ਪੰਜਾਬ ਚੋਣਾਂ ਤੇ ਸਿੱਖ ਭਾਵਨਾਵਾਂ

ਪੰਜਾਬ ਇਕ ਸਰਹੱਦੀ ਸੂਬਾ ਹੈ। ਇਥੇ ਘੱਟ ਗਿਣਤੀ ਸਿੱਖ ਧਰਮ ਨਾਲ ਸਬੰਧਤ ਭਾਈਚਾਰੇ ਦੀ ਬਹੁ-ਵਸੋਂ ਹੈ ਤੇ ਇਹ ਸਿੱਖਾਂ ਦੀ ਕਰਮ ਭੂਮੀ ਹੈ। ਸਿੱਖ ਆਪਣੇ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਦੁਆਰਿਆਂ ਨਾਲ ਬੜੀ ਸ਼ਿਦਤ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਇਕ ਵੱਖਰੀ ਮਾਨਸਿਕਤਾ ਹੈ।

ਇਸ ਧਰਤੀ ਦੇ ਚੱਪੇ ਚੱਪੇ  ਨੂੰ ਸਿੱਖ ਗੁਰੂਆਂ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੈ, ਇਸ ਲਈ ਉਹ ਅਸਥਾਨ ਬੜੇ ਪੂਜਨੀਕ ਹਨ, ਉੇੁਥੇ ਜੋੜ ਮੇਲੇ ਲਗਦੇ ਹਨ।

ਸਾਡੇ ਦੇਸ਼ ਦਾ ਸੰਵਿਧਾਨ ਧਰਮ ਨਿਰਪੇਖ ਹੈ, ਇਥੇ ਸਾਰੇ ਧਰਮਾਂ ਦੇ ਅਧਿਕਾਰ ਬਰਾਬਰ ਹਨ, ਸੱਭ ਨਾਗਰਿਕਾਂ ਨੂੰ ਆਪਣੇ ਧਰਮ ਦੀ ਮਰਿਯਾਦਾ ਅਨੁਸਰ ਪੂਜਾ ਪਾਠ ਕਰਨ ਤੇ ਪ੍ਰਚਾਰ ਕਰਨ ਦੀ ਖੁਲ੍ਹ ਹੈ। ਜਿਵੇਂ ਦੇਸ਼ ਦੇ ਵਧੇਰੇ ਸੂਬਿਆਂ ਵਿਚ ਰਾਮਾਇਣ ਤੇ ਮਹਾਂਭਾਰਤ ਕਥਾਵਾਂ ਦਾ ਬੜਾ ਹੀ ਪ੍ਰਭਾਵ ਹੈ, ਪੰਜਾਬ ਵਿਚ ਗੁਰੂ ਸਾਹਿਬਾਨ ਦੀ ਫਿਲਾਸਫੀ ਤੇ ਗੁਰਬਾਣੀ ਦਾ ਪ੍ਰਭਾਵ ਹੈ। ਪੰਜਾਬ ਵਿਚ ਵਿਚਰਨ ਵਾਲੇ, ਕਈ ਵੀ ਕੰਮ ਕਾਜ ਕਰਨ ਵਾਲੇ ਤੇ ਸਿਆਸਤ ਕਰਨ ਵਾਲਿਆਂ ਨੂੰ ਸਿੱਖ ਭਾਵਨਾਵਾਂ ਦਾ ਖਿਆਲ ਰੱਖਣਾ ਪੈਂਦਾ ਹੈ, ਸਿੱਖਾਂ ਨੂੰ ਨਜ਼ਰਅੰਦਾਜ਼ ਕਰਕੇ ਕੋਈ ਵੀ ਇਥੇ ਵਿਚਰ ਨਹੀਂ ਸਕਦਾ। ਰਾਜਸੀ ਪਾਰਟੀਆਂ ਸਿੱਖ ਮੁਦਿਆਂ ਨੂੰ ਪਹਿਲ ਦੇਣ ਦਾ ਯਤਨ ਕਰਦੀਆਂ ਹਨ। ਅਕਸਰ ਉਮੀਦਵਾਰ ਚੋਣ ਮੈਦਾਨ ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਮੇਂ  ਅਤੇ ਜਿੱਤ ਕੇ ਸ੍ਰੀ ਦਰਬਾਰ ਸਾਹਿਬ ਜਾਂ ਨੇੜਲੇ ਗੁਰਦੁਆਰੇ ਨਤਮਸਤਿਕ ਹੋ ਅਗੇ ਤੁਰਦੇ ਹਨ।

ਆਜ਼ਾਦੀ ਮਿਲਣ ਤੋਂ ਪਹਿਲਾਂ ਵੀ ਜਦੋਂ ਅਣਵੰਡੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਵਸੋਂ ਸੀ, ਦੂਜੇ ਨੰਬਰ ਤੇ ਹਿੰਦੂ ਵਸੋਂ ਸੀ, ਸਿੱਖ ਆਬਾਦੀ ਪੱਖੋਂ ਤੀਜੇ ਨੰਬਰ ਤੇ ਆਉਂਦੇ ਸਨ, ਸਿੱਖ ਭਾਵਨਾਵਾਂ ਦਾ ਖਿਆਲ ਰੱਖਿਆ ਜਾਂਦਾ ਸੀ। ਸਰ ਸਿਕੰਦਰ ਹਿਯਾਤ ਖਾਂ ਦੀ ਸਰਕਾਰ ਨੇ ਸਿੱਖਾਂ ਦੀ ਮੰਗ ਉਤੇ ਗੁਰਦੁਆਰਾ ਐਕਟ-1925 ਵਿਚ ਜੂਨ 1942 ਵਿਚ ਪਹਿਲੀ ਸੋਧ ਕਰਕੇ ਸ੍ਰੋਮਣੀ ਕਮੇਟੀ ਦੇ ਹਾਉਸ ਦੀ ਮਿਆਦ ਤਿੰਨ ਸਾਲ ਤੋਂ ਵਧਾ ਕੇ ਪੰਜ ਸਾਲ ਕੀਤੀ ਸੀ, ਇਸ ਤੋਂ ਪਹਿਲਾਂ ਹਰ ਤਿੰਨ ਸਾਲ ਪਿਛੋਂ ਗੁਰਦੁਆਰਾ ਜਨਰਲ ਚੋਣਾਂ ਹੋਇਆ ਕਰਦੀਆਂ ਸਨ।

ਆਜ਼ਾਦੀ ਮਿਲਣ ਤੋਂ ਬਾਅਦ ਸਿਖ  ਗੁਰੂਆ ਤੇ ਇਤਿਹਾਸਿਕ ਦਹਾੜਿਆਂ ਦੀਆਂ ਸ਼ਤਾਬਦੀਆਂ ਮਨਾਉਣ ਦੀ ਸ਼ੁਰੂਅਤ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕਮਰੇਡ ਰਾਮ ਕਿਸ਼ਨ ਨੇ ਕੀਤੀ ਸੀ। ਉਨ੍ਹਾਂ ਜੁਲਾਈ 1965 ਵਿਚ ਪਟਿਆਲਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦ 300-ਸਾਲਾ ਪ੍ਰਕਾਸ਼ ਪੁਰਬ ਸਰਕਾਰੀ ਪੱਧਰ ਤੇ ਮਨਾਉਣ ਲਈ ਸਰਬ-ਪਾਰਟੀ ਮੀਟਿੰਗ ਬੁਲਾਈ ਸੀ, ਜਿਸ ਵਿਚ ਪ੍ਰਮੁੱਖ ਵਿਦਵਾਨ,ਕਲਾਕਾਰ ਅਤੇ ਸਾਰੇ ਅਖ਼ਬਾਰਾਂ ਦੇ ਸੰਪਾਦਕ ਬੁਲਾਏ ਗਏ ਸਨ। ਇਹ ਗਲ ਵੱਖਰੀ ਹੈ ਕਿ 300-ਸਾਲਾ ਪ੍ਰਕਾਸ਼ ਪੁਰਬ ਸਮੇਂ ਪੰਜਾਬ ਦਾ ਭਾਸ਼ਾ ਦੇ ਆਧਾਰ ਤੇ ਪੁਨਰਗਠਨ ਹੋ ਗਿਆ, ਹਰਿਆਣਾ  ਦੇ ਨਾਂ ਵਾਲਾ ਨਵਾਂ ਸੂਬਾ ਹੋਂਦ ਵਿਚ ਆ ਗਿਆ,ਅਤੇ ਕਾਂਗੜਾ, ਮਨਾਲੀ, ਸ਼ਿਮਲਾ ਸਮੇਤ ਪੰਜਾਬ ਦੇ ਪਹਾੜੀ ਇਲਾਕੇ ਹਿਮਾਚਲ ਵਿਚ ਚਲੇ ਗਏ।

ਪੰਜਾਬੀ ਸੂਬੇ ਵਿਚ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਿਚ ਸਾਂਝੇ  ਫਰੰਟ (ਜਨ ਸੰਘ ਤੇ ਕਮਿਊਨਿਸਟਾਂ ਸਮੇਤ) ਦੀ ਸਰਕਾਰ ਨੇ ਨਵੰਬਰ 1969 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500-ਸਾਲਾ ਪ੍ਰਕਾਸ਼ ਪੁਰਬ ਸਰਕਾਰੀ ਪੱਧਰ ਤੇ ਮਨਾਇਆ ਤੇ ਇਸ ਸਮੇਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨ ਕੀਤੀ, ਜਿਸ ਦਾ ਨੀਂਹ-ਪੱਥਰ ਤਤਕਾਲੀ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਰੱਖਿਆ।

ਗਿਆਨੀ ਜ਼ੈਲ ਸਿੰਘ ਦੀ ਕਾਂਗਰਸੀ ਸਰਕਾਰ ਨੇ 1975 ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਦਾ 300-ਸਾਲਾ ਸ਼ਹੀਦੀ ਪੁਰਬ ਸਰਕਾਰੀ ਪੱਧਰ ਤੇ ਮਨਾਇਆ। ਇਸੇ ਸਰਕਾਰ ਨੇ ਗੁਰੂ ਗੋਬੰਦ ਸਿੰਘ ਮਾਰਗ ਦਾ ਕੰਮ ਸ਼ੁਰੂ ਕਰਕੇ ਨੇਪਰੇ ਚਾੜ੍ਹਿਆ। ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਜਨਤਾ ਸਰਕਾਰ ਨੇ 1977 ਵਿਚ ਗੁਰੂ ਕੀ ਨਗਰੀ ਅੰਮ੍ਰਿਤਸਰ ਦਾ 400-ਸਾਲਾ ਸਥਾਪਨਾ ਦਿਵਸ ਮਨਾਇਆ, ਜਿਸ ਵਿਚ ਉਸ ਸਮੇਂ ਦੇ ਰਾਸ਼ਟਰਪਤੀ ਡਾ. ਨੀਲਮ ਸੰਜੀਵਾ ਰੈਡੀ ( ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ, ਹਰਿ ਕੀ ਪੌੜੀ ਵਿਖੇ ਅਖੰਡ ਪਾਠ ਵੀ ਰਖਵਾਇਆ), ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ, ਉਪ-ਪ੍ਰਧਾਨ ਮੰਤਰੀ ਜਗਜੀਵਨ ਰਾਮ,ਵਿਦੇਸ਼ ਮੰਤਰੀ ਅਟਲ ਬਿਹਰੀ ਵਾਜਪਾਈ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਐਲ. ਕੇ. ਅਡਵਾਨੀ ਵੀ ਸ਼ਾਮਿਲ ਹੋਏ। ਇਸੇ ਸਰਕਾਰ ਨੇ  ਮਈ 1979 ਵਿਚ ਸ੍ਰੀ ਗੁਰੂ ਅਮਰ ਦਾਸ ਜੀ ਦਾ 500-ਸਾਲਾ ਪ੍ਰਕਾਸ਼ ਪੁਰਬ ਮਨਇਆ।

ਅਕਾਲੀ-ਭਾਜਪਾ ਗਠਜੋੜ ਵਾਲੀ ਬਾਦਲ ਸਰਕਾਰ ਨੇ ਸਾਲ 1999 ਦੀ ਵਿਸਾਖੀ  ਨੂੰ ਖਾਲਸਾ ਪੰਥ ਦੀ ਸਾਜਨਾ ਦੀ ਤੀਜੀ ਸ਼ਤਾਬਦੀ ਵੱਡੇ ਪੱਧਰ ਤੇ ਮਨਾਈ, ਜਿਸ ਵਿਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਮੇਤ ਕਈ ਕੇਂਦਰੀ ਮੰਤਰੀ ਸ਼ਾਮਿਲ ਹੋਏ। ਸਾਲ 2004 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ 500 ਸਾਲਾ ਪ੍ਰਕਾਸ਼ ਦਿਵਸ ਮਨਾਇਆ। ਇਸੇ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ 400-ਸਾਲਾ ਦਿਵਸ ਮਨਾਇਆ ਗਿਆ, ਜਿਸ ਵਿਚ ਸ਼ਾਮਿਲ ਹੋਣ ਲਈ ਤਤਕਾਲੀ ਰਾਸਟ੍ਰਪਤੀ ਡਾ. ਏ.ਪੀ.ਜੇ,ਕਲਾਮ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੰਮ੍ਰਿਤਸਰ ਆਏ। ਇਸੇ ਸਾਲ ਸਰਬੰਸ ਦਾਨੀ ਸ੍ਰੀ ਗੁਰੂ ਗੋਬੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆ ਤੇ ਮਾਤਾ ਗੁਜਰੀ ਜੀ ਦਾ 300-ਸਾਲਾ ਸ਼ਹੀਦੀ ਦਿਵਸ ਵੀ ਮਨਾਇਆ ਗਿਆ। ਅਗਲੇ ਵਰ੍ਹੇ 40 ਮੁਕਤਿਆਂ ਦਾ 300-ਸਾਲਾ ਸ਼ਹਦਿੀ ਪੁਰਬ ਮਨਾਇਆ ਗਿਆ। ਕੈਪਟਨ ਸਰਕਾਰ ਨੇ ਯਾਦਗਾਰਾਂ ਸਥਾਪਤ ਕੀਤੀਆਂ। ਇਸੇ ਸਰਕਾਰ ਵਲੋਂ ਸਾਲ 2006 ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ 500-ਸਾਲਾ ਸ਼ਹੀਦੀ ਪੁਰਬ ਵੀ ਮਨਾਇਆ ਗਿਆ, ਉਸ ਸਮੇਂ ਤਰਨ ਤਾਰਨ ਨੂੰ ਜ਼ਿਲਾ ਬਣਾਇਆ ਗਿਆ।

ਇਹ ਕੁਝ ਉਦਾਹਰਣਾ ਹਨ, ਕੀ ਹੋਰ ਵੀ ਸ਼ਤਾਬਦੀਆਂ ਮਨਾਈਆਂ ਗਈਆਂ। ਕਹਿਣ ਦਾ ਭਾਵ ਹੈ ਕਿ ਸੂਬੇ ਵਿਚ ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਅਕਾਲੀ-ਭਾਜਪਾ ਗਠਜੋੜ ਦੀ  ਉਹ ਸਿੱਖ ਧਰਮ ਸਬੰਧੀ ਦਿਨ ਦਿਹਾੜੇ ਸਰਕਾਰੀ ਪੱਧਰ ਤੇ ਮਨਾਉਂਦੀ ਰਹੀ ਹੈ। ਕੇਂਦਰ ਵਿਚ ਭਾਵੇਂ ਯੂ.ਪੀ.ਏ. ਦੀ ਸਰਕਾਰ ਹੋਵੇ ਜਾ ਐਨ.ਡੀ.ਏ. ਦੀ, ਉਹ ਵੀ ਸ਼ਰਧਾ ਨਾਲ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੁੰਦੀ ਰਹੀ ਹੈ। ਅਗਲੇ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ 350 ਪ੍ਰਕਾਸ਼ ਦਿਵਸ ਹੈ, ਮੋਦੀ ਸਰਜਰ ਨੇ ਸਾਰੇ ਦੇਸ਼ ਵਿਚ ਇਸ ਦੇ ਸਮਾਗਮ ਸਰਕਾਰੀ ਤੌਰ ਤੇ ਮਨਾਉਣ ਲਈ 100 ਕਰੋੜ ਰੁਪਏ ਕੇਂਦਰੀ ਬਜਟ ਵਿਚ ਰੱਖੇ ਹਨ।

ਇਹ ਕੁਝ ਮਿਸਾਲਾਂ ਹਨ। ਸਾਰੀਆਂ ਪਾਰਟੀਆਂ ਨੂੰ ਸਿੱਖ ਭਾਵਨਾਵਾਂ ਦਾ ਖਿਆਲ ਰੱਖਣਾ ਪੈਂਦਾ ਹੇ। ਜੇ ਅਜੇਹਾ ਨਹੀਂ ਕੀਤਾ ਜਾਂਦਾ ਤਾਂ ਉਹ ਪਾਰਟੀ ਲੋਕਾਂ ਵਿਚ ਪੱਕੇ ਪੈਰ ਨਹੀਂ ਜਮਾ ਸਕਦੀ।

ਪਿਛਲੇ ਸਮੇਂ ਵਿਚ ਨਵ-ਗਠਿਤ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਆਪਣਾ ਪ੍ਰਭਾਵ ਬਹੁਤ ਚੰਗਾ ਬਣਾ ਲਿਆ ਸੀ, ਪਰ ਸਿੱਖ ਭਾਵਨਾਵਾਂ ਨੂੰ ਅਣਗੌਲਿਆ ਕਰਨ ਕਰਕੇ ਇਸ ਦੀ ਸੱਭ ਪਾਸਿਓਂ ਨੁਕਤਾਚੀਨੀ ਹੋਣ ਲਗੀ। ਨੌਜਵਾਨ ਵਰਗ ਲਈ ਚੋਣ ਮਨੋਰਥ ਜਾਰੀ ਕਰਨ ਸਮੇਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਪ੍ਰਕਾਸਿਤ ਕਰਕੇ ਹੇਠਾਂ ਆਪਣੇ ਚੋਣ ਨਿਸ਼ਾਨ ‘ਝਾੜੂ’ ਦੇ ਛਾਪ ਦਿੱਤਾ ਅਤੇ ਆਪਣੇ ਇਸ ਦਸਤਾਵੇਜ਼ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੇ ਬਰਾਬਰ ਦਰਸਾਇਆ, ਜਿਸ ਦੀ ਨੁਕਤਾਚੀਨੀ ਹੋਈ। ਭਾਵੇਂ ਪਾਰਟੀ ਨੇ ਇਸ ਲਈ ਖਿੰਮਾ ਜਾਚਨਾ ਕੀਤੀ,ਪਰ ਫਿਰ ਵੀ ਕਿਸੇ ਨਾ ਕਿਸੇ ਪਾਸਿਓਂ ਕਿੰਤੂ ਪ੍ਰੰਤੂ ਹੁੰਦਾ ਰਹਿੰਦਾ ਹੈ। ਪਾਰਟੀ ਦੇ ਦਿੱਲੀ ਤੋਂ ਆਏ ਅਬਜ਼ਰਵਰ ਦਰਗੇਸ਼ ਪਾਠਕ ਕਹਿੰਦੇ ਹਨ ਕਿ ਸਿੱਖਾਂ ਦੀ ਅੱਕਲ ਉਨ੍ਹਾਂ ਦੀ ਪੱਗੜੀ ਜਾਂ ਦਾੜ੍ਹੀ ਵਿਚ ਹੁੰਦੀ ਹੈ। ਇਸ ਬਾਰੇ ਵੀ ਨੁਕਤਾਚੀਨੀ ਚੱਲ ਰਹੀ ਹੈ। ਪਾਰਟੀ ਵਿਚ ਪੰਜਾਬੀਆਂ ਨੂੰ ਅਖੋਂ ਪਰੋਖੇ ਕਰਕੇ ਦਿੱਲੀ ਤੋਂ ਆਏ ਚੌਧਰੀ ਚੰਮ ਦੀਆਂ ਚਲਾ ਰਹੇ ਹਨ। ਇਨ੍ਹਾਂ ਗਲਾਂ ਨਾਲ ਹੀ ਪਾਰਟੀ ਨੂੰ ਕੁਝ ਝੱਟਕਾ ਲਗਾ ਹੈ।ਇਸ ਨੇ ਹਾਲਾਤ ਨੂੰ ਸਾਂਭਣ ਦਾ ਯਤਨ ਕੀਤਾ ਹੈ ਅਤੇ ਫਿਰ ਵੀ ਹਾਲੇ ਸੱਭ ਤੋਂ ਅਗੇ ਜਾਪਦੀ ਹੈ, ਇਸੇ ਲਈ ਅਕਾਲੀ, ਭਾਜਪਾ, ਕਾਂਗਰਸ ਤੇ ਆਵਾਜ਼-ਏ-ਪੰਜਾਬ ਵਾਲੇ  ਸੱਭ ਇਸ ਵਿਰੁਧ ਭੰਡੀ ਪ੍ਰਚਾਰ ਕਰਨ ਲਗੇ ਹੋਏ ਹਨ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>