ਔਕਾਤੋਂ ਬਾਹਰ ਦੇ ਸੁਪਨੇ

ਹਰ ਇਨਸਾਨ ਵਾਂਗ ਮੈਨੂੰ ਵੀ ਮੇਰੇ ਬਾਪ ਦੀ ਇਕ ਗੱਲ ਜੋ ਅਕਸਰ ਉਹ ਕਿਹਾ ਕਰਦੇ ਸਨ, ਹੁਣ ਉਨ੍ਹਾਂ ਦੇ ਤੁਰ ਜਾਣ ਬਾਅਦ ਥੋੜ੍ਹੀ-ਥੋੜ੍ਹੀ  ਪੱਲੇ ਪੈਣ ਲੱਗੀ ਹੈ। ਉਸ ਵਕਤ ਉਨ੍ਹਾਂ ਵੱਲੋਂ ਮਿਲਦੀਆਂ ਅਣਗਿਣਤ ਨਸੀਹਤਾਂ ਨੂੰ ਉਨ੍ਹਾਂ ਦੀ ਟੋਕਾ-ਟਾਕੀ ਸਮਝ ਕੇ ਅਣਗੋਲਿਆਂ ਕਰਦੇ ਰਹੇ। ਪਰ ਹੁਣ ਜਦੋਂ ਆਪ ਉਮਰ ਦੇ ਓਸ ਪੜਾ ਤੇ ਪਹੁੰਚੇ ਹਾਂ ਤਾਂ ਉਨ੍ਹਾਂ ਟੋਕਾ-ਟਾਕੀਆਂ ਨੂੰ ਯਾਦ ਕਰ ਕੇ ਉਨ੍ਹਾਂ ਵਿਚੋਂ ਨਸੀਹਤਾਂ ਲੱਭਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪਰ ‘ਵਕਤੋਂ ਖੁੰਝੀ ਡੂਮਣੀ’ ਔਖੀ ਹੀ ਰਾਹ ਪੈਂਦੀ ਹੈ। ਅਕਸਰ ਪਾਪਾ ਜੀ ਕਿਹਾ ਕਰਦੇ ਸਨ ਕਿ ਸੁਪਨੇ ਵੀ ਔਕਾਤ ’ਚ ਰਹਿ ਕੇ ਲਏ ਜਾਣ ਤਾਂ ਜੀਵਨ ਸੁਖਾਲਾ ਰਹਿੰਦਾ ਹੈ। ਪਰ ਮੇਰੇ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਵਕਤ ਕਪਿਲ ਦੇਵ ਟੀ.ਵੀ. ਤੇ ਇਕ ਮਸ਼ਹੂਰੀ ਕਰਦੇ ਹੁੰਦੇ ਸਨ ਜਿਸ ਵਿਚ ਉਹ ਕਹਿੰਦੇ ਹੁੰਦੇ ਸਨ ‘‘ਸੋਚੋ ਤੋ ਬੜਾ ਸੋਚੋ।’’ ਬੱਸ ਇਹ ਚਾਰ ਅੱਖਰ ਉਨ੍ਹਾਂ ਨੂੰ ਸੁਣਾ ਕੇ ਉਨ੍ਹਾਂ ਵੱਲੋਂ ਮਿਲੀ ਨਸੀਹਤ ਨੂੰ ਟੋਕਾ-ਟਾਕੀ ਦਾ ਰੁਤਬਾ ਦੇਣ ਦੀ ਕੋਸ਼ਿਸ਼ ਕਰ ਲਈਦੀ ਸੀ। ਇਕ ਹੱਡਬੀਤੀ ਸੁਣੋ ਤੇ ਫੇਰ ਫ਼ੈਸਲਾ ਤੁਸੀ ਆਪ ਕਰ ਲਿਉ ਬਾਪੂ ਜੀ ਠੀਕ ਕਹਿੰਦੇ ਸੀ ਜਾਂ ਫੇਰ ਅਸੀਂ ਉਮਰੋਂ ਪਹਿਲਾਂ ਸਿਆਣੇ ਸੀ।

ਭਾਵੇਂ ਉਸ ਵਕਤ ਬਾਪ ਦੀਆਂ ਗੱਲਾਂ ਮੰਨਣ ’ਚ ਇਕ ਹਾਰ ਜਿਹੀ ਮਹਿਸੂਸ ਹੁੰਦੀ ਸੀ ਪਰ ਅੰਦਰ ਖਾਤੇ ਕਿਤੇ ਨਾ ਕਿਤੇ ਉਹ ਨਸੀਹਤਾਂ ਆਪਣੇ ਦਾਇਰੇ ਬਣਾ ਰਹੀਆਂ ਸਨ। ਮਸਲਨ ਵਿਦੇਸ਼ ਆਏ ਪਰ ਕਦੇ ਵੱਡੀ ਕਾਰ ਦਾ ਸੁਪਨਾ ਵੀ ਨਹੀਂ ਲਿਆ, ਬੱਸ ਦੇਖ ਕੇ ਖ਼ੁਸ਼ ਹੋ ਲਈਦਾ। ਜਿਹੜੀ ਚੀਜ਼ ਦਾ ਸੁਪਨਾ ਵੀ ਨਹੀਂ ਲੈਣਾ ਉਸ ਬਾਰੇ ਜਾਣਕਾਰੀ ਹੋਣਾ ਲਾਜ਼ਮੀ ਨਹੀਂ ਹੁੰਦਾ। ਸੋ ਇਕ ਦਿਨ ਮੇਰਾ ਪੁੱਤਰ ਕਿਸੇ ਗੱਲ ਤੇ ਕਹਿੰਦਾ ਕਿ ਮੈਂ ਤਾਂ ਲੈਂਬੋਰਗਿਨੀ ਲਵਾਂਗਾ। ਆਪਾਂ ਨੂੰ ਏਨਾ ਕੁ ਪਤਾ ਸੀ ਕਿ ਇਹ ਇਕ ਇਟਲੀ ਦੀ ਕੰਪਨੀ ਹੈ, ਜੋ ਮਸ਼ੀਨਰੀ ਬਣਾਉਂਦੀ ਹੈ। ਰੱਬ ਸਬਬੇ ਇਕ ਦਿਨ ਰਿਵਰਲੈਂਡ ’ਚ ਕਿਸੇ ਦੇ ਖੇਤ ’ਚ ਇਸ ਨਾਂ ਦਾ ਟਰੈਕਟਰ ਖੜਾ ਦੇਖਿਆ ਸੀ। ਮੈਂ ਸੋਚਿਆ ਵੀ ਲੈ ਮੁੰਡਾ ਤਾਂ ਤੇਰਾ ਦਾਦੇ ਦੀ ਸੋਚ ਵਾਲਾ ਹੀ ਹੈ, ਕਿ ਮਰਸੀਡੀਆਂ-ਬੀਮਰਾਂ ਨੂੰ ਛੱਡ ਆਹ ਨਵੀਂ ਜਿਹੀ ਕੰਪਨੀ ਦੀ ਕਾਰ ਹੀ ਲੈਣ ਦੇ ਸੁਪਨੇ ਲੈ ਰਿਹਾ ਹੈ। ਮੈਂ ਸੋਚਿਆ ਸ਼ਾਇਦ ਦਾਦੇ ਨੇ ਬਚਪਨ ’ਚ ਇਸ ਨੂੰ ਵੀ ਨਸੀਹਤਾਂ ਦੇ ਦਿੱਤੀਆਂ ਹੋਣੀਆਂ! ਕਿਉਂਕਿ ਮੇਰੀ ਸੋਚ ਮੁਤਾਬਿਕ, ਜਿਵੇਂ ਬਰਨਾਲੇ ਕੋਲ ਹੰਢਾਏ ਕੈਂਚੀਆਂ ਤੇ ਕੰਬਾਈਨਾਂ ਬਣਾਉਣ ਵਾਲੇ ਹੁਣ ਟਰੈਕਟਰ ਤੇ ਕਾਰਾਂ ਵੀ ਬਣਾ ਰਹੇ ਹਨ, ਸੋ ਉਹੋ ਜਿਹੀ ਕੋਈ ਗੱਲ ਹੋਣੀ ਹੈ।

ਆਪਾਂ ਵੀ ਬੜੇ ਹੌਸਲੇ ਨਾਲ ਕਹਿ ਦਿੱਤਾ, ‘‘ਕੋਈ ਨਾ ਪੁੱਤਰ ਲੈ ਲਵੀਂ ਇਹ ਕਾਰ। ਨਾਲੇ ਏਸ ਮੁਲਕ ‘ਚ ਕਾਰ ਲੈਣੀ ਕੀ ਔਖੀ ਆ? ਦੋ ਮਹੀਨੇ ਦੱਬ ਕੇ ਕੰਮ ਕਰ ਲਵੀਂ।’’ ਉਹ ਮੂਹਰੋਂ ਕਹਿੰਦਾ, ‘‘ਪਾਪਾ ਤੁਹਾਨੂੰ ਪਤਾ ਵੀ ਹੈ ਇਸ ਕਾਰ ਦਾ ? ਇਹਦੀ ਕੀਮਤ ਹਾਫ਼ ਮਿਲੀਅਨ ਤੋਂ ਸ਼ੁਰੂ ਹੁੰਦੀ।’’

