ਬਹੁਪੱਖੀ ਸ਼ਖਸੀਅਤ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ ਇੱਕ ਸੰਸਥਾ ਵੀ। ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤੀ ਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਤੇ ਰਾਜਨੀਤੀ ਆਦਿਕ ਅਨੇਕ ਵਿਸ਼ੇ ਸ਼ਾਮਿਲ ਹਨ। ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (1900 ਤੋਂ 1930 ਈ.) ਵਿੱਚ ਭਾਈ ਸਾਹਿਬ ਦਾ ਸਥਾਨ ਮਹੱਤਵਪੂਰਣ ਹੈ।

ਉਨ੍ਹਾਂ ਦਾ ਅਸਲ ਪਿੰਡ ‘ਪਿਥੋ’ ਜ਼ਿਲਾ ਬਠਿੰਡਾ ਵਿੱਚ, ਜਾਤ ਦੇ ਢਿਲੋਂ ਜੱਟ ਤੇ ਉਨ੍ਹਾਂ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ। ਆਪ ਦਾ ਜਨਮ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਦੀ ਕੁ¤ਖੋਂ 30 ਅਗਸਤ 1861ਈ. ਨੂੰ ਹੋਇਆ। ਬੇਸ਼ਕ ਭਾਈ ਸਾਹਿਬ ਨੇ ਵਿਦਿਆ ਕਿਸੇ ਖਾਸ ਵਿਦਿਆਲੇ ਤੋਂ ਪ੍ਰਾਪਤ ਨਹੀਂ ਕੀਤੀ, ਪਰੰਤੂ ਨਾਭੇ ਦੇ ਜਿਸ ਇਤਿਹਾਸਕ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਬਚਪਨ ਤੋਂ ਵਿਦਿਆ ਪ੍ਰਾਪਤੀ ਦਾ ਮੌਕਾ ਮਿਲਿਆ ਉਹ ਅਸਥਾਨ ਉਸ ਮੌਕੇ ਬਹੁ-ਪੱਖੀ ਗਿਆਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਨਾਮ ਦੇ ਰਸੀਏ ਮਹਾਂਪੁਰਸ਼ ਬਾਬਾ ਅਜਾਪਾਲ ਸਿੰਘ ਜੀ ਨਾਲ ਸਬੰਧਿਤ ਉਸ ਇਤਿਹਾਸਕ ਗੁਰਦੁਆਰੇ ਦੇ ਪ੍ਰਮੁੱਖ ਸੇਵਾਦਾਰ ਉਸ ਸਮੇਂ, ਉਨ੍ਹਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਸਨ, ਜਿਸ ਕਰਕੇ ਬਚਪਨ ਤੋਂ ਹੀ ਬਹੁ-ਪੱਖੀ ਵਿਦਿਆ ਦੁਆਰਾ ਭਾਈ ਸਾਹਿਬ ਨੂੰ  ਭਲਾਈ ਤੇ ਬੁਰਾਈ ਨੂੰ ਪਰਖਣ ਦੀ ਸੋਝੀ ਪ੍ਰਾਪਤ ਹੋਈ।

ਜਵਾਨੀ ਦੀ ਉਮਰੇ ਪਹੁੰਚਣ ਤ¤ਕ ਭਾਈ ਸਾਹਿਬ ਅੰਦਰ ਆਪਣੇ ਸਮਾਜ, ਦੇਸ਼ ਅਤੇ ਕੌਮ ਬਾਰੇ ਸੋਚਣ ਦੀ ਅਥਾਹ ਸ਼ਕਤੀ ਪੈਦਾ ਹੋ ਚੁੱਕੀ ਸੀ। ਆਪ ਦੀ ਸੂਝ  ਅਤੇ  ਸਿਆਣਪ ਤੋਂ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ, ਮਹਾਰਾਜਾ ਹੀਰਾ ਸਿੰਘ (ਰਿਆਸਤ ਨਾਭਾ) ਤੇ ਉਸ ਮੌਕੇ ਦੀਆਂ ਧਾਰਮਿਕ ਤੇ ਸਮਾਜ ਸੁਧਾਰਕ ਲਹਿਰਾਂ ਦੇ ਮੁ¤ਖੀ ਬੇਹੱਦ ਪ੍ਰਭਾਵਿਤ ਹੋਏ । ਭਾਈ ਸਾਹਿਬ ਦਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸ੍ਰ. ਹਰਦਮ ਸਿੰਘ ਦੀ ਸਪੁੱਤਰੀ ਬਸੰਤ ਕੌਰ ਨਾਲ ਹੋਇਆ, ਜਿਸਦੀ ਕੁੱਖੋਂ ਭਾਈ ਸਾਹਿਬ ਦੇ ਇਕਲੋਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ 1892 ਈ: ਵਿੱਚ ਹੋਇਆ।  ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਾਲਫ, ਮਹਾਰਾਜਾ ਰਿਪੁਦਮਨ ਸਿੰਘ (ਰਿਆਸਤ ਨਾਭਾ) ਤੇ ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਭਾਈ ਸਾਹਿਬ ਦੇ ਪ੍ਰਮੁੱਖ ਸ਼ਿਸ਼ ਬਣੇ ਤੇ ਆਪਣੀ ਵਿਦਵਤਾ ਦੇ ਜਾਦੂ ਨਾਲ ਹੀ ਭਾਈ ਸਾਹਿਬ ਨੇ ਨਾਭੇ ਅਤੇ ਪਟਿਆਲਾ ਰਿਆਸਤਾਂ ਵਿਚ, ਕਈ ਉੱਚ ਅਹੁਦਿਆਂ ਤੇ ਸੇਵਾ ਕੀਤੀ।

ਪੰਜਾਬੀ ਸਾਹਿਤ ਉਸ ਸਮੇਂ ਅਜਿਹੇ ਪੜਾਅ ਤੇ ਖੜਾ ਸੀ, ਜਿਥੇ ਉਸਨੇ ਆਪਣੇ ਆਪ ਨੁੰ ਆਧੁਨਿਕਤਾ ਵੱਲ ਛਲਾਂਗ ਲਗਾਉਣ ਲਈ ਤਿਆਰ ਕਰਨਾ ਸੀ। ਇੱਕ ਲੇਖਕ ਦੇ ਤੌਰ ਤੇ ਉਨ੍ਹਾਂ ਦਾ ਆਗਮਨ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਹੋਇਆ ਅਤੇ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਉਪਰ ਬਣਦੀ ਹੈ। ਨਾਭਾ ਦਰਬਾਰ ਵਿਚ ਰਹਿੰਦਿਆਂ ਮੁੱਢਲੇ ਦੌਰ ਦੀਆਂ ਰਚਨਾਵਾਂ ‘ਰਾਜਧਰਮ’ (1884 ਈ.), ‘ਟੀਕਾ ਜੈਮਨੀ ਅਸਵਮੇਧ’ (1890 ਈ.) ਤੇ ‘ਨਾਟਕ ਭਾਵਾਰਥ ਦੀਪਿਕਾ’ (1897 ਈ.), ਗ੍ਰੰਥਾਂ ਵਿੱਚ ਭਾਈ ਸਾਹਿਬ ਨੇ ਮਹਾਰਾਜਾ ਹੀਰਾ ਸਿੰਘ ਦੇ ਖ਼ਿਆਲਾਂ ਨੂੰ ਪ੍ਰਮੁੱਖ ਰੱਖਿਆ। ਅਗਲੇ ਪੜਾਅ ਦੀਆਂ ਰਚਨਾਵਾਂ ‘ਹਮ ਹਿੰਦੂ ਨਹੀਂ’ (1897 ਈ.), ‘ਗੁਰੁਮਤ ਪ੍ਰਭਾਕਰ’ (1898 ਈ), ‘ਗੁਰੁਮਤ ਸੁਧਾਕਰ’ (1899 ਈ.), ‘ਗੁਰੁਗਿਰਾ ਕਸੌਟੀ’ (1899 ਈ.) ਅਤੇ ‘ਸੱਦ ਕਾ ਪਰਮਾਰਥ’ (1901 ਈ.) ਆਦਿ ਸਿੱਖੀ ਪ੍ਰਚਾਰ ਲਈ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਰਚਨਾਵਾਂ ਹਨ, ਤਾਂ ਜੋ ਗੁਰਮਤਿ ਨੂੰ ਉਸ ਮੌਕੇ ਦੇ ਪ੍ਰਚੱਲਿਤ ਵਹਿਮਾਂ-ਭਰਮਾਂ ਤੇ ਫਜੂਲ ਕਰਮ-ਕਾਂਡਾ ਤੋਂ ਵਖਰਿਆਂ ਕੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ; ਬੇਸ਼ੱਕ ਉਨ੍ਹਾਂ ਦੀ ਸਖ਼ਸੀਅਤ ਵਿੱਚੋਂ ਕਈ ਰੂਪਾਂ ਦੇ ਦਰਸ਼ਨ ਹੁੰਦੇ ਹਨ, ਪਰ ਦੂਜੇ ਦੌਰ ਦੀਆਂ ਰਚਨਾਵਾਂ ਨਾਲ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ, ਧਰਮ ਸ਼ਾਸਤਰੀ (ਟਹੲੋਲੋਗੳਿਨ) ਦੇ ਤੌਰ ਤੇ ਸਾਹਮਣੇ ਆਏ। ਇਹ ਰਚਨਾਵਾਂ ਉਨ੍ਹਾਂ ਨੂੰ ਭਾਈ ਗੁਰਦਾਸ ਦੇ ਪਿੱਛੋਂ, ਗੁਰਮੱਤ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ (ਚੋਦਡਿਇਰ) ਸਿੱਧ ਕਰਦਿਆਂ ਹਨ। ਭਾਈ ਸਾਿਹਬ ਦੇ ਇਸ ਯਤਨ ਸਦਕਾ 19ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਸਿੱਖ ਰਾਜਨੀਤੀ  ਨੂੰ ਇਕ ਸਪਸ਼ਟ ਮਨੋਰਥ ਤੇ ਦਿਸ਼ਾ ਹਾਸਲ ਹੋਈ।

ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (1907 ਈ.) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ‘ਗੁਰੁਛੰਦ ਦਿਵਾਕਰ’ (1924 ਈ.) ਅਤੇ ‘ਗੁਰੁਸ਼ਬਦਾਲੰਕਾਰ’ (1925 ਈ.) ਪੁਸਤਕਾਂ ਦੀ ਰਚਨਾ ਕਰਕੇ ਜਿੱਥੇ ਭਾਰਤ ਦੇ ਪ੍ਰਸਿੱਧ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਗੌਰਵਮਈ ਸਬੂਤ ਦਿੱਤਾ, ਉੱਥੇ ਹਿੰਦੀ ਦੇ ਪ੍ਰਸਿੱਧ ਕੋਸ਼ਾਂ, ‘ਅਨੇਕਾਰਥ ਕੋਸ਼’, ਅਤੇ ‘ਨਾਮਮਾਲਾ ਕੋਸ਼’, ਵਿੱਚ ਲੋੜ ਅਨੁਸਾਰ ਸੋਧ-ਸੁਧਾਈ ਤੇ ਟਿੱਪਣੀਆਂ ਕਰਕੇ ਸੰਪਾਦਨ ਕਲਾ ’ਚ ਵੀ ਜੌਹਰ ਵਿਖਾਏ। ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਭਾਈ ਸਾਹਿਬ ਨੇ 14-15 ਸਾਲ ਦੀ ਕਠਿੱਨ ਤਪੱਸਿਆ ਨਾਲ ਮਹਾਨ ਸਾਹਿਤਕ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ ਜੋ ਭਾਈ ਸਹਿਬ ਦੀ ਜੀਵਨ ਭਰ ਦੀ ਤਪੱਸਿਆ ਦਾ ਫਲ ਹੈ। ਪੰਜਾਬੀ ਭਾਸ਼ਾ ’ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸਦੇ ਘੇਰੇ ’ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਮਾਇਆ ਕਿ ਮਾਂ ਬੋਲੀ ਪੰਜਾਬੀ ਵਿੱਚ ਵੱਡੇ ਤੋਂ ਵੱਡਾ ਕੰਮ ਸੋਚਿਆ ਜਾ ਸਕਦੈ ਅਤੇ ਕੀਤਾ ਜਾ ਸਕਦੈ। ਅਨੇਕ ਅਖਬਾਰਾਂ ਮੈਗਜੀਨਾਂ ਲਈ ਨਿਬੰਧ ਲਿਖਕੇ ਭਾਈ ਸਾਹਿਬ ਨੇ ਪੰਜਾਬੀ ਨਿਬੰਧਕਾਰੀ ਦੇ ਨਿਖਾਰ ਲਈ ਵੀ ਅਹਿਮ ਯੋਗਦਾਨ ਪਾਇਆ ਜੋ ਹੁਣ ‘ਬਿਖਰੇ ਮੋਤੀ’ ਪੁਸਤਕ ਰੂਪ ਵਿੱਚ ਉਪਲਬਧ ਹਨ। ‘ਚੰਡੀ ਦੀ ਵਾਰ’ ਦਾ ਟੀਕਾ ‘ਗੁਰੁਮਤ ਮਾਰਤੰਡ’  ਅਤੇ ‘ਇਤਿਹਾਸ ਬਾਗੜੀਆਂ ਆਦਿ ਭਾਈ ਸਾਹਿਬ ਦੀਆਂ ਕੁੱਝ ਹੋਰ ਬਹੁਚਰਚਿਤ ਰਚਨਾਵਾਂ ਹਨ।

ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਨੇ 23 ਨਵੰਬਰ 1938 ਈ: ਨੂੰ ਨਾਭੇ ਵਿਖੇ ਜੋਗੀ ਜਨਾਂ ਦੀ ਤਰ੍ਹਾਂ ਪ੍ਰਾਣ ਤਿਆਗੇ। ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜੀ, ਪੰਜਾਬੀ, ਹਿੰਦੀ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਾਧਾਈ ਦੇ ਹੱਕਦਾਰ ਹਨ। ਕਾਨ੍ਹ ਸਿੰਘ ਨਾਭਾ ਵੱਲੋਂ ਆਰੰਭੇ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਨੂੰ ਹਾਲੀ ਹੋਰ ਬਹੁਤ ਉਦਮ ਦੀ ਜਰੂਰਤ ਹੈ। ਇਸ ਵਿੱਚ ਕੋਈ ਸੰਦੇਹ ਨਹੀ ਕਿ ਉਹ ਆਪਣੇ ਬਹੁਤ ਸਾਰੇ ਸਮਕਾਲੀ ਵਿਦਵਾਨਾਂ ਵਾਂਗ ਗੁਰਮਤ ਨੂੰ ਆਪਣੇ ਵਿਚਾਰਾਂ ਦਾ ਮੂਲ ਆਧਾਰ ਮੰਨਦੇ ਹਨ, ਪਰ ਉਨ੍ਹਾਂ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ ਤੇ ਵਿਗਿਆਨਕ ਹੈ। ਖਾਲਸਾ ਕਾਲਜ ਅੰਮ੍ਰਿਤਸਰ ’ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ‘‘ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸਨੂੰ ਆਪਣਾ ਗੁਰੂ ਮੰਨਕੇ, ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।”  ਵੀਹਵੀਂ ਸਦੀ ਦੇ ਪੰਜਾਬੀ ਦਾਰਸ਼ਨਿਕ ਭਾਈ ਕਾਨ੍ਹ ਸਿੰਘ ਨਾਭਾ  ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਸਾਹਿਤ ਅਤੇ ਵਿਦਿਆ ਦੇ ਖੇਤਰ ’ਚ ਭਾਈ ਕਾਨ੍ਹ ਸਿੰਘ ਨਾਭਾ ਦੀ ਵਡਮੁੱਲੀ ਘਾਲਣਾ ਭਾਰਤ ਦੀ ਸਮੁੱਚੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸ਼ਤਾ ਜੋੜਨ ਵਿੱਚ ਉਜਾਗਰ ਹੁੰਦੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>