ਲੁਧਿਆਣਾ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਐਨ ਸੀ ਸੀ ਅਕੈਡਮੀ ਵੱਲੋਂ ਮਲੋਟ ਵਿਖੇ 8-17 ਸਤੰਬਰ ਨੂੰ ਕਰਵਾਈਆਂ ਗਈਆਂ ਵੱਖ-ਵੱਖ ਪ੍ਰਤਿਯੋਗਤਾਵਾਂ ਵਿੱਚੋਂ 14 ਸੋਨ ਤਗਮੇ ਜਿੱਤ ਕੇ ਯੂਨੀਵਰਸਿਟੀ ਦੇ ਨਾਮ ਨੂੰ ਚਮਕਾਇਆ। ਇਹ ਪ੍ਰਤਿਯੋਗਤਾ ਐਨ ਸੀ ਸੀ ਦੇ ਸਾਬਕਾ ਕੌਮੀ ਲੀਡਰਸ਼ਿਪ ਕੈਂਪ ਲੁਧਿਆਣਾ ਵੱਲੋਂ ਕਰਵਾਈਆਂ ਗਈਆਂ ਅਤੇ ਇਸ ਕੈਂਪ ਵਿੱਚ ਪੀਏਯੂ ਦੇ 10 ਕੈਡਿਟਾਂ ਨੇ ਭਾਗ ਲਿਆ। ਇਸ ਕੌਮੀ ਪੱਧਰ ਦੇ ਕੈਂਪ ਵਿੱਚ ਦੂਜੇ ਰਾਜਾਂ ਜਿਵੇਂ ਕਿ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ, ਜੰਮੂ ਅਤੇ ਕਸ਼ਮੀਰ, ਨਵੀਂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਨੂੰ ਮਿਲਾ ਕੇ 294 ਕੈਡਿਟਾਂ ਨੇ ਹਿੱਸਾ ਲਿਆ ।
ਪੀਏਯੂ, ਲੁਧਿਆਣਾ ਤੋਂ ਗੁਰਦਿੱਤ ਸਿੰਘ ਨੇ ਕੈਂਪ ਦੇ ਸੀਨੀਅਰ ਵਜੋਂ ਅਤੇ ਬਹਿਸ ਮੁਕਾਬਲੇ ਵਿੱਚੋਂ ਦੋ ਸੋਨੇ ਦੇ ਤਗਮੇ ਜਿੱਤੇ, ਜਦੋਂ ਕਿ ਰਾਜਵੀਰ ਸਿੰਘ ਨੇ ਪੰਜਾਬ ਸੀਨੀਅਰ ਵਜੋਂ ਅਤੇ ਭੰਗੜੇ ਵਿੱਚੋਂ ਦੋ ਸੋਨ ਤਗਮੇ ਜਿੱਤੇ । ਵਿਨੋਦ ਬੈਨੀਵਾਲ ਨੇ ਪੁਲਿਸ ਰੈਜੀਮੈਂਟ ਅਤੇ ਸਕਿੱਟ ਵਿੱਚੋਂ ਦੋ ਸੋਨ ਤਗਮੇ ਅਤੇ ਲਵਪ੍ਰੀਤ ਸਿੰਘ ਨੇ ਪੁਲਿਸ ਰੈਜੀਮੈਂਟ ਅਤੇ ਭੰਗੜੇ ਵਿੱਚੋਂ ਦੋ ਸੋਨ ਤਗਮੇ ਹਾਸਲ ਕੀਤੇ । ਇਸੇ ਤਰ੍ਹਾਂ ਪ੍ਰਭਜੋਤ ਸਿੰਘ ਅਤੇ ਮਨਜੋਤ ਸਿੰਘ ਨੇ ਵੀ ਪੁਲਿਸ ਰੈਜੀਮੈਂਟ ਵਿੱਚੋਂ ਸੋਨ ਤਗਮੇ ਪ੍ਰਾਪਤ ਕੀਤੇ। ਅਮਨ ਕੋਪਡਾਲ ਅਤੇ ਨਵਦੀਪ ਸਿੰਘ ਨੇ ਟੇਬਲ ਡਰਿੱਲ, ਕਰਨ ਕਟੋਚ ਅਤੇ ਪੱਬੂ ਸਿੰਘ ਨੇ ਸਕਿੱਟ ਵਿੱਚ ਸੋਨ ਤਗਮਾ ਪ੍ਰਾਪਤ ਕੀਤਾ ।
ਇਸ ਖੁਸ਼ੀ ਦੇ ਮੌਕੇ ਤੇ ਡਾ. ਐਚ ਐਸ ਧਾਲੀਵਾਲ, ਡੀਨ ਕਾਲਜ ਆਫ਼ ਐਗਰੀਕਲਚਰ ਅਤੇ ਡਾ. ਆਰ ਕੇ ਧਾਲੀਵਾਲ, ਡਾਇਰੈਟਕਰ ਸਟੂਡੈਂਟ ਵੈਲਫੇਅਰ ਨੇ ਕੈਡਿਟਾਂ ਨੂੰ ਜਿੱਤ ਦੀ ਵਧਾਈ ਦਿੱਤੀ ।
ਡਾ. ਲਵਲੀਸ਼ ਗਰਗ, ਐਨ ਸੀ ਸੀ ਅਫ਼ਸਰ ਅਤੇ ਡਾ. ਕਮਲਜੀਤ ਕੌਰ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਅੱਗੇ ਲਈ ਸ਼ੁਭ ਇੱਛਾਵਾਂ ਵੀ ਦਿੱਤੀਆਂ ।