ਆਨੰਦ ਮੈਰਿਜ ਐਕਟ ਦਾ ਪਿਛੋਕੜ

ਸਿੱਖ ਇਕ ਵੱਖਰੀ, ਸੁਤੰਤਰ ਤੇ ਸੰਪੂਰਨ ਕੌਮਹੈ। ਸਿੱਖ ਫਿਲਾਸਫੀ,ਜੀਵਨ-ਢੰਗ,ਰਸਮੋ ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਅਧਾਰਿਤ ਹਨ। ਗੁਰੂ ਸਾਹਿਬਾਨ ਨੇ ਅਪਣੇ ਸਿੱਖਾਂ ਅਤੇ ਸ਼ਰਧਾਲੂਆਂ ਨੂੰ ਇਕ ਸਿੱਧਾ-ਸਾਦਾ,ਸੱਚਾ ਸੁੱਚਾ ਤੇ “ਸਰਬਤ ਦਾ ਭਲਾ” ਚਾਹੁਣ ਵਾਲਾ ਨੇਕ ਜੀਵਨ ਬਿਤਾਉਣ ਦੀ ਜਾਚ ਦਸੀ। ਗੁਰੂ ਸਾਹਿਬਾਨ ਨੇ ਬੜੇ ਲੰਬੇ ਚੌੜੇ ਤੇ ਖਰਚੀਲੇ ਰਸਮੋ ਰਿਵਾਜਾਂ ਦੀ ਥਾਂ ਸਿੱਧੇ ਸਾਦੇ ਰਿਵਾਜ,ਜਿਸ ਵਿਚ ਵਿਆਹ ਸਾਦੀ ਲਈ ਆਨੰਦ ਕਾਰਜ ਦੀ ਰਸਮ ਸ਼ਾਮਿਲ ਹੈ, ਸ਼ੁਰੂ ਕਰਵਾਏ। ਗੁਰੂ ਸਾਹਿਬਾਨ ਦੇ ਸਮੇਂ ਵੀ ਅਨੇਕ ਲੋਕਾਂ ਵਿਸ਼ੇਸ਼ ਕਰ ਕੇ ਪੰਡਤਾਂ,ਪੁਜਾਰੀਆਂ ਅਤੇ ਸਨਾਤਨੀਆਂ ਨੇ ਇਨ੍ਹਾਂ ਦਾ ਵਿਰੋਧ ਕੀਤਾ,ਜੋ ਉਨ੍ਹਾਂ ਪਿਛੋਂ ਵੀ ਜਾਰੀ ਰਿਹਾ।

ਭਾਰਤ ਵਿਚ ਰਾਜ ਭਾਵੇਂ ਅੰਗਰੇਜਾਂ ਦਾ ਸੀ  ਕਾਂਗਰਸ ਜਾਂ ਭਾਜਪਾ ਦਾ, ਸਿੱਖਾਂ ਨੂੰ ਅਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਹਮੇਸ਼ਾ ਸੰਘੱਰਸ਼ ਕਰਨਾ ਪਿਆ। ਹੁਣ ਤਕ ਸ਼ਾਇਦ ਹੀ ਕੋਈ ਮੰਗ ਬਿਨਾ ਕਿਸੇ ਜਦੋ ਜਹਿਦ ਕਰਨ ਦੇ ਪੂਰੀ ਕੀਤੀ ਗਈ ਹੋਏ ਗੀ। ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹਾਂ ਨੂੰ ਕਾਨੂਨੀ ਮਾਨਤਾ ਦਿਵਾਉਣ ਲਈ ਵੀ ਸਿੱਖਾਂ ਨੇ ਲਗਾਤਾਰ ਦੋ ਸਾਲ ਤਕ ਸੰਘੱਰਸ਼ ਕੀਤਾ।

ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੌਰਾਨ ਭਾਵੇਂ ਆਮ ਸਿੱਖ ਪਰਿਵਾਰਾਂ ਵਿਚ ਵਿਆਹ ਆਨੰਦ ਕਾਰਜ ਦੀ ਰਸਮ ਰਾਹੀਂ ਹੋਣ ਲਗੇ ਸਨ, ਪਰ ਕਾਨੂੰਨੀ ਮਾਨਤਾ ਕੇਵਲ ਹਿੰਦੂ ਰਸਮਾਂ ਅਨੁਸਾਰ ਵੇਦੀ ਰਾਹੀਂ ਮੰਡਪ ਰਚਾ ਕੇ ਹੋਣ ਵਾਲੀ ਸ਼ਾਦੀ ਨੂੰ ਹੀ ਸੀ, ਜਿਸ ਕਾਰਨ ਕਈ ਸਿੱਖ ਪਰਿਵਾਰ ਉਸ ਰਸਮ ਨੂੰ ਤਰਜੀਹ ਦਿੰਦੇ ਸਨ। ਅਣਵੰਡੇ ਪੰਜਾਬ ਦੇ ਕਈ ਇਲਾਕਿਆਂ ਵਿਸ਼ੇਸ਼ ਕਰਕੇ ਬਾਰ ਦੇ ਇਲਾਕੇ ਵਿਚ ਕਰੇਵਾ ਕਰਨ ਜਾਂ ਚਾਦਰ ਪਾਉਣ ਦਾ ਰਿਵਾਜ ਵੀ ਸੀ।

ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾ ਵਿਚਾਰ ਰਿਆਸਤ ਨਾਭਾ ਦੇ ਟਿੱਕਾ ਰਿਪਦੁਮਨ ਸਿੰਘ, ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ, ਨੂੰ 1907 ਵਿਚ ਆਇਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਏ ਲੈਣ ਉਪਰੰਤ ਉਨ੍ਹਾਂ ਨੇ 30 ਅਕਤੂਬਰ 1908 ਨੂੰ ਇਹ ਬਿਲ ਕੌਂਸਲ ਵਿਚ ਪੇਸ਼ ਕੀਤਾ। ਸਰਕਾਰ ਵਲੋਂ ਆਮ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੀ ਰਾਇ ਲੈਣ ਲਈ ਇਹ ਬਿਲ ਅਪਣੇ ਗਜ਼ਟ,ਸਥਾਨਕ ਗਜ਼ਟ (ਅੰਗਰੇਜ਼ੀ) ਅਤੇ ਹੋਰ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ।

ਬਦਕਿਸਮਤੀ ਨੂੰ ਨਾਭਾ ਦੇ ਹੀ ਮਹਾਰਾਜਾ ਹੀਰਾ ਸਿੰਘ, ਜੋ ਬਿਲ ਪੇਸ਼ ਕਰਨ ਵਾਲੇ ਟਿੱਕਾ ਸਾਹਿਬ ਦੇ ਪਿਤਾ ਸਨ, ਨੇ ਇਸ ਬਿਲ ਦੀ ਵਿਰੋਧਤਾ ਕਰਦੇ ਹੋਏ ਅਨੇਕਾਂ ਹੀ ਬਿਆਨ ਤੇ ਪੈਂਫਲਿਟ ਅਪਣੇ ਨਾਂਅ ਹੇਠ ਛਪਵਾਏ।ਉਨ੍ਹਾਂ ਇਸ ਬਿਲ ਦੇ ਸਮੱਰਥਕਾਂ ਨੂੰ ਵੀ ਚੈਲੰਜ ਕੀਤਾ।ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗ੍ਰੰਥੀਆਂ ਨੇ ਇਸ ਬਿਲ ਵਿਰੁੱਧ ਮਤੇ ਪਾਸ ਕਰ ਕੇ ਕੌਂਸਲ ਨੂੰ ਭੇਜੇ।ਇਸ ਤਰ੍ਹਾਂ ਗੁਰਧਾਮਾਂ ਅਤੇ ਸਿੱਖ ਰਸਮੋ-ਰਿਵਾਜ ਦੇ ਸੁਧਾਰ ਚਾਹਣ ਵਾਲੇ ਪੜ੍ਹੇ ਲਿਖੇ ਸਿੰਘਾਂ ਅਤੇ ਪ੍ਰੰਪਾਗਤ ਵਿਚਾਰਾਂ ਵਾਲੇ ਸਿੱਖਾਂ ਵਿਚਕਾਰ ਇਕ ਸ਼ਬਦੀ ਯੁੱਧ ਸ਼ੁਰੂ ਹੋ ਗਿਆ। ਟਿੱਕਾ ਸਾਹਿਬ ਤੋਂ ਬਿਨਾਂ ਸਰਕਾਰ ਵੀ ਇਸ ਗੱਲ ਤੋਂ ਦੁੱਖੀ ਸੀ। ਕੁਝ ਸਮੇਂ ਲਈ ਇਸ ