ਗੁਰਦੁਆਰਾ ਦਾਤਾ ਬੰਦੀ ਛੋੜ ਦਿਵਸ ਤੇ ਕਿਲ੍ਹਾ ਗਵਾਲੀਅਰ ਵਿਖੇ ਸਜਾਏ ਗਏ ਵਿਸ਼ਾਲ ਧਾਰਮਿਕ ਦੀਵਾਨ

ਗੁਰਦੁਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ ਵਿਖੇ ਰਾਤ ਦਾ ਦ੍ਰਿਸ਼

ਗਵਾਲੀਅਰ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਾਵਲੀਅਰ ਦੇ ਕਿਲ੍ਹੇ ‘ਚੋ ਰਿਹਾਅ ਹੋਣ ਅਤੇ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਾਉਣ ਦੀ ਖੁਸ਼ੀ ਵਿਚ ਗੁਰੁਦਆਰਾ ਦਾਤਾ ਬੰਦੀ ਛੋੜ ਕਿਲ੍ਹਾ ਗਵਾਲੀਅਰ (ਮੱਧ ਪ੍ਰਦੇਸ਼) ਵਿਖੇ ‘ਬੰਦੀ ਛੋੜ ਦਿਵਸ’ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਵੱਡੇ ਪੱਧਰ ਤੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਇਸ ਮੌਕੇ ਆਯੋਜਿਤ ਕੀਤੇ ਤਿੰਨ ਦਿਨਾਂ ਸਲਾਨਾ ਜੋੜ ਮੇਲੇ ਦੌਰਾਨ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਵਿਚ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ । ਜ਼ਿਕਰਯੋਗ ਹੈ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਉਸ ਸਮੇਂ ਦੇ ਮੁਗਲ ਬਾਦਸ਼ਾਹ ਜਹਾਂਗੀਰ ਵੱਲੋਂ ਲਗਭਗ ਦੋ ਸਾਲ ਤਿੰਨ ਮਹੀਨੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕੀਤਾ ਗਿਆ ਸੀ ।ਬੰਦੀਆਂ ਨਾਲ ਰਹਿੰਦਿਆਂ ਗੁਰੂ ਜੀ ਨੇ ਸਦੀਆਂ ਤੋਂ ਦੱਬੇ ਅਤੇ ਗੁਲਾਮੀ ਵਿਚ ਜੀਉਣ ਵਾਲੇ ਲੋਕਾਂ ਲਈ ਅਜ਼ਾਦੀ ਦੀ ਮਸ਼ਾਲ ਜਗਾਈ ਅਤੇ ਕਿਲ੍ਹੇ ਅੰਦਰ ਕੈਦ ਦਾ ਸੰਤਾਪ ਭੁਗਤ ਰਹੇ ਰਾਜੇ ਗੁਰੂ ਜੀ ਦੇ ਸ਼ਰਧਾਲੂ ਬਣ ਚੁੱਕੇ ਸਨ । ਜਹਾਂਗੀਰ ਬਾਦਸ਼ਾਹ 1612 ਈ. ਵਿਚ ਬੀਮਾਰ ਹੋ ਗਿਆ । ਜਦੋਂ ਹਕੀਮਾਂ, ਆਦਿ ਦੇ ਇਲਾਜ ਤੋਂ ਠੀਕ ਨਾ ਹੋਇਆ ਤਾਂ ਨੂਰਜਹਾਨ ਹਜ਼ਰਤ ਨਿਜ਼ਾਮੁੱਦੀਨ ਔਲੀਆ ਪਾਸ ਲੈ ਕੇ ਗਈ, ਜਿਥੇ ਸਾਈਂ ਮੀਆਂ ਮੀਰ ਅਤੇ ਫਖਰੁੱਦੀਨ ਵੀ ਬੈਠੇ ਸਨ । ਜਿਥੇ ਸਾਈਂ ਮੀਆਂ ਮੀਰ ਨੇ ਜਹਾਂਗੀਰ ਨੂੰ ਕਿਹਾ ਕਿ ਤੁਸੀਂ ਸਿੱਖਾਂ ਦੇ ਛੇਵੇਂ ਗੁਰੂ ਨੂੰ ਬਿਨਾ ਕਿਸੇ ਕਾਰਨ ਨਜ਼ਰਬੰਦ ਕੀਤਾ ਹੋਇਆ ਹੈ ।  ਬਾਦਸ਼ਾਹ ਜਹਾਂਗੀਰ ਨੇ ਇਸ ਗੱਲ ਦਾ ਪਛਤਾਵਾ ਕੀਤਾ ਅਤੇ ਗੁਰੂ ਜੀ ਦੀ ਰਿਹਾਈ ਦੇ ਹੁਕਮ ਜ਼ਾਰੀ ਕਰ ਦਿੱਤੇ ਸਨ ।ਪਰੰਤੂ ਗੁਰੂ ਜੀ ਆਖਿਆ ਜਿੰਨ੍ਹਾਂ ਚਿਰ ਉਨ੍ਹਾਂ ਦੇ ਨਾਲ ਕਿਲ੍ਹੇ ਵਿੱਚ ਨਜ਼ਰਬੰਦ 52 ਹਿੰਦੂ ਰਾਜੇ ਅਤੇ ਹੋਰ ਰਾਜਸੀ ਕੈਦੀ ਜੋ ਰਿਹਾਅ ਨਹੀਂ ਕੀਤੇ ਜਾਂਦੇ । ਉਹ ਕਿਲ੍ਹੇ ‘ਚੋ ਬਾਹਰ ਨਹੀਂ ਆਉਣਗੇ । ਬਾਦਸ਼ਾਹ ਨੇ ਆਖਿਆ ਕਿ ਜਿਹੜੇ ਗੁਰੂ ਦੀ ਕੰਨੀ ਜਾਂ ਹੱਥ ਫੜ੍ਹ ਕੇ ਆ ਜਾਣ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ । ਗੁਰੂ ਜੀ ਨੇ 52 ਕਲੀਆਂ ਵਾਲਾ ਚੋਲਾ ਸਿਲਵਾਇਆ । ਇਸ ਤਰ੍ਹਾਂ 52 ਹਿੰਦੂ ਰਾਜੇ ਚੋਲੇ ਦੀਆਂ ਕਲੀਆਂ ਅਤੇ ਦੋਵੇਂ ਹੱਥ ਫੜ ਕੇ ਬਾਹਰ ਆ ਗਏ । ਇਸ ਦੇ ਸਬੰਧ ਵਿੱਚ ਰਿਹਾਈ ਵਾਲੀ ਮੱਸਿਆ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਲਾਨਾ ਜੋੜ ਮੇਲਾ ਦਾਤਾ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ।

29 ਸਤੰਬਰ ਰਾਤ ਨੂੰ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ, ਜੋ ਕਿ ਸ਼ਾਮ ਰਹਿਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਸ਼ੁਰੂ ਹੋ ਕੇ ਸਾਰੀ ਰਾਤ ਚੱਲਿਆ। ਇਸ ਦੀਵਾਨ ਵਿੱਚ ਪੰਥ ਪ੍ਰਸਿੱਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਲਖਵਿੰਦਰ ਸਿੰਘ, ਭਾਈ ਸੁਰਿੰਦਰ ਸਿੰਘ ਜੋਧਪੁਰੀ ਅਤੇ ਗੁਰਦੁਆਰਾ ਦਾਤਾ ਬੰਦੀ ਛੋੜ ਦੇ ਹਜ਼ੂਰੀ ਰਾਗੀ ਭਾਈ ਕੁਲਵਿੰਦਰ ਸਿੰਘ ਜੀ ਦੁਆਰਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭਾਈ ਨਿਰਮਲ ਸਿੰਘ ਨੂਰ ਦੇ ਢਾਡੀ ਜਥੇ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਇਤਿਹਾਸਕ ਪ੍ਰਸੰਗ ਅਤੇ ਬੀਰ ਰਸੀ ਢਾਡੀ ਵਾਰਾਂ ਸੰਗਤਾਂ ਨੂੰ ਸੁਣਾਈਆ। ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਦੇ ਵਿਦਿਆਰਥੀ ਭਾਈ ਪਰਮਿੰਦਰ ਸਿੰਘ ਨੇ ਕਥਾ ਵਿਚਾਰ ਰਾਹੀਂ ਦੀਵਾਨ ਵਿਚ ਹਾਜ਼ਰੀਆਂ ਭਰੀਆਂ ।

30 ਸਤੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਇਆ ਗਿਆ, ਜਿਸ ਵਿਚ ਪੰਥ ਦੇ ਪ੍ਰਸਿੱਧ ਵਿਦਵਾਨਾਂ, ਕਥਾਵਾਚਕਾਂ, ਕੀਰਤਨੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ । ਸਮਾਗਮ ਵਿਚ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੀਰੀ ਪੀਰੀ ਦੇ ਸਿਧਾਤਾਂ ਨੂੰ ਸਮਝਣਾ ਚਾਹੀਦਾ ਹੈ । ਉਹਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵਿਦਿਆ ਦੇ ਨਾਲ-ਨਾਲ ਸਿੱਖੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ । ਅਖ਼ੀਰ ਵਿੱਚ ਬਾਬਾ ਲੱਖਾ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਹੋਣਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ । ਮੰਚ ਦੀ ਭੂਮਿਕਾ ਭਗਵਾਨ ਸਿੰਘ ਜੌਹਲ ਅਤੇ ਪ੍ਰੋਫੈਸਰ ਸੁਖਰਾਜਬੀਰ ਸਿੰਘ ਨੇ ਖੂਬਸੂਰਤ ਢੰਗ ਨਾਲ ਨਿਭਾਈ ।
ਇਸ ਮੌਕੇ ‘ਤੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ । ਜਿਸ ਵਿਚ 220 ਪ੍ਰਾਣੀ ਗੁਰੂ ਵਾਲੇ ਬਣੇ । ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਵਿਚ ਲੰਗਰ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ, ਉਥੇ ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਸੰਗਤਾਂ ਵੱਲੋਂ ਵੀ ਲੰਗਰ ਦੇ ਪ੍ਰਵਾਹ ਚਲਾਏ ਗਏ । ਇਸ ਮੌਕੇ ‘ਤੇ ਆਈਆਂ ਸੰਗਤਾਂ ਫ੍ਰੀ ਲਿਟਰੇਚਰ ਵੀ ਵੰਡਿਆ ਗਿਆ । ਖਡੂਰ ਸਾਹਿਬ ਤੋਂ ਆਏ ਸਾਬਕਾ ਫੌਜੀ ਸੇਵਾਦਾਰਾਂ ਵੱਲੋਂ ਪ੍ਰਬੰਧਾਂ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੇਵਾਵਾਂ ਨਿਭਾਈਆਂ ਗਈਆਂ ।

ਇਸ ਇਤਿਹਾਸਕ ਦਿਹਾੜੇ ਨੂੰ ਮਨਾਉਣ ਲਈ ਦੇਸ਼-ਵਿਦੇਸ਼ ਦੇ ਹੋਰ ਰਾਜਾਂ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ । ਜ਼ਿਕਰਯੌਗ ਹੈ ਕਿ ਪੁਰਾਤਨ ਗਵਾਲੀਅਰ ਦੇ ਕਿਲ੍ਹੇ ਅੰਦਰ ਬਣੇ ਇਸ ਇਤਿਹਾਸਕ ਸਥਾਨ ਦੀ ਸੰਭਾਲ ਦਾ ਪ੍ਰਬੰਧ ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੇ ਸਰਪ੍ਰਸਤੀ ਹੇਠ ਬਾਬਾ ਲੱਖਾ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰ ਰਹੇ ਹਨ ।

This entry was posted in ਭਾਰਤ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>