‘ਸਿੱਖ ਕੌਮ ਕੈਨੇਡਾ ਵਿੱਚ ਜਾਨਾ ਬਚਾਉਂਣ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ’: ਕੈਨੇਡੀਅਨ ਬਲੱਡ ਸਰਵਿਸਸ

ਸਰੀ :- ਨਸਲਕਸ਼ੀ ਵਿਰੁੱਧ ਸਿੱਖ ਕੌਮ ਵੱਲੋਂ ਚਲਾਈ ਜਾ ਰਹੀ ਮੁਹਿੰਮ ਬਾਰੇ 18 ਅਕਤੂਬਰ ਦਿਨ ਮੰਗਲਵਾਰ ਨੂੰ  ਪ੍ਰੈਸ ਕਾਨਫਰੰਸ ਸਰੀ ਦੇ ਧੂਮ ਰੈਸਟੋਰੈਂਟ ਵਿੱਚ ਕੀਤੀ ਗਈ।ਇਸ ਮੁਹਿੰਮ ਦੇ ਵਲੰਟਰੀਅਰਜ਼ ਨੇ ਆਏ ਵੱਡੀ ਗਿਣਤੀ ਵਿੱਚ ਆਏ ਪੱਤਰਕਾਰਾਂ ਨੂੰ ਇਸ ਮੁਹਿੰਮ ਵਾਰੇ ਜਾਣਕਾਰੀ ਦਿੱਤੀ। ਉਨਾ ਦੱਸਿਆ ਇਹ ਮੁਹਿੰਮ ਜਿਥੇ 84 ਦੀ ਸਿੱਖ ਨਸਲਕੁਸ਼ੀ ਨੂੰ ਸਮਰਪਿਤ ਹੈ ਉਥੇ ਦੁਨੀਆ ਵਿੱਚ ਕਿਤੇ ਵੀ ਹੋ ਜੁਲਮ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦੀ ਹੈ,ਭਾਵੇਂ ਗੁਜਰਾਤ ਦਾ ਕਤਲੇਆਮ ਹੋਵੇ  ਈਸਾਈਆਂ, ਦਲਿਤਾਂ ਜਾਂ ਹੋਰ ਘੱਟ ਗਿਤਣੀਆਂ  ਵਿਰੁੱਧ ਹੋ ਰਹੇ ਨਸਲਘਾਤ ਵਰਗੇ ਜੁਰਮਾਂ ਖਿਲਾਫ ਅਵਾਜ਼ ਬੁਲੰਦ ਕਰਦੀ ਹੈ।ਉਨਾ ਦੱਸਿਆ ਕਿ  ਨਵੰਬਰ 1984 ਵਿੱਚ ਭਾਰਤ ਦੀਆਂ ਗਲੀਆਂ ਵਿੱਚ ਚਿੱਟੇ ਦਿਨ 30,000 ਤੋਂ ਵੱਧ ਸਿੱਖਾਂ ਦੇ ਭਿਆਨਕ ਕਤਲੇਆਮ ਲਈ ਜਿੰਮੇਵਾਰ ਤਾਕਤਾਂ ਨੂੰ ਬੇਨਕਾਬ ਕਰਨ ਲਈ ਦੁਨੀਆਂ ਭਰ ਵਿੱਚ ਉੱਠੀ ਇਨਸਾਫ਼-ਪਸੰਦ ਲੋਕਾਂ ਦੀ ਇਹ ਅਵਾਜ਼ ਗੁਰੂੁ ਨਾਨਕ ਪਾਤਸ਼ਾਹ ਵੱਲੋਂ ਐਮਨਾਬਾਦ ਦੀ ਧਰਤੀ ਉੱਪਰ ਦਿੱਤੇ ਸੁਨੇਹੇ ‘ਤੇ ਪਹਿਰਾ ਦੇ ਰਹੀ ਹੈ। ਇਸ ਦੇ ਉੱਲਟ ਭਾਰਤੀ ਹੁਕਮਰਾਨਾਂ ਅਤੇ ਉਸ ਦੇ ਸਮੁਚੇ ਤੰਤਰ ਵੱਲੋਂ ਨਾਂ ਸਿਰਫ ਅਜਿਹੇ ਕਤਲੇਆਮਾਂ ਨੂੰ ਦਬਾਉਂਣ ਅਤੇ ਭਲਾਉਂਣ ਦੀਆਂ ਸ਼ਾਜਿਸ਼ਾਂ ਜਾਰੀ ਹਨ ਸਗੋਂ ਲਗਾਤਾਰ ਅੱਜ ਤੱਕ ਦਲਿਤਾਂ,ਆਦੀਵਾਸੀਆਂ ਅਤੇ ਸਮੁੱਚੀਆਂ ਘੱਟ ਗਿਣਤੀਆਂ ਦਾ ਘਾਣ ਅਤੇ ਉਹਨਾਂ ਨੂੰ ਜ਼ਲਾਲਤ ਭਰੀ ਜਿੰਦਗੀ ਜਿਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਅਜਿਹੇ ਕਤਲੇਆਮਾਂ ਦੀ ਸਚਾਈ ਨੂੰ ਦਬਾਉਣ ਅਤੇ ਕਾਤਲਾਂ ਦੀ ਪੁਸ਼ਤਪਨਾਹੀ ਕਰਕੇ ਹੀ ਮੌਜੂਦਾ ਦੌਰ ਵਿੱਚ ਦੇਸ ਅੰਦਰ ਹੋ ਰਹੇ ਮਨੁੱਖਤਾ ਦੇ ਘਾਣ ਅਤੇ ਭਵਿੱਖ ਦੇ ਸੰਭਾਵੀ ਵੱਡੇ ਕਤਲੇਆਮਾਂ ਲਈ ਰਾਹ ਪੱਧਰਾ ਹੋਇਆ ਹੈ।ਜਿਵੇਂ ਕਿ ਅੱਜ ਵੀ ਪੰਜਾਬ ਵਿੱਚ ਸਿੱਖਾਂ ਵਿਰੁੱਧ, ਭਾਰਤ ਦੇ ਹੋਰ ਹਿਸਿਆਂ ਵਿੱਚ ਦਲਿਤ, ਮੁਸਲਮਾਨਾਂ ਅਤੇ ਈਸਾਈਆਂ ਵਿਰੱਧ ਸ਼ਾਜਿਸ਼ਾ ਰਚੀਆਂ ਜਾ ਰਹੀਆ ਹਨ।

ਅਜਿਹੀ ਕਾਤਲ ਸੋਚ ਨੂੰ ਠੱਲ ਪਾਉਣ ਤੇ ਇਨਸਾਨੀਅਤ ਦੇ ਹੋ ਰਹੇ ਇਸ ਘਾਣ ਨੂੰ ਰੋਕਣ ਲਈ ‘ਨਸ਼ਲਕੁਸ਼ੀ ਦੀ ਬਿਰਤੀ’ ਅਤੇ ਉਸ ਨੂੰ ਸ਼ਹਿ ਦੇਣ ਵਾਲੀਆਂ ਤਾਕਤਾਂ ਵਿਰੁੱਧ ਸਭ ਨੂੰ ਇਕਮੁੱਠ ਹੋ ਕੇ ਅਵਾਜ਼ ਉਠਾਉਣੀਂ ਅੱਜ ਦੇ ਸਮੇਂ ਦੀ ਲੋੜ ਹੈ। ਨਸ਼ਲਕੁਸ਼ੀ ਦੀ ਮਾਨਿਸਕਤਾ ਨੂੰ ਠੱਲ ਪਾਉਣ ਅਤੇ ਬਿਪ੍ਰਵਾਦੀ ਜ਼ਾਬਰ ਸੋਚ ਦੇ ਖੂਨੀਂ-ਪੰਜੇ ਚੋਂ ਮਨੁੱਖਤਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਵਾਰਿਸ ਆਪਣਾ ਖੂਨ ਦਾਨ ਕਰਕੇ “ਜੀਉ ਅਤੇ ਜਿਉਣ ਦਿਉ” ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ। ਨਸਲਕੁਸ਼ੀ ਵਿਰੁੱਧ ਅਰੰਭੀ ਇਸ ਖੂਨਦਾਨ ਮੁਹਿੰਮ ਤਹਿਤ ਸਿੱਖ ਕੌਮ ਦਸੰਬਰ 2015 ਤੱਕ 113,000 ਤੋਂ ਵੱਧ ਵਿਅਕਤੀਆਂ ਨੂੰ ਨਵੀਂ ਜਿੰਦਗੀ ਦੇਣ ਵਿੱਚ ਸਹਾਈ ਹੋਈ ਹੈ।

ਕੈਨੇਡੀਅਨ ਬਲੱਡ ਸਰਵਿਸ (CBS) ਨੇ ਇਸ ਮੁਹਿੰਮ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਜਾਨਾਂ ਬਚਾਉਣ ਵਾਲੀ ਮੁਹਿੰਮ (The Biggest Lives Saving Campaign) ਐਲਾਨਿਆ ਹੈ। ਸਿੱਖ ਕੌਮ ਜਿਸ ਉਤਸ਼ਾਹ ਨਾਲ ਦੁਨੀਆਂ ਭਰ ਵਿੱਚ ਜੀਵਨ-ਦਾਨ ਦੀ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਕੀਮਤੀ ਜਾਨਾਂ ਬਚਾ ਰਹੀ ਹੈ, ਛੇਤੀ ਹੀ ਇਹ ਮੁਹਿੰਮ ਦੁਨੀਆਂ ਭਰ ‘ਚ ਮਨੁੱਖੀ ਹੱਕਾਂ ਦੀ ਅਲੰਬਰਦਾਰ ਵਜੋਂ ਜਾਣੀ ਜਾਵੇਗੀ। ਇਹ ਮੁਹਿੰਮ “ਏਕੁ ਪਿਤਾ ਏਕਸ ਕੇ ਹਮ ਬਾਰਿਕ” ਦੇ ਫਲਸਫੇ ਵਿੱਚ ਯਕੀਨ ਰੱਖਦੀ ਹੈ ਤੇ ਹਮੇਸ਼ਾ ਹੀ ਉਨ੍ਹਾਂ ਵਿਆਕਤੀਆਂ, ਸੰਸਥਾਵਾਂ ਜਾਂ ਸਰਕਾਰਾਂ ਨੂੰ ਪ੍ਰਣਾਮ ਕਰਦੀ ਹੈ ਜੋ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਅਤੇ ਨਸ਼ਲਕੁਸ਼ੀ ਵਿਰੁੱਧ ਕੰਮ ਕਰਦੀਆਂ ਹਨ।

ਸਿੱਖਾਂ ਦੀ ਇਸ ਮੁਹਿੰਮ ਨੂੰ ਕੈਨੇਡਾ ਦੇ ਸਰਕਾਰੀ ਅਦਾਰੇ ਕੈਨੇਡੀਅਨ ਬਲੱਡ ਸਰਵਿਸ ਵੱਲੋਂ ‘ਸਿੱਖ ਕੌਮ ਕੈਨੇਡਾ ਵਿੱਚ ਜਾਨਾ ਬਚਾਉਂਣ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ’ ਦਾ ਅਵਾਰਡ ਦਿੱਤਾ ਗਿਆ।

ਸਾਲ 2016 ਵਿੱਚ ਵੀ ਇਸ ਮੁਹਿੰਮ ਤਹਿਤ ਨਵੰਬਰ ਮਹੀਨੇ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਜਿਵੇਂ ਕਿ ਵੈਨਕੂਵਰ, ਸਰੀ, ਵਿਕਟੋਰੀਆ, ਨਾਰਥ ਵੈਨਕਵਰ, ਐਬਟਸਫੋਰਡ, ਕੈਮਲੂਪਸ, ਕਿਲੋਨਾ, ਪਿਨਟੈਂਕਟਨ, ਐਡਮਿੰਟਨ, ਕੈਲਗਰੀ, ਸਿਸਕਾਟੂਨ, ਰਿਜ਼ਾਇਨਾਂ, ਵਿਨੀਪੈਗ, ਟਰੰਟੋ, ਮੌਂਟਰੀਅਲ ਇਸ ਤੋਂ ਇਲਾਵਾ ਅਮਰੀਕਾ ਵਿੱਚ ਸਿਆਟਲ, ਲਿੰਡਨ, ਬੌਥਲ, ਸ਼ਿਕਾਗੋ, ਯੂਬਾਸਿਟੀ, ਬੇਕਰਸਫੀਲਡ ਆਦਿ ਸ਼ਾਮਲ ਹਨ। ਇਹ ਖੂਨਦਾਨ ਮੁਹਿੰਮ ਦੂਸਰੇ ਮੁਲਕਾਂ ਅਸਟਰੇਲੀਆ ਅਤੇ ਨਿਉਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਚਲੇਗੀ। ਦੁਨੀਆਂ ਦੇ 140 ਤੋਂ ਵੱਧ ਮੁਲਕਾਂ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਕਿੰਨਾਂ ਵੀ ਤਾਕਤਵਾਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।

ਆਉ ਆਪਾਂ ਸਾਰੇ ਮਨੁੱਖਤਾ ਨੂੰ ਦਰਪੇਸ਼ ਨਸਲਕੁਸ਼ੀ ਦੀ ਇਸ ਚਣੌਤੀ ਨੂੰ ਕਬੂਲ ਕਰਦੇ ਹੋਏ ਆਪੋ-ਆਪਣੇ ਸਾਧਨਾਂ ਰਾਹੀਂ ਅਜਿਹੀ ਗੈਰ-ਮਨੁੱਖੀ ਸੋਚ ਵਿੱਰੁਧ ਆਵਾਜ਼ ਬੁਲੰਦ ਕਰੀਏ। ਨਸ਼ਲਕੁਸ਼ੀ ਵਿਰੁੱਧ ਆਪਣੇ ਸਾਰਿਆਂ ਵਲੋਂ ਰੱਲ ਕੇ ਕੀਤੇ ਇਹ ਯਤਨ ਹਰ ਹਾਲ ਵਿੱਚ ਇੱਕ ਸੁਰਖਿਅਤ ਸਮਾਜ ਸਿਰਜਣ ਲਈ ਸਾਰਥਿਕ ਸਾਬਤ ਹੋਣਗੇ।

This entry was posted in ਅੰਤਰਰਾਸ਼ਟਰੀ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>