ਇਸਲਾਮਾਬਾਦ – ਪਾਕਿਸਤਾਨੀ ਸੈਨਾ ਪ੍ਰਮੁੱਖ ਜਨਰਲ ਰਾਹੀਲ ਸ਼ਰੀਫ਼ ਨੇ ਉੜੀ ਵਿੱਚ ਸੈਨਾ ਹੈਡਕਵਾਟਰ ਤੇ ਹੋਏ ਹਮਲੇ ਤੋਂ ਬਾਅਦ ਭਾਰਤ ਦੀ ਪ੍ਰਤੀਕਿਰਿਆ ਨੂੰ ਵੇਖਦੇ ਹੋਏ ਰਾਵਲਪਿੰਡੀ ਸਥਿਤ ਸੈਨਾ ਦੇ ਮੁੱਖ ਆਫਿਸ ਵਿੱਚ ਉਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਨਾ ਹਾਲਾਤ ਤੇ ਨਜ਼ਰ ਰੱਖੇ ਹੋਏ ਹੈ ਅਤੇ ਅਸੀਂ ਹਰ ਸਥਿਤੀ ਨਾਲ ਨਜਿਠਣ ਲਈ ਤਿਆਰ ਹਾਂ।
ਸੈਨਾ ਦੇ ਉਚ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਮੀਟਿੰਗ ਵਿੱਚ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਦੀ ਸਥਿਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਸੈਨਾ ਮੁੱਖੀ ਜਨਰਲ ਰਾਹੀਲ ਨੇ ਕਿਹਾ ਕਿ ਪਾਕਿਸਤਾਨੀ ਸੈਨਾ ਕਿਸੇ ਵੀ ਤਰ੍ਹਾਂ ਦੇ ਪ੍ਰਤੱਖ ਜਾਂ ਅਪ੍ਰਤੱਖ ਖ਼ਤਰੇ ਨਾਲ ਨਜਿਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸੈਨਾ ਪਾਕਿਸਤਾਨ ਦੀ ਅਖੰਡਤਾ ਅਤੇ ਸੰਪਰਭੁੱਤਾ ਦੀ ਰੱਖਿਆ ਕਰਨ ਵਿੱਚ ਸੰਪੂਰਨ ਤੌਰ ਤੇ ਸਮਰੱਥ ਹੈ। ਜਨਰਲ ਰਾਹੀਲ ਸ਼ਰਮਾ ਅਨੁਸਾਰ ਅਸੀਂ ਖੇਤਰ ਵਿੱਚ ਹਾਲ ਹੀ ਵਿੱਚ ਹੋਈਆਂ ਘਟਨਾਵਾਂ ਅਤੇ ਪਾਕਿਸਤਾਨ ਦੀ ਸੁਰੱਖਿਆ ਤੇ ਉਨ੍ਹਾਂ ਦੇ ਪ੍ਰਭਾਵਾਂ ਨੂੰ ਬਹੁਤ ਗੌਰ ਨਾਲ ਵੇਖ ਰਹੇ ਹਾਂ। ਉਨ੍ਹਾਂ ਨੇ ਆਪਣੀ ਸੈਨਾ ਦੀ ਯੋਗਤਾ ਤੇ ਸੰਤੁਸ਼ਟੀ ਜਾਹਿਰ ਕੀਤੀ।
ਵਰਨਣਯੋਗ ਹੈ ਕਿ ਅੱਤਵਾਦੀਆਂ ਨੇ ਭਾਰਤੀ ਸੈਨਾ ਦੀ ਇੱਕ ਬਟਾਲੀਅਨ ਤੇ ਹਮਲਾ ਕਰਕੇ 18 ਜਵਾਨਾਂ ਦੀ ਜਾਨ ਲਈ ਹੈ ਅਤੇ 19 ਹੋਰ ਜਖਮੀ ਵੀ ਕੀਤੇ ਹਨ। ਭਾਰਤ ਇਸ ਸੱਭ ਦੇ ਲਈ ਪਾਕਿਸਤਾਨ ਨੂੰ ਹੀ ਜਿੰਮੇਵਾਰ ਠਹਿਰਾ ਰਿਹਾ ਹੈ।