ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ – ਉਜਾਗਰ ਸਿੰਘ

ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਭਾਰਤੀ ਪੰਜਾਬ ਅਤੇ ਕੈਨੇਡਾ ਵਿਚਲੇ ਪੰਜਾਬ ਵਿਚ ਰਹਿ ਰਹੇ ਪੰਜਾਬੀਆਂ ਦੀ ਸਮਾਜਿਕ, ਆਰਥਿਕ, ਸਭਿਆਚਾਰਕ ਅਤੇ ਮਾਨਸਿਕ ਮਨੋਵਿਰਤੀਆਂ ਤੇ ਪ੍ਰਸਥਿਤੀਆਂ ਦਾ ਮਨੋਵਿਗਿਆਨਕ ਵਿਸ਼ਲੇਸ਼ਣ ਹੈ। ਭਾਰਤੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਵਿਚ ਬੇਰੋਜ਼ਗਾਰੀ ਕਰਕੇ ਕੈਨੇਡਾ ਵਿਚਲੇ ਪੰਜਾਬ ਵਿਚ ਆਪਣੇ ਬੱਚਿਆਂ ਨੂੰ ਭੇਜਣ ਲਈ ਅਨੇਕਾਂ ਅਜਿਹੇ ਵੇਲਣ ਵੇਲਣੇ ਪੈਂਦੇ ਹਨ, ਜਿਹੜੇ ਅਨੈਤਿਕ, ਗ਼ੈਰ ਕਾਨੂੰਨੀ ਅਤੇ ਸ਼ਿਸ਼ਟਾਚਾਰ ਦੇ ਵਿਰੁਧ ਹਨ ਪ੍ਰੰਤੂ ਜਦੋਂ ਉਹ ਪੰਜਾਬੀ ਪਰਵਾਸ ਵਿਚ ਰਹਿੰਦੇ ਹਨ ਤਾਂ ਉਹ ਪਰਵਾਸੀ ਪਰੰਪਰਾਵਾਂ ਤੇ ਚਲਦਿਆਂ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੇ ਚਾਹਵਾਨ ਹੁੰਦੇ ਹਨ। ਦੋਵੇਂ ਪੰਜਾਬਾਂ ਦੇ ਪੁਰਾਣੀ ਪੀੜ੍ਹੀ ਵਾਲੇ ਲੋਕ ਆਪਣੀ ਵਿਰਾਸਤ ਤੇ ਪਹਿਰਾ ਦੇਣ ਲਈ ਪੰਜਾਬ ਨਾਲ ਆਪਣੇ ਸੰਬੰਧ ਬਣਾਈ ਰੱਖਣਾ ਚਾਹੁੰਦੇ ਹਨ। ਨਵੀਂ ਪੀੜ੍ਹੀ ਆਪਣੇ ਆਪ ਵਿਚ ਹੀ ਮਸਤ ਹੈ, ਉਹ ਜਿਹੋ ਜਹੇ ਵਾਤਵਰਨ ਵਿਚ ਰਹਿੰਦੇ ਹਨ, ਉਹੋ ਜਿਹੇ ਹੀ ਬਣ ਜਾਂਦੇ ਹਨ। ਇਸ ਦਾ ਮੁੱਖ ਕਾਰਨ ਆਰਥਿਕਤਾ ਬਣਦੀ ਹੈ, ਜਿਸ ਕਰਕੇ ਉਹ ਦੋਹਾਂ ਪੰਜਾਬਾਂ ਦੀਆਂ ਪਰੰਪਰਾਵਾਂ ਦੇ ਅਧਵਿਚਕਾਰ ਫਸੇ ਹੋਏ ਰਹਿੰਦੇ ਹਨ। ਕੈਨੇਡਾ ਵਿਚ ਜਨਮੇ ਅਤੇ ਪਲੇ ਨੌਜਵਾਨ ਮੁੰਡੇ ਅਤੇ ਕੁੜੀਆਂ ਉਥੋਂ ਦੇ ਵਾਤਾਵਰਨ ਵਿਚ ਰਹਿਣ ਕਰਕੇ ਆਪਣੇ ਮਾਪਿਆਂ ਦੇ ਹੱਥਾਂ ਵਿਚੋਂ ਨਿਕਲਕੇ ਬੇਲਗਾਮ ਹੋ ਜਾਂਦੇ ਹਨ ਪ੍ਰੰਤੂ ਉਨ੍ਹਾਂ ਦੇ ਮਾਪੇ ਭਾਰਤ ਵਿਚਲੇ ਪੰਜਾਬ ਦੀਆਂ ਪਰੰਪਰਾਵਾਂ ਅਤੇ ਰਹਿਤ ਮਰਿਆਦਾ ਵਿਚ ਗਰਸੇ ਹੋਣ ਕਰਕੇ ਆਪਣੇ ਲੜਕੇ ਅਤੇ ਲੜਕੀਆਂ ਨੂੰ ਭਾਰਤੀ ਪੰਜਾਬ ਨਾਲ ਜੋੜੀ ਰੱਖਣ ਲਈ ਹਰ ਸੰਭਵ ਕੋਸ਼ਿਸ਼ ਹੀ ਨਹੀਂ ਸਗੋਂ ਮਜ਼ਬੂਰ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਦਿਲ ਅਤੇ ਭਾਵਨਾਵਾਂ ਪੰਜਾਬ ਨਾਲ ਜੁੜੀਆਂ ਹੋਈਆਂ ਹਨ। ਪ੍ਰੰਤੂ ਉਨ੍ਹਾਂ ਦੇ ਬੱਚੇ ਜਿਸ ਸਮਾਜ ਵਿਚ ਵਿਚਰ ਰਹੇ ਹਨ, ਕੁਦਰਤੀ ਹੈ ਉਸਦਾ ਪ੍ਰਭਾਵ ਉਨ੍ਹਾਂ ਦੇ ਵਿਅਕਤਿਤਵ ਤੇ ਪੈ ਰਿਹਾ ਹੈ। ਪਰਵਾਸ ਦਾ ਵਾਤਵਰਨ ਖੁਲ੍ਹ ਦਿਲਾ ਅਤੇ ਆਜ਼ਾਦਾਨਾ ਹੈ। ਕੈਨੇਡਾ ਵਿਚ ਤਾਂ ਬੱਚਿਆਂ ਨੂੰ ਜਿਤਨੀ ਦੇਰ ਉਹ ਬਾਲਗ ਨਹੀਂ ਹੋ ਜਾਂਦੇ ਮਾਂ-ਬਾਪ ਘੂਰ ਵੀ ਨਹੀਂ ਸਕਦੇ, ਇਸ ਕਰਕੇ ਬੱਚਿਆਂ ਵੱਲੋਂ ਮਨਮਰਜ਼ੀ ਨਾਲ ਆਪਣਾ ਜੀਵਨ ਬਸਰ ਕਰਨਾ ਕੁਦਰਤੀ ਹੈ। ਇਸ ਨਾਵਲ ਦੀ ਕਹਾਣੀ ਹੀ ਦੋਹਾਂ ਪੰਜਾਬਾਂ ਦੀ ਤ੍ਰਾਸਦੀ ਦਾ ਵਿਵਰਣ ਕਰਦੀ ਹੈ, ਜਿਹੜੀ ਮੰਝਧਾਰ ਵਿਚ ਫਸੀ ਹੋਈ ਹੈ। ਦੋਵੇਂ ਥਾਂ ਮਾਪੇ ਬੇਬਸ ਹਨ। ਇਸ ਨਾਵਲ ਦੀ ਕਹਾਣੀ ਪਰਵਾਸ ਵਿਚ ਰਹਿੰਦੇ ਇੱਕ ਪਰਿਵਾਰ ਦੇ ਮਾਪੇ ਆਪਣੀ ਲੜਕੀ ਹਰਨੀਤ ਦਾ ਵਿਆਹ ਭਾਰਤੀ ਪੰਜਾਬ ਵਿਚ ਕਰਨਾ ਚਾਹੁੰਦੇ ਪ੍ਰੰਤੂ ਉਹ ਲੜਕੀ ਹਰਨੀਤ ਕੈਨੇਡਾ ਦੀ ਖੁਲ੍ਹਖੇਡ ਅਨੁਸਾਰ ਆਪਣੇ ਬੁਆਏ ਫਰੈਂਡ ਸੈਂਡੀ ਨਾਲ ਵਿਆਹ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਮਨਮੀਤ ਦੇ ਮਾਪੇ ਆਪਣੇ ਇਕਲੌਤੇ ਲੜਕੇ ਨੂੰ ਡਾਲਰਾਂ ਦੀ ਚਕਾਚੌਂਧ ਕਰਕੇ ਕੈਨੇਡਾ ਭੇਜਣਾ ਚਾਹੁੰਦੇ ਹਨ। ਵਿਚੋਲਾ ਮਨਮੀਤ ਰਾਹੀਂ ਆਪਣੇ ਰਿਸ਼ਤੇਦਾਰ ਨੂੰ ਕੈਨੇਡਾ ਭੇਜਣ ਦੇ ਇਰਾਦੇ ਨਾਲ ਇਹ ਵਿਆਹ ਦਾ ਪ੍ਰਬੰਧ ਕਰਦਾ ਹੈ। ਅਨਮੋਲ ਕੌਰ ਨੇ ਇਸ ਵਿਸ਼ੇ ਤੇ ਹੀ ਇਹ ਨਾਵਲ ਲਿਖਿਆ ਹੈ। ਅਨਮੋਲ ਕੌਰ ਪੜ੍ਹੀ ਲਿਖੀ ਅਤੇ ਪੰਜਾਬ ਯੂਨੀਵਰਸਿਟੀ ਤੋਂ ਐਮ.ਏ.ਪੰਜਾਬੀ ਹੋਣ ਕਰਕੇ ਆਪਣੇ ਕਾਰਜ ਵਿਚ ਸਫਲ ਹੋਈ ਹੈ ਕਿਉਂਕਿ ਉਸਨੇ ਸਾਦਾ ਠੇਠ ਪੰਜਾਬੀ ਭਾਸ਼ਾ ਵਿਚ ਦੋਹਾਂ ਪੰਜਾਬਾਂ ਦੇ ਪਰਿਵਾਰਾਂ ਦੀ ਮਾਨਸਿਕਤਾ ਦੀ ਤਸਵੀਰ ਖਿਚਕੇ ਰੱਖ ਦਿੱਤੀ ਹੈ। ਅਨਮੋਲ ਕੌਰ ਦੀ ਇਹ ਚੌਥੀ ਪੁਸਤਕ ਹੈ, ਇਸ ਕਰਕੇ ਇਸ ਨਾਵਲ ਵਿਚ ਉਸਦੀ ਲਿਖਣ ਸ਼ੈਲੀ ਨਿਖ਼ਰਕੇ ਸਾਹਮਣੇ ਆ ਗਈ ਹੈ। ਉਸਦੀ ਇੱਕ ਕਹਾਣੀ ਤੇ ਡਰੀਮਜ਼ ਫਿਲਮ ਕੰਪਨੀ ਨੇ ਫਿਲਮ ਵੀ ਬਣਾਈ ਹੈ।  ਹੈਰਾਨੀ ਦੀ ਗੱਲ ਹੈ ਕਿ ਅਨਮੋਲ ਦੇ ਇਸ ਨਾਵਲ ਵਿਚ 44 ਚੈਪਟਰ ਹਨ, ਹਰ ਚੈਪਟਰ ਦੀ ਕਹਾਣੀ ਮੁਕੰਮਲ ਲੱਗਦੀ ਹੈ। ਰੌਚਿਕਤਾ ਐਨੀ ਹੈ ਕਿ ਪਾਠਕ ਜਦੋਂ ਇਸ ਨਾਵਲ ਨੂੰ ਪੜ੍ਹਨ ਲੱਗਦਾ ਹੈ ਤਾਂ 200 ਪੰਨਿਆਂ ਦੇ ਨਾਵਲ ਨੂੰ ਪੜ੍ਹਕੇ ਹੀ ਦਮ ਲੈਂਦਾ ਹੈ। ਇੱਕ ਚੈਪਟਰ ਪੜ੍ਹਨ ਤੋਂ ਉਤਸੁਕਤਾ ਪੈਦਾ ਹੋ ਜਾਂਦੀ ਹੈ ਕਿ ਅੱਗੇ ਕੀ ਹੋਵੇਗਾ? ਇਸ ਕਰਕੇ ਪਾਠਕ ਦੀ ਅੱਗੋਂ ਜਾਨਣ ਦੀ ਇੱਛਾ ਬਣੀ ਰਹਿੰਦੀ ਹੈ। ਉਸਦੀ ਗੱਲਬਾਤੀ ਸ਼ੈਲੀ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦੀ ਹੈ। ਅਨਮੋਲ ਦੀ ਕਰਾਮਾਤ ਇਸੇ ਵਿਚ ਹੈ ਕਿ ਜਿਵੇਂ ਆਮ ਤੌਰ ਤੇ ਘਰਾਂ ਵਿਚ ਬਜ਼ੁਰਗ ਗੱਲਬਾਤ ਕਰਦੇ ਹਨ, ਵਿਸ਼ੇਸ਼ ਤੌਰ ਇਸਤਰੀਆਂ ਉਸਨੂੰ ਬਿਲਕੁਲ ਉਸੇ ਤਰ੍ਹਾਂ ਬੜੇ ਹੀ ਸੁਚੱਜੇ ਢੰਗ ਨਾਲ ਲਿਖਕੇ ਨਾਵਲ ਵਿਚ ਪੜ੍ਹਨ ਦੀ ਦਿਲਚਸਪੀ ਪੈਦਾ ਕਰਨ ਵਾਲੀ ਬਣਾਕੇ ਲਿਖ ਦਿੱਤਾ ਹੈ। ਸ਼ੈਲੀ ਅਜਿਹੀ ਹੈ ਕਿ ਹਰ ਸੀਨ ਨੂੰ ਦ੍ਰਿਸ਼ਟਾਂਤਿਕ ਤੌਰ ਤੇ ਸਾਹਮਣੇ ਲਿਆ ਖੜ੍ਹਾ ਕਰ ਦਿੰਦੀ ਹੈ। ਨਾਵਲ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਸਾਰਾ ਕੁਝ ਸਾਹਮਣੇ ਵਾਪਰ ਰਿਹਾ ਹੈ। ਜੇਕਰ ਪੰਜਾਬ ਵਿਚਲੇ ਵਿਆਹ ਦੀ ਗੱਲ ਕਰਦੀ ਹੈ ਤਾਂ ਪੰਜਾਬ ਦਿਸਣ ਲੱਗਦਾ ਹੈ। ਜੇਕਰ ਪਰਵਾਸ ਦੀ ਗੱਲ ਕਰਦੀ ਹੈ ਤਾਂ ਕੈਨੇਡਾ ਦਾ ਸੀਨ ਮਨ ਦੇ ਚਿਤਰਪਟ ਤੇ ਆ ਜਾਂਦਾ ਹੈ। ਮਾਪਿਆਂ ਦੇ ਮਜ਼ਬੂਰ ਕਰਨ ਅਤੇ ਆਪਣੀ ਦਾਦੀ ਦੀ ਮੌਤ ਤੱਕ ਹਰਨੀਤ ਫਰਜੀ ਵਿਆਹ ਕਰਨ ਲਈ ਰਾਜੀ ਹੋ ਜਾਂਦੀ ਹੈ ਕਿਉਂਕਿ ਉਸਦੀ ਦਾਦੀ ਦੀ ਇੱਛਾ ਹੈ ਕਿ ਹਰਨੀਤ ਪੰਜਾਬ ਵਿਚ ਵਿਆਹ ਕਰਵਾਏ। ਉਹ ਮਨਮੀਤ ਨੂੰ ਵੀ ਫਰਜੀ ਵਿਆਹ ਲਈ ਰਾਜੀ ਕਰਵਾ ਲੈਂਦੀ ਹੈ ਕਿਉਂਕਿ ਮਨਮੀਤ ਦੇ ਮਨ ਵਿਚ ਵੀ ਕੈਨੇਡਾ ਪਹੁੰਚਣ ਦੀ ਇੱਛਾ ਹੈ। ਬਜ਼ੁਰਗਾਂ ਦੀ ਇੱਛਾ ਪੂਰਤੀ ਲਈ ਵਿਆਹ ਤਾਂ ਕਰਦੇ ਹਨ ਪ੍ਰੰਤੂ ਉਹ ਵਿਆਹ ਨੂੰ ਡੀਲ ਕਰਕੇ ਫਰਜੀ ਕਹਿੰਦੇ ਹਨ। ਉਹ ਨਾ ਤਾਂ ਉਹ ਆਪਣੇ ਵਿਰਸੇ ਨਾਲੋਂ ਟੁੱਟਣਾ ਚਾਹੁੰਦੇ ਹਨ ਅਤੇ ਨਾ ਹੀ ਵਿਰਸੇ ਤੇ ਪਹਿਰਾ ਦੇ ਸਕਦੇ ਹਨ। ਤਲਾਕ ਦੇਣਾ ਪਹਿਲਾਂ ਹੀ ਤਹਿ ਕਰ ਲੈਂਦੇ ਹਨ। ਤਲਾਕ ਦੇਣ ਨੂੰ ਪਰਵਾਸ ਵਿਚ ਆਮ ਜਿਹੀ ਗੱਲ ਸਮਝਿਆ ਜਾਂਦਾ ਹੈ। ਨਾਵਲ ਦੀ ਕਹਾਣੀ ਵਿਚ ਪੰਜਾਬ ਦੇ ਪਿੰਡਾਂ ਵਿਚ ਅਜੇ ਵੀ ਪਿੰਡਾਂ ਦੇ ਲੋਕ ਵਹਿਮਾ ਭਰਮਾ ਅਤੇ ਜਾਤ ਪਾਤ ਦੇ ਝਮੇਲਿਆਂ ਵਿਚ ਅਜੇ ਵੀ ਫਸੇ ਹੋਏ ਹਨ। ਅਜਿਹੇ ਵਿਆਹ  ਨੂੰ ਸੰਜੋਗ ਕਿਹਾ ਜਾਂਦਾ ਹੈ। ਪ੍ਰੰਤੂ ਚੰਗੀ ਗੱਲ ਇਹ ਹੈ ਕਿ ਨਾਵਲ ਵਿਚ ਇਸ ਵਿਸ਼ੇ ਤੇ ਪਾਤਰਾਂ ਵਿਚ ਸੰਬਾਦ ਕਰਵਾਇਆ ਗਿਆ ਹੈ ਜੋ ਕਿ ਨਾਵਲ ਦਾ ਉਸਾਰੂ ਪਹਿਲੂ ਹੈ। ਨਾਵਲਕਾਰ ਨੇ ਬਹੁਤ ਸਾਰੇ ਪਹਿਲੂਆਂ ਨੂੰ ਛੂਹਿਆ ਹੈ ਜਿਵੇਂ ਬਲਿਊ ਸਟਾਰ ਅਪ੍ਰੇਸ਼ਨ ਸਮੇਂ ਫ਼ੌਜ ਦੇ ਰੋਲ ਬਾਰੇ ਲਿਖਿਆ ਗਿਆ ਹੈ। ਲੇਖਿਕਾ ਸਰਬ ਕਲਾ ਸੰਪੂਰਨ ਅਤੇ ਸੂਝਵਾਨ ਲੱਗਦੀ ਹੈ। ਜਾਣਕਾਰੀ ਦਾ ਉਸ ਕੋਲ ਭੰਡਾਰ ਹੈ। ਗੁਰਬਾਣੀ, ਗ਼ਦਰ ਲਹਿਰ, ਪਰਵਾਸ ਦੀ ਮਹਿਮਾਨ ਨਿਵਾਜੀ, ਗੁਰਦੁਆਰਿਆਂ ਵਿਚ ਚੌਧਰ ਦੀ ਲੜਾਈ, ਜਦੋਂ ਵਿਆਹ ਬਾਰੇ ਲਿਖਦੀ ਹੈ ਤਾਂ ਸਾਰੀਆਂ ਰਸਮਾਂ ਵੱਟਣਾ, ਜਾਗੋ, ਬੋਲੀਆਂ, ਸਿਠਣੀਆਂ, ਵਰੀ, ਦਾਜ, ਖੁਸਰਿਆਂ ਦਾ ਨੱਚਣਾ, ਵਡੇਰਿਆਂ ਦੀ ਪੂਜਾ, ਤੇਲ ਚੋਣਾ, ਨਵੇਂ ਵਿਆਹੇ ਜੋੜਿਆਂ ਨੂੰ ਸ਼ਰੀਕੇ ਅਤੇ ਰਿਸ਼ਤੇਦਾਰਾਂ ਵੱਲੋਂ ਰੋਟੀ ਖੁਆਣੀ ਆਦਿ ਬਾਰੇ ਵਿਆਖਿਆ ਨਾਲ ਲਿਖਦੀ ਹੈ ਕਿਉਂਕਿ ਲੋਕ ਨ੍ਰਿਤ ਉਸਦਾ ਪਸੰਦੀਦਾ ਵਿਸ਼ਾ ਹੈ। ਜਿਸ ਕਰਕੇ ਇਹ ਨਾਵਲ ਇੱਕ ਕਿਸਮ ਨਾਲ ਪੰਜਾਬ ਦੇ ਰਸਮਾਂ ਰਿਵਾਜਾਂ ਅਤੇ ਪਰੰਪਰਾਵਾਂ ਦੀ ਡਾਕੂਮੈਂਟੇਸ਼ਨ ਹੋ ਕੇ ਇਤਿਹਾਸ ਦਾ ਹਿੱਸਾ ਬਣ ਗਿਆ ਹੈ। ਨਾਵਲ ਦੀ ਸ਼ਬਦਾਵਲੀ ਠੇਠ ਪੇਂਡੂ ਬੋਲੀ ਹੈ, ਜਿਸ ਵਿਚ ਗੱਲਬਾਤ ਨੂੰ ਵਜਨਦਾਰ ਅਤੇ ਦਲੀਲ ਵਾਲੀ ਬਣਾਉਣ ਲਈ ਮੁਹਾਵਰਿਆਂ ਅਤੇ ਢੁਕਵੀਂ ਸ਼ਬਦਾਵਲੀ ਦੀ ਵਰਤੋਂ ਕਾਫੀ ਕੀਤੀ ਗਈ ਹੈ। ਜਿਸ ਕਰਕੇ ਨਾਵਲ ਦਿਲਚਸਪ ਬਣ ਜਾਂਦਾ ਹੈ। ਉਦਾਹਰਣ ਲਈ ਵਰਤੇ ਗਏ ਮੁਹਾਵਰੇ ਇਸ ਪ੍ਰਕਾਰ ਹਨ:
ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦਾ।
ਝੋਟੇ ਅੱਗੇ ਬੀਨ ਵਜਾਉਣੀ।
ਨੀਤ ਨੂੰ ਮੁਰਾਦਾਂ ਹੁੰਦੀਆਂ ਨੇ।
ਦੋ ਕੋਹ ਤੁਰੀ ਨਹੀਂ ਅਖੇ ਬਾਬਾ ਮੈਂ ਤਿਹਾਈ।
ਚੋਰ ਚੋਰੀ ਤੋਂ ਤਾਂ ਜਾਏ ਪਰ ਹੇਰਾ ਫੇਰੀ ਤੋਂ ਨਾ ਜਾਏ।
ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿਚ ਪਤਾ ਲਗਦੈ।
ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ।
ਨਵੇਂ ਬਣੇ ਮਿਤ ਪੁਰਾਣੇ ਕੀਹਦੇ ਚਿੱਤ
ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ।
ਖੂਹ ਦਾ ਗਵਾਹ ਡੱਡੂ।
ਦਾਈਆਂ ਕੋਲੋਂ ਪੇਟ ਗੁੱਝੇ ਰਹਿੰਦੇ ਨੇ।
ਜਹਾਂ ਦਾਣੇ ਤਹਾਂ ਖਾਣੇ।

ਅਨਮੋਲ ਕੌਰ ਦੀ ਸ਼ਬਦਾਵਲੀ ਬੜੀ ਅਮੀਰ ਹੈ, ਜਿਹੜੀ ਗੱਲ ਉਹ ਆਪਣੇ ਪਾਤਰ ਤੋਂ ਕਹਾਉਂਦੀ ਹੈ ਉਸਦਾ ਸਿੱਧਾ ਅਸਰ ਪਾਠਕ ਤੇ ਪੈਂਦਾ ਹੈ। ਜਿਵੇਂ:ਦੁਰ ਫਿੱਟੇ ਮੂੰਹ ਅਜਿਹੀ ਪੜ੍ਹਾਈ ਲਿਖਾਈ ਦੇ, ਆਹ ਧੁੱਪ ਵਿਚ ਬੈਠਕੇ ਚਿੱਟੀ ਨਹੀਂ ਕੀਤੀ, ਸਹੁਰੇ ਘਰ ਜੁਆਈ ਕੁੱਤਾ, ਭੈਣ ਘਰ ਭਰਾ ਕੁੱਤਾ, ਮੂਰਖ ਨਾਲ ਨਾ ਜੂਝੀਏ, ਆਪ ਨਾ ਵਸੀ ਸਹੁਰੀਂ ਤੇ ਹੋਰੀਂ ਮੱਤੀਂ, ਖੋਦਿਆ ਪਹਾੜ ਨਿਕਲਿਆ ਚੂਹਾ, ਮਾਮੇ ਕੰਨੀ ਨੱਤੀਆਂ ਭਾਣਜਾ ਆਫਰਿਆ ਫਿਰੇ, ਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਹੋਏ ਆਦਿ। ਅਨਮੋਲ ਕੌਰ ਨੂੰ ਲਿਖਣ ਦਾ ਸ਼ੌਕ ਬਚਪਨ ਵਿਚ ਹੀ ਲੱਗ ਗਿਆ ਸੀ। ਉਸਨੇ ਨੌਵੀਂ ਅਤੇ ਦਸਵੀਂ ਕਲਾਸ ਵਿਚ ਹੀ ਕਵਿਤਾ ਅਤੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ। ਵਿਆਹ ਤੋਂ ਬਾਅਦ ਉਸਦੇ ਪਤੀ ਨੇ ਵੀ ਉਸਨੂੰ ਲਿਖਣ ਲਈ ਉਤਸ਼ਾਹਤ ਕੀਤਾ। ਉਸਨੇ ਹੁਸ਼ਿਆਰਪੁਰ ਦੇ ਬੇਗਮਪੁਰ ਜੰਡਿਆਲਾ ਪਿੰਡ ਵਿਚ ਰਹਿੰਦਿਆਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਤਲਵਾੜਾ ਤੋਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਕੀਤੀ। ਦਿਹਾਤੀ ਪਰਿਵਾਰ ਨਾਲ ਸੰਬੰਧ ਹੋਣ ਕਰਕੇ ਉਸਦੀ ਸ਼ਬਦਾਵਲੀ  ਪੇਂਡੂ ਰੰਗ ਵਿਚ ਰੰਗੀ ਹੋਈ ਹੈ, ਜਿਹੜੀ ਪਾਠਕ ਦੀ ਦਿਲਚਸਪੀ ਦਾ ਕਾਰਨ ਬਣਦੀ ਹੈ।

ਅਨਮੋਲ ਕੌਰ ਦੇ ਨਾਵਲ ‘‘ਕੁੜੀ ਕੈਨੇਡਾ ਦੀ’’ ਦਾ ਮੁੱਖ ਮੰਤਵ ਭਾਰਤੀ ਪੰਜਾਬ ਅਤੇ ਪਰਵਾਸ ਵਿਚ ਰਹਿ ਰਹੇ ਪੰਜਾਬੀਆਂ ਦੀਆਂ ਮਾਨਸਿਕ ਉਲਝਣਾਂ ਬਾਰੇ ਆਮ ਲੋਕਾਂ ਨੂੰ ਜਾਣੂੰ ਕਰਵਾਉਣਾ ਹੈ। ਪਰਵਾਸ ਵਿਚ ਪੰਜਾਬੀ ਚਲੇ ਤਾਂ ਜਾਂਦੇ ਹਨ ਪ੍ਰੰਤੂ ਉਨ੍ਹਾਂ ਦੇ ਮਾਪੇ ਹਰ ਹਾਲਤ ਵਿਚ ਆਪਣੀ ਔਲਾਦ ਨੂੰ ਪੰਜਾਬ ਨਾਲ ਬਾਵਾਸਤਾ ਜੋੜੀ ਰੱਖਣਾ ਚਾਹੁੰਦੇ ਹਨ। ਅਸਲ ਵਿਚ ਪਰਵਾਸ ਵਿਚ ਰਹਿ ਰਹੇ ਬੱਚੇ ਪੰਜਾਬ ਆਉਣਾ ਤੇ ਪੰਜਾਬ ਨਾਲ ਜੁੜੇ ਰਹਿਣਾ ਪਸੰਦ ਨਹੀਂ ਕਰਦੇ ਅਤੇ ਨਾ ਹੀ ਆਪਣੇ ਮਾਪਿਆਂ ਨੂੰ ਨਰਾਜ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਦੀ ਉਦਾਹਰਣ ਹਰਨੀਤ ਅਤੇ ਸੈਂਡੀ ਹਨ। ਹਰਨੀਤ ਦੇ ਮਾਪੇ ਉਸਨੂੰ ਪੰਜਾਬ ਵਿਆਹੁਣਾ ਚਾਹੁੰਦੇ ਸਨ ਅਤੇ ਇਸੇ ਤਰ੍ਹਾਂ ਸੈਂਡੀ ਦੇ ਮਾਪੇ ਉਸਨੂੰ ਪੰਜਾਬੀ ਕੁੜੀ ਨਾਲ ਵਿਆਹੁਣਾ ਚਾਹੁੰਦੇ ਹਨ। ਦੋਹਾਂ ਬੱਚਿਆਂ ਦੇ ਮਾਪਿਆਂ ਦੀ ਮਾਨਸਿਕਤਾ ਸਪੱਸ਼ਟ ਹੋ ਜਾਂਦੀ ਹੈ। ਇਸਦੇ ਨਾਲ ਹੀ ਪੰਜਾਬ ਵਿਚ ਰਹਿੰਦੇ ਮਨਮੀਤ ਦੇ ਮਾਪੇ ਪਰਵਾਸ ਵਿਚ ਡਾਲਰਾਂ ਦੀ ਚਕਾਚੌਂਧ ਵਿਚ ਉਸਨੂੰ ਹਰ ਹੀਲੇ ਕੈਨੇਡਾ ਭੇਜਣ ਦੇ ਇੱਛਕ ਸਨ। ਅਨਮੋਲ ਇਹ ਦੱਸਣਾ ਵੀ ਚਾਹੁੰਦੀ ਹੈ ਕਿ ਪਰਵਾਸ ਦੇ ਵਾਤਾਵਰਨ ਵਿਚ ਪਲੇ ਬੱਚੇ ਅਯਾਸ਼ ਅਤੇ ਨਸ਼ਿਆਂ ਵਿਚ ਗ੍ਰਸੇ ਹੋਏ ਹੁੰਦੇ ਹਨ ਅਤੇ ਪਿਆਰ ਵਿਆਹਾਂ ਵਿਚ ਉਹ ਸਫਲ ਨਹੀਂ ਹੋ ਸਕਦੇ ਕਿਉਂਕਿ ਨਾ ਤਾਂ ਉਹ ਅਜੇ ਪੂਰੇ ਉਥੋਂ ਦੇ ਹਾਲਾਤ ਵਿਚ ਅਡਜਸਟ ਹੁੰਦੇ ਹਨ ਅਤੇ ਨਾ ਹੀ ਪੰਜਾਬੀ ਕਦਰਾਂ ਕੀਮਤਾਂ ਨੂੰ ਛੱਡ ਸਕਦੇ ਹਨ। ਹਰਨੀਤ ਸੈਂਡੀ ਦੀ ਗਰਲ ਫਰੈਂਡ ਕੈਲੀ ਨੂੰ ਬਰਦਾਸ਼ਤ ਨਹੀਂ ਕਰਦੀ, ਜਿਵੇਂ ਪੰਜਾਬੀ ਔਰਤਾਂ ਕਰਦੀਆਂ ਹਨ, ਜਿਸ ਕਰਕੇ ਅਖ਼ੀਰ ਉਹ ਫਰਜੀ ਵਿਆਹ ਨੂੰ ਅਸਲੀਅਤ ਵਿਚ ਬਦਲਣ ਵਿਚ ਮਜ਼ਬੂਰ ਹੋ ਜਾਂਦੀ ਹੈ। ਇਹ ਨਾਵਲ ਇਸੇ ਦੁਬਿਧਾ ਦਾ ਪ੍ਰਗਟਾਵਾ ਕਰਦਾ ਹੈ। ਅਨਮੋਲ 1986 ਤੋਂ ਸਰੀ, ਕੈਨੇਡਾ ਵਿਚ ਆਪਣੇ ਪਰਿਵਾਰ ਪਤੀ ਇਕਬਾਲ ਸਿੰਘ ਥਿਆੜਾ, ਇੱਕ ਲੜਕੀ ਅਤੇ ਇੱਕ ਲੜਕੇ ਨਾਲ ਰਹਿ ਰਹੀ ਹੈ, ਇਸ ਲਈ ਉਸਨੇ ਇਨ੍ਹਾਂ 30 ਸਾਲਾਂ ਵਿਚ ਜੋ ਵੇਖਿਆ ਸੁਣਿਆਂ ਅਤੇ ਹੰਢਾਇਆ, ਉਸਨੂੰ ਹੂਬਹੂ ਪਾਠਕਾਂ ਦੇ ਗੋਚਰੇ ਕਰਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤਾਂ ਜੋ ਪੰਜਾਬੀਆਂ ਨੂੰ ਅਸਲੀਅਤ ਦਾ ਪਤਾ ਲੱਗ ਸਕੇ। ਫ਼ੈਸਲਾ ਕਰਨਾ ਤਾਂ ਪੰਜਾਬੀਆਂ ਦੀ ਆਪਣੀ ਮਰਜੀ ਹੈ।

This entry was posted in ਸਰਗਰਮੀਆਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>