ਕਈ ਮਾਨਸਿਕ ਵਿਕਾਰਾਂ ਦਾ ਸੁਮੇਲ ਹੈ – ਐਨਜ਼ਾਈਟੀ

ਜਦੋਂ ਅਸੀਂ ਆਪਣੇ ਆਪ ਨੂੰ ਦਬਾਅ ‘ਚ ਮਹਿਸੂਸ ਕਰਦੇ ਹਾਂ, ਤਾਂ ਤਣਾਅ  ਅਤੇ ਚਿੰਤਾ ਦੀਆਂ ਭਾਵਨਾਵਾਂ ਸਹਿਜੇ ਹੀ ਸਾਡੇ ‘ਤੇ ਹਾਵੀ ਹੋ ਜਾਂਦੀਆਂ ਹਨ । ਅਕਸਰ ਦਬਾਅ, ਤਣਾਅ  ਜਾਂ ਚਿੰਤਾ ਵਰਗੀਆਂ ਭਾਵਨਾਵਾਂ ਓਦੋਂ ਦੂਰ ਹੋ ਜਾਂਦੀਆਂ ਹਨ ਜਦ ਕਿ ਅਸੀਂ ਉਸ ਖਾਸ ਸਥਿਤੀ ‘ਚੋਂ ਨਿੱਕਲ ਜਾਂਦੇ ਹਾਂ ਜਾਂ ਦੂਰ ਹੋ ਜਾਂਦੇ ਹਾਂ । ਜਦੋਂ ਅਜਿਹੀਆਂ ਭਾਵਨਾਵਾਂ ਲੰਬੇ ਸਮੇਂ ਤੱਕ ਬਿਨਾਂ ਕਿਸੇ ਖਾਸ ਕਾਰਨ ਹਾਵੀ ਰਹਿ ਜਾਣ ਤਾਂ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ । ਇਹ ਇੱਕ ਗੰਭੀਰ ਸਥਿਤੀ ਹੁੰਦੀ ਹੈ, ਜੋ ਕਿ ਰੋਜ਼ਾਨਾ ਸਾਡੀ ਜਿੰਦਗੀ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨ ‘ਚ ਖਲਲ ਪੈਦਾ ਕਰਦੀ ਹੈ । ਹਰ ਇਨਸਾਨ ਸਮੇਂ ਸਮੇਂ ਸਿਰ ਥੋੜਾ ਬਹੁਤ ਚਿੰਤਤ ਹੁੰਦਾ ਹੈ ਪਰ ਜੇਕਰ ਐਨਜ਼ਾਈਟੀ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਇਸਨੂੰ ਆਸਾਨੀ ਨਾਲ਼ ਕੰਟਰੌਲ ਕਰਨਾ ਔਖਾ ਹੈ । ਐਨਜ਼ਾਈਟੀ, ਆਮ ਚਿੰਤਾ ਜਾਂ ਤਣਾਅ ਮਹਿਸੂਸ ਕਰਨ ਨਾਲੋਂ ਅਗਲਾ ਪੜਾਅ ਹੁੰਦਾ ਹੈ । ਐਨਜ਼ਾਈਟੀ ਨੂੰ ਅਸਾਨ ਸ਼ਬਦਾਂ ‘ਚ ਸਮਝਣ ਲਈ ਚਿੰਤਾ ਦੇ ਅਹਿਸਾਸ, ਡਰ, ਘਬਰਾਹਟ, ਅਨਿਸ਼ਚਿਤ ਨਤੀਜਿਆਂ ਬਾਰੇ ਪ੍ਰੇਸ਼ਾਨੀ ਦਾ ਸੁਮੇਲ ਕਿਹਾ ਜਾ ਸਕਦਾ ਹੈ ।

ਐਨਜ਼ਾਈਟੀ ਦੇ ਲੱਛਣ ਹਮੇਸ਼ਾ ਹੀ ਉਹ ਨਹੀਂ ਹੁੰਦੇ ਜੋ ਅਸੀਂ ਅਕਸਰ ਦੇਖਦੇ ਹਾਂ, ਇਹ ਕਈ ਵਾਰ ਹੌਲੀ ਹੌਲੀ ਸਾਹਮਣੇ ਆਉਂਦੇ ਹਨ । ਕਈ ਵਾਰ ਇਹ ਸੁਨਿਸ਼ਚਿਤ ਕਰਨਾ ਔਖਾ ਹੋ ਜਾਂਦਾ ਹੈ ਕਿ ਐਨਜ਼ਾਈਟੀ ਦੀ ਕਿਹੜੀ ਸਥਿਤੀ ਕਿਸੇ ਇਨਸਾਨ ਲਈ ਸਹਿਣ ਕਰਨੀ ਔਖੀ ਹੈ ਜਾਂ ਬਰਦਾਸ਼ਤ ਤੋਂ ਬਾਹਰ ਹੈ ।

ਸਧਾਰਣ ਚਿੰਤਾ ਨੌਕਰੀ ਦੀ ਇੰਟਰਵਿਊ ਵਰਗੇ ਹਾਲਾਤਾਂ ਜਾਂ ਸੀਮਿਤ ਸਮੇਂ ਦੀ ਤਣਾਅਪੂਰਵਕ ਸਥਿਤੀ ਤੱਕ ਸੀਮਿਤ ਹੋ ਸਕਦੀ ਹੈ । ਐਨਜ਼ਾਈਟੀ ਨਾਲ ਪੀੜਤ ਲੋਕਾਂ ਦੁਆਰਾ ਲਗਾਤਾਰ ਜਾਂ ਸਥਾਈ ਤੌਰ ‘ਤੇ ਜੋ ਹਾਲਾਤ ਅਨੁਭਵ ਕੀਤੇ ਜਾਂਦੇ ਹਨ, ਹਮੇਸ਼ਾ ਹੀ ਜਿੰਦਗੀ ਦੀਆਂ ਚਣੌਤੀਆਂ ਨਾਲ਼ ਜੁੜੇ ਹੋਏ ਨਹੀਂ ਹੁੰਦੇ ਤੇ ਰੋਜ਼ਾਨਾ ਜਿੰਦਗੀ ਦੀ ਗੁਣਵਤਾ ‘ਤੇ ਵੀ ਪ੍ਰਭਾਵ ਪਾਉਂਦੇ ਹਨ । ਐਨਜ਼ਾਈਟੀ ਦੇ ਕੁਝ ਆਮ ਦੇਖੇ ਜਾ ਸਕਣ ਵਾਲੇ ਲੱਛਣ ਇਸ ਪ੍ਰਕਾਰ ਹਨ :

ਸਰੀਰਕ ਲੱਛਣ : ਘਬਰਾਹਟ ਦੇ ਦੌਰੇ, ਦਿਲ ਦੀ ਧੜਕਣ ਦਾ ਵਧਣਾ, ਛਾਤੀ ਦੀ ਜਕੜਨ, ਸਾਹ ਦਾ ਤੇਜ਼ ਹੋਣਾ, ਬੇ-ਅਰਾਮੀ, ਤਣਾਅ ਆਦਿ

ਮਨੋਵਿਗਿਆਨਕ ਲੱਛਣ : ਬਹੁਤ ਜਿ਼ਆਦਾ ਡਰ ਲੱਗਣਾ, ਚਿੰਤਾ, ਹਕੀਕਤ ਨਾਲੋਂ ਬਹੁਤ ਬੁਰਾ ਹੋਣ ਦਾ ਡਰ ਜਾਂ ਖਿਆਲ ਆਦਿ

ਵਿਵਹਾਰਕ ਲੱਛਣ : ਪੜ੍ਹਾਈ, ਕੰਮ ਜਾਂ ਸਮਾਜਿਕ ਜਿੰਦਗੀ ‘ਚ ਵਿਚਰਦਿਆਂ ਘਬਰਾਹਟ ਜਾਂ ਚਿੰਤਾ ਵਾਲੀ ਸਥਿਤੀ ਤੋਂ ਦੂਰ ਭੱਜਣਾ

ਇਹ ਕੁਝ ਕੁ ਉਹ ਲੱਛਣ ਹਨ ਜਿਨ੍ਹਾਂ ਰਾਹੀਂ ਐਨਜ਼ਾਈਟੀ ਦੀ ਅਵਸਥਾ ਬਾਰੇ ਪਤਾ ਕੀਤਾ ਜਾ ਸਕਦਾ ਹੈ । ਜੇਕਰ ਕਿਸੇ ਨੇ ਇਨ੍ਹਾਂ ਲੱਛਣਾਂ ਨੂੰ ਆਪਣੇ ਆਪ ‘ਚ ਮਹਿਸੂਸ ਕੀਤਾ ਹੋਵੇ ਤਾਂ ਉਨ੍ਹਾਂ ਲਈ ਅਗਲੇ ਲੱਛਣਾਂ ਦੀ ਕੁਝ ਹੋਰ ਜਾਣਕਾਰੀ ਇਸ ਪ੍ਰਕਾਰ ਹੈ ਜੇਕਰ ਕਿਸੇ ਨੇ ਤਕਰੀਬਨ ਛੇ ਮਹੀਨੇ ਦੇ ਦੌਰਾਨ ਜਿ਼ਆਦਾਤਰ ਇਹ ਮਹਿਸੂਸ ਕੀਤਾ ਹੋਵੇ ਕਿ:

ਉਹ ਵੱਖੋ-ਵੱਖਰੀਆਂ ਗਤੀਵਿਧੀਆਂ ਜਾਂ ਘਟਨਾਵਾਂ ਲਈ ਬਹੁਤ ਜਿ਼ਆਦਾ ਚਿੰਤਤ ਮਹਿਸੂਸ ਕਰਦੇ ਹੋਣ;

ਚਿੰਤਾ ਕਰਨੀ, ਛੱਡਣੀ ਔਖੀ ਲੱਗਦੀ ਹੋਵੇ;

ਇਹ ਜਾਪੇ ਕਿ ਐਨਜ਼ਾਈਟੀ ਕਾਰਨ ਰੋਜ਼ਾਨਾ ਦੀਆਂ ਕਿਰਿਆਵਾਂ ਔਖੀਆਂ ਹੋਰ ਰਹੀਆਂ ਹਨ ਜਾਂ ਵਿਘਨ ਪੈ ਰਿਹਾ ਹੈ, ਜਿਵੇਂ ਕਿ ਕੰਮ-ਕਾਜ, ਪੜ੍ਹਾਈ, ਦੋਸਤਾਂ ਜਾਂ ਪਰਿਵਾਰ ਦੀ ਦੇਖਭਾਲ ਆਦਿ।

ਜੇਕਰ ਇਨ੍ਹਾਂ ਸੁਆਲਾਂ ਦਾ ਜੁਆਬ ਹਾਂ ‘ਚ ਹੈ ਤਾਂ ਕੀ ਨਿਮਨਲਿਖਤ ਸਮੱਸਿਆਵਾਂ ‘ਚੋਂ ਕੋਈ ਅਜਿਹੀਆਂ ਹਨ, ਜਿੰਨਾਂ ਚੋਂ ਤਿੰਨ ਜਾਂ ਵਧੇਰੇ ਨੂੰ ਮਹਿਸੂਸ ਕੀਤਾ ਹੋਵੇ ?

ਬੇਅਰਾਮ ਜਾਂ ਬੇਚੈਨ ਮਹਿਸੂਸ ਕਰਨਾ

ਜਲਦੀ ਥੱਕ ਜਾਣਾ ਜਾਂ ਥਕਾਵਟ ਮਹਿਸੂਸ ਕਰਨਾ

ਕਿਸੇ ਕੰਮ ਜਾਂ ਪੜ੍ਹਾਈ ‘ਚ ਧਿਆਨ ਨਾ ਲਗਾ ਪਾਉਣਾ

ਸੁਭਾਅ ‘ਚ ਚਿੜਚੜਾਪਣ

ਜਬਾੜਿਆਂ, ਪਿੱਠ ਜਾਂ ਮਾਸਪੇਸ਼ੀਆਂ ‘ਚ ਤਣਾਅ ਜਾਂ ਦਰਦ

ਨੀਂਦ ਸੰਬੰਧੀ ਸਮੱਸਿਆਵਾਂ ਭਾਵ ਨੀਂਦ ਨਾ ਆਉਣਾ, ਅਸਾਨੀ ਨਾਲ਼ ਨੀਂਦ ਨਾ ਆਉਣਾ ਜਾਂ ਨੀਂਦ ‘ਚ ਬੇਚੈਨ ਰਹਿਣਾ
ਜੇਕਰ ਜੁਆਬ ਹਾਂ ਹੈ ਤਾਂ ਇਹ ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰ ਹੋ ਸਕਦਾ ਹੈ ।

ਐਨਜ਼ਾਈਟੀ ਦੀ ਅਵਸਥਾ ਤੱਕ ਪਹੁੰਚਣ ਲਈ ਇੱਕ ਤੋਂ ਵਧੇਰੇ ਕਾਰਣ ਵੀ ਜਿੰਮੇਵਾਰ ਹੋ ਸਕਦੇ ਹਨ। ਕਈ ਵਾਰ ਕੁਝ ਲੋਕਾਂ ਦੀ ਸਮੱਸਿਆ ਦਾ ਕਾਰਣ ਅਨੁਵੰਸਿ਼ਕ ਹੋ ਸਕਦਾ ਹੈ। ਮਾਤਾ ਪਿਤਾ ਜਾਂ ਕਿਸੇ ਨਜ਼ਦੀਕੀ ਰਿਸ਼ਤੇਦਾਰ ‘ਚ ਇਹ ਸਮੱਸਿਆ ਹੋਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਕਿਸੇ ‘ਚ ਐਨਜ਼ਾਈਟੀ ਸਹਿਜੇ ਹੀ ਪਣਪ ਪਵੇਗੀ, ਇਸਦੇ ਕਾਰਨਾਂ ‘ਚ ਕਿਸੇ ਦੀ ਨਿੱਜੀ ਸਖਸ਼ੀਅਤ, ਗ਼ਲਤ ਜੀਵਨ ਸ਼ੈਲੀ ਜਾਂ ਮੌਜੂਦਾ ਹਾਲਾਤ ਵੀ ਹੋ ਸਕਦੇ ਹਨ । ਖੋਜਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਦਾ ਖਾਸ ਵਿਅਕਤੀਤਵ ਵੀ ਐਨਜ਼ਾਈਟੀ ਦਾ ਕਾਰਨ ਬਣ ਸਕਦਾ ਹੈ, ਉਦਾਹਰਣ ਦੇ ਤੌਰ ‘ਤੇ ਜੋ ਲੋਕ ਆਪਣੇ ਜਾਂ ਕਿਸੇ ਹੋਰ ਦੇ ਕੰਮ ਨੂੰ ਹੱਦੋਂ ਵੱਧ ਪ੍ਰਫੈਕਟ ਚਾਹੁੰਦੇ ਹਨ, ਉਹ ਇਸ ਵਿਕਾਰ ਦਾ ਸਿ਼ਕਾਰ ਹੋ ਸਕਦੇ ਹਨ । ਉਹ ਬੱਚੇ ਜੋ ਸ਼ਰਮੀਲੇ ਹੋਣ, ਜਲਦੀ ਵਿਆਕੁਲ ਹੋ ਜਾਂਦੇ ਹੋਣ, ਡਰਪੋਕ ਹੋਣ, ਹਿਚਕਚਾਉਂਦੇ ਹੋਣ, ਜਾਂ ਸਵੈ-ਮਾਣ ਦੀ ਕਮੀ ਹੋਵੇ, ਉਨ੍ਹਾਂ ‘ਚ ਕਿਸ਼ੋਰ-ਅਵਸਥਾ, ਜਵਾਨੀ ਜਾਂ ਬਾਲਗ਼ ਅਵਸਥਾ ‘ਚ ਐਨਜ਼ਾਈਟੀ ਦਾ ਵਿਕਾਸ ਹੋ ਸਕਦਾ ਹੈ । ਐਨਜ਼ਾਈਟੀ ਦੀ ਅਵਸਥਾ ਜਿੰਦਗੀ ‘ਚ ਕਈ ਤਣਾਅਪੂਰਵਕ ਘਟਨਾਵਾਂ ਨੂੰ ਜਨਮ ਦੇ ਸਕਦੀ ਹੈ । ਕੰਮ ਦਾ ਬੋਝ ਜਾਂ ਤਣਾਅ ਜਾਂ ਕੰਮ ਬਦਲਣਾ, ਜੀਵਨ ਜਾਚ ‘ਚ ਤਬਦੀਲੀ, ਗਰਭ ਅਵਸਥਾ ਜਾਂ ਬੱਚੇ ਨੂੰ ਜਨਮ ਦੇਣ ਦਾ ਸਮਾਂ, ਪਰਿਵਾਰ ਜਾਂ ਸੰਬੰਧਾਂ ‘ਚ ਤਣਾਅ, ਜਜ਼ਬਾਤੀ ਜਾਂ ਦੁਖਦਾਈ ਸਦਮੇ, ਕੰਮਕਾਜ ਜਾਂ ਨੌਕਰੀ ਦੌਰਾਨ ਜਾਂ ਸਕੂਲ ‘ਚ ਬੁਰਾ ਵਿਹਾਰ, ਸਰੀਰਕ ਜਾਂ ਭਾਵਨਾਤਮਕ ਸੋਸ਼ਣ ਜਾਂ ਦੁਰਵਿਹਾਰ, ਕਿਸੇ ਪਿਆਰੇ ਦੀ ਮੌਤ ਅਜਿਹੀਆਂ ਘਟਨਾਵਾਂ ਹਨ, ਜੋ ਕਿਸੇ ਨੂੰ ਅਸਾਨੀ ਨਾਲ਼ ਐਨਜ਼ਾਈਟੀ ਵੱਲ ਧੱਕ ਸਕਦੀਆਂ ਹਨ । ਲੰਬੀ ਬਿਮਾਰੀ ਵੀ ਐਨਜ਼ਾਈਟੀ ਦੀ ਅਵਸਥਾ ਪੈਦਾ ਕਰ ਸਕਦੀ ਹੈ ਤੇ ਇਸ ਨਾਲ਼ ਮੂਲ ਬਿਮਾਰੀ ਦੇ ਇਲਾਜ ‘ਚ ਵਿਘਨ ਪੈਦਾ ਹੋ ਸਕਦੇ ਹਨ । ਕਿਸੇ ਦਾ ਐਨਜ਼ਾਈਟੀ ਦਾ ਕਾਰਨ ਐਲਕੋਹਲ ਦਾ ਦੁਰਉਪਯੋਗ ਜਾਂ ਡਰੱਗਜ਼ ਦਾ ਇਸਤੇਮਾਲ ਵੀ ਹੋ ਸਕਦਾ ਹੈ । ਕੁਝ ਮਾਮਲਿਆਂ ‘ਚ ਐਨਜ਼ਾਈਟੀ ਲੋਕਾਂ ਨੂੰ ਐਕਲੋਹਲ ਜਾਂ ਡਰੱਗਜ਼ ਵਰਤਣ ਲਈ ਉਤਸ਼ਾਹਿਤ ਵੀ ਕਰ ਸਕਦੀ ਹੈ ਤੇ ਅਜਿਹੇ ਮਾਦਕ ਪਦਾਰਥ ਐਨਜ਼ਾਈਟੀ ਦੀ ਅਵਸਥਾ ਨੂੰ ਹੋਰ ਗਹਿਰਾਉਣ ‘ਚ ਵੀ ਮੱਦਦ ਕਰ ਸਕਦੇ ਹਨ । ਕੁਝ ਲੋਕਾਂ ਦਾ ਐਨਜ਼ਾਈਟੀ ‘ਚ ਜਾਣ ਦਾ ਆਪਣਾ ਹੋਰ ਕੋਈ ਨਿੱਜੀ ਕਾਰਣ ਹੋਣਾ, ਜਾਂ ਉਨ੍ਹਾਂ ਦੀ ਮਾਨਸਿਕ ਅਵਸਥਾ ਵੀ ਸੰਭਵ ਹੈ । ਐਨਜ਼ਾਈਟੀ ਤੇ ਡਿਪਰੈਸ਼ਨ ਦੋਹੇਂ ਇੱਕਠੇ ਵੀ ਆਪਣਾ ਪ੍ਰਭਾਵ ਕਿਸੇ ‘ਤੇ ਦਿਖਾ ਸਕਦੇ ਹਨ । ਕੁਝ ਲੋਕਾਂ ‘ਚ ਐਨਜ਼ਾਈਟੀ ਉਨ੍ਹਾਂ ਦੀ ਸੰਪੂਰਣ ਜੀਵਨ ਜਾਚ ਜਾਂ ਜੀਵਨ ਸ਼ੈਲੀ ‘ਤੇ ਆਪਣਾ ਮਾੜਾ ਪ੍ਰਭਾਵ ਦਿਖਾ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਖੁੰਢਾ ਕਰ ਸਕਦੀ ਹੈ । ਕੁਝ ਲੋਕਾਂ ‘ਚ ਇਹ ਵਿਕਾਰ ਗੰਭੀਰ ਮਾਨਸਿਕ ਰੋਗਾਂ ‘ਚ ਤਬਦੀਲ ਹੋ ਸਕਦਾ ਹੈ । ਐਨਜ਼ਾਈਟੀ ਦੇ ਨਾਲ਼ ਜੇਕਰ ਡਰ-ਭੈਅ ਜਾਂ ਚਿੰਤਾ ਵੀ ਕਿਸੇ ਨੂੰ ਹੋਵੇ ਤਾਂ ਉਸ ਲਈ ਇਹ ਸਥਿਤੀ ਹੋਰ ਵੀ ਭਿਆਨਕ ਹੋ ਸਕਦੀ ਹੈ । ਜੇਕਰ ਹਾਲਤ ਜਿ਼ਆਦਾ ਖਰਾਬ ਹੋਵੇ ਤਾਂ ਕਈ ਵਾਰ ਘਬਰਾਹਟ ਦਾ ਦੌਰਾ ਮਿੰਟਾਂ ‘ਚ ਹੀ ਆਪਣੀ ਚਰਮਸੀਮਾ ‘ਤੇ ਪਹੁੰਚ ਜਾਂਦਾ ਹੈ ਜਿਸ ਦੌਰਾਨ ਦਿਲ ਦੀ ਤੇਜ਼ ਧੜਕਣ, ਬੇਚੈਨੀ, ਬੇਅਰਾਮੀ, ਦਿਲ ਘਟਣਾ, ਸਾਹ ਦਾ ਘੁੱਟਣਾ, ਪਸੀਨਾ, ਤੇਜ਼ ਸਾਹ, ਛੋਟੇ ਸਾਹ, ਕੰਬਣਾ, ਕਾਂਬਾ ਲੱਗਣਾ, ਜਾਂ ੳਤੇਜਨਾ ਆਦਿ ਦਾ ਅਨੁਭਵ ਹੋ ਸਕਦਾ ਹੈ ।

ਕੁਝ ਲੋਕ ਐਨਜ਼ਾਈਟੀ ਦੇ ਇਨ੍ਹਾਂ ਇੱਕ ਜਾਂ ਜਿ਼ਆਦਾ ਲੱਛਣਾਂ ਤੋਂ ਪ੍ਰਭਾਵਿਤ ਹੋ ਸਕਦੇ ਹਨ ਤੇ ਨਾਲ਼ ਨਾਲ਼ ਡਿਪਰੈਸ਼ਨ ਦਾ ਸਿ਼ਕਾਰ ਵੀ ਹੋ ਸਕਦੇ ਹਨ । ਇਹ ਮਹੱਤਵਪੂਰਣ ਹੈ ਕਿ ਜੇਕਰ ਕੋਈ ਆਪਣੇ ਆਪ ਨੂੰ ਇਨ੍ਹਾਂ ਲੱਛਣਾਂ ਤੋਂ ਪ੍ਰਭਾਵਿਤ ਮਹਿਸੂਸ ਕਰਦਾ ਹੈ ਤਾਂ ਆਪਣੇ ਡਾਕਟਰ ਨਾਲ਼ ਸਲਾਹ ਜਰੂਰ ਕਰੇ । ਜੇਕਰ ਇਨ੍ਹਾਂ ਲੱਛਣਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਜਾਵੇ ਤਾਂ ਇਹ ਪ੍ਰਭਾਵ ਆਪਣੇ-ਆਪ ਸਰੀਰ ਤੋਂ ਦੂਰ ਨਹੀਂ ਹੋਣਗੇ ਤੇ ਕੀਮਤੀ ਜਿੰਦਗੀ ਨੂੰ ਆਪਣੇ ਮਾੜੇ ਪ੍ਰਭਾਵ ਥੱਲੇ ਯਕੀਨਨ ਲੈ ਲੈਣਗੇ ।
ਇੱਕ ਅੰਦਾਜ਼ੇ ਮੁਤਾਬਿਕ ਆਸਟ੍ਰੇਲੀਆ ‘ਚ ਕਰੀਬ 45 ਫੀਸਦੀ ਲੋਕ ਆਪਣੀ ਜਿੰਦਗੀ ਦੌਰਾਨ ਮਾਨਸਿਕ ਸਿਹਤ ‘ਤੇ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਦੇ ਹਨ । ਸਾਲ ‘ਚ ਕਰੀਬ ਇੱਕ ਮਿਲੀਅਨ ਬਾਲਗ਼ ਡਿਪਰੈਸ਼ਨ ਤੇ ਦੋ ਮਿਲੀਅਨ ਤੋਂ ਵਧੇਰੇ ਲੋਕ ਐਨਜ਼ਾਈਟੀ ਦਾ ਸਿ਼ਕਾਰ ਹੁੰਦੇ ਹਨ । ਐਨਜ਼ਾਈਟੀ ਨਾਲ਼ ਸੰਬੰਧਿਤ ਵਿਕਾਰਾਂ ‘ਚ ਮੱਦਦ ਕਰਨ ਲਈ ਬਹੁਤ ਸਾਰੇ ਪੇਸ਼ਾਵਰ ਤੇ ਸੇਵਾਵਾਂ ਮੌਜੂਦ ਹਨ, ਜਿਨ੍ਹਾਂ ਦੀ ਆਪਣੀ ਸਹੂਲੀਅਤ ਅਨੁਸਾਰ ਮੱਦਦ ਲਈ ਜਾ ਸਕਦੀ ਹੈ । ਅਸਰਦਾਰ ਇਲਾਜ ਐਨਜ਼ਾਈਟੀ ‘ਤੇ ਕੰਟਰੌਲ ਕਰਨਾ ਸਿੱਖਣ ‘ਚ ਮੱਦਦ ਵੀ ਕਰਦਾ ਹੈ, ਤਾਂ ਕਿ ਐਨਜ਼ਾਈਟੀ ਮਰੀਜ਼ ‘ਤੇ ਆਪਣਾ ਪ੍ਰਭਾਵ ਨਾ ਪਾ ਸਕੇ । ਇਲਾਜ ‘ਚ ਰੋਜ਼ਾਨਾ ਜਿੰਦਗੀ ਜਿਉਣ ਦੀ ਸ਼ੈਲੀ ‘ਚ ਬਦਲਾਅ ਕਰਨ ਦੀ ਸਿਫ਼ਾਰਸ਼ ਵੀ ਕੀਤੀ ਜਾ ਸਕਦੀ ਹੈ, ਜਿਸ ‘ਚ ਸਰੀਰਕ ਕਸਰਤ ਤੇ ਤਣਾਅ ਘਟਾਉਣ ਦੀ ਸਲਾਹ ਵੀ ਸ਼ਾਮਲ ਹੈ । ਇਹ ਪੁਰਜ਼ੋਰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਇਸ ਜਾਣਕਾਰੀ ਨੂੰ ਕਿਸੇ ਸਮੱਸਿਆ ਹੋਣ ਦੇ ਨਿਰਣੇ ਤੱਕ ਪਹੁੰਚਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ । ਇਸ ਲਈ ਤਾਂ ਮਾਹਿਰ ਜਾਂ ਡਾਕਟਰ ਦੀ ਸਹਾਇਤਾ ਲੈਣ ਦੀ ਸਲਾਹ ਕੀਤੀ ਜਾਂਦੀ ਹੈ ਪਰ ਇੱਕ ਗਾਈਡ ਦੇ ਤੌਰ ‘ਤੇ ਇਸ ਜਾਣਕਾਰੀ ਦੀ ਮੱਦਦ ਲਈ ਜਾ ਸਕਦੀ ਹੈ ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>