ਫਤਿਹਗੜ੍ਹ ਸਾਹਿਬ - “ਜੋ ਉੜੀ ਸੈਕਟਰ ਦੇ ਫੌਜੀ ਕੈਂਪ ਉਤੇ ਬੀਤੀ ਰਾਤ ਹਮਲਾ ਹੋਇਆ ਹੈ ਅਤੇ ਵੱਡੀ ਗਿਣਤੀ ਵਿੱਚ ਫੌਜੀ ਜਵਾਨ ਮਾਰੇ ਗਏ ਹਨ, ਇਹ ਬਹੁਤ ਹੀ ਅਫਸੋਸ ਅਤੇ ਡੂੰਘੇ ਦੁੱਖ ਵਾਲੀ ਗੱਲ ਹੈ। ਪਰ ਪਾਕਿਸਤਾਨ ਸਰਹੱਦ ਤੋਂ 7 ਕਿਲੋਮੀਟਰ ਦੂਰ ਬਣੇ ਇਸ ਫੌਜੀ ਕੈਂਪ ਦੇ ਦੁਆਲੇ 7 ਫੁੱਟ ਉੱਚੀ ਪੈਰਾਮੀਟਰ ਵਾਲ ਬਣੀ ਹੋਈ, ਪਰ ਉਥੇ ਫੌਜ ਦੀ ਪੈਟ੍ਰੋਲਿੰਗ ਅਤੇ ਬੈਰਕਾਂ ਵਿੱਚ ਪਹਿਰੇਦਾਰਾਂ ਦੀ ਡਿਊਟੀ ਉਤੇ ਨਾ ਹੋਣਾ ਬਹੁਤ ਵੱਡੀ ਅਣਗਹਿਲੀ ਸੀ। ਪੈਟ੍ਰੋਲਿੰਗ ਅਤੇ ਬੈਰਕਾਂ ਵਿੱਚ ਪਹਿਰੇਦਾਰ ਨਾ ਹੋਣ ਦੀ ਬਦੌਲਤ ਹਮਲਾਵਰਾਂ ਨੂੰ ਇਹ ਵੱਡੀ ਕਾਰਵਾਈ ਕਰਨ ਦਾ ਹੌਸਲਾ ਪਿਆ। ਫਿਰ ਜਦੋਂ ਹਿੰਦੁਤਵ ਹਕੂਮਤ ਵਲੋਂ ਕਸ਼ਮੀਰ ਵਿੱਚ 90 ਦੇ ਕਰੀਬ ਨਿਰਦੋਸ਼ ਮੁਸਲਮਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕੇਲ ਦਿੱਤਾ ਗਿਆ ਹੋਵੇ ਅਤੇ ਕੋਈ 8500 ਦੇ ਕਰੀਬ ਨਿਰਦੋਸ਼ ਕਸ਼ਮੀਰੀਆਂ ਨੂੰ ਜਖ਼ਮੀ ਕਰ ਦਿੱਤਾ ਗਿਆ ਹੋਵੇ, ਅਜਿਹੇ ਅਣਮਨੁੱਖੀ ਐਕਸ਼ਨ ਦਾ ਕੋਈ ਨਾ ਕੋਈ ਤਾਂ ਰੀਐਕਸ਼ਨ ਹੋਣਾ ਸੀ। ਉਸ ਤੋਂ ਹੁਕਮਰਾਨ ਅਤੇ ਫੌਜ ਕਿਵੇਂ ਅਵੇਸਲੀ ਹੋ ਗਈ ? ਕਿ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਉਲੰਘਣ ਹੋਇਆ ਹੋਵੇ ਅਤੇ ਉਸਦੇ ਬਦਲੇ ਵਿੱਚ ਪੀੜ੍ਹਿਤਾ ਦੇ ਹਮਦਰਦਾਂ ਵੱਲੋਂ ਕੋਈ ਕਾਰਵਾਈ ਨਾ ਹੋਵੇ। ਇਹ ਹਿੰਦੁਤਵ ਹਕੂਮਤ ਅਤੇ ਫੌਜ ਨੇ ਕਿਵੇਂ ਸੋਚ ਲਿਆ” ?
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੇ ਇੱਕ ਵੱਡੇ ਫੌਜੀ ਕੈਂਪ ਉਤੇ ਬੀਤੀ ਰਾਤ ਹੋਏ ਹਮਲੇ ਦੌਰਾਨ ਮਾਰੇ ਗਏ 17 ਫੌਜੀਆਂ ਅਤੇ ਜਖ਼ਮੀ ਹੋਏ ਫੌਜੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਅਤੇ ਫੌਜੀ ਕੈਂਪਾਂ ਦੀ ਸੁਰੱਖਿਆ ਦੇ ਮਾਮਲੇ ਵਿੱਚ ਵਰਤੀ ਗਈ ਅਣਗਹਿਲੀ ਉਤੇ ਆਪਣੇ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਹਿੰਦ ਫੌਜ ਅਤੇ ਹੁਕਮਰਾਨਾਂ ਵਲੋਂ ਕਸ਼ਮੀਰ ਵਿੱਚ ਵੱਡੇ ਪੱਧਰ ਉਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਗਿਆ ਹੋਵੇ ਅਤੇ ਫਿਰ ਬੀ.ਜੇ.ਪੀ. ਅਤੇ ਆਰ.ਐਸ.ਐਸ. ਨਾਲ ਸਬੰਧਤ ਹੁਕਮਰਾਨ ਕਸ਼ਮੀਰ ਮਸਲੇ ਦਾ ਟੇਬਲ ਤੇ ਬੈਠ ਕੇ ਸਿਆਸੀ ਹੱਲ ਕੱਢਣ ਦੀ ਬਜਾਏ ਉਸਨੂੰ ਮਿਲਟਰੀ ਤੇ ਫੌਜੀ ਧੌਂਸ ਅਤੇ ਤਾਕਤ ਨਾਲ ਹੱਲ ਕਰਨ ਦੀ ਗੱਲ ਕਰਦੇ ਹੋਣ, ਫਿਰ ਤਾਂ ਦੋਵਾਂ ਹਿੰਦ-ਪਾਕਿ ਦੁਸ਼ਮਣ ਤਾਕਤਾਂ ਦੀ ਆਪਸ ਵਿੱਚ ਪੈਦਾ ਹੋਣ ਵਾਲੀ ਕੁੱੜਤਣ ਦੀ ਬਦੌਲਤ ਅਜਿਹਾ ਕੁਝ ਹੋਣਾ ਸੁਭਾਵਕ ਹੈ । ਇਸ ਬਾਰੇ ਹਿੰਦੁਤਵ ਕੱਟੜਬਾਦੀ ਹੁਕਮਰਾਨ ਅਵੇਸਲੇ ਕਿਵੇਂ ਹੋ ਗਏ ? ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਜਿਹੇ ਸਮੇਂ ਦੋਵਾਂ ਦੁਸ਼ਮਣ ਮੁਲਕਾਂ ਪਾਕਿਸਤਾਨ ਅਤੇ ਹਿੰਦੁਸਤਾਨ ਵਿੱਚ ਵਧਦੀ ਜਾ ਰਹੀ ਕੁੱੜਤਨ ਨੂੰ ਟੇਬਲ-ਟਾਕ ਜਾਂ ਹੋਰ ਕੌਮਾਂਤਰੀ ਤਾਕਤਾਂ ਦੇ ਦਖ਼ਲ ਦਾ ਪ੍ਰਭਾਵ ਪਾ ਕੇ ਇਸ ਕਸ਼ਮੀਰ ਦੇ ਗੰਭੀਰ ਮਸਲੇ ਦਾ ਹੱਲ ਕੱਢਣ ਦੀ ਬਜਾਏ ਹੋਰ ਵਧੇਰੇ ਸਖਤੀ ਵਰਤਣ ਦੀ ਗੱਲ ਕਰਕੇ ਸਿੱਖ ਵੱਸੋਂ ਵਾਲੇ ਇਲਾਕੇ ਨੂੰ ਜੰਗ ਦਾ ਅਖਾੜਾ ਬਨਾਉਣ ਵੱਲ ਹੀ ਉਤਸਾਹਿਤ ਕਰ ਰਹੇ ਹਨ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਾਕਿਸਤਾਨ ਨਾਲ ਗੂੜਾ ਅਤੇ ਡੂੰਘਾ ਰਿਸ਼ਤਾ ਹੈ । ਜਿਸ ਰਾਹੀਂ ਉਹ ਸਹੀ ਦਿਸ਼ਾ ਵਿੱਚ ਭੂਮਿਕਾ ਨਿਭਾ ਕੇ ਇਸ ਕੌਮਾਂਤਰੀ ਮਸਲੇ ਨੂੰ ਹੱਲ ਕਰਵਾਉਣ ਤੋਂ ਕਿਉਂ ਭੱਜ ਰਹੇ ਹਨ ?
ਸ੍ਰ. ਮਾਨ ਨੇ ਇਹ ਕਿਹਾ ਅਸੀਂ ਸਮਝਦੇ ਹਾਂ ਕਿ ਜਦੋਂ ਦਾ ਹਿੰਦ ਦਾ ਅਮਰੀਕਾ ਨਾਲ ਤਾਜ਼ਾ ਫੌਜੀ ਸਮਝੌਤਾ ਹੋਇਆ ਹੈ, ਉਸ ਸਮੇਂ ਤੋਂ ਹਿੰਦ ਇਸ ਫੌਜੀ ਸਮਝੌਤੇ ਦੀ ਧੌਂਸ ਨੂੰ ਵਰਤ ਕੇ ਕਸ਼ਮੀਰ ਵਿਚ ਉਸੇ ਤਰ੍ਹਾਂ ਮਨੁੱਖਤਾ ਮਾਰੂ ਅਮਲ ਕਰ ਰਹੀ ਹੈ ਜਿਵੇਂ ਹਿਟਲਰ ਨੇ ਯਹੂਦੀਆਂ ਨੂੰ ਖ਼ਤਮ ਕਰਨ ਲਈ ਕੀਤੀ ਸੀ। ਕੱਟੜਵਾਦੀ ਗਰਮ ਸੌਚ ਦੀ ਬਦੌਲਤ ਦੋਵੇਂ ਮੁਲਕ ਹਿੰਦ ਅਤੇ ਪਾਕਿ ਜੰਗ ਲਗਾਉਣ ਲਈ ਉਤਾਵਲੇ ਹੋਏ ਪਏ ਹਨ। ਪਰ ਇਨਾਂ ਦੋਵਾਂ ਦੁਸ਼ਮਣ ਮੁਲਕਾਂ ਦੇ ਵਿਚਕਾਰ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਜਿੱਥੇ ਸਿੱਖ ਵੱਸੋਂ ਵੱਸਦੀ ਹੈ ਅਤੇ ਜਿਸ ਕੌਮ ਦਾ ਕਿਸੇ ਵੀ ਕੌਮ, ਧਰਮ, ਮੁਲਕ ਹਿੰਦ-ਪਾਕਿ ਜਾਂ ਕਿਸੇ ਨਾਲ ਕਿਸੇ ਤਰ੍ਹਾਂ ਦੀ ਦੁਸ਼ਮਣੀ ਜਾਂ ਵੈਰ ਵਿਰੋਧ ਨਹੀਂ, ਇਹ ਦੋਵੇਂ ਮੁਲਕ ਆਪਸੀ ਦੁਸ਼ਮਣੀ ਦੀ ਬਦੌਲਤ ਸਿੱਖ ਕੌਮ ਨੂੰ ਬੱਲਦੀ ਦੇ ਬੂਥੇ ਵਿੱਚ ਪਾਉਣ ਲਈ ਕਿਉਂ ਕਾਹਲੇ ਹਨ ? ਜੰਗ ਲੱਗਣ ਦੀ ਸੂਰਤ ਵਿੱਚ ਸਿੱਖ ਕੌਮ ਦਾ ਤਾਂ ਬੀਜ ਨਾਸ ਹੋ ਕੇ ਰਹਿ ਜਾਵੇਗਾ । ਇਸ ਲਈ ਸਿੱਖ ਕੌਮ ਅਤੇ ਪੰਜਾਬੀ ਉਪਰਕੋਤ ਦੋਵਾਂ ਮੁਲਕਾਂ ਵਲੋਂ ਪੈਦਾ ਕੀਤੇ ਜਾਣ ਵਾਲ ਜੰਗ ਦੇ ਹਾਲਾਤਾਂ ਵਿੱਚ ਹੁਕਮਰਾਨਾਂ ਅਤੇ ਹਿੰਦ ਫੌਜ ਨੂੰ ਜੰਗ ਲਈ ਕਿਸੇ ਤਰ੍ਹਾਂ ਦਾ ਸਹਿਯੋਗ ਨਹੀਂ ਕਰੇਗੀ , ਕਿਉਂਕਿ ਸਿੱਖ ਕੌਮ ਇਸ ਇਲਾਕੇ ਨੂੰ ਜੰਗ ਦਾ ਅਖਾੜਾ ਬਨਾਉਣ ਦੇ ਸਖ਼ਤ ਵਿਰੁੱਧ ਹੈ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨਾ ਤਾਂ ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਵੱਡੇ ਉਲੰਘਣ ਦੇ ਹੱਕ ਵਿੱਚ ਹੈ ਅਤੇ ਨਾਂ ਹੀ ਜੰਗ ਲਗਾਕੇ ਪੰਜਾਬੀਆਂ ਅਤੇ ਸਿੱਖਾਂ ਦੀ ਤਬਾਹੀ ਵਾਲੀ ਸਥਿਤੀ ਬਣਾਉਣ ਦੀ ਕਿਸੇ ਨੂੰ ਇਜ਼ਾਜਤ ਦੇਵੇਗਾ। ਫਿਰ ਫੌਜ ਵਲੋਂ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦਾ ਉਲੰਘਣ ਕਰਕੇ ਸਿਵਲੀਅਨਾਂ ਨੂੰ ਮਾਰਨਾ ਅਤੇ ਤਾਨਾਸ਼ਾਹੀ ਸੋਚ ਅਤੇ ਫੌਜੀ ਧੌਂਸ ਅਧੀਨ ਕਸ਼ਮੀਰ ਵਿੱਚ ਹੁਕਮਰਾਨਾਂ ਨੇ ਖੁਦ ਭੁੱਖਮਰੀ ਵਾਲੇ ਹਾਲਾਤ ਪੈਦਾ ਕੀਤੇ ਹਨ, ਉਨ੍ਹਾਂ ਉਤੇ ਗੋਲੀ-ਬੰਦੂਕ ਦੀ ਨੀਤੀ ਅਧੀਨ ਕਾਰਵਾਈ ਕਰਕੇ ਕਸ਼ਮੀਰੀਆਂ ਨੂੰ ਜ਼ਬਰੀ ਦਬਾਉਣਾ ਅਤੇ ਜੰਗ ਲਗਾਕੇ ਲੋਕਾਂ ਦਾ ਘਾਣ ਕਰਨਾ ਚਾਹੁੰਦੇ ਹਨ । ਜਦੋਂਕਿ ਜਨੇਵਾ ਕੰਨਵੈਨਸ਼ਨਜ਼ ਆਫ਼ ਵਾਰ ਦੇ ਨਿਯਮਾਂ ਅਧੀਨ ਅਜਿਹੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਸਿਵਲ ਜਾਂ ਫ਼ੌਜੀ ਅਧਿਕਾਰੀ “ਜੰਗੀ ਮੁਜ਼ਰਿਮਾਂ” ਵਿਚ ਆਉਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਸਮੇਂ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਂਟ ਦਾ ਹੇਂਗ ਦੇ ਰਾਹੀ ਸਜ਼ਾਵਾਂ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀ ਮਨੁੱਖਤਾ ਮਾਰੂ ਸੋਚ ਦਾ ਪੁਰਜੋਰ ਵਿਰੋਧ ਕਰਦਾ ਹੈ ਅਤੇ ਐਲਾਨ ਕਰਦਾ ਹੈ ਕਿ ਜਬਰੀ ਜੰਗ ਲਗਾਉਣ ਦੀ ਸੂਰਤ ਵਿੱਚ ਕੋਈ ਵੀ ਪੰਜਾਬੀ ਅਤੇ ਸਿੱਖ ਇਨਾਂ ਦਾ ਸਾਥ ਨਹੀਂ ਦੇਵੇਗਾ ।
ਉਨ੍ਹਾਂ ਕਿਹਾ ਕਿ ਸਵੀਡਨ ਵਿੱਚ ਇਕ ਰਸਾਲਾ ਨਿੱਕਲਦਾ ਹੈ ਜੋ ਸਭਨਾਂ ਮੁਲਕਾਂ ਦੀਆਂ ਫੌਜੀ ਕਾਰਵਾਈਆਂ ਦੀ ਵਿਸਥਾਰਕ ਜਾਣਕਾਰੀ ਦਿੰਦਾ ਹੈ । ਉਸ ਮੈਗਜੀਨ ਨੇ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਬਾਰੇ ਵਿਸਥਾਰਕ ਪੂਰਵਕ ਜਾਣਕਾਰੀ ਦੇਣ ਦੇ ਨਾਲ-ਨਾਲ, ਚੀਨ ਦੇ ਦੱਖਣੀ ਸਮੁੰਦਰ ਵਿੱਚ ਚੀਨੀ ਅਤੇ ਰੂਸ ਦੇ ਜੰਗੀ ਬੇੜਿਆਂ ਦੀਆਂ ਸਾਂਝੀਆਂ ਮਸਕਾਂ, ਇਸਲਾਮਿਕ ਮੁਲਕਾਂ ਵਲੋਂ ਪਾਕਿਸਤਾਨ ਦੀ ਸੋਚ ਨੂੰ ਸਹਿਯੋਗ ਕਰਨ ਬਾਰੇ, ਚੀਨ, ਰੂਸ, ਪਾਕਿਸਤਾਨ ਅਤੇ ਇਸਲਾਮਿਕ ਮੁਲਕਾਂ ਦਾ ਇੱਕ ਮਜਬੂਤ ਗਰੁੱਪ ਬਣਨ ਅਤੇ ਦੂਜੇ ਪਾਸੇ ਅਮਰੀਕਾ, ਬਰਤਾਨੀਆ, ਜਾਪਾਨ ਅਤੇ ਹੋਰ ਨਾਟੋ ਮੁਲਕਾਂ ਦਾ ਇੱਕ ਗਰੁੱਪ ਬਨਣ ਵੱਲ ਇਸ਼ਾਰਾ ਕਰਦੇ ਹੋਏ ਤੀਸਰੀ ਸੰਸਾਰ ਜੰਗ ਦੇ ਖਤਰੇ ਤੋਂ ਸਭਨਾਂ ਨੂੰ ਸੁਚੇਤ ਕੀਤਾ ਹੈ ।
ਤੀਸਰੀ ਸੰਸਾਰ ਜੰਗ ਦਾ ਮੈਦਾਨ-ਏ-ਜੰਗ ਪੰਜਾਬ ਅਤੇ ਹੋਰ ਸਿੱਖ ਵੱਸੋਂ ਵਾਲੇ ਇਲਾਕੇ ਬਣ ਜਾਣਗੇ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸੰਸਾਰ ਪੱਧਰ ਦੇ ਵੱਡੀਆਂ ਫੌਜੀ ਤਾਕਤਾਂ ਰੱਖਣ ਵਾਲੇ ਦੋਵਾਂ ਗਰੁੱਪਾਂ ਨਾਲ ਸਬੰਧਤ ਮੁਲਕਾਂ ਚੀਨ, ਰੂਸ, ਪਾਕਿਸਤਾਨ, ਅਮਰੀਕਾ, ਜਾਪਾਨ, ਬਰਤਾਨੀਆ ਆਦਿ ਸੱਭ ਨੂੰ ਇਹ ਗੰਭੀਰਤਾ ਭਰੀ ਅਪੀਲ ਕਰਦਾ ਹੈ ਕਿ ਉਹ ਸਿੱਖ ਵੱਸੋਂ ਵਾਲੇ ਇਲਾਕਿਆਂ ਨੂੰ ਜੰਗ ਦਾ ਅਖਾੜਾ ਬਨਾਉਣ ਦੀ ਮਨੁੱਖਤਾ ਮਾਰੂ ਸੋਚ ਵਾਲੇ ਅਮਲਾਂ ਤੋਂ ਤੋਬਾ ਕਰਕੇ, ਚੀਨ, ਪਾਕਿਸਤਾਨ ਅਤੇ ਹਿੰਦ ਦੀ ਤਿਕੋਨ ਦੇ ਵਿਚਕਾਰ ਸਿੱਖ ਵੱਸੋਂ ਵਾਲੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਇਲਾਕੇ ਨੂੰ ਆਧਾਰ ਮੰਨ ਕੇ ਇਸ ਵਿੱਚ ਬਫ਼ਰ ਸਟੇਟ ਨੂੰ ਹੋਂਦ ਵਿੱਚ ਲਿਆਉਣ ਲਈ ਆਪਣੀ ਜਿੰਮੇਵਾਰੀ ਨਿਭਾਉਣ ਤਾਂ ਕਿ ਜਿੱਥੇ ਉਪਰੋਕਤ ਦੋਵਾਂ ਸੰਸਾਰ ਦੇ ਬਣਦੇ ਜਾ ਰਹੇ ਮੁਲਕਾਂ ਦੇ ਗਰੁੱਪ ਦੀ ਦੁਸ਼ਮਣੀ ਨੂੰ ਖਤਮ ਕੀਤਾ ਜਾ ਸਕੇ , ਉਥੇ ਤੀਜੀ ਸੰਸਾਰ ਜੰਗ ਦੇ ਪ੍ਰਮਾਣੂ ਖਤਰੇ ਨੂੰ ਭਾਂਪਦਿਆਂ ਮਨੁੱਖਤਾਂ ਦਾ ਅਜਾਈਂ ਖੂਨ ਵਹਾਉਣ ਤੋਂ ਰੋਕਿਆ ਜਾ ਸਕੇ ।
ਇੱਥੇ ਇਹ ਵੀ ਵਰਨਣ ਕਰਨਾ ਜਰੂਰੀ ਹੈ ਕਿ ਅਮਰੀਕਾ ਦੀ ਵਿਦੇਸ਼ੀ ਨੀਤੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਸੰਸਾਰ ਪੱਧਰ ਤੇ ਜਮਹੂਰੀਅਤ ਨੂੰ ਕਾਇਮ ਰੱਖਣਾ ਹਨ। ਪਰ ਅਮਰੀਕਾ ਭਾਰਤ ਅਤੇ ਹੋਰ ਮੁਲਕਾਂ ਨਾਲ ਫੌਜੀ ਸਮਝੌਤੇ ਕਰਕੇ ਅਤੇ ਸਿੱਖ ਵੱਸੋਂ ਵਾਲੇ ਇਲਾਕਿਆਂ ਨੂੰ ਜੰਗ ਦਾ ਅਖਾੜਾ ਬਨਾਉਣ ਵਾਲੀਆਂ ਕਾਰਵਾਈਆਂ ਕਰਕੇ ਖੁਦ ਹੀ ਆਪਣੀਆਂ ਨਿਤੀਆਂ ਨੂੰ ਫੇਲ੍ਹ ਨਹੀਂ ਕਰ ਰਿਹਾ ?
ਉਨ੍ਹਾˆ ਕਿਹਾ ਕਿ ਜਿਸ ਮੋਦੀ ਨੇ 2002 ਵਿੱਚ 2000 ਮੁਸਲਮਾਨਾਂ ਦਾ ਗੁਜਰਾਤ ਵਿੱਚ ਮੁੱਖ ਮੰਤਰੀ ਹੁੰਦੇ ਹੋਏ ਸਾਜ਼ਸੀ ਢੰਗ ਨਾਲ ਕਤਲੇਆਮ ਕਰਵਾਇਆ ਹੋਵੇ ਅਤੇ ਫਿਰ 2013 ਵਿੱਚ ਗੁਜਰਾਤ ਵਿੱਚ ਪੱਕੇ ਤੌਰ ਤੇ ਵੱਸੇ ਅਤੇ ਆਪਣੀ ਜਮੀਨਾਂ ਦੇ ਪੱਕੇ 60 ਹਜ਼ਾਰ ਜਿੰਮੀਦਾਰ ਪਰਿਵਾਰਾਂ ਨੂੰ ਜ਼ਬਰੀ ਬੇਜ਼ਮੀਨੇ ਅਤੇ ਬੇਘਰ ਕੀਤਾ ਹੋਵੇ ਅਤੇ ਅਜਿਹਾ ਕਰਕੇ ਮੋਦੀ ਨੇ ਖੁਦ ਦਹਿਸ਼ਤਗਰਦੀ ਵਾਲੇ ਅਮਲ ਕੀਤੇ ਹੋਣ, ਉਹ ਅੱਜ ਅਮਰੀਕਾ ਅਤੇ ਹੋਰ ਮੁਲਕਾਂ ਦੀ ਫੌਜੀ ਮੱਦਦ ਦੀ ਧੌਂਸ ਤੇ “ਦਹਿਸ਼ਤਗਰਦੀ” ਨੂੰ ਖ਼ਤਮ ਕਰਨ ਅਤੇ ਪਾਕਿਸਤਾਨ ਵਰਗੇ ਗੁਆਂਢੀ ਮੁਲਕ ਨੂੰ ਜੰਗ ਦੀਆਂ ਧਮਕੀਆਂ ਦੇ ਕੇ ਸਿੱਖ ਵੱਸੋਂ ਨੂੰ ਨਿਸ਼ਾਨਾਂ ਬਨਾਉਣ ਦੀਆਂ ਸਾਜਿ਼ਸ਼ਾਂ ਰਚ ਰਿਹਾ ਹੋਵੇ, ਅਜਿਹੇ ਸਿਆਸਤਦਾਨ ਜਾਂ ਕਿਸੇ ਦੇਸ਼ ਦੇ ਮੁੱਖੀ ਨੂੰ ਕੀ ਹੱਕ ਹੈ ਕਿ ਉਹ ਕੌਮਾਂਤਰੀ ਪੱਧਰ ਤੇ ਆਪਣੇ ਆਪ ਨੂੰ “ਦਹਿਸ਼ਤਗਰਦੀ” ਵਿਰੁੱਧ ਲੜਨ ਵਾਲਾ ਜੰਗਜੂ ਅਖਵਾਵੇ ਅਤੇ ਹੋਰ ਮੁਲਕਾਂ ਨੂੰ ਤੀਸਰੀ ਸੰਸਾਰ ਜੰਗ ਲਈ ਉਤਸਾਹਿਤ ਕਰੇ । ਸ੍ਰੀ ਮੋਦੀ ਅਜਿਹੀਆਂ ਗੱਲਾਂ ਅਤੇ ਕਾਰਵਾਈਆਂ ਕਰਕੇ ਵੱਡੇ ਮੁਲਕਾਂ ਦੇ ਸਰਬਰਾਹਾਂ ਨੂੰ ਨਾਂ ਤਾਂ ਮੂਰਖ ਬਣਾ ਸਕਦੇ ਹਨ ਅਤੇ ਨਾਂ ਹੀ ਸਿੱਖ ਕੌਮ, ਸਿੱਖ ਵੱਸੋਂ ਵਾਲੇ ਇਲਾਕੇ ਨੂੰ ਜੰਗ ਦਾ ਅਖਾੜਾ ਬਣਨ ਦੇਵੇਗੀ ।