ਐਨ. ਡੀ. ਐਮ. ਸੀ. ਚੇਅਰਮੈਨ ਨੇ ਖੁਦ ਆ ਕੇ ਸੰਗਤਾਂ ਦੀ ਪਰੇਸ਼ਾਨੀਆਂ ਦਾ ਲਿਆ ਜਾਇਜ਼ਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਿਜਲੀ, ਪਾਣੀ, ਸੀਵਰੇਜ, ਸੁੰਦਰੀਕਰਣ ਅਤੇ ਅਵੈਧ ਕਬਜਿਆਂ ਨਾਲ ਸੰਬੰਧਿਤ ਪਰੇਸ਼ਾਨੀਆਂ ਦੇ ਹਲ ਲਈ ਨਵੀਂ ਦਿੱਲੀ ਨਗਰ ਕੌਂਸਿਲ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਗੁਰੂ ਘਰ ਦੇ ਨਾਲ ਜੁੜੀਆਂ ਮੁੱਢਲੀਆਂ ਪਰੇਸ਼ਾਨੀਆਂ ਨੂੰ ਲੈ ਕੇ ਐਨ. ਡੀ. ਐਮ. ਸੀ. ਦੇ ਚੇਅਰਮੈਨ ਨਰੇਸ਼ ਕੁਮਾਰ ਅਤੇ ਵਾਇਸ ਚੇਅਰਮੈਨ ਕਰਣ ਸਿੰਘ ਤਵਰ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ।

ਕਮੇਟੀ ਵੱਲੋਂ ਦਿੱਤੇ ਗਏ ਮੰਗ ਪੱਤਰ ’ਚ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਦੇ ਪੀਣ ਲਈ ਤੇ ਸਰੋਵਰ ਸਾਹਿਬ ਲਈ ਮਿੱਠੇ ਜਲ ਦੀ ਸਪਲਾਈ ਵਾਸਤੇ 2 ਨਵੇਂ ਕਨੈਕਸ਼ਨ, ਬਿਜਲੀ ਦੇ ਲੋਡ ਨੂੰ 350 ਕੇ. ਵੀ. ਏ. ਤੋਂ ਵੱਧਾ ਕੇ 1200 ਕੇ. ਵੀ. ਏ. ਕਰਨ, ਅਸ਼ੋਕ ਰੋਡ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜੇ ਨੇੜੇ ਬਣੇ ਕੂੜੇਦਾਨ ਨੂੰ ਹਟਾਉਣ, ਗੁਰਦੁਆਰਾ ਸਾਹਿਬ ਦੇ ਚੌਗਿਰਦੇ ਨੂੰ ਨਵੀਂ ਦਿੱਖ ਦੇਣ ਦੇ ਕਮੇਟੀ ਵੱਲੋਂ ਦਿੱਤੇ ਗਏ ਪਲਾਨ ਨੂੰ ਮਨਜੂਰੀ ਦੇਣਾ, ਅਸੋਕ ਰੋਡ ਤੇ ਬੰਦ ਪਏ ਅੰਡਰਗ੍ਰਾਉਂਡ ਸਬਵੇ ਨੂੰ ਮੁੜ ਤੋਂ ਖੋਲਣ ਦਾ ਪ੍ਰਬੰਧ ਕਰਨਾ, ਗੈਰ ਕਾਨੂੰਨੀ ਤਰੀਕੇ ਨਾਲ ਫੜੀ ਲਗਾ ਰਹੇ ਦੁਕਾਨਦਾਰਾਂ ਨੂੰ ਹਟਾਉਣਾ, ਕਾਰ ਪਾਰਕਿੰਗ ਦੇ ਨਾਲ ਨਸ਼ੇੜੀਆਂ ਦੇ ਅੱਡੇ ਦੇ ਤੌਰ ਤੇ ਟੈਂਟ ਵਿਚ ਚਲ ਰਹੇ ਰੈਣ ਬਸੇਰੇ ਨੂੰ ਦੂਜੀ ਥਾਂ ਤਬਦੀਲ ਕਰਨਾ ਅਤੇ ਬਰਸਾਤ ਦੇ ਮੌਸਮ ਦੌਰਾਨ ਬੈਕ ਮਾਰਦੇ ਸੀਵਰੇਜ ਸਿਸਟਮ ’ਚ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ। ਗੁਰੂ ਘਰ ’ਚ ਆਉਂਦੀਆਂ ਸੰਗਤਾਂ ਦੀ ਪਰੇਸ਼ਾਨੀਆਂ ਦਾ ਮੌਕੇ ਤੇ ਮੁਆਇਨਾ ਕਰਨ ਲਈ ਚੇਅਰਮੈਨ ਵੱਲੋਂ ਸ਼ਾਮ ਨੂੰ ਗੁਰੂ ਘਰ ਵਿਚ ਆਉਣ ਦਾ ਫੈਸਲਾ ਲਿਆ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਨ. ਡੀ. ਐਮ. ਸੀ. ਦੇ ਚੇਅਰਮੈਨ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੌਰਾਨ ਜਿਥੇ ਪੰਗਤ ਵਿਚ ਬੈਠ ਕੇ ਲੰਗਰ ਛੱਕਿਆ ਉਥੇ ਹੀ ਗੁਰੂ ਘਰ ਦੀ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਛੇਤੀ ਹੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਅੱਜ ਤਕ ਸੰਗਤਾਂ ਦੇ ਪੀਣ ਲਈ ਜਲ ਬੋਰਡ ਦਾ ਪਾਣੀ ਉਪਲੱਬਧ ਨਹੀਂ ਸੀ ਜਿਸਦੀ ਕਮੀ ਨੂੰ ਦੂਰ ਕਰਨ ਲਈ ਕਮੇਟੀ ਕੋਸ਼ਿਸ਼ ਕਰ ਰਹੀ ਹੈ।

ਬੀਤੀ ਸ਼ਾਮ ਐਨ. ਡੀ. ਐਮ. ਸੀ. ਵੱਲੋਂ ਗੁਰਦੁਆਰੇ ਦੀ ਹੱਦ ਤੋਂ ਬਾਹਰ ਸਰਕਾਰੀ ਥਾਂ ਤੇ ਦੁਕਾਨਾਂ ਲਗਾ ਕੇ ਬੈਠੇ ਕੁਝ ਦੁਕਾਨਦਾਰਾਂ ਦੇ ਖਿਲਾਫ਼ ਕੀਤੀ ਗਈ ਕਾਰਵਾਈ ਬਾਰੇ ਉਨ੍ਹਾਂ ਕਿਹਾ ਕਿ ਕਮੇਟੀ ਨੂੰ ਅਕਸਰ ਦਿੱਲੀ ਪੁਲਿਸ ਤੇ ਖੁਫ਼ੀਆ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਸੁਰੱਖਿਆ ਕਾਰਨਾਂ ਕਰਕੇ ਗੁਰੂ ਘਰ ਦੇ ਬਾਹਰ ਇਨ੍ਹਾਂ ਦੁਕਾਨਾਂ ਦੀ ਆੜ ਵਿਚ ਨਸ਼ਾ ਕਰਦੇ ਨੌਜਵਾਨਾਂ ਨੂੰ ਰੋਕਣ ਦੀ ਹਿਦਾਇਤ ਦੇ ਨੋਟਿਸ ਦਿੱਤੇ ਜਾਂਦੇ ਰਹੇ ਹਨ। ਸਾਡਾ ਕਿਸੇ ਦੁਕਾਨਦਾਰ ਦੀ ਰੋਜ਼ੀ-ਰੋਟੀ ਨੂੰ ਖੋਹਣ ਦਾ ਕੋਈ ਮਕਸਦ ਨਹੀਂ ਹੈ ਪਰ ਸਾਰੇ ਦੁਕਾਨਦਾਰਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੀ ਗਈ ਤਹਿਬਜਾਰੀ ਦੀ ਥਾਂ ਤਹਿਤ ਆਪਣਾ ਸਟਾਲ ਲਗਾਉਣਾ ਚਾਹੀਦਾ ਹੈ। ਜਿਸ ਕਰਕੇ ਗੁਰੂਘਰ ਆਉਣ ਵਾਲੀ ਸੰਗਤ ਨੂੰ ਜਿਥੇ ਸੁਵੀਧਾ ਹੋਵੇਗੀ ਉਥੇ ਹੀ ਸ਼ਰਾਰਤੀ ਤੇ ਨਸ਼ੇੜੀ ਅਨਸਰ ਕੋਈ ਅਨਸੁਖਾਵੀਂ ਘਟਨਾ ਨੂੰ ਅੰਜਾਮ ਨਹੀਂ ਦੇ ਸਕਣਗੇ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ’ਚ ਘਰੇਲੂ ਗੈਸ ਦੇ ਕਈ ਸਿਲੰਡਰਾਂ ਦਾ ਇਸਤੇਮਾਲ ਕਰਕੇ ਪਕੌੜੈ ਆਦਿਕ ਵੇਚਨ ਦੇ ਨਾਲ ਹੀ ਰੁਮਾਲਾ ਸਾਹਿਬ ਤੇ ਗੁਰਬਾਣੀ ਦੇ ਗੁੱਟਕੇ ਵੇਚਣ ਦੀਆਂ ਵੀ ਕਈ ਸਿਕਾਇਤਾਂ ਕਮੇਟੀ ਕੋਲ ਆਇਆ ਹਨ। ਉਨ੍ਹਾਂ ਸਾਫ਼ ਕਿਹਾ ਕਿ ਗੁਰੂ ਘਰ ’ਚ ਆਉਂਦੀ ਸੰਗਤ ਦੀ ਸੁਰੱਖਿਆ ਨੂੰ ਤਾਕ ਤੇ ਰੱਖਣ ਦੀ ਫੇਰ ਵਿਚ ਕਮੇਟੀ ਨਹੀਂ ਹੈ। ਕਲ ਨੂੰ ਕਿਸੇ ਸਿਲੰਡਰ ’ਚ ਵਿਸ਼ਫੋਟ ਨਾਲ ਕੋਈ ਵੱਡੀ ਦੁਰਘਟਨਾਂ ਘਟ ਜਾਵੇਗੀ ਤਾਂ ਕੌਣ ਜਿੰਮੇਵਾਰ ਹੋਵੇਗਾ। ਸ਼ੋਸ਼ਲ ਮੀਡੀਆ ’ਤੇ ਇੱਕ ਦੁਕਾਨਦਾਰ ਵੱਲੋਂ ਉਸਦੇ ਅਵੈਧ ਕਬਜੇ ਨੂੰ ਹਟਾਉਣ ਦੇ ਪਿੱਛੇ ਹੈਡ ਗ੍ਰੰਥੀ ਸਾਹਿਬਾਨ ਤੇ ਲਗਾਏ ਗਏ ਆਰੋਪਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ਇਸ ਤਰਹਾਂ ਦੇ ਸਬੂਤ ਹਨ ਤਾਂ ਕਮੇਟੀ ਕੋਲ ਤੁਰੰਤ ਪਹੁੰਚਾਏ ਜਾਣ ਤੇ ਕਮੇਟੀ ਤੁਰੰਤ ਉਨ੍ਹਾਂ ਸਬੂਤਾਂ ਤੇ ਕਾਰਵਾਈ ਕਰੇਗੀ। ਉਕਤ ਦੁਕਾਨਾਂ ਤੇ ਧਾਗੇ, ਤਵੀਜ਼, ਪਟਕੇਨੁਮਾ ਟੋਪੀਆਂ, ਲਿਫਾਫੇਨੁਮਾ ਦਸਤਾਰਾਂ, ਅਤੇ ਹੋਰ ਗੁਰਮਤਿ ਵਿਰੋਧੀ ਧਾਰਮਿਕ ਗੀਤਾਂ ਦੀਆਂ ਵਿੱਕ ਰਹੀਆਂ ਸੀ. ਡੀ.  ਦੇ ਖਿਲਾਫ਼ ਵੀ ਛੇਤੀ ਹੀ ਕਮੇਟੀ ਵੱਲੋਂ ਉਨ੍ਹਾਂ ਕਾਰਵਾਈ ਕਰਨ ਦਾ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਲਈ ਸੰਗਤ ਦੀ ਸੁਵੀਧਾ, ਸੁਰੱਖਿਆ ਅਤੇ ਗੁਰਮਤਿ ਦੀ ਰਾਖੀ ਸਭ ਤੋਂ ਪਹਿਲਾ ਹੈ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>