ਪੰਥਕ ਸੰਸਥਾਵਾਂ ਦੇ ਵਕਾਰ ਵਿਚ ਗਿਰਾਵਟ ਕਿਉਂ

ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ-ਸਿਧਾਂਤ-ਧਾਰਨਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ-ਸਿਧਾਂਤ ਅਤੇ ਪ੍ਰੰਪਰਾਵਾਂ ਬਾਕੀ ਧਰਮਾਂ ਨਾਲੋਂ ਥੋੜ੍ਹੇ ਵੱਖਰੇ ਹਨ। ਇਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ ਲਈ ਕੁਝ ਕੁ ਸਿੱਖ ਸੰਸਥਾਵਾਂ ਬਣੀਆਂ ਹੋਈਆਂ ਹਨ। ਇਹ ਸੰਸਥਾਵਾਂ ਉਦੋਂ ਤੋਂ ਹੀ ਹੋਂਦ ਵਿਚ ਆ ਗਈਆਂ ਸਨ ਜਦੋਂ ਇਹ ਧਰਮ ਬਣਿਆਂ ਸੀ ਤਾਂ ਜੋ ਸਿੱਖ ਧਰਮ ਦੇ ਸਿਧਾਂਤਾਂ ਨੂੰ ਹੂ-ਬ-ਹੂ ਲਾਗੂ ਕੀਤਾ ਜਾ ਸਕੇ। ਉਹ ਸੰਸਥਾਵਾਂ ਸਿੱਖ ਧਰਮ ਦੇ ਅਨੁਆਈਆਂ ਲਈ ਉਤਨੀਆਂ ਹੀ ਪਵਿਤਰ ਹਨ ਜਿਤਨਾ ਸਿੱਖ ਧਰਮ ਹੈ।

ਸਿੱਖ ਧਰਮ ਸਰਬਤ ਦੇ ਭਲੇ ਵਿਚ ਵਿਸ਼ਵਾਸ਼ ਰੱਖਦਾ ਹੈ। ਆਪਸੀ ਮਿਲਵਰਤਨ-ਅਹਿੰਸਾ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਬਰਾਬਰੀ ਅਤੇ ਨਿਆਏ ਦੇ  ਹੱਕ ਵਿਚ ਆਵਾਜ਼ ਬੁਲੰਦ ਕਰਦਾ ਹੈ। ਗਊ ਗ਼ਰੀਬ ਦਾ ਸਹਾਈ ਹੁੰਦਾ ਹੈ। ਸੰਗਤ ਤੇ ਪੰਗਤ ਦਾ ਧਾਰਨੀ ਹੈ। ਜਾਤ-ਪਾਤ ਦਾ ਖੰਡਨ ਕਰਦਾ ਹੈ। ਇਸੇ ਲਈ ਸਿੱਖ ਧਰਮ ਦੇ ਸਿਧਾਂਤਾਂ ਅਤੇ ਪ੍ਰੰਪਰਾਵਾਂ ਤੇ ਪਹਿਰਾ ਦੇਣ ਲਈ ਪੰਜ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ – ਸ੍ਰੀ ਕੇਸ ਗੜ੍ਹ ਸਾਹਿਬ ਆਨੰਦਪੁਰ-ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ-ਸ੍ਰੀ ਹਜ਼ੂਰ ਸਾਹਿਬ ਨਾਦੇੜ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਬਿਹਾਰ ਬਣਾਏ ਗਏ ਹਨ। ਇਨ੍ਹਾਂ ਤਖ਼ਤਾਂ ਦੇ ਮੁੱਖੀ ਜਥੇਦਾਰ ਹੁੰਦੇ ਹਨ। ਇਨ੍ਹਾਂ ਵਿਚੋਂ ਪੰਜਾਬ ਦੇ ਤਿੰਨ ਤਖ਼ਤਾਂ ਦੇ ਜਥੇਦਾਰ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤ ਕਰਦੀ ਹੈ। ਬਾਕੀ ਦੋ ਤਖ਼ਤਾਂ ਦੇ ਜਥੇਦਾਰ ਉਥੋਂ ਦੀਆਂ ਪ੍ਰਬੰਧਕ ਕਮੇਟੀਆਂ ਨਿਯੁਕਤ ਕਰਦੀਆਂ ਹਨ। ਜੇਕਰ ਕੋਈ ਸਿੱਖ-ਸਿੱਖ ਧਰਮ ਦੇ ਸਿਧਾਂਤਾਂ ਦੀ ਉ¦ਘਣਾ ਕਰਦਾ ਹੈ ਤਾਂ ਅਕਾਲ ਤਖ਼ਤ ਦਾ ਜਥੇਦਾਰ ਪੰਜਾਂ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਅਕਾਲ ਤਖ਼ਤ ਤੇ ਬੁਲਾਕੇ ਫੈਸਲਾ ਸਰਬਸੰਮਤੀ ਨਾਲ ਕੀਤਾ ਜਾਂਦਾ ਹੈ ਭਾਵੇਂ ਉਹ ਵਿਅਕਤੀ ਕਿਤਨਾ ਹੀ ਵੱਡਾ ਜਾਂ ਉਚੇ ਅਹੁਦੇ ਤੇ ਕਿਉਂ ਨਾ ਹੋਵੇ। ਇੱਕ ਕਿਸਮ ਨਾਲ ਸਿੱਖਾਂ ਨੂੰ ਅਨੁਸ਼ਾਸ਼ਨ ਵਿਚ ਰੱਖਣ ਲਈ ਇਹ ਇੱਕ ਕਾਨੂੰਨ ਦਾ ਕੰਮ ਕਰਦਾ ਹੈ। ਅਰਥਾਤ ਕੋਈ ਵੀ ਫੈਸਲਾ ਅਕਾਲ ਤਖ਼ਤ ਉਪਰ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਸਿੱਖ ਧਰਮ ਦੇ ਸਿਧਾਂਤਾਂ ਦੀ ਉਲੰਘਣਾ ਕਰਨ ਤੇ ਅਕਾਲ ਤਖ਼ਤ ਸਾਹਿਬ ਤੇ ਬੁਲਾਕੇ ਕੋਰੜੇ ਮਾਰਨ ਦੀ ਤਨਖ਼ਾਹ ਲਗਾਈ ਗਈ ਸੀ।

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਜਦੋਂ ਤੋਂ ਸਿਆਸਤ ਨੇ ਧਾਰਮਿਕ ਖੇਤਰ ਵਿਚ ਦਖ਼ਲਅੰਦਾਜੀ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਹੀ ਤਖ਼ਤਾਂ ਦੇ ਫੈਸਲੇ ਵਾਦਵਿਵਾਦ ਦਾ ਵਿਸ਼ਾ ਬਣਦੇ ਜਾ ਰਹੇ ਹਨ।  ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਸ਼ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਪ੍ਰੰਤੂ  ਕਮੇਟੀ ਨੇ ਜਥੇਦਾਰ ਬਣਾਉਣ ਲਈ ਕੋਈ ਕਾਇਦਾ ਕਾਨੂੰਨ ਨਹੀਂ ਬਣਾਏ। ਸ਼ੁਰੂ ਵਿਚ ਸੀਨੀਅਰ ਬੇਦਾਗ-ਬੇਗੈਰਤ ਅਤੇ ਉਚੇ ਆਚਰਣ ਵਾਲੇ ਅਕਾਲੀ ਲੀਡਰ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਜਾਂਦਾ ਸੀ ਕਿਉਂਕਿ ਅਕਾਲੀ ਦਲ ਦੀ ਸਥਾਪਨਾ ਹੀ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੀਤੀ ਗਈ ਸੀ। ਬਾਬਾ ਖੜਕ ਸਿੰਘ ਵੀ ਜਥੇਦਾਰ ਰਹੇ ਹਨ। ਉਨ੍ਹਾਂ ਦੇ ਫੈਸਲੇ ਅਜੇ ਤੱਕ ਯਾਦ ਕੀਤੇ ਜਾਂਦੇ ਹਨ। ਇਥੋਂ ਤੱਕ ਕਿ ਕਈ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਨਾਲ ਹੀ ਅਕਾਲ ਤਖ਼ਤ ਦੇ ਜਥੇਦਾਰ ਵੀ ਹੁੰਦੇ ਸਨ। ਇਨ੍ਹਾਂ ਤਖ਼ਤਾਂ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਲਈ ਵੀ ਕੋਈ ਕਾਇਦਾ ਕਾਨੂੰਨ ਬਣਾਉਣੇ ਚਾਹੀਦੇ ਹਨ।

ਅਜਿਹੇ ਜਥੇਦਾਰ ਨਿਯੁਕਤ ਕਰਨੇ ਚਾਹੀਦੇ ਹਨ ਜਿਹੜੇ ਧਾਰਮਿਕ ਤੌਰ ਤੇ ਅਥਾਰਿਟੀ-ਨਿਧੜਕ-ਬੇਦਾਗ ਅਤੇ ਬੇਗਰਜ ਗੁਰਮੁੱਖ ਅਤੇ ਗੁਰਮੱਤ ਦੇ ਧਾਰਨੀ ਹੋਣ। ਜਿਹੜੇ ਜਥੇਦਾਰਾਂ ਦੀ ਦੁਨੀਆਂਦਾਰੀ ਅਤੇ ਪਰਿਵਾਰਵਾਦ ਵਿਚ ਰੁਚੀ ਹੋਵੇਗੀ ਉਹ ਨਿਰਪੱਖ ਅਤੇ ਨਿਰਵਿਵਾਦ ਫੈਸਲੇ ਨਹੀਂ ਕਰ ਸਕਦੇ। ਤਖ਼ਤਾਂ ਦੇ ਜਥੇਦਾਰਾਂ ਨੂੰ ਕਾਰ ਕੋਠੀ ਅਤੇ ਤਨਖ਼ਾਹ ਅਰਥਾਤ ਸੇਵਾ ਫਲ ਦਿੱਤਾ ਜਾਂਦਾ ਹੈ। ਬਾਅਦ ਵਿਚ ਅਕਾਲੀ ਦਲ ਸਿਆਸੀ ਪਾਰਟੀ ਬਣ ਗਿਆ। ਉਸ ਤੋਂ ਬਾਅਦ ਗ੍ਰੰਥੀ ਸਿੰਘਾਂ ਨੂੰ ਜਥੇਦਾਰ ਬਣਾਉਣ ਲੱਗ ਪਏ। ਗ੍ਰੰਥੀਆਂ ਦੇ ਜਥੇਦਾਰ ਲੱਗਣ ਤੋਂ ਬਾਅਦ ਪਹਿਲਾਂ ਤਾਂ ਦਰਸ਼ਨ ਸਿੰਘ ਰਾਗੀ ਦਾ ਮਸਲਾ ਖੜ੍ਹਾ ਹੋ ਗਿਆ। ਦਸਮ ਗ੍ਰੰਥ ਤੇ ਵਾਦਵਿਵਾਦ ਕਰਕੇ ਉਹ ਅਸਤੀਫਾ ਦੇ ਗਿਆ ਫਿਰ ਉਸਨੂੰ ਪੰਥ ਵਿਚੋਂ ਛੇਕ ਦਿੱਤਾ ਗਿਆ। ਜੋ ਅਜੇ ਤੱਕ ਲਟਕ ਰਿਹਾ ਹੈ। ਉਹ ਅਕਾਲ ਤਖ਼ਤ ਤੇ ਪੇਸ਼ ਹੋਣ ਤੋਂ ਹੀ ਇਨਕਾਰੀ ਹੈ। ਇੱਕ ਅਕਾਲ ਤਖ਼ਤ ਦਾ ਸਾਬਕਾ ਜਥੇਦਾਰ ਅਜੇ ਤੱਕ ਕੋਠੀ ਆਪਣੇ ਕੋਲ ਰੱਖੀ ਬੈਠਾ ਹੈ ਅਤੇ ਪਤਾ ਲੱਗਾ ਹੈ ਕਿ ਸ਼ਰੋਮਣੀ ਕਮੇਟੀ ਦੀ ਕਾਰ ਵੀ ਉਹਦੇ ਕੋਲ ਹੀ ਜਦੋਂ ਕੋਈ ਵਿਅਕਤੀ ਜਥੇਦਾਰ ਬਣ ਜਾਂਦਾ ਹੈ ਤਾਂ ਜਥੇਦਾਰਾਂ ਨੂੰ ਨਿਰਪੱਖ ਹੋ ਕੇ ਸਿੱਖ ਸਿਧਾਂਤਾਂ ਅਨੁਸਾਰ ਫੈਸਲੇ ਕਰਨੇ ਚਾਹੀਦੇ ਹਨ। ਅਸਲ ਵਿਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨਾਂ ਤੇ ਲੜੀਆਂ ਜਾਂਦੀਆਂ ਹਨ ਇਸ ਕਰਕੇ ਸਿਆਸੀ ਦਖ਼ਲਅੰਦਾਜੀ ਹੋਣਾ ਕੁਦਰਤੀ ਹੈ। ਇਨ੍ਹਾਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਧੜੇ ਹੀ ਸ਼ਾਮਲ ਹੁੰਦੇ ਹਨ ਬਾਕੀ ਸਿਆਸੀ ਪਾਰਟੀਆਂ ਚੋਣਾਂ ਨਹੀਂ ਲੜਦੀਆਂ। ਇਸ ਕਰਕੇ ਅਕਾਲੀ ਦਲ ਦੇ ਇੱਕ ਧੜੇ ਦਾ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਹੁੰਦਾ ਹੈ।  ਇਸੇ ਲਈ ਉਹੀ ਧੜਾ ਮਨ ਮਾਨੀਆਂ ਕਰਦਾ ਹੈ। ਵੈਸੇ ਤਾਂ ਇਹ ਚੋਣਾਂ ਸਿਆਸੀ ਪਾਰਟੀਆਂ ਨੂੰ ਲੜਨੀਆਂ ਹੀ ਨਹੀਂ ਚਾਹੀਦੀਆਂ ਕਿਉਂਕਿ ਧਾਰਮਿਕ ਮਾਮਲਾ ਹੈ। ਸਿਆਸਤ ਨਾਲ ਇਸਦਾ ਕੋਈ ਸੰਬੰਧ ਹੀ ਨਹੀਂ। ਜਦੋਂ ਧਰਮ ਵਿਚ ਸਿਆਸੀ ਦਖ਼ਲਅੰਦਾਜੀ ਹੋਵੇਗੀ ਤਾਂ ਧਰਮ ਵਿਚ ਗਿਰਾਵਟ ਆਵੇਗੀ ਹੀ ਕਿਉਂਕਿ ਸਿਆਸੀ ਲੋਕ ਆਪਣਾ ਰਾਜ ਭਾਗ ਕਾਇਮ ਰੱਖਣ ਲਈ ਅਨੇਕਾਂ ਹੱਥ ਕੰਡੇ ਵਰਤਦੇ ਹਨ। ਉਹੀ ਕੰਮ ਉਹ ਧਾਰਮਿਕ ਕੰਮਾ ਵਿਚ ਕਰਨ ਲੱਗ ਜਾਂਦੇ ਹਨ। ਜੇਕਰ ਇੱਕ ਪਾਰਟੀ ਚੋਣਾਂ ਲੜਦੀ ਹੈ ਤਾਂ ਦੂਜੀਆਂ ਪਾਰਟੀਆਂ ਨੂੰ ਵੀ ਇਹ ਚੋਣਾਂ ਲੜਨੀਆਂ ਚਾਹੀਦੀਆਂ ਹਨ ਕਿਉਂਕਿ ਗੁਰਦੁਆਰਾ ਸਾਹਿਬਾਨ ਕਿਸੇ ਇੱਕ ਪਾਰਟੀ ਦੀ ਜਾਇਦਾਦ ਨਹੀਂ ਹਨ। ਸਿੱਖ ਸਾਰੀਆਂ ਸਿਆਸੀ ਪਾਰਟੀਆਂ ਵਿਚ ਹਨ। ਹੁਣ ਤਾਂ ਭਾਰਤੀ ਜਨਤਾ ਪਾਰਟੀ ਨੇ ਵੀ ਸਿੱਖ ਸੰਗਤ ਦੇ ਬੈਨਰ ਹੇਠ ਸਿੱਖਾਂ ਨੂੰ ਆਪਣੀ ਪਾਰਟੀ ਨਾਲ ਜੋੜ ਲਿਆ ਹੈ। ਗੁਰਦੁਆਰੇ ਤਾਂ ਸਿੱਖ ਧਰਮ ਵਿਚ ਵਿਸ਼ਵਾਸ ਰੱਖਣ ਵਾਲੀ ਸਾਰੀ ਸੰਗਤ ਦੇ ਸਾਂਝੇ ਹੁੰਦੇ ਹਨ। ਕਾਂਗਰਸੀ ਤਾਂ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿ ਕੇ ਚੋਣਾਂ ਵਿਚ ਸ਼ਾਮਲ ਨਹੀਂ ਹੁੰਦੇ। ਬਾਕੀ ਸਿਆਸੀ ਪਾਰਟੀਆਂ ਵਿਚ ਤਾਂ ਸਿੱਖਾਂ ਦੀ ਗਿਣਤੀ ਘੱਟ ਹੈ। ਹੁਣ ਤਾਂ ਸਹਿਜਧਾਰੀ ਵੋਟਰਾਂ ਤੋਂ ਵੋਟ ਪਾਉਣ ਦਾ ਹੱਕ ਵਾਪਸ ਲੈਣ ਤੋਂ ਬਾਅਦ ਤਾਂ ਅਕਾਲੀ ਦਲ ਲਈ ਖੁਲ੍ਹ ਖੇਡ ਹੀ ਹੋ ਗਈ ਹੈ ਅਤੇ ਆਪਣੀ ਮਰਜੀ ਦੇ ਫੈਸਲੇ ਜਥੇਦਾਰਾਂ ਤੋਂ ਕਰਵਾਉਂਦੇ ਹਨ ਕਿਉਂਕਿ ਵੋਟਰ ਵੀ ਅਕਾਲੀ ਦਲ ਦਾ ਕੇਡਰ ਹੀ ਹੈ। ਹੋਰ ਕਿਸੇ ਦੀ ਉਹ ਵੋਟ ਹੀ ਨਹੀਂ ਬਣਨ ਦਿੰਦੇ। ਜਿਸ ਕਰਕੇ ਸਿੱਖ ਧਰਮ ਦੇ ਸਿਧਾਂਤਾਂ ਦੇ ਵਿਰੁਧ ਫੈਸਲੇ ਹੁੰਦੇ ਹਨ। ਇਥੋਂ ਤੱਕ ਕਿ ਅਕਾਲੀ ਦਲ ਆਪਣੇ ਸਿਆਸੀ ਵਿਰੋਧੀਆਂ ਦੇ ਵਿਰੁਧ ਇਨ੍ਹਾਂ ਤਖ਼ਤਾਂ ਦੀ ਦੁਰਵਰਤੋਂ ਕਰਦਾ ਹੈ। ਜਿਸਨੂੰ ਮਰਜੀ ਸਿੱਖੀ ਚੋਂ ਖਾਰਜ ਕਰ ਦਿਓ ਤੇ ਜਿਸਨੂੰ ਮਰਜੀ ਸ਼ਾਮਲ ਕਰ ਲਓ।

ਸਿਆਸਤ ਨੇ ਧਰਮ ਨੂੰ ਅਤੇ ਧਰਮ ਨੇ ਸਿਆਸਤ ਨੂੰ ਵਿਓਪਾਰ ਬਣਾ ਲਿਆ ਹੈ। ਜਥੇਦਾਰ ਆਪਣੇ ਪਰਿਵਾਰਾਂ ਦੇ ਵਿਓਪਾਰ ਲਈ ਸਰਕਾਰ ਤੱਕ ਪਹੁੰਚ ਕਰਦੇ ਹਨ ਅਤੇ ਸਰਕਾਰ ਬਦਲੇ ਵਿਚ ਆਪਣੀ ਮਰਜੀ ਦੇ ਫੈਸਲੇ ਕਰਵਾਉਂਦੀ ਹੈ। ਇਸ ਲਈ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਠੇਸ ਲੱਗਣੀ ਕੁਦਰਤੀ ਹੈ। ਇੱਕ ਵਾਰ ਅਕਾਲ ਤਖ਼ਤ ਦੇ ਇੱਕ ਜਥੇਦਾਰ ਨੇ ਸਫਰ ਕਰਦਿਆਂ ਹੀ ਕਾਰ ਵਿਚੋਂ ਹੀ ਇੱਕ ਸਿਆਸੀ ਵਿਅਕਤੀ ਵਿਰੁਧ ਹੁਕਮਨਾਮਾ ਜਾਰੀ ਕਰਕੇ ਅਕਾਲ ਤਖ਼ਤ ਤੇ ਫੈਕਸ ਕਰ ਦਿੱਤਾ ਸੀ। ਉਸ ਸਮੇਂ ਸਭ ਤੋਂ ਪਹਿਲਾਂ ਅਕਾਲ ਤਖ਼ਤ ਦੇ ਵਕਾਰ ਨੂੰ ਠੇਸ ਪਹੁੰਚੀ ਸੀ। ਉਸ ਤੋਂ ਬਾਅਦ ਤਾਂ ਹਰ ਰੋਜ ਹੀ ਕੋਈ ਨਵਾਂ ਹੁਕਮ ਤਖ਼ਤ ਤੋਂ ਆਉਂਦਾ ਰਹਿੰਦਾ ਹੈ। ਸਿਆਸੀ ਦਖ਼ਲਅੰਦਾਜ਼ੀ ਕਰਕੇ ਧਾਰਮਿਕ ਅਸੂਲਾਂ ਦੀ ਅਣਵੇਖੀ ਉਹ ਹੀ ਕਰਨ ਲੱਗ ਗਏ ਜਿਨ੍ਹਾਂ ਨੇ ਉਨ੍ਹਾਂ ਅਸੂਲਾਂ ਤੇ ਪਹਿਰਾ ਦੇਣਾ ਹੁੰਦਾ ਹੈ। ਕਈ ਵਾਰ ਅਜਿਹੇ ਜਥੇਦਾਰਾਂ ਦੀਆਂ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜਿਹੜੇ  ਧਾਰਮਿਕ ਅਸੂਲਾਂ ਤੇ ਖਰੇ ਉਤਰਦੇ ਨਹੀਂ ਸਨ ਕਿਉਂਕਿ ਉਹ ਫੈਸਲੇ ਆਪਣੇ ਸਿਆਸੀ ਆਕਾਵਾਂ ਅਨੁਸਾਰ ਕਰ ਦਿੰਦੇ ਹਨ। ਕਹਿਣ ਤੋਂ ਭਾਵ ਜਦੋਂ ਤੋਂ ਧਾਰਮਿਕ ਸੰਸਥਾਵਾਂ ਵਿਚ ਸਿਆਸਤ ਦਖਲ ਦੇਣ ਲੱਗ ਗਈ ਧਾਰਮਿਕ ਸੰਸਥਾਵਾਂ ਦਾ ਵਕਾਰ ਦਾਅ ਤੇ ਲੱਗ ਗਿਆ। ਇਸ ਪ੍ਰਕ੍ਰਿਆ ਵਿਚ ਸੰਗਤ ਦਾ ਵੀ ਕਸੂਰ ਹੈ ਅਸੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਨੂੰ ਇਕੱਲਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਕਿਉਂਕਿ ਉਨ੍ਹਾਂ ਦੀ ਚੋਣ ਤਾਂ ਵੋਟਾਂ ਪਾ ਕੇ ਲਾਲਚ ਵਿਚ ਆ ਕੇ ਅਸੀਂ ਆਪ ਕਰਦੇ ਹਾਂ। ਜੇਕਰ ਗੁਰਮੁੱਖ ਵਿਅਕਤੀਆਂ ਦੀ ਚੋਣ ਕੀਤੀ ਜਾਵੇ ਤਾਂ ਇਹ ਗਿਰਾਵਟ ਰੋਕੀ ਜਾ ਸਕਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਗੁਪਤਚਰ ਏਜੰਸੀਆਂ ਆਪਣਾ ਅਸਰ ਰਸੂਖ਼ ਵਰਤਕੇ ਜਥੇਦਾਰਾਂ ਦੀ ਨਿਯੁਕਤੀ ਕਰਵਾ ਲੈਂਦੀਆਂ ਹਨ। ਫਿਰ ਫੈਸਲੇ ਉਨ੍ਹਾਂ ਦੀ ਮਰਜੀ ਨਾਲ ਹੁੰਦੇ ਹਨ। ਅਜਿਹਾ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਹੋਇਆ ਸੀ। ਗਿਆਨੀ ਜ਼ੈਲ ਸਿੰਘ ਨੂੰ ਰਾਸ਼ਟਰਪਤੀ ਹੁੰਦਿਆਂ ਤਨਖ਼ਾਹ ਲਗਾਈ ਗਈ ਪ੍ਰੰਤੂ ਚਿੱਠੀ ਪੱਤਰ ਨਾਲ ਹੀ ਮੁਆਫ਼ੀ ਦੇ ਦਿੱਤੀ ਗਈ। ਬੂਟਾ ਸਿੰਘ ਨੂੰ ਬਤੌਰ ਗ੍ਰਹਿ ਮੰਤਰੀ ਤਨਖ਼ਾਹ ਲਗਾਈ ਗਈ ਅਤੇ ਉਸਨੇ ਅਕਾਲ ਤਖ਼ਤ ਤੇ ਪਹੁੰਚਕੇ ਮੁਆਫ਼ੀ ਮੰਗੀ ਅਤੇ ਸਜਾ ਭੁਗਤੀ। ਬਲੈਕ ਥੰਡਰ ਅਪ੍ਰੇਸ਼ਨ ਤੋਂ ਬਾਅਦ ਸ੍ਰ ਸੁਰਜੀਤ ਸਿੰਘ ਬਰਨਾਲਾ ਨੂੰ ਤਾਂ ਤਨਖ਼ਾਹ ਲਾ ਕੇ ਥਮਲੇ ਨਾਲ ਬੰਨ੍ਹ ਦਿੱਤਾ ਗਿਆ ਸੀ ਪ੍ਰੰਤੂ ਹੋਰ ਕਿਸੇ ਵੀ ਸੀਨੀਅਰ ਸਿਆਸੀ ਵਿਅਕਤੀ ਨੂੰ ਉਨ੍ਹਾਂ ਦੀਆਂ ਅਵੱਗਿਆਵਾਂ ਕਰਕੇ ਅਜਿਹੀ ਸਜਾ ਕਿਉਂ ਨਹੀਂ ਦਿੱਤੀ ਗਈ। ਇਥੋਂ ਤੱਕ ਕਿ ਚਿੱਠੀ ਪੱਤਰਾਂ ਨਾਲ ਹੀ ਮੁਆਫੀ ਦਿੱਤੀ ਜਾਂਦੀ ਰਹੀ ਹੈ। ਜਿਹੜੇ ਹੁਕਮਨਾਮੇ ਵੀ ਜਾਰੀ ਹੁੰਦੇ ਹਨ ਉਨ੍ਹਾਂ ਤੇ ਅਮਲ ਨਹੀਂ ਹੁੰਦਾ। ਉਨ੍ਹਾਂ ਹੁਕਮਨਾਮਿਆਂ ਦੀ ਅਵੱਗਿਆ ਵੱਡੇ ਲੀਡਰ ਕਰਦੇ ਰਹਿੰਦੇ ਹਨ। ਤਨਖ਼ਾਹ ਲਾਉਣ ਅਤੇ ਮੁਆਫ਼ੀ ਦੇਣ ਲਈ ਕੋਈ ਇੱਕ ਅਸੂਲ ਨਹੀਂ ਵਰਤਿਆ ਜਾਂਦਾ। ਰਾਜ ਕਰ ਰਹੀ ਪਾਰਟੀ ਲਈ ਕੋਈ ਅਸੂਲ ਹੀ ਨਹੀਂ ਵਰਤਿਆ ਜਾਂਦਾ ਜੇਕਰ ਕੋਈ ਤਖ਼ਤ ਜਾਂ ਜਥੇਦਾਰ ਅਸੂਲਾਂ ਤੇ ਪਹਿਰਾ ਦਿੰਦਾ ਹੈ ਤਾਂ ਉਸ ਦੇ ਵਿਰੁਧ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫੈਸਲੇ ਕਰ ਦਿੰਦੀ ਹੈ। ਇਥੋਂ ਤੱਕ ਕਿ ਨੌਕਰੀ ਵਿਚੋਂ ਮੁਅਤਲ ਜਾਂ ਕੱਢ ਵੀ ਦਿੰਦੇ ਹਨ। ਜਿਹੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦਾ ਸੀ ਉਸਨੂੰ ਹਟਾ ਦਿੱਤਾ ਗਿਆ। ਬਾਬਾ ਸੰਤਾ ਸਿੰਘ ਨਿਹੰਗ ਮੁਖੀ ਜਿਸਨੇ ਬਲਿਊ ਸਟਾਰ ਅਪ੍ਰੇਸ਼ਨ ਤੋਂ ਬਾਅਦ ਸਰਕਾਰੀ ਕਾਰ ਸੇਵਾ ਰਾਹੀਂ ਸ੍ਰੀ ਅਕਾਲ ਤਖ਼ਤ ਉਸਾਰਿਆ ਸੀ ਉਸਨੂੰ ਮਾਮੂਲੀ ਸਜਾ ਦੇ ਕੇ ਬਹਾਲ ਕਰ ਦਿੱਤਾ ਗਿਆ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਾਵੇਂ ਸਿੱਖ ਵੀ ਨਹੀਂ ਤਾਂ ਵੀ ਉਸ ਦੀ ਪਾਰਟੀ ਦੀ ਮਾਮੂਲੀ ਅਵੱਗਿਆ ਕਰਕੇ ਉਸਨੂੰ ਸਜਾ ਦੇਣ ਦਾ ਰੌਲਾ ਅਕਾਲੀ ਦਲ ਪਾਉਂਦਾ ਰਿਹਾ। ਉਹ ਦਰਬਾਰ ਸਾਹਿਬ ਆ ਕੇ ਮੁਆਫੀ ਵੀ ਮੰਗ  ਗਿਆ ਭਾਂਡੇ ਮਾਂਜਣ ਦੀ ਸਜਾ ਵੀ ਆਪ ਹੀ ਪੂਰੀ ਕਰ ਗਿਆ।

ਇੱਕ ਵਾਰ ਇੱਕ ਅਰਦਾਸੀਏ ਸਿੰਘ ਬਲਬੀਰ ਸਿੰਘ ਨੇ ਮੁੱਖ ਮੰਤਰੀ ਨੂੰ ਸਿਰੋਪਾ ਨਹੀਂ  ਦਿੱਤਾ ਇਸ ਕਰਕੇ ਉਸ ਦੀ ਬਦਲੀ ਕਰ ਦਿੱਤੀ ਫਿਰ ਉਹ ਅਸਤੀਫਾ ਦੇ ਗਿਆ। ਇੱਕ ਵਾਰ ਇੱਕ ਮੰਤਰੀ ਨੇ ਅਰੁਣ ਜੇਤਲੀ ਦੀ ਚੋਣ ਵਿਚ ਪ੍ਰਸੰਸਾ ਕਰਦਿਆਂ ਗੁਰਬਾਣੀ ਤੀ ਤੁਕ ਆਪਣੇ ਮੁਤਾਬਕ ਬਣਾਕੇ ਕਹਿ ਦਿੱਤਾ ਕਿ-ਨਿਸਚੇ ਕਰ ਜੇਤਲੀ ਕੀ ਜੀਤ  ਕਰੂੰ-ਅਤੇ ਇੱਕ ਲੋਕ ਸਭਾ ਦੇ ਮੈਂਬਰ ਨੇ ਗੁਰਬਾਣੀ ਆਪ ਹੀ ਬਦਲ ਕੇ ਗ਼ਲਤ ਤੁਕ ਬੋਲ ਦਿੱਤੀ। ਉਹ ਦੋਵੇਂ ਰਾਜ ਕਰ ਰਹੀ ਪਾਰਟੀ ਦੇ ਮੈਂਬਰ ਸਨ ਉਨ੍ਹਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ।  ਇੱਕ ਧਾਰਮਿਕ ਜਥੇਬੰਦੀ ਦੇ ਮੁੱਖੀ ਨੂੰ ਪੰਥ ਚੋਂ ਖਾਰਜ ਕੀਤਾ ਹੋਇਆ ਸੀ ਤਾਂ ਜਥੇਦਾਰਾਂ ਨੇ ਉਹ ਹੁਕਮ ਇੱਕ ਸਾਧਾਰਣ ਚਿੱਠੀ ਲੈ ਕੇ ਵਾਪਸ ਲੈ ਲਿਆ। ਕਿਸੇ ਵਿਅਕਤੀ ਨੂੰ ਮੁਆਫ਼ ਕਰਨਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਪ੍ਰਣਾਲੀ ਤਾਂ ਯੋਗ ਵਰਤੀ ਜਾਂਦੀ ਜਿਸ ਕਰਕੇ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ ਅਤੇ ਦੋ ਨੌਜਵਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋ ਗਏ। ਗ੍ਰੰਥੀਆਂ ਦਾ ਕਿਰਦਾਰ ਵੇਖੋ ਕਿ ਉਪ ਮੁੱਖ ਮੰਤਰੀ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਤਾਂ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੋਂ ਉਠ ਕੇ ਖੜ੍ਹਾ ਹੋ ਗਿਆ। ਅਕਾਲ ਤਖ਼ਤ ਤੇ ਅੰਮ੍ਰਿਤਪਾਨ ਕਰਵਾਉਣ ਵਾਲੇ ਪੰਜ ਪਿਆਰਿਆਂ ਸਿੰਘਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਣ ਤੋਂ ਇਨਕਾਰੀ ਹੋਣ ਤੇ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਜਿਸ ਕਰਕੇ ਪੰਜ ਪਿਆਰਿਆਂ ਦੀ ਸੰਸਥਾ ਦੀ ਮਹੱਤਤਾ ਨੂੰ ਨੁਕਸਾਨ ਹੋਇਆ ਹੈ । ਪੰਥਕ ਕਥਿਤ ਸਰਬੱਤ ਖਾਲਸਾ ਵੱਲੋਂ ਪੈਰਲਲ ਜਥੇਦਾਰ ਬਣਾਉਣ ਨਾਲ ਵੀ ਢਾਹ ਲੱਗੀ ਹੈ। ਪੈਰਲਲ ਜਥੇਦਾਰ ਬਣਾਉਣ ਦੀ ਇੱਕ ਕਿਸਮ ਨਾਲ ਪ੍ਰੰਪਰਾ ਹੀ ਬਣ ਗਈ ਜਿਸ ਕਰਕੇ ਕੁਦਰਤੀ ਹੈ ਕਿ ਸਿੱਖ ਸੰਸਥਾਵਾਂ ਦਾ ਵਕਾਰ ਘਟ ਗਿਆ। ਸੰਗਤ ਕਿਸਨੂੰ ਜਥੇਦਾਰ ਮੰਨੇ। ਅਕਾਲੀ ਦਲ-ਪੰਥਕ ਸਿੱਖ ਸੰਸਥਾਵਾਂ ਅਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਵਿਚ ਪਰਜਾਤੰਤਰ ਖ਼ਤਮ ਹੋ ਚੁੱਕਾ ਹੈ। ਅਕਾਲੀ ਦਲ ਦੀ ਸਰਕਾਰ ਦਾ ਵਕਾਰ ਖ਼ਤਮ ਹੋ ਚੁੱਕਾ ਹੈ ਇਸ ਲਈ ਉਹ ਧਰਮ ਦਾ ਆਸਰਾ ਲੈ ਕੇ ਰਾਜ ਕਰ ਰਹੀ ਹੈ। ਇੱਕ ਵਾਰ ਅਕਾਲ ਤਖ਼ਤ ਦੇ ਜਥੇਦਾਰ ਨੇ ਅਕਾਲੀ ਉਮੀਦਵਾਰ ਹਰਚੰਦ ਸਿੰਘ ਫਤਣਵਾਲਾ ਦੇ ਹੱਕ ਵਿਚ ਵੋਟਾਂ ਪਾਉਣ ਦਾ ਬਿਆਨ ਦੇ ਦਿੱਤਾ ਸੀ ਜਿਸ ਕਰਕੇ ਹਾਈ ਕੋਰਟ ਨੇ ਉਸਦੀ ਚੋਣ ਰੱਦ ਕਰ ਦਿੱਤੀ ਸੀ। ਉਪਰੋਕਤ ਘਟਨਾਵਾਂ ਅਤੇ ਊਣਤਾਈਆਂ ਕਰਕੇ ਸਿੱਖ ਸੰਸਥਾਵਾਂ ਦੇ ਵਕਾਰ ਨੂੰ ਢਾਅ ਲੱਗ ਰਹੀ ਹੈ। ਇਸ ਸਾਰੀ ਪਰੀਚਰਚਾ ਦਾ ਸਿੱਟਾ ਇਹ ਨਿਕਲਦਾ ਹੈ ਕਿ ਸਿੱਖਾਂ ਨੇ ਆਪਣੀਆਂ ਸਿੱਖ ਸੰਸਥਾਵਾਂ ਦੀਆਂ ਜੜ੍ਹਾਂ ਵਿਚ ਤੇਲ ਦੇ ਕੇ ਉਨ੍ਹਾਂ ਦਾ ਵਕਾਰ ਆਪ ਹੀ ਘਟਾਇਆ ਹੈ। ਜੇਕਰ ਸਿੱਖ ਸੰਸਥਾਵਾਂ ਇਸੇ ਤਰ੍ਹਾਂ ਕੰਮ ਕਰਦੀਆਂ ਰਹੀਆਂ ਤਾਂ ਸਿੱਖ ਧਰਮ ਦੀ ਮਹੱਤਤਾ ਘਟਾਉਣ ਵਿਚ ਖੁਦ ਸਿੱਖ ਹੀ ਜ਼ਿੰਮੇਵਾਰ ਹੋਣਗੇ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>