹੇ ਹਨ ਪਰ ਕਈਆਂ ਸਧਾਰਨ ਬੁੱਧੀ ਵਾਲਿਆਂ ਨੂੰ ਹਾਲੇ ਵੀ ਉੱਠ ਦੇ ਬੁੱਲ ਡਿੱਗਣ ਦੀ ਆਸ ਹੈ ਪਰ ਬਾਕੀ ਤਾਂ ਸਾਰਾ ਸਵਾਰਥੀ ਲਾਣਾ ਹੈ ਜਿਸਨੇ ਆਪਣਾ ਹਿੱਸਾ ਹੀ ਵੰਡਾਉਣਾ ਹੈ ਜਾਂ ਕੁੱਝ ਬੁਰਕੀਆਂ ਹੀ ਖਾਣੀਆਂ ਹਨ। ਕੇਜਰੀਵਾਲ ਦੇ ਸਬੰਧ ਪੰਜਾਬ ਪੰਜਾਬੀਅਤ ਦੇ ਵਿਰੋਧੀਆਂ ਨਾਲ ਹਨ ਜਿਹਨਾਂ ਵਿੱਚ ਨਿਰੰਕਾਰੀ ਮੰਡਲ ਅਤੇ ਪੰਜਾਬ ਵਿਰੋਧੀ ਹਰਿਆਣਵੀ ਖਾਸਾ ਪਰਮੁੱਖ ਹਨ। ਗੁਰੂਆਂ ਦੇ ਨਾਂ ਤੇ ਵਸਣ ਵਾਲੇ ਪੰਜਾਬੀਆਂ ਦੀ ਥਾਂ ਕੇਜਰੀ ਟੋਲੇ ਦਾ ਖਾਸਾ ਦੇਸ਼ ਵਿੱਚ ਏਕਤਾ ਸਾਂਝੀਵਾਲਤਾ ਦੀ ਥਾਂ ਵਿਸ਼ੇਸ਼ ਸੋਚ ਦੀ ਪਰਚਾਰਕ ਸੰਘ ਪਰੀਵਾਰ ਨਾਲ ਜੁੜਦਾ ਹੈ। ਇਹ ਵਰਗ ਮਜਬੂਰੀ ਵੱਸ ਹੀ ਪੰਜਾਬ ਨਾਲ ਖੜਦਾ ਹੈ ਪਰ ਜਦ ਇਹ ਤਾਕਤਵਰ ਹੋਵੇਗਾ ਤਦ ਹੀ ਆਪਣੇ ਮੂਲ ਖਾਸੇ ਅਨੁਸਾਰ ਪੰਜਾਬੀਅਤ ਖਿਲਾਫ ਹੀ ਭੁਗਤੇਗਾ। ਇਸ ਕਾਰਨ ਹੀ ਪੰਜਾਬ ਦੇ ਸਿਆਣੇ ਲੋਕ ਆਗੂਆਂ ਦੀ ਥਾਂ ਕੱਚ ਘਰੜ ਭੰਡ ਟੋਲੇ ਅਤੇ ਲਾਲਚੀ ਆਗੂਆਂ ਉੱਪਰ ਹੀ ਇਸ ਦੀ ਟੇਕ ਹੈ। ਪੰਜਾਬ ਦੀ ਜਿੰਦ ਜਾਨ ਪਾਣੀਆਂ ਦੇ ਮਸਲੇ ਉੱਪਰ ਸਪੱਸ਼ਟ ਸਟੈਂਡ ਹੀ ਨਹੀਂ ਇਸ ਹੰਕਾਰੀ ਮਨੁੱਖ ਦਾ। ਪੰਜਾਬ ਦੀ ਕਿਸਾਨੀ ਬਾਰੇ ਕੋਈ ਸਪੱਸ਼ਟ ਨੀਤੀ ਨਹੀਂ ਜੋ ਪੰਜਾਬ ਦੀ ਮਜਦੂਰ ਜਮਾਤ ਦੇ ਵੀ ਰੋਜਗਾਰ ਦਾ ਸਾਧਨ ਹੈ। ਨਸ਼ਿਆਂ ਦੇ ਉਸਾਰੂ ਹੱਲ ਦੀ ਥਾਂ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਕਰਨ ਦੀ ਇਹ ਧਿਰ ਪੂਰੀ ਹਮਾਇਤ ਕਰ ਰਹੀ ਹੈ। ਪੰਜਾਬ ਨੂੰ ਹਿੰਦੋਸਤਾਨ ਦੀ ਮੰਡੀ ਬਣਾਈ ਰੱਖਣ ਵਾਲੀ ਜੁੰਡਲੀ ਦਾ ਇਹ ਹਿੱਸਾ ਸਿੰਘ ਸਰਦਾਰ ਅਤੇ ਕੇਸਰੀ ਰੰਗ ਦੀ ਚੜਤ ਦੀ ਪਛਾਣ ਵੀ ਟੋਪੀ ਅਤੇ ਚਿੱਟੇ ਕਫਣਾਂ ਵਿੱਚ ਢੱਕਣ ਦੀ ਨੀਤੀ ਚਲਾ ਰਿਹਾ ਹੈ। ਪੰਜਾਬ ਦੇ ਬੁੱਧੀਜੀਵੀ ਵਰਗ ਦਾ ਅਸਪੱਸਟ ਵਤੀਰਾ ਇਹੋ ਜਿਹੇ ਟੋਲਿਆਂ ਨੂੰ ਪੰਜਾਬ ਤੇ ਕਬਜਾ ਕਰਦਿਆਂ ਦੇਖਕੇ ਮੂਕ ਦਰਸ਼ਕ ਬਣਿਆ ਹੋਇਆਂ ਹੈ।

ਇਸ ਟੋਲੇ ਦੇ ਸਿਪਾਹ ਸਲਾਰ ਜਿਹੜੇ ਅਕਾਲੀਆਂ ਅਤੇ ਕਾਂਗਰਸੀਆਂ ਦਾ ਡਰ ਬਿਠਾਕੇ ਪੰਜਾਬੀਆਂ ਨੂੰ ਲੁੱਟਣਾ ਲੋਚਦੇ ਹਨ ਪਰ ਇਹ ਅਕਾਲੀ ਕਾਂਗਰਸੀ ਵੀ ਕਿਸੇ ਵਕਤ ਲੋਕਾਂ ਦੇ ਹੀਰੋ ਸਨ ਜਿਸ ਕਾਰਨ ਉਹਨਾਂ ਨੂੰ ਰਾਜ ਕੁਰਸੀ ਤੇ ਪੰਜਾਬੀਆਂ ਹੀ ਬਿਠਾਇਆ ਸੀ। ਅਕਾਲੀਆਂ ਦਾ ਪੰਜਾਬੀ ਹਿੱਤਾਂ ਲਈ ਲੰਬਾ ਸੰਘਰਸ਼, ਬਾਦਲ ਦੀ ਪੰਜਾਬੀ ਹਿੱਤਾਂ ਲਈ ਲੰਬੀ ਜੇਲ, ਅਮਰਿੰਦਰ ਦੀ ਸਿੱਖ ਤਬਾਹੀ ਤੇ ਹਾਅ ਦਾ ਨਾਅਰਾ ਅਤੇ ਪੰਜਾਬ ਦੇ ਪਾਣੀਆਂ ਲਈ ਦਿੱਲੀ ਦੀ ਕਾਂਗਰਸ ਲੀਡਰਸ਼ਿੱਪ ਖਿਲਾਫ ਬਗਾਵਤ ਅਤੇ ਨਿਆਂ ਪਾਲਿਕਾ ਦੀ ਪਰਵਾਹ ਨਾਂ ਕਰਨਾ ਪੰਜਾਬ ਪਿਆਰ ਦੀਆਂ ਨਿਸ਼ਾਨੀਆਂ ਹਨ। ਜੇ ਇਹ ਆਗੂ ਸਮੇਂ ਨਾਲ ਕਮਜੋਰ ਹੋਏ ਹਨ ਪਰ ਇਸਦਾ ਇਹ ਮਤਲਬ ਨਹੀਂ ਕਿ ਅਸੀਂ ਸਾਡੀ ਅਗਵਾਈ ਵਿਦੇਸ਼ੀਆਂ ਜਾਂ ਪੰਜਾਬ ਵਿਰੋਧੀਆਂ ਦੇ ਹਵਾਲੇ ਕਰ ਦੇਈਏ। ਕੇਜਰੀਵਾਲ ਜੁੰਡਲੀ ਨੇ ਜਿਸ ਤਰਾਂ ਭਿਰਸ਼ਟਾਚਾਰ ਵਿਰੋਧੀ ਅੰਨਾਂ ਅੰਦੋਲਨ ਨੂੰ ਫੇਲ ਕੀਤਾ ਹੈ। ਪੰਜਾਬੀਆਂ ਨੂੰ ਬੇਅਣਖੇ ਅਤੇ ਬੇਸਮਝ ਸਿੱਧ ਕਰਨ ਲਈ ਵੀ ਪੂਰਾ ਜੋਰ ਪੰਜਾਬ ਦੇ ਕੁੱਝ ਗਦਾਰਾਂ ਦੇ ਸਿਰ ਤੇ ਲਾਇਆ ਹੋਇਆ ਹੈ ਪਰ ਪੰਜਾਬੀ ਹਮੇਸ਼ਾਂ ਗੁਰੂਆਂ ਫਕੀਰਾਂ ਨੇ ਦੁਨੀਆਂ ਨੂੰ ਰਾਹ ਦਿਖਾਉਣ ਵਾਲੇ ਦੇ ਰੂਪ ਵਿੱਚ ਤਿਆਰ ਕੀਤੇ ਹਨ। ਪੰਜਾਬ ਦੇ ਸਿਆਣੇ ਸੂਝਵਾਨ ਲੋਕ ਸਮਾਂ ਆਉਣ ਤੇ ਇਹੋ ਜਿਹੇ ਧਾੜਵੀਆਂ ਅਤੇ ਉਸਦੇ ਨਾਲ ਰਲੇ ਪੰਜਾਬ ਦੇ ਅਣਜਾਣ ਜਾਂ ਗਦਾਰ ਟੋਲੇ ਨੂੰ ਵੀ ਜਰੂਰ ਹੀ ਮੂੰਹ ਤੋੜਵਾਂ ਉਤਰ ਦੇਣਗੇ । ਪੰਜਾਬ ਦੇ ਲੋਕ ਸਮਾਂ ਆਉਣ ਤੇ ਰਾਜ ਕਰਦਿਆਂ ਹੋਇਆਂ ਅਤੇ ਰਾਜਸੱਤਾ ਸੰਭਾਲਣ ਦੇ ਦਾਅਵੇਦਾਰਾਂ ਵਿੱਚੋਂ ਸਹੀ ਚੁਣਨ ਦਾ ਫੈਸਲਾ ਜਰੂਰ ਕਰਨਗੇ। ਵਕਤ ਅਤੇ ਸਮੇਂ ਦੀ ਮੰਗ ਪੰਜਾਬੀ ਲੋਕ ਕੁੱਝ ਨਵਾਂ ਵੀ ਸਿਰਜ ਸਕਦੇ ਹਨ ਦੀ ਵੀ ਆਸ ਰੱਖਣੀ ਚਾਹੀਦੀ ਹੈ ਕਿੳਂਕਿ ਵਕਤ ਹੀ ਤਾਕਤਵਰ ਹੁੰਦਾ ਹੈ ਜੋ ਕੁੱਝ ਵੀ ਨਵਾਂ ਸਿਰਜਣ ਦੇ ਸਮੱਰਥ ਹੁੰਦਾ ਹੈ। ਜਦ ਦੇਸ਼ ਅਤੇ ਦੁਨੀਆਂ ਦੀਆਂ ਸਾਰੀਆਂ ਸਟੇਟਾਂ ਆਪਣੇ ਸਥਾਨਕ ਆਗੂਆਂ ਨੂੰ ਅਗਵਾਈ ਦੇ ਰਹੀਆਂ ਹਨ ਤਦ ਪੰਜਾਬ ਦੇ ਲੋਕ ਆਪਣੀ ਅਗਵਾਈ ਬਿਗਾਨਿਆਂ ਦੇ ਹਵਾਲੇ ਕਿਵੇਂ ਕਰ ਸਕਦੇ ਹਨ। ਆਮੀਨ।

This entry was posted in ਲੇਖ.

One Response to ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ

  1. Ujagar singh says:

    Good write up eye opener

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>