ਕਿਸਾਂਵਲ ਦੀ ਪੁਸਤਕ ‘‘ਗਗਨ ਦਮਾਮੇ ਦੀ ਤਾਲ’’ ਚੁੱਪ ਰਹਿਣ ਤੇ ਕਰਾਰੀ ਚੋਟ : ਉਜਾਗਰ ਸਿੰਘ

ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ “ਗਗਨ ਦਮਾਮੇ ਦੀ ਤਾਲ ਵਿਚਲੀ ਕਵਿਤਾ ਸਮਾਜਿਕ ਅਨਿਅਏ ਦੇ ਵਿਰੁਧ ਆਵਾਜ਼ ਪੈਦਾ ਕਰਕੇ ਇਨਸਾਨੀ ਮਾਨਸਿਕਤਾ ਵਿਚ ਸਰਸਰਾਹਟ ਪੈਦਾ ਕਰਦੀ ਹੋਈ ਝੰਜੋੜਦੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਖ਼ੂਬੀ ਇਸੇ ਵਿਚ ਹੈ ਕਿ ਇਨ੍ਹਾਂ ਵਿਚ ਰੁਮਾਂਟਿਕਤਾ ਦੀ ਚਾਸਣੀ ਨਹੀਂ ਜਦੋਂ ਕਿ ਅਜੋਕੇ ਸਮੇਂ ਵਿਚ ਜਿਤਨੀਆਂ ਵੀ ਕਵਿਤਾਵਾਂ ਲਿਖੀਆਂ ਜਾ ਰਹੀਆਂ ਹਨ, ਖਾਸ ਤੌਰ ਤੇ ਕਵਿਤਰੀਆਂ ਵੱਲੋਂ, ਉਹ ਸਾਰੀਆਂ ਕਵਿਤਰੀਆਂ ਪਿਆਰ ਪਰੁਤੀਆਂ ਭਾਵਨਾਵਾਂ ਦਾ ਪੱਲਾ ਫੜੀ ਬੈਠੀਆਂ ਹਨ। ਸਾਹਿਤਕ ਖੇਤਰ ਵਿਚ ਰੁਮਾਂਟਿਕ ਕਵਿਤਾਵਾਂ ਲਿਖਣ ਵਾਲੇ ਵਾਲਿਆਂ ਨੂੰ ਹੀ ਕਵੀ ਜਾਂ ਕਵਿਤਰੀਆਂ ਸਮਝਦੇ ਹਨ ਜਦੋਂ ਕਿ ਉਨ੍ਹਾਂ ਕਵਿਤਾਵਾਂ ਵਿਚੋਂ ਸਮਾਜ ਨੂੰ ਕੋਈ ਸੇਧ ਨਹੀਂ ਮਿਲਦੀ। ਉਹ ਤਾਂ ਚੰਦ ਲਮਹਿਆਂ ਲਈ ਇਨਸਾਨ ਨੂੰ ਖ਼ੁਆਬਾਂ ਵਿਚ ਤਾਰੀਆਂ ਲਾਉਣ ਲਈ ਹੀ ਉਤਸ਼ਾਹਤ ਕਰਦੀਆਂ ਹਨ। ਉਹ ਆਪਣੇ ਰੋਣੇ ਧੋਣੇ ਕਵਿਤਾਵਾਂ ਦਾ ਵਿਸ਼ਾ ਬਣਾਉਂਦੇ ਜਾਂ ਬਣਾਉਂਦੀਆਂ ਹਨ। ਰੁਮਾਂਟਿਕਤਾ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਗ੍ਰਸੀ ਹੋਈ ਹੈ। ਕਰਮਜੀਤ ਨੇ ਆਪਣੀਆਂ ਕਵਿਤਾਵਾਂ ਦਾ ਆਧਾਰ ਇਨਸਾਨ ਦੀ ਮਾਨਸਿਕਤਾ ਨੂੰ ਬਣਾਇਆ ਹੈ। ਉਸ ਦੀਆਂ ਕਵਿਤਾਵਾਂ ਗ਼ਰੀਬ, ਦਲਿਤ, ਸਮਾਜ ਦੀਆਂ ਪਛੜੀਆਂ ਸ਼੍ਰੇਣੀਆਂ, ਅਨੁਸੂਚਿਤ ਜਾਤੀਆਂ ਅਤੇ ਦੱਬੇ ਕੁਚਲੇ ਲੋਕਾਂ ਦੀ ਬਿਹਤਰੀ ਲਈ ਹਾਅਦਾ ਨਾਅਰਾ ਮਾਰਦੀਆਂ ਹੋਈਆਂ, ਲੋਕਾਂ ਦਾ ਪੱਖ ਹੀ ਨਹੀਂ ਪੂਰਦੀਆਂ ਸਗੋਂ ਉਨ੍ਹਾਂ ਦੀ ਪ੍ਰਤੀਨਿਧਤਾ ਕਰਦੀਆਂ ਲੱਗਦੀਆਂ ਹਨ। ਕਰਮਜੀਤ ਖੁਲ੍ਹੀ ਕਵਿਤਾ ਲਿਖਦੀ ਹੈ ਪ੍ਰੰਤੂ ਕਵਿਤਾਵਾਂ ਦੀ ਵਿਚਾਰਧਾਰਾ ਸਿਰਜਨਾਤਮਿਕ ਹੈ। ਖੁਲ੍ਹੀ ਕਵਿਤਾ ਸਥਾਈ ਅਤੇ ਅਰਥ ਭਰਪੂਰ ਹੁੰਦੀ ਹੈ ਜਦੋਂ ਕਿ ਰੁਮਾਂਟਿਕ ਕਵਿਤਾ ਸਿਰਫ ਮਨਪ੍ਰਚਾਵੇ ਦਾ ਸਾਧਨ ਅਤੇ ਵਕਤੀ ਹੁੰਦੀ ਹੈ। ਖੁਲ੍ਹੀ ਕਵਿਤਾ ਦਾ ਸੰਬੰਧ ਦਿਮਾਗ ਨਾਲ ਅਤੇ ਸੁਰ, ਤਾਲ, ਲੈ ਅਤੇ ਸਰੋਦ ਵਾਲੀ ਰੁਮਾਂਟਿਕ ਕਵਿਤਾ ਦਾ ਸੰਬੰਧ ਦਿਲ ਨਾਲ ਹੁੰਦਾ ਹੈ। ਦਿਲ ਵਕਤੀ ਗੱਲ ਕਰਦਾ ਹੈ ਪ੍ਰੰਤੂ ਦਿਮਾਗ ਸਥਾਈ। ਉਸਦੀ ਕਮਾਲ ਇਸ ਵਿਚ ਵੀ ਹੈ ਕਿ ਉਸਨੇ ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਕੋਈ ਅਜਿਹਾ ਪੱਖ ਨਹੀਂ ਵਿਸਾਰਿਆ ਜਿਸ ਤੋਂ ਗ਼ਰੀਬ ਲੋਕ ਪ੍ਰਭਾਵਤ ਨਾ ਹੁੰਦੇ ਹੋਣ। ਜੇਕਰ ਉਸਦੀ ਕਵਿਤਾ ਨੂੰ ਗ਼ਰੀਬ ਅਤੇ ਆਮ ਜਨਤਾ ਦੀ ਦਰਦ ਭਰੀ ਜ਼ਿੰਦਗੀ ਦੀ ਜਦੋਜਹਿਦ ਭਰਪੂਰ ਕਹਾਣੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਉਸਦੀ ਕਵਿਤਾ ਅਜ਼ਾਦੀ ਦੀਆਂ ਬਰਕਤਾਂ ਨਾ ਮਿਲਣ ਵਾਲੇ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਦੀ ਹੈ। ਉਹ ਆਮ ਲੋਕਾਂ ਦੀ ਜ਼ਿੰਦਗੀ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀ ਭਾਂਤ ਜਾਗਰੂਕ ਲੱਗਦੀ ਹੈ, ਇਸ ਕਰਕੇ ਹੀ ਉਸਦੀ ਕਵਿਤਾ ਆਮ ਲੋਕਾਂ ਦੇ ਦਿਲਾਂ ਅਤੇ ਰੂਹ ਦੀ ਆਵਾਜ਼ ਬਣਦੀ ਹੈ। ਉਸਦਾ ਇਤਨੀ ਛੋਟੀ ਉਮਰ ਵਿਚ ਅਨੁਭਵ ਵਿਸ਼ਾਲ ਹੈ, ਜਿਸਦਾ ਪ੍ਰਤੱਖ ਪ੍ਰਮਾਣ ਉਸਦੀਆਂ ਕਵਿਤਾਵਾਂ ਤੋਂ ਸ਼ਪਸ਼ਟ ਮਿਲਦਾ ਹੈ। ਅਜੋਕਾ ਸਮਾਜ ਜਿਹੜੇ ਅਸੁਖਾਵੇਂ ਹਾਲਤ ਦਾ ਮੁਕਾਬਲਾ ਕਰ ਰਿਹਾ ਹੈ, ਕਵਿਤਾਵਾਂ ਉਸ ਦਾ ਪ੍ਰਗਟਾਵਾ ਕਰਦੀਆਂ ਨਜ਼ਰ ਆ ਰਹੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਚਿੰਨ੍ਹਾਂ ਅਤੇ ਸੰਕੇਤਾਂ ਦੀ ਵਰਤੋਂ ਬਹੁਤ ਕਰਦੀ ਹੈ ਪ੍ਰੰਤੂ ਕਵਿਤਾਵਾਂ ਪਾਠਕਾਂ ਦੇ ਸਮਝ ਵਿਚ ਆਉਂਦੀਆਂ ਹੋਈਆਂ ਉਨ੍ਹਾਂ ਦੇ ਮਨਾਂ ਤੇ ਗਹਿਰਾ ਪ੍ਰਭਾਵ ਛੱਡ ਰਹੀਆਂ ਹਨ, ਬੋਝ ਨਹੀਂ ਬਣਦੀਆਂ। ਪ੍ਰਫ਼ੈਸਰ ਹੋਣ ਦੇ ਬਾਵਜੂਦ ਉਹ ਆਪਣੀ ਵਿਦਵਤਾ ਦਾ ਪ੍ਰਗਟਾਵਾ ਨਹੀਂ ਕਰਦੀ, ਜਿਹੜਾ ਵਿਖਾਵਾ ਆਮ ਤੌਰ ਤੇ ਵਿਦਵਾਨ ਲੇਖਕ ਕਰਦੇ ਹਨ। ਕਰਮਜੀਤ ਸੰਵੇਦਨਸ਼ੀਲ, ਸੰਜੀਦਾ ਅਤੇ ਸ਼ਿਸ਼ਟਾਚਾਰ ਤੇ ਪਹਿਰਾ ਦੇਣ ਵਾਲੀ ਕਵਿਤਰੀ ਹੈ। ਉਸਦੀ ਇਹ ਵੀ ਵਡਿਤਣ ਹੈ ਕਿ ਉਹ ਸੰਪੂਰਨ ਕਵਿਤਰੀ ਹੈ, ਕਿਸੇ ਵਾਦ ਨਾਲ ਜੁੜੀ ਹੋਈ ਨਹੀਂ। ਉਹ ਕਿਸੇ ਇੱਕ ਫਿਰਕੇ ਜਾਂ ਵਰਗ ਦੀ ਪ੍ਰਤੀਨਿਧਤਾ ਕਰਨ ਵਾਲੀ ਕਵਿਤਾ ਨਹੀਂ ਲਿਖਦੀ। ਉਹ ਇਨਸਾਨੀਅਤ ਦੀ ਕਦਰਦਾਨ ਕਵਿਤਰੀ ਹੈ। ਆਮ ਤੌਰ ਤੇ ਇਸਤਰੀ ਕਵਿਤਰੀਆਂ ਇਸਤਰੀ ਜਾਤੀ ਦੇ ਦੁੱਖਾਂ ਅਤੇ ਕਲੇਸ਼ਾਂ ਵਾਲੀਆਂ ਕਵਿਤਾਵਾਂ ਲਿਖਕੇ ਇਸਤਰੀਆਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੀਆਂ ਹਨ। ਅਸਲ ਵਿਚ ਕਵੀ ਜਾਂ ਕਵਿਤਰੀ ਇਨਸਾਨੀਅਤ ਦੇ ਹਿੱਤਾਂ ਨਾਲ ਸੰਬੰਧਤ ਕਵਿਤਾਵਾਂ ਲਿਖਣ ਵਾਲੇ ਹੋਣੇ ਚਾਹੀਦੇ ਹਨ। ਜਿਸ ਤੇ ਉਹ ਖ਼ਰੀ ਉਤਰਦੀ ਹੈ। ਉਹ ਇਨਸਾਨੀ ਮਾਨਸਿਕਤਾ ਨੂੰ ਸਮਝਦੀ ਹੈ, ਜਿਸ ਕਰਕੇ ਉਹ ਇਨਸਾਨ ਦੀ ਦੁਬਿਧਾ ਵਾਲੀ ਸਥਿਤੀ ਨੂੰ ਵੀ ਬਾਖ਼ੂਬੀ ਕਵਿਤਾਵਾਂ ਦਾ ਵਿਸ਼ਾ ਬਣਾਉਂਦੀ ਹੈ। ਉਹ ਮਹਿਸੂਸ ਕਰਦੀ ਹੈ ਕਿ ਆਮ ਲੋਕਾਂ ਦਾ ਦਵੰਧ ਹੀ ਉਨ੍ਹਾਂ ਦੇ ਸੁਨਹਿਰੇ ਭਵਿਖ ਵਿਚ ਰੁਕਾਵਟ ਦਾ ਕਾਰਨ ਬਣਦਾ ਹੈ। ਲੋਕ ਆਪਣੀ ਬਿਹਤਰੀ ਵਾਲੇ ਫੈਸਲੇ ਕਰਨ ਲਈ ਲਾਮਬੰਦ ਨਹੀਂ ਹੁੰਦੇ। ਉਸਨੂੰ ਕਵਿਤਾ ਲਿਖਣ ਸਮੇਂ ਪਤਾ ਹੁੰਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੀ ਹੈ। ਇਸ ਕਰਕੇ ਉਸ ਦੀ ਸ਼ਬਦਾਵਲੀ ਸਰਲ ਅਤੇ ਸ਼ਪਸ਼ਟ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਇਤਿਹਾਸਕ ਪ੍ਰਸਥਿਤੀਆਂ ਦਾ ਵਿਵਰਣ ਕਰਦੀ ਹੋਈ ਮਨੁੱਖਤਾ ਨੂੰ ਆਪਣੇ ਸਿਆਸੀ ਅਤੇ ਪ੍ਰਬੰਧਕੀ ਸ਼ਾਸ਼ਕਾਂ ਦੇ ਸ਼ੋਸ਼ਣ ਦਾ ਵਿਰੋਧ ਕਰਨ ਲਈ ਵੀ ਪ੍ਰੇਰਦੀ ਹੈ ਤਾਂ ਜੋ ਇਨਕਲਾਬ ਦਾ ਸੁਪਨਾ ਪੂਰਾ ਹੋ ਸਕੇ। ਗੁਰੂ ਨਾਨਕ ਅਤੇ ਸਿੱਖ ਧਰਮ ਦੀ ਵਿਚਾਰਧਾਰਾ ਦੀ ਪ੍ਰੋੜ੍ਹਤਾ ਕਰਦੀਆਂ ਉਸਦੀਆਂ ਕਵਿਤਾਵਾਂ ਮਨੁੱਖਤਾ ਨੂੰ ਉਸ ਵਿਚਾਰਧਾਰਾ ਤੇ ਪਹਿਰਾ ਨਾ ਦੇਣ ਦਾ ਖਮਿਆਜਾ ਭੁਗਤਣ ਲਈ ਵੀ ਜਾਗਰੂਕ ਕਰਦੀਆਂ ਹਨ। ਉਹ ਸਮਝਦੀ ਹੈ ਕਿ ਧਰਮ ਦੇ ਰਾਖੇ ਹੀ ਧਰਮ ਦੇ ਵੈਰੀ ਬਣ ਚੁੱਕੇ ਹਨ। ਧਰਮ ਦੇ ਠੇਕਦਾਰਾਂ ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਆੜੇ ਹੱਥੀਂ ਲੈਂਦੀ ਹੈ। ਜਿਹੜੇ ਅਨਿਆਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦੇ। ‘ਹੇ ਨਾਨਕ’ ਕਵਿਤਾ ਵਿਚ ਉਹ ਲਿਖਦੀ ਹੈ-

—ਤੇ ਅੱਜ ਜਦ
ਹਰ ਪਾਸੇ ਜ਼ੁਲਮ ਦੀ ਸਿਖ਼ਰ ਹੈ
ਧੀਆਂ ਬੇਪੱਤ ਹੋ ਰਹੀਆਂ
ਭੇੜੀਏ ਨੋਚ ਰਹੇ
ਹਿਰਨਾਂ-ਹਿਰਨੋਟਿਆਂ ਤਾਈਂ
……—ਤੇ ਇਨਕਲਾਬੀ ਧੀ
ਸਹਿ ਰਹੀ ਐ
ਤੇਜ਼ਾਬੀ ਹਮਲੇ
‘ਕਾਨੂੰਨ ਦੇ ਰਖਵਾਲਿਆਂ’ ਦੇ ਥੱਪੜ
ਤੇ ਖਿੱਚਾਧੂਹੀ-
ਤਾਂ ਕਿਓਂ ਸੁੱਤੇ ਪਏ ਨੇ ਤੇਰੇ ਸਿੱਖ?

ਕਰਮਜੀਤ ਦੀਆਂ ਕਵਿਤਾਵਾਂ ਦਸਦੀਆਂ ਹਨ ਕਿ ਨਰਕ ਸਵਰਗ ਸਭ ਇਸ ਸੰਸਾਰ ਵਿਚ ਹੀ ਹੈ। ਉਸਨੇ ਝੂਠੇ ਲਾਰਿਆਂ ਅਤੇ ਵਹਿਮਾਂ ਭਰਮਾਂ ਤੋਂ ਖਹਿੜਾ ਛੁਡਵਾਉਣ ਲਈ ਪ੍ਰੇਰਨ ਵਾਲੀਆਂ ਕਵਿਤਾਵਾਂ ਲਿਖੀਆਂ ਹਨ। ਇਹ ਉਸਦੀ ਦੂਜੀ ਪੁਸਤਕ ਜਿਹੜੀ ਕਰਮਜੀਤ ਕਿਸਾਂਵਾਲ ਦੇ ਸਾਹਿਤਕ ਸਫਰ ਦੀ ਪਰਪੱਕਤਾ ਦਾ ਸਬੂਤ ਹੈ। ਉਸਨੇ ਪਰਵਾਸੀ ਕਵਿਤਰੀਆਂ ਦੀਆਂ ਕਵਿਤਾਵਾਂ ਦੀ ਸਿਰਜਣਹਾਰੀਆਂ ਨਾਂ ਦੀ ਇੱਕ ਪੁਸਤਕ ਸੰਪਾਦਿਤ ਵੀ ਕੀਤੀ ਹੈ। ਮਨੁੱਖਤਾ ਦੇ ਕਿਰਦਾਰ ਤੇ ਵੀ ਵਿਅੰਗ ਕਸਦੀ ਹੋਈ ਲਿਖਦੀ ਹੈ ਕਿ ਕਿਸੇ ਵੀ ਇਨਸਾਨ ਦਾ ਦਿਲ ਸਾਫ ਨਹੀਂ। ਕੂੜ ਪ੍ਰਧਾਨ ਹੋਇਆ ਫਿਰਦਾ ਹੈ। ਸਮਾਜ ਵਿਚ ਤਬਦੀਲੀ ਲਿਆਉਣ ਲਈ ਸਾਨੂੰ ਆਪਣੀ ਮਾਨਸਿਕਤਾ ਵਿਚ ਤਬਦੀਲੀ ਕਰਨੀ ਜ਼ਰੂਰੀ ਹੈ। ਸਿਆਸਤਦਾਨ ਲੋਕਾਂ ਵਿਚ ਵੰਡੀਆਂ ਪਾਕੇ ਸਫਲ ਹੋ ਜਾਂਦੇ ਹਨ ਪ੍ਰੰਤੂ ਆਮ ਲੋਕਾਂ ਨੂੰ ਲਾਲਚ ਵਿਚ ਪੈ ਕੇ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਉਹ ਲਿਖਦੀ ਹੈ ਕਿ ਅਸੀਂ ਕਿਸ ਤਰ੍ਹਾਂ ਵੋਟਾਂ ਪਾਉਂਦੇ ਹਾਂ-

ਪੂਰੇ ਪੰਜ ਸਾਲ ਲਈ
ਅਸੀਂ ਵਿਕ ਜਾਂਦੇ ਹਾਂ
ਬੱਸ
ਪੰਜ ਸੌ ਦੇ ਨੋਟ ਬਦਲੇ
‘ਲੋਕਤੰਤਰ’
ਬੁਰੇ ਹੱਥਾਂ ’ਚ ਜੋ
ਬਣ ਗਿਆ
‘ਜੋਕਤੰਤਰ’

ਲੋਕਤੰਤਰ ਵਿਚ ਨੇਤਾਵਾਂ ਦੇ ਯੋਗਦਾਨ ਦਾ ਜ਼ਿਕਰ ਕਰਦੀ ਹੋਈ ਆਪਣੀ ਕਵਿਤਾ ਵਿਚ ਲਿਖਦੀ ਹੈ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿਚ ਨੇਤਾ ਲੋਕ ਗ਼ੈਰ ਜ਼ਿੰਮਵਾਰਾਨਾ ਵਿਵਹਾਰ ਕਰ ਰਹੇ ਹਨ। ਸਰਕਾਰੀ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ। ਕੋਈ ਸਾਰਥਿਕ ਅਤੇ ਲੋਕਾਂ ਦੇ ਹਿੱਤਾਂ ਵਿਚ ਚਰਚਾ ਕਰਨ ਦੀ ਥਾਂ ਤੂਹਮਤਬਾਜ਼ੀ ਕਰਦੇ ਹਨ। ਇਥੋਂ ਤੱਕ ਕਿ ਕਈ ਵਾਰ ਹਿੰਸਕ ਵੀ ਹੋ ਜਾਂਦੇ ਹਨ। ਅਜਿਹੇ ਨੇਤਾ ਲੋਕਾਂ ਲਈ ਮਾਰਗਦਰਸ਼ਕ ਕਿਵੇਂ ਬਣ ਸਕਣਗੇ। ਸਬਸਿਡੀਆਂ ਦੀ ਨਜਾਇਜ ਵਰਤੋਂ ਹੋ ਰਹੀ ਹੈ। ਜੇਕਰ ਆਮ ਜਨਤਾ ਨੇ ਆਪਣੇ ਵਿਵਹਾਰ ਵਿਚ ਇਨਕਲਾਬੀ ਪਰਿਵਰਤਨ ਨਾ ਲਿਆਂਦਾ ਤਾਂ ਸਦੀਆਂ ਤੱਕ ਵੀ ਅਸੀਂ ਖ਼ੁਸ਼ਹਾਲੀ ਦਾ ਮੂੰਹ ਨਹੀਂ ਵੇਖ ਸਕਾਂਗੇ। ਕਰਮਜੀਤ ਦੀਆਂ ਕਵਿਤਾਵਾਂ ਸਥਾਪਤ ਪ੍ਰਬੰਧਕੀ ਪ੍ਰਣਲੀ ਦੇ ਵਿਰੁਧ ਆਮ ਲੋਕਾਂ ਨੂੰ ਬਗ਼ਾਬਤ ਕਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ ਤਾਂ ਜੋ ਸਮਾਜਕ ਤਾਣੇ ਬਾਣੇ ਵਿਚੋਂ ਭਰਿਸ਼ਟਾਚਾਰ ਨੂੰ ਸਮਾਪਤ ਕਰਕੇ ਆਪਣੇ ਹੱਕ ਪ੍ਰਾਪਤ ਕੀਤੇ ਜਾ ਸਕਣ ਕਿਉਂਕਿ ਭਰਿਸ਼ਟਾਚਾਰ ਦੇ ਬੋਲਬਾਲੇ ਕਰਕੇ ਆਮ ਲੋਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਬਣਦਾ ਹੱਕ  ਨਹੀਂ ਮਿਲ ਰਿਹਾ। ਲੋਕਾਂ ਵਿਚ ਜਾਗ੍ਰਤੀ ਦੀ ਘਾਟ ਕਰਕੇ ਗ਼ਰੀਬ ਹੋਰ ਗ਼ਰੀਬ ਹੋ ਰਹੇ ਹਨ। ਇਸ ਵਿਚ ਉਹ ਧਾਰਮਿਕ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ। ਜੋ ਲੋਕਾਂ ਨੂੰ ਕਿਸਮਤ ਦਾ ਹੁਕਮ ਮੰਨਣ ਲਈ ਕਹਿੰਦੇ ਹਨ। ਆਪਣੀਆਂ ਕਵਿਤਾਵਾਂ ਵਿਚ ਗ਼ਰੀਬਾਂ ਦੀ ਗ਼ਰੀਬੀ ਦੀ ਤਸਵੀਰ ਖਿਚਦੀ ਹੋਈ ਕਾਰਪੋਰੇਟ ਸੈਕਟਰ ਵੱਲੋਂ ਗ਼ਰੀਬਾਂ ਦੇ ਹੱਕ ਹੜੱਪ ਕਰਨ ਦਾ ਵੀ ਪ੍ਰਗਟਾਵਾ ਕਰਦੀ ਹੈ। ਗ਼ਰੀਬ ਬੱਚਿਆਂ ਲਈ ਤਿਰੰਗੇ ਦੇ ਰੰਗਾਂ ਦੇ ਅਰਥਾ ਦੀ ਜਾਣਕਾਰੀ ਨਹੀਂ ਪ੍ਰੰਤੂ ਉਹ ਤਿਰੰਗੇ ਲਈ ਜੀਅ ਜਾਨ ਦੇਣ ਲਈ ਤਿਆਰ ਹਨ। ਅਮੀਰ ਲੋਕ ਤਿਰੰਗੇ ਦੀ ਦੁਰਵਰਤੋਂ ਕਰਦੇ ਹਨ। ਗ਼ਰੀਬਾਂ ਲਈ ਸਰਕਾਰ ਸਕੀਮਾ ਤਾਂ ਬਹੁਤ ਬਣਾਉਂਦੀ ਹੈ ਪ੍ਰੰਤੂ ਉਨ੍ਹਾਂ ਨੂੰ ਅਮਲੀ ਰੂਪ ਦੇਣ ਵਿਚ ਕੋਤਾਹੀ ਵਰਤੀ ਜਾਂਦੀ ਹੈ। ਉਸਦੀ ਕਵਿਤਾ ਰੰਗ ਵਿਰੰਗੀ, ਬਹੁਰੰਗੀ ਤੇ ਬਹੁਪਰਤੀ ਹੈ, ਕਦੀਂ ਅਖ਼ਬਾਰਾਂ ਦੀ ਪੇਡ ਨਿਊਜ, ਨਿਆਇਕ ਪ੍ਰਣਾਲੀ, ਬੇਰੋਜ਼ਗਾਰੀ, ਭਰਿਸ਼ਟਾਚਾਰ, ਰਾਮ ਰਾਜ, ਇਨਕਲਾਬ, ਸਫਾਈ ਮੁਹਿੰਮਾ, ਦਾਜ, ਨਸ਼ੇ, ਮਹਿੰਗਾਈ ਅਤੇ ਲੋਕਤੰਤਰ ਦੀਆਂ ਖਾਮੀਆਂ ਨੂੰ ਕਵਿਤਾਵਾਂ ਦੇ ਕਲਾਵੇ ਵਿਚ ਲੈਂਦੀ ਹੋਈ ਆਮ ਜਨਤਾ ਨੂੰ ਜਾਗ੍ਰਤ ਕਰਨ ਦੀ ਗੱਲ ਕਰਦੀ ਹੈ। ਅਮੀਰ ਲੋਕ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਨਾਮਕਰਨ ਵਰਗੇ ਸਮਾਗਮ ਕਰਦੇ ਹਨ ਜਦੋਂ ਕਿ ਗ਼ਰੀਬ ਲੋਕਾਂ ਦੇ ਬੱਚੇ ਅਜਿਹੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਤਾਂ ਆਪਣੇ ਪਰਿਵਾਰਾਂ ਦੇ ਪਿਤਾ ਪੁਰਖੀ ਕਿਤਿਆਂ ਵਿਚ ਹੀ ਬਚਪਨ ਵਿਚ ਲਗਾ ਦਿੱਤਾ ਜਾਂਦਾ ਹੈ ਤਾਂ ਜੋ ਪਰਿਵਾਰ ਦੇ ਗੁਜ਼ਾਰੇ ਲਈ ਕਮਾਈ ਕਰ ਸਕਣ। ਕਹਿਣ ਤੋਂ ਭਾਵ ਗ਼ਰੀਬਾਂ ਦੇ ਬੱਚਿਆਂ ਦਾ ਬਚਪਨ ਰੁਲ ਜਾਂਦਾ ਹੈ। ਉਸਦੀ ਕਵਿਤਾ ਪੰਜਾਬ ਵਿਚ ਮਾਫੀਏ ਦੇ ਰਾਜ ਦਾ ਵੀ ਜ਼ਿਕਰ ਕਰਦੀ ਹੈ। ਉਹ ਪੰਜਾਬੀਆਂ ਵਲੋਂ ਅੰਨ੍ਹੇਵਾਹ ਪੱਛਮ ਦੀ ਨਕਲ ਕਰਨ ਦਾ ਵੀ ਵਿਰੋਧ ਕਰਦੀ ਹੈ। ਬਲਾਤਕਾਰ ਵਰਗੀ ਨਾਮੁਰਾਦ ਸਮਾਜਿਕ ਬਿਮਾਰੀ ਵੀ ਉਸ ਦੀਆਂ ਕਵਿਤਾਵਾਂ ਦਾ ਵਿਸ਼ਾ ਬਣਦਾ ਹੈ। ‘ਕੌਣ ਕਹਿੰਦਾ’ ਦੇ ਸਿਰਲੇਖ ਵਾਲੀ ਇੱਕੋ ਕਵਿਤਾ ਵਿਚ ਉਹ ਕਿਤਨੀਆਂ ਹੀ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਵਿਅੰਗਾਤਮਿਕ ਢੰਗ ਨਾਲ ਕਰਦੀ ਹੈ-

ਕੌਣ ਕਹਿੰਦਾ ਕਿ
ਮਹਿੰਗਾਈ ਹੈ ਇਸ ਦੇਸ਼ ‘ਚ???
ਕਿੰਨੀ ਸਸਤੀ ਹੈ ਏਥੇ
ਅਣਜੰਮੀ ਧੀ ਦੀ ਜਾਨ-
ਲਾਚਾਰ ਔਰਤ ਦੀ ਇੱਜ਼ਤ-
ਕਿਸਾਨ ਦੀ ਜਿਣਸ-
ਮਜ਼ਦੂਰ ਦੀ ਦਿਹਾੜੀ-
ਸ਼ਹੀਦ ਦੀ ਕੁਰਬਾਨੀ-
ਗ਼ਰੀਬ ਦੀ ਵੋਟ
ਤੇ ਸਾਡੀ ਜ਼ਮੀਰ।

ਉਹ ਇਹ ਵੀ ਲਿਖਦੀ ਹੈ ਕਿ ਮੁੱਢ ਕਦੀਮ ਤੋਂ ਹੀ ਹਰ ਗ਼ਲਤ ਕੰਮ ਲਈ ਔਰਤ ਨੂੰ ਹੀ ਜ਼ਿੰਮੇਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ? ਰਾਮ ਨੇ ਜਿਸਨੂੰ ਲੋਕਾਂ ਨੇ ਰੱਬ ਦਾ ਰੂਪ ਕਿਹਾ ਹੈ, ਉਸਨੇ ਵੀ ਆਪਣੀ ਪਤਨੀ ਸੀਤਾ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣ ਕਰਕੇ ਦੋਸ਼ੀ ਠਹਿਰਾ ਦਿੱਤਾ ਸੀ। ਮਰਦ ਔਰਤ ਨੂੰ ਆਪਣੀ ਜਾਇਦਾਦ ਸਮਝਦਾ ਹੈ। ਯੁਧਿਸ਼ਟਰ ਨੇ ਦ੍ਰੋਪਤੀ ਨੂੰ ਦਾਅ ਤੇ ਲਾ ਦਿੱਤਾ ਸੀ। ਇਸ ਵਿਚ ਔਰਤ ਦਾ ਕੋਈ ਕਸੂਰ ਨਹੀਂ ਪ੍ਰੰਤੂ ਸਮਾਜ ਉਸਨੂੰ ਕਸੂਰਵਾਰ ਕਹੀ ਜਾਂਦਾ ਹੈ। ਕਰਮਜੀਤ ਇਸਤਰੀਆਂ ਨੂੰ ਖ਼ੁਦ ਵੀ ਜ਼ਿੰਮੇਵਾਰ ਮੰਨਦੀ ਹੈ ਕਿਉਂਕਿ ਉਹ ਬਗ਼ਾਬਤ ਦਾ ਹੌਸਲਾ ਹੀ ਨਹੀਂ ਕਰਦੀਆਂ,  ਆਦਮੀ ਦੀ ਹਰ ਜਿਆਦਤੀ ਨੂੰ ਖ਼ੁਸ਼ੀ ਖ਼ੁਸ਼ੀ ਪ੍ਰਵਾਨ ਕਰ ਲੈਂਦੀਆਂ ਹਨ। ਪ੍ਰੰਤੂ ਇਸਦੇ ਨਾਲ ਹੀ ਉਹ ਜਿਸਮਾਂ ਦੀ ਮੰਡੀ ਬਣਕੇ ਆਪਣਾ ਨੰਗੇਜ ਵਿਖਾਉਣ ਦੀਆਂ ਵੀ ਖ਼ੁਦ ਹੀ ਜ਼ਿੰਮੇਵਾਰ ਹਨ। ਉਹ ਆਪਣੀਆਂ ਕਵਿਤਾਵਾਂ ਵਿਚ ਲਿਖਦੀ ਹੈ ਕਿ ਇਸਤਰੀ ਦੇ ਸਪਨੇ ਅਤੇ ਸਧਰਾਂ ਅਧੂਰੀਆਂ ਰਹਿ ਜਾਂਦੀਆਂ ਹਨ। ਸਮਾਜ ਵਿਚ ਭਾਵਨਾਵਾਂ ਦੀ ਅਣਵੇਖੀ ਕੀਤੀ ਜਾਂਦੀ ਹੈ। ਇਨਸਾਨ ਸ਼ਾਜਸ਼ੀ ਬਣ ਗਿਆ ਹੈ। ਆਪਣੇ ਨਿੱਜੀ ਹਿੱਤਾਂ ਲਈ ਉਹ ਦੂਸਰਿਆਂ ਨੂੰ ਅੱਖੋਂ ਪ੍ਰੋਖੇ ਕਰ ਰਿਹਾ ਹੈ। ਮਲਕ ਭਾਗੋਆਂ ਦੇ ਖ਼ਿਲਾਫ ਜਦੋਜਹਿਦ ਕਰਨ ਲਈ ਪ੍ਰੇਰਦੀ ਹੈ। ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਜਾ ਰਿਹਾ ਹੈ ਅਤੇ ਦੇਸ਼ ਧਰੋਹੀ ਗ਼ਲਤ ਢੰਗ ਤਰੀਕਿਆਂ ਨਾਲ ਆਨੰਦ ਮਾਣ ਰਹੇ ਹਨ। ਕਰਮਜੀਤ ਬੁਧੀਜੀਵੀਆਂ ਤੇ ਵੀ ਵਿਅੰਗ ਕਰਦੀ ਹੋਈ ਕਹਿੰਦੀ ਹੈ ਕਿ ਉਹ ਸਮਾਜਕ ਬੁਰਾਈਆਂ ਦੇ ਵਿਰੁਧ ਲਿਖਣ ਤੋਂ ਕੰਨੀ ਕਤਰਾ ਰਹੇ ਹਨ। ਉਸ ਦੀਆਂ ਕਵਿਤਾਵਾਂ ਭਾਰਤ ਦੇ ਅੰਨਦਾਤੇ ਪੰਜਾਬ ਦੇ ਕਿਸਾਨ ਦੇ ਕਰਜ਼ੇ ਵਿਚ ਫਸੇ ਹੋਣ ਬਾਰੇ ਵੀ ਚਿੰਤਾ ਪ੍ਰਗਟ ਕਰਦੀਆਂ ਹਨ ਕਰਮਜੀਤ  ਉਨ੍ਹਾਂ ਦੇ ਹਿਤਾਂ ਦੀ ਵਕਾਲਤ ਕਰਦੀ ਹੈ। ਪੰਜਾਬ ਦੀ ਵਰਤਮਾਨ ਸਥਿਤੀ ਬਾਰੇ ਆਪਣੀ ਕਵਿਤਾ ਵਿਚ ਕਹਿ ਰਹੀ ਹੈ ਕਿ ਦੁਆਬਾ ਪ੍ਰਵਾਸ ਕਰ ਗਿਆ ਹੈ, ਮਾਝਾ ਘੁਮੰਡੀ ਬਣ ਗਿਆ ਅਤੇ ਮਾਲਵਾ ਕੈਂਸਰ ਨੇ ਖਾ ਲਿਆ ਹੈ। ਪੰਜਾਬ ਖੋਖਲਾ ਹੋ ਗਿਆ ਹੈ। ਸਮੁੱਚਾ ਪੰਜਾਬ ਨਸ਼ਿਆਂ ਦੀ ਮਾਰ ਝੱਲ ਰਿਹਾ ਹੈ। ਪੰਜਾਬ ਦੇ ਲੋਕ ਗ਼ਰੀਬ ਅਤੇ ਨੇਤਾ ਅਮੀਰ ਹੋ ਰਹੇ ਹਨ। ਰਾਮ-ਰਾਜ ਸਿਰਲੇਖ ਵਾਲੀ ਕਵਿਤਾ ਵਿਚ ਵਰਤਮਾਨ ਰਾਜ ਪ੍ਰਬੰਧ ਤੇ ਕਰਾਰੀ ਚੋਟ ਮਾਰਦੀ ਹੋਈ ਲਿਖਦੀ ਹੈ-

ਇਸ ਰਾਮ-ਰਾਜ ‘ਚ
ਇਜਾਜ਼ਤ ਹੈ ਦੰਗਿਆਂ ਦੀ
ਬਲਾਤਕਾਰਾਂ ਦੀ-
ਇਜਾਜ਼ਤ ਹੈ
ਫ਼ਿਰਕੂ ਅੱਗ ਲਾਉਣ ਦੀ-
ਏਥੇ ‘ਇਨਸਾਫ਼’ ਦੇ ਬੂਹੇ ‘ਤੇ
ਦਿੱਤੇ ਜਾਂਦੇ ਨੇ
ਪੀੜਤ ਨੂੰ ਚੁੱਪ ਰਹਿਣ ਦੇ ਆਦੇਸ਼

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਰਮਜੀਤ ਕਿਸਾਂਵਲ ਦੀ ਇਹ ਪੁਸਤਕ ‘‘ਗਗਨ ਦਮਾਮੇ ਦੀ ਤਾਲ’’ ਦੀਆਂ ਕਵਿਤਾਵਾਂ ਸੰਜੀਦਾ ਵਿਸ਼ਿਆਂ ਵਾਲੀਆਂ ਹਨ ਜਿਨ੍ਹਾਂ ਦਾ ਆਮ ਗ਼ਰੀਬ ਜਨਤਾ ਦੀ ਬਿਹਤਰੀ ਨਾਲ ਸਿੱਧਾ ਸੰਬੰਧ ਹੈ। ਇਸ ਤੋਂ ਸਾਫ ਜਾਹਰ ਹੈ ਕਿ ਕਵਿਤਰੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਪ੍ਰਤੀ ਸੰਵੇਦਨਸ਼ੀਲ ਭਾਵਨਾਵਾਂ ਰੱਖਦੀ ਹੈ ਤਾਂ ਜੋ ਆਮ ਜਨਤਾ ਨੂੰ ਸਮਾਜ ਵਿਚ ਬਰਾਬਰ ਦਾ ਦਰਜਾ ਦਿੱਤਾ ਜਾ ਸਕੇ। ਭਵਿਖ ਵਿਚ ਸੰਜੀਦਾ ਕਵਿਤਰੀ ਤੋਂ ਹੋਰ ਬਿਹਤਰ ਸਾਹਿਤਕ ਯੋਗਦਾਨ ਦੀ ਆਸ ਕੀਤੀ ਜਾ ਸਕਦੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>