ਚਲੋ ਜੀ! ਉਸ ਦਿਨ ਤੋਂ ਮਨ ਦੇ ਕਿਸੇ ਕੋਨੇ ’ਚ ਇਸ ਕਾਰ ਨੂੰ ਦੇਖਣ ਦੀ ਜਿਗਿਆਸਾ ਜਿਹੀ ਜਾਗ ਪਈ। ਇਹ ਮਨਸਾ ਐਤਕੀਂ ਸਾਡੇ ਕੈਨੇਡਾ ਦੌਰੇ ਦੌਰਾਨ ਓਦੋਂ ਪੂਰੀ ਹੋਈ ਜਦੋਂ ਸਾਡੇ ਸਤਿਕਾਰਯੋਗ ਅੰਕਲ ਅਜਾਇਬ ਸਿੰਘ ਮਾਨ ਸਾਨੂੰ ਐਡਮਿੰਟਨ ’ਚ ਬਣੇ ਦੁਨੀਆ ਦੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਦਿਖਾਉਣ ਲਈ ਲੈ ਗਏ। ਓਥੇ ਅਗਾਂਹ ਸ਼ਾਪਿੰਗ ਸੈਂਟਰ ’ਚ ਇਕ ਲੈਂਬੋਰਗਿਨੀ ਖੜੀ ਦੇਖੀ ਤਾਂ ਪੈਰ ਮਲੋ-ਮਲ਼ੀ ਉੱਧਰ ਨੂੰ ਚਲ ਪਏ। ਜਦੋਂ ਉਸ ਦਾ ਮੁੱਲ ਪੁੱਛਿਆ ਤਾਂ ਕਾਰ ਨਾਲ ਫ਼ੋਟੋ ਖਿੱਚ ਕੇ ਹੀ ਆਪਣੀ ਰੀਝ ਪੂਰੀ ਕਰ ਲਈ। ਜਦੋਂ ਮੈਂ ਅੰਕਲ ਨੂੰ ਦਸਿਆ ਕਿ ਮੇਰਾ ਜੁਆਕ ਇਹਦੇ ਸੁਪਨੇ ਲੈਂਦਾ। ਤਾਂ ਅੰਕਲ ਕਹਿੰਦੇ, ‘‘ਚਲੋ ਫੇਰ ਜੁਆਕ ਵਾਸਤੇ ਕਾਰ ਨਹੀਂ ਤਾਂ ਇਸ ਦੀ ਲਾਟਰੀ ਖ਼ਰੀਦ ਕੇ ਲੈ ਜਾਵੋ।’’ ਆਪਣੇ ਵੀ ਸਲਾਹ ਜਚ ਗਈ ਤੇ ਆਪਾਂ ਵੀ ਪਾ ਦਿੱਤੀ ਲਾਟਰੀ ਬਿਨਾਂ ਅੱਗਾ ਪਿਛਾ ਸੋਚਿਆਂ। ਬੱਸ ਫੇਰ ਕੀ ਸੀ ਜਿਵੇਂ-ਜਿਵੇਂ ਅੰਕਲ ਸਾਨੂੰ ਉਹ ਸ਼ਾਪਿੰਗ ਮਾਲ ਦਿਖਾਈ ਜਾਣ, ਓਵੇਂ-ਓਵੇਂ ਜੇਬ ’ਚੋਂ ਨਿੱਘ ਜਿਹੀ ਆਉਣ ਲੱਗ ਪਈ। ਹੌਲੀ-ਹੌਲੀ ਜਾਗਦੇ ਨੂੰ ਹੀ ਕਾਰ ਦੇ ਸੁਪਨੇ ਜਿਹੇ ਆਉਣ ਲੱਗੇ। ਯਾਨੀ ਕਿ ਔਕਾਤ ਦੇ ਵੱਸ ’ਚੋਂ ਬਾਹਰ ਜਿਹਾ ਹੋਣ ਲੱਗ ਗਿਆ ਸਾਂ। ਚਲੋ ਜੀ ਕੁੱਝ ਕੁ ਘੰਟੇ ਉਹ ਮਾਲ ਦੇਖ ਕੇ ਜਦੋਂ ਅਸੀਂ ਘਰ ਆਏ ਤਾਂ ਆਉਣ ਸਾਰ ਅਮਨਦੀਪ ਸਿੰਘ ਸਿੱਧੂ, ਜੋ ਕਿ ਆਪਣਾ ਰੇਡੀਉ ਸ਼ੋਅ ਹੋਣ ਕਾਰਨ ਸਾਡੇ ਨਾਲ ਨਹੀਂ ਗਏ ਸੀ, ਨੂੰ ਆ ਕੇ ਜਦੋਂ ਸਾਰੀ ਵਾਰਤਾ ਸੁਣਾਈ ਤਾਂ ਉਹ ਮੂਹਰੋਂ ਕਹਿੰਦੇ, ‘‘ਭਾਜੀ ਆਹ ਕੀ ਪੰਗਾ ਲੈ ਲਿਆ? ਰੱਬ ਨਾ ਕਰੇ ਜੇ ਇਹ ਲਾਟਰੀ ਨਿੱਕਲ ਆਈ ਤਾਂ ਤੁਹਾਨੂੰ ਪਤਾ ਇਸ ਕਾਰ ਨੂੰ ਆਸਟ੍ਰੇਲੀਆ ਲਿਜਾਣ ’ਚ ਸਾਰਾ ਜੁੱਲੀ ਬਿਸਤਰਾ ਬਿੱਕ ਜਾਣਾ।’’

ਉਨ੍ਹਾਂ ਦੀ ਚੇਤਾਵਨੀ ਸੁਣ ਮੇਰੇ ਤਾਂ ਹੌਲ ਜਿਹੇ ਪੈਣ ਲੱਗ ਪਏ। ਮੈਨੂੰ ਘਬਰਾਇਆ ਜਿਹਾ ਦੇਖ ਸਾਰਾ ਟੱਬਰ ਮੈਨੂੰ ਦਿਲਾਸੇ ਜਿਹੇ ਦੇਣ ਲੱਗ ਪਿਆ। ਕੋਈ ਕਹੇ, ‘‘ਕਿਉਂ ਹੁਣੇ ਔਖਾ ਹੋਈ ਜਾਨਾਂ, ਕੀ ਪਤਾ ਕੀਹਨੂੰ ਨਿਕਲੂ?’’ ਕੋਈ ਕਹੇ, ‘‘ਯਾਰ ਜਦੋਂ ਰੱਬ ਗਾਜਰਾਂ ਦੇਉ ਉਦੋਂ ਰੰਬਾ ਵੀ ਦੇ ਦੇਉ।’’ ਅੰਕਲ ਨੇ ਤਾਂ ਇਕ ਹੋਰ ਆਫ਼ਰ ਵੀ ਦੇ ਦਿੱਤੀ ਕਹਿੰਦੇ, ‘‘ਕੋਈ ਨਾ ਪੁੱਤ ਆਪਣਾ ਘਰ ਸੁੱਖ ਨਾਲ ਬਹੁਤ ਖੁੱਲ੍ਹਾ, ਤੂੰ ਇੰਜ ਕਰੀਂ ਕਾਰ ਇੱਥੇ ਖੜਾ ਜਾਈਂ ਤੇ ਆਏ ਸਾਲ ਦੋ ਮਹੀਨੇ ਨਾਲੇ ਛੁੱਟੀਆਂ ਕੱਟ ਜਾਇਆ ਕਰੀਂ, ਨਾਲੇ ਕਾਰ ਤੇ ਝੂਟੇ ਲੈ ਜਾਇਆ ਕਰੀਂ।”

ਅਚਾਨਕ ਆਪੇ ਖ਼ਰੀਦੀ ਇਸ ਮੁਸ਼ਕਲ ਨੇ ਮੇਰਾ ਤਾਂ ਕੈਨੇਡਾ ਦਾ ਦੌਰਾ ਖ਼ਰਾਬ ਕਰਕੇ ਰੱਖ ਦਿੱਤਾ। ਅੱਧੀ ਰਾਤ ਤੱਕ ਸਾਰਿਆ ਨੇ ਬਹੁਤ  ਦਿਲਾਸੇ ਦਿੱਤੇ ਪਰ ਮੇਰਾ ਮਨ ਨਾ ਟਿਕੇ। ਚਲੋ ਜੀ! ਏਨੇ ਨੂੰ ਸਿੱਧੂ ਸਾਹਿਬ ਕਹਿੰਦੇ, ‘‘ਤੁਹਾਡਾ ਇਸ ਬੇਚੈਨੀ ਦਾ ਅਸਲੀ ਕਾਰਣ ਕੀ ਹੈ?’’

ਮੈਂ ਕਿਹਾ, ‘‘ਅੱਜ ਪਹਿਲੀ ਵਾਰੀ ਜ਼ਿੰਦਗੀ ’ਚ ਔਕਾਤ ਵਾਲੀ ਲਛਮਣ ਰੇਖਾ ਉਲੰਘੀਂ ਹੈ ਤੇ ਹੁਣ ਮੇਰੇ ਬਾਪੂ ਜੀ ਦੀਆਂ ਦਿੱਤੀਆਂ ਨਸੀਹਤਾਂ ਕੁਝ-ਕੁਝ ਖਾਣੇ ਪੈ ਰਹੀਆਂ ਹਨ। ਇਸ ਲਈ ਬੇਚੈਨ ਹਾਂ। ਮੈਨੂੰ ਅੱਜ ਪੰਦਰਾਂ ਵੀਹ ਵਰ੍ਹੇ ਪਹਿਲਾਂ ਦੀ ਇਕ ਅੱਖੀਂ ਦੇਖੀ ਘਟਨਾ ਬੇਚੈਨ ਕਰ ਰਹੀ ਹੈ, ਲਓ ਸੁਣੋ ਤੁਸੀਂ ਵੀ;’’

ਵੀਹ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਸਾਡੀ ਮੰਡੀ ’ਚ ਦੋ ਭਰਾ ਕ੍ਰਿਸ਼ਨ ਤੇ ਇੰਦਰ ਸਬਜ਼ੀ ਦੀ ਆੜ੍ਹਤ ਦਾ ਕੰਮ ਕਰਦੇ ਸੀ। ਜਿੱਥੇ ਕ੍ਰਿਸ਼ਨ ਵਹੀ ਖਾਤੇ ਦਾ ਖਰਾ, ਉੱਥੇ ਇੰਦਰ ਮਨ ਦਾ ਸਾਫ਼ ਤੇ ਰੁੱਖੀ ਜਿਹੀ ਭਾਸ਼ਾ ਦਾ ਮਾਲਕ। ਇੰਦਰ ਸੱਚੀਆਂ ਮੂੰਹ ਤੇ ਸੁਣਾ ਕੇ ਜਿੱਥੇ ਲੋਕਾਂ ਨਾਲ ਨਾਰਾਜ਼ਗੀਆਂ ਸਹੇੜਦਾ, ਉੱਥੇ ਕ੍ਰਿਸ਼ਨ ਠੰਢਾ ਛਿੜਕਦਾ। ਤੜਕੇ-ਤੜਕੇ ਸਬਜ਼ੀ ਦੀ ਬੋਲੀ ਲਾਉਂਦੇ ਤੇ ਦੁਪਹਿਰ ਨੂੰ ਚਾਲੀ ਕੁ ਕਿੱਲੋਮੀਟਰ ਦੂਰ ਸਿਰਸੇ ਤੋਂ ਆਪਣਾ ਇਕ ਜੁਗਾੜ ਜਿਹਾ ਫ਼ਿੱਟ ਕੀਤੀ ‘ਜਿਪਸੀ’ ’ਤੇ ਪੰਜ ਦਸ ਆਲੂ ਗੰਢਿਆਂ ਦੀਆਂ ਬੋਰੀਆਂ ਲਿਆ ਕੇ ਕੁੱਝ ਹੋਰ ਪੈਸਿਆਂ ਦਾ ਜੁਗਾੜ ਕਰ ਲੈਂਦੇ ਸੀ। ਅੱਠ ਕੁ ਫੁੱਟ ਚੌੜੀ ਤੇ ਚਾਲੀ ਕੁ ਫੁੱਟ ਲੰਬੀ ਦੁਕਾਨ ਦੇ ਉੱਤੇ ਹੀ ਇਕ ਛੋਟਾ ਜਿਹਾ ਰੈਣ ਬਸੇਰਾ ਸੀ। ਕਹਿਣ ਦਾ ਭਾਵ ਛੋਟੇ ਜਿਹੇ ਸੰਸਾਰ ’ਚ ਭਰਾਵਾਂ ਦਾ ਚੰਗਾ ਇਤਫ਼ਾਕ ਸੀ ਤੇ ਸਬਰ ਸੰਤੋਖ ’ਚ ਜ਼ਿੰਦਗੀ ਚਾਈਂ-ਚਾਈਂ ਲੰਘ ਰਹੀ ਸੀ। ਇਕ ਦਿਨ ਸਰਸੇ ਤੋਂ ਗੰਢੇ ਲੱਦ ਕੇ ਜਦੋਂ ਉਹ ਬਾਜ਼ਾਰ ਵਿਚ ਦੀ ਲੰਘੇ ਤਾਂ ਮੂਹਰੇ ਇਕ ਮੋੜ ਤੇ ‘ਗੱਦਿਆਂ ਦੀ ਭਾਰੀ ਸੇਲ’ ਦੇ ਬੋਰਡ ਨੇ ਉਨ੍ਹਾਂ ਨੂੰ ਗੱਡੀ ਰੋਕਣ ਤੇ ਮਜਬੂਰ ਕਰ ਲਿਆ। ਗੱਡੀ ਰੋਕ ਕੇ ਜਦੋਂ ਉੱਥੇ ਜੁੜੀ ਭੀੜ ’ਚੋਂ ਇਕ ਤੋਂ ਪੁੱਛਿਆ ਤਾਂ ਉਹ ਕਹਿੰਦਾ ਕਿ ਇਹ ਦੁਕਾਨਦਾਰ ਨੂੰ ਘਾਟਾ ਪੈ ਗਿਆ ਹੈ ਤੇ ਉਹ ਸਸਤੇ ਭਾਅ ’ਚ ਸਮਾਨ ਵੇਚ ਰਿਹਾ ਹੈ। ਚਲੋ ਜੀ ਫ਼ਾਇਦੇ ਦਾ ਸੌਦਾ ਕੀਹਨੂੰ ਨਹੀਂ ਚੰਗਾ ਲਗਦਾ। ਦੋਨਾਂ ਭਰਾਵਾ ਨੇ ਦੋ ਹਜਾਰ ਵਾਲੇ ਗੱਦੇ ਜਦੋਂ ਪੰਜ ਸੌ ’ਚ ਲੈ ਲਏ ਤਾਂ ਉਨ੍ਹਾਂ ਦੇ ਕੰਨਾਂ ਥਾਣੀਂ ਹਾਸਾ ਨਿਕਲੇ। ਕ੍ਰਿਸ਼ਨ ਕਹਿੰਦਾ, ‘‘ਇੰਦਰਾ ਐਂ ਕਰ ਬਾਂਸ ਬਾਹੀਆਂ ਵਾਲੀ ਦੁਕਾਨ ਤੋਂ ਦਸਾਂ ਕੁ ਦੀ ਰੱਸੀ ਫੜ ਲਿਆ ਤੇ ਆਪਾਂ ਜਿਪਸੀ ਦੀ ਛੱਤ ਤੇ ਬੰਨ੍ਹ ਕੇ ਗੱਦੇ ਕਾਲਾਂਵਾਲੀ ਮੰਡੀ ਲੈ ਚੱਲਾਂਗੇ।’’ ਰੁਪਈਏ ਦਾ ਮਾਲ ਚਾਰ ਆਣਿਆ ’ਚ ਲੈ ਕੇ ਦੋਨਾਂ ਭਰਾਵਾਂ ਨੂੰ ਇੰਜ ਲੱਗੇ ਜਿਵੇਂ ਕੋਈ ਲਾਟਰੀ ਨਿਕਲ ਆਈ ਹੋਵੇ। ਦਸ ਕੁ ਕਿੱਲੋਮੀਟਰ ਆ ਕੇ ਜਦੋਂ ਪੰਜੂਆਨੇ ਨਹਿਰ ਦੇ ਕੰਡੇ ਲੱਗੇ ਨਲਕੇ ਦਾ ਠੰਢਾ ਪਾਣੀ ਪੀਤਾ ਤਾਂ ਥੋੜਾ ਜਿਹਾ ਦਿਮਾਗ਼ ਆਸੇ ਪਾਸੇ ਸੋਚਣ ਲੱਗਿਆ।

ਕ੍ਰਿਸ਼ਨ ਕਹਿੰਦਾ, “ਯਾਰ ਇੰਦਰ ਆਪਾ ਗੱਦਾ ਲੈ ਤਾਂ ਲਿਆ ਪਰ ਆਪਣੇ ਕੋਲ ਕੋਈ ਬੈੱਡ ਤਾਂ ਹੈ ਹੀ ਨਹੀਂ। ਇਹ ਗੱਦਾ ਵਿਛਾਵਾਂਗੇ ਕਿਥੇ?’’

ਇੰਦਰ ਸੋਚ ਕੇ ਜੇ ਕਹਿੰਦਾ, “ਕੋਈ ਨਾ ਉਹ ਆਪਣੇ ਅਮਰ ਟਰੰਕਾਂ ਵਾਲੇ ਦਾ ਪਵਨ ਕਦੋਂ ਕੰਮ ਆਉ? ਉਸ ਤੋਂ ਕੋਈ ਬੈੱਡ ਚੁੱਕ ਲਵਾਂਗੇ। ਨਾਲੇ ਉਹ ਰੋਜ਼ਾਨਾ ਵੀਹ ਰੁਪਏ ਕਿਸ਼ਤ ’ਤੇ ਦੇ ਦਿੰਦਾ ਹੈ। ਹੋਰ ਦੱਸਾਂ, ਉਹ ਤਾਂ ਕਿਸ਼ਤ ਵੀ ਹਰ ਰੋਜ ਆਪ ਹੀ ਦੁਕਾਨ ਤੋਂ ਫੜ ਕੇ ਲੈ ਜਾਂਦਾ।”

ਕ੍ਰਿਸ਼ਨ ਕਹਿੰਦਾ ‘‘ਫੇਰ ਤਾਂ ਯਾਰ ਸੌਖਾ ਹੀ ਹੈ, ਚੱਲ ਇੰਜ ਕਰਦੇ ਹਾਂ ਕਿ ਘਰੇ ਫੇਰ ਹੀ ਚੱਲਾਂਗੇ ਜਾਂਦੇ-ਜਾਂਦੇ ਬੈੱਡ ਵੀ ਲੈ ਹੀ ਚਲਦੇ ਹਾਂ।’’

ਚਲੋ ਜੀ! ਪਵਨ ਨੇ ਵੀ ਲਿਹਾਜ਼ ਪੁਗਾ ਦਿੱਤੀ ਤੇ ਪਚਵੰਜਾ ਸੌ ਵਾਲਾ ਬੈੱਡ ਅਠਤਾਲ਼ੀ ਸੌ ਦਾ ਲਾ ਦਿੱਤਾ। ਦੋਨੇਂ ਭਰਾਵਾਂ ਦੇ ਮੂੰਹ ਤੇ ਫੇਰ ਰੌਣਕ ਆ ਉਤਰੀ। ਪਵਨ ਨੇ ਜਦੋਂ ਗਲੀ ਦੇ ਖੂੰਜੇ ’ਚ ਖੜ੍ਹੀ ਗਧੀ ਰੇਹੜੀ ਵਾਲੇ ਨੂੰ ਆਵਾਜ਼ ਮਾਰੀ ਤਾਂ ਕ੍ਰਿਸ਼ਨ ਜਿਵੇਂ ਨੀਂਦ ’ਚੋਂ ਜਾਗਿਆ ਹੋਵੇ ਤੇ ਉੱਭੜਵਾਹੇ ਜਿਹੇ ਕਹਿੰਦਾ “ਯਾਰ ਇੰਦਰ ਇਹ ਬੈੱਡ ਰੱਖਾਂਗੇ ਕਿਥੇ? ਜਿਹੜਾ ਚਾਰ ਗਿੱਠਾਂ ਥਾਂ ਛੱਤਿਆ ਉਹ ਤਾਂ ਪਹਿਲਾਂ ਸਮਾਨ ਨਾਲ ਭਰਿਆ ਪਿਆ!”

ਸੇਠ ਅਮਰ ਚੰਦ ਦੀ ਦੁਕਾਨ ਤੇ ਬੈਠੇ ਦੋ ਚਾਰ ਹੋਰ ਗਾਹਕਾਂ ਨੇ ਫੇਰ ਸਲਾਹਾਂ ਦਾ ਦੌਰ ਸ਼ੁਰੂ ਕਰ ਦਿੱਤਾ। ਕੋਈ ਕਹੇ ਛੱਤ ਉੱਤੇ ਦੋਨੇਂ ਪਾਸੇ ਗੁਆਂਢੀਆਂ ਦਿਆਂ ਕੰਧਾਂ ਤਾਂ ਹੈਗੀਆਂ, ਦੋ ਗਡਰੀਆਂ ਧਰ ਕੇ ਛੱਤ ਪਾ ਦਿਓ, ਇਕ ਮੂਹਰੇ ਜੰਗਲਾ ਲੱਗੂ ਤੇ ਇਕ ਚੁਗਾਠ ਨਾਲ ਸਰ ਜਾਣਾ। ਜਿੰਨੇ ਮੂੰਹ ਓਨੀਆਂ ਸਲਾਹਾਂ। ਪਰ ਦੋਨਾਂ ਭਰਾਵਾਂ ਦੀ ਚਿੰਤਾ ਹੁਣ ਸਿਖਰ ’ਤੇ ਸੀ। ਦੁਕਾਨ ਦੇ ਬਾਹਰ ਬੈਠਾ ਸੇਠ ਅਮਰ ਚੰਦ ਆਪਣੇ ਤਜਰਬੇ ਦੇ ਆਧਾਰ ਤੇ ਦੋਨਾਂ ਭਰਾਵਾਂ ਨੂੰ ਰਾਏ ਦੇ ਰਿਹਾ ਸੀ ਕਿ ‘‘ਇੰਜ ਬਹਾਨੇ ਨਾਲ ਹੀ ਚੀਜ਼ਾਂ ਬਣਦੀਆਂ ਹੁੰਦੀਆਂ। ਖਿੱਲੂ ਜਾਂ ਨਹਿਰੂ ਦੇ ਭੱਠੇ ਤੋਂ ਇੱਟਾਂ ਚੱਕ ਲਿਉ ਤੇ ਦੀਨੇ ਪ੍ਰੇਮ ਕੋਲੋਂ ਦੂਜਾ ਲੱਕਾ-ਤੁੱਕਾ ਲੈ ਲਿਉ, ਆਪੇ ਛੀ ਮਹੀਨਿਆਂ ਨੂੰ ਉੱਤਰ ਜਾਣਗੇ। ਕਿਸੇ ਕੋਲ ਵਾਧੂ ਪੈਸਾ ਨਹੀਂ ਪਿਆ ਹੁੰਦਾ। ਨਾਲੇ ਜਦੋਂ ਕੋਈ ਕੰਮ ਵਿੱਢ ਲਵੋ ਤਾਂ ਆਪੇ ‘ਬੰਸੀ ਵਾਲਾ’ ਸਿਰੇ ਲਾ ਦਿੰਦਾ।’’

ਇਸੇ ਦੌਰਾਨ ਮੇਰੇ ਵੀ ਘਰ ਦੇ ਫ਼ੋਨ ਦੀ ਘੰਟੀ ਵੱਜੀ ਮੂਹਰੋਂ ਇੰਦਰ ਕਹਿੰਦਾ, ‘‘ਕਿਥੇ ਹਨ ਸਰਦਾਰ ਰਘੁਬੀਰ ਸਿਓਂ।’’ ਮੈਂ ਕਿਹਾ, ‘‘ਪਾਪਾ ਜੀ ਤਾਂ ਬਾਗ਼ ’ਚ ਗਏ ਨੇ।’’ ਕਦੋਂ ਆਉਣਗੇ? ਮੈਂ ਕਿਹਾ ਸ਼ਾਮ ਨੂੰ। ਕਹਿੰਦਾ, ‘‘ਆਪਣਾ ਕੋਈ ਟਰੈਕਟਰ ਚਾਹੀਦਾ।’’ ਮੈਂ ਕਿਹਾ, ‘‘ਕੋਈ ਨਈ ਜੀ ਲੈ ਜਾਓ, ਪਰ ਟਰਾਲੀ ਬਾਗ਼ ’ਚੋਂ ਪਾਉਣੀ ਪੈਣੀ ਹੈ।’’ ਉਹ ਕਹਿੰਦਾ, ‘‘ਕੋਈ ਨਾਂ ਅਸੀਂ ਅਗਾਂਹ ਦੇਸੁ ਆਲੇ ਭੱਠੇ ਤੋਂ ਇੱਟਾਂ ਲੈ ਕੇ ਆਉਣੀਆਂ ਹਨ।’’ ਚਲੋ ਜੀ ਪੰਜ ਦਸ ਘਰਾਂ ਦੀ ਮਦਦ ਨਾਲ, ਚਾਲੀ ਪੰਤਾਲੀ ਹਜ਼ਾਰ ਲਾ ਕੇ, ਸੇਲ ਤੇ ਲਏ ਗੱਦਿਆਂ ਨੂੰ ਟਿਕਾਣੇ ਤੇ ਪਹੁੰਚਦੇ ਪਹੁੰਚਦੇ ਮਹੀਨਾ ਲੱਗ ਗਿਆ ਸੀ।

ਸੋ ਹੁਣ ਜਦੋਂ ਦੀ ਮੈਂ ਇਹ ਲਾਟਰੀ ਪਾਈ ਹੈ ਮੇਰੇ ਅੰਦਰ ਇਹੋ ਜਿਹੇ ਹਜ਼ਾਰਾ ਸਵਾਲ ਇਕ ਦੂਜੇ ’ਚ ਉਲਝੇ ਫਿਰਦੇ ਹਨ। ਕਦੇ ਫ਼ੋਨ ਦੀ ਘੰਟੀ ਸੁਣਦੀ ਹੈ ਕਿ ‘‘ਮਿਸਟਰ ਸਿੰਘ’ ਕੋਂਗਰੈਚੂਲੇਸ਼ਨ ਫੋਰ ਯੂਅਰ ਨਿਊ ਲੈਂਬੋਰਗਿਨੀ!’’ ਫੇਰ ਮਨ ’ਚ ਆਉਂਦਾ ਯਾਰ ਪਤਾ ਨਹੀਂ ਕਸਟਮ ਦਾ ਕੀ ਹਿਸਾਬ ਕਿਤਾਬ ਹੋਣਾਂ? ਐਨੀ ਮਹਿੰਗੀ ਕਾਰ! ਇਸ ਵਿਚ ਕੀ ਉਹੀ ਪਟਰੋਲ ਪਿਆ ਕਰੇਗਾ ਜਾਂ ਕੋਈ ਜਹਾਜ਼-ਜਹੂਜ ਵਾਲਾ ਮਹਿੰਗੇ ਭਾਅ ਦਾ? ਪਤਾ ਨਹੀਂ ਕਿੰਨੇ ਕਿੱਲੋਮੀਟਰ ਦੀ ਐਵਰੇਜ ਕੱਢਦੀ ਹੋਣੀ ਆ ਇਕ ਲੀਟਰ ’ਚ,? ਮੈਨੂੰ ਲਗਦਾ ਐਡੀਲੇਡ ’ਚ ਤਾਂ ਇਹਨਾਂ ਦਾ ਕੋਈ ਸਰਵਿਸ ਸੈਂਟਰ ਵੀ ਨਹੀਂ ਹੋਣਾ, ਕਿਤੇ ਮੈਲਬਾਰਨ ਜਾਂ ਸਿਡਨੀ ਤੋਂ ਤੇਲ ਨਾ ਬਦਲਾ ਕੇ ਲਿਆਉਣਾ ਪਿਆ ਕਰੇ? ਰੱਬ ਨਾ ਕਰੇ ਜੇ ਕਦੇ ਇਸ ਦੇ ਝਰੀਟ ਵੱਜ ਗਈ! ਫੇਰ ਰੈਕਰਾਂ ਕੋਲੋਂ ਵੀ ਨਹੀਂ ਕੁੱਝ ਮਿਲਣਾ। ਬੀਮਾ ਤਾਂ ਦੱਸ ਕਾਰਾਂ ਜਿੰਨਾ ਹੋਣਾ ਇਸ ਦਾ? ਇਹ ਭੱਜਦੀ ਵੀ ਖ਼ਾਸੀ ਹੋਣੀ ਆ? ਕਦੇ ਜੁਆਕ ਵੇਲੇ ਕੁਵੇਲੇ ਜ਼ਿਆਦਾ ਹੀ ਨਾ ਭਜਾ ਲਵੇ? ਕਦੇ ਦਿਲ ਨੂੰ ਦਿਲਾਸਾ ਜਿਹਾ ਆ ਜਾਂਦਾ ਵੀ ਦੇਖਣ ’ਚ ਜਿੰਨੀ ਕੁ ਚੌੜੀ ਤੇ ਲੰਮੀ ਦਿਸਦੀ ਆ, ਉਸ ਲਈ ਮੈਨੂੰ ਨਹੀਂ ਲਗਦਾ ਹੋਰ ਗਰਾਜ ਬਣਾਉਣਾ ਪੈਣਾ!

ਯਾਰ ਜਿੰਨੇ ਸਵਾਲ ਮੇਰੇ ਮਨ ’ਚ ਇਸ ਵਕਤ ਤੜਥੱਲੀ ਪਾਈ ਜਾਂਦੇ ਹਨ ਜੀਅ ਕਰਦਾ ਉੱਚੀ-ਉੱਚੀ ਚੀਕਾਂ ਮਾਰਾਂ ਤੇ ਆਪਣੇ ਸਿਰ ਦੇ ਬਾਲ ਪੁੱਟ ਲਵਾਂ। ਮੇਰੀ ਏਨੀ ਗੱਲ ਸੁਣਦਿਆਂ ਮਨਪ੍ਰੀਤ ਹਬੜਵਾਏ ਬੋਲਿਆ, ‘‘ਨਾ ਬਾਈ ਇੰਜ ਨਾ ਕਰੀਂ, ਹਾਲੇ ਪਿਛਲੇ ਸਾਲ ਤਾਂ ਮਹਿੰਗੇ ਭਾਅ ਦੇ ਇਹ ਬਾਲ ਲਗਵਾਏ ਆ, ਐਵੇਂ ਨਾ ਹੋਰ ਨੁਕਸਾਨ ਕਰਾ ਲਈਂ। ਕੋਈ ਨਾ ਆਪਾਂ ਕੱਢਦੇ ਹਾਂ ਇਸ ਦਾ ਕੋਈ ਹੋਰ ਹੱਲ।’’

ਸਾਰੇ ਜਾਨੇ ਸੋਚਾਂ ’ਚ ਪੈ ਗਏ ਕਿ ਹੁਣ ਕੀ ਹੱਲ ਕਢਿਆ ਜਾਵੇ। ਕੋਈ ਕਹੇ ਟਿਕਟਾਂ ਮੋੜ ਦਿਓ, ਕੋਈ ਕਹੇ ਉਨ੍ਹਾਂ ਨੂੰ ਪੁੱਛ ਲਵੋ ਕਿ ਨਕਦ ਦੇ ਦੇਣ, ਭਾਵੇਂ ਚਾਰ ਪੈਸੇ ਘੱਟ ਦੇ ਦੇਣ। ਕੋਈ ਕਹੇ ਕਿਸੇ ਲੋੜਵੰਦ ਨੂੰ ਦਾਨ ਕਰ ਦਿਓ। ਟਿਕਟਾਂ ਮੋੜਨ ਦਾ ਤਾਂ ਸਵਾਲ ਹੀ ਖ਼ਤਮ ਸੀ ਕਿਉਂ ਜੋ ਟਿਕਟ ਦੇ ਪਿੱਛੇ ਮੋਟੇ ਅੱਖਰਾਂ ’ਚ ਨਾਨ ਰਿਫੰਡਏਬਲ ਤੇ ਨਾਲੇ ਕਾਰ ਲੈਣੀ ਵੀ ਲਾਜ਼ਮੀ ਲਿਖਿਆ ਹੋਇਆ ਸੀ। ਲੋੜਵੰਦ ਉਹ ਵੀ ਲੈਂਬੋਰਗਿਨੀ ਦਾ! ਹੁਣ ਕਿਥੋਂ ਲੱਭਿਆ ਜਾਵੇ? ਮੇਰੇ ਜਿਹੇ ਲੋੜਵੰਦਾਂ ਦਾ ਤਾਂ ਮੇਰੇ ਜਿਹਾ ਹਾਲ ਹੋਣਾ ਸੀ। ਸਾਡੇ ’ਚ ਇਕ ਸਿਆਸੀ ਮਹਾਸ਼ਾ ਵੀ ਬੈਠੇ ਸਨ ਤੇ ਉਨ੍ਹਾਂ ਦਾ ਸੁਝਾਅ ਸੀ ਕਿ ਸੁਖਬੀਰ ਬਾਦਲ ਨੂੰ ਭੇਟ ਕਰ ਦਿਓ ਜੀ। ਇਕ ਦੀ ਰਾਏ ਸੀ ਕਿ ਸਚਿਨ ਤੈਂਦੂਲਕਰ ਕਾਰਾਂ ਦਾ ਬੜਾ ਸ਼ੌਕੀਨ ਹੈ ਸੋ ਉਸ ਨੂੰ ਦੇ ਦਿਓ। ਮੁਕਦੀ ਗੱਲ ਜਿਸ ਬੰਦੇ ਦੀ ਔਕਾਤ ਇਸ ਕਾਰ ਦੇ ਹਾਣ ਦੀ ਦਿਸੇ, ਉਸ ਦੇ ਮੂਹਰੇ ਸਾਡੀ ਔਕਾਤ ਛੋਟੀ ਰਹਿ ਜਾਵੇ।

ਸਾਰੇ ਚੁੱਪ ਪਸਰ ਗਈ ਸੀ। ਚੁਪ ਤੋੜਦੀਆਂ ਅੰਕਲ ਕਹਿੰਦੇ ਸ਼ੇਰੋ ਮੁਸੀਬਤ ਨੂੰ ਜਿੰਨਾ ਛੇਤੀ ਖ਼ਤਮ ਕਰ ਦਿਤਾ ਜਾਵੇ ਓਨਾ ਹੀ ਚੰਗਾ ਹੁੰਦਾ। ਸੋ ਦੇਰ ਨਾ ਲਾਓ ਆਹ ਟਿਕਟਾਂ ਜਿਹੀਆਂ ਪਾੜ ਕੇ ਕੂੜੇਦਾਨ ’ਚ ਮਾਰੋ, ਬਾਂਸ ਬਿਨਾਂ ਬੰਸਰੀ ਦੀ ਕੀ ਹੋਂਦ। ਚਲੋ ਜੀ! ਆਪਾ ਵੀ ਨਿਵਾਜੂਦੀਨ ਦਾ ਡਾਇਲਾਗ ਬੋਲਦਿਆਂ ਕਿ “ਗਰੀਬ ਕਭੀ ਹਾਰਤਾ ਨਹੀਂ, ਜਾਂ ਜੀਤਤਾ ਹੈ ਜਾਂ ਸੀਖਤਾ ਹੈ।” ਟਿਕਟਾਂ ਪਾੜ ਆਪਣੀ ਔਕਾਤ ਦੀ ਲੋਈ ਤਾਣ ਆਰਾਮ ਦੀ ਨੀਂਦ ਸੌ ਗਏ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>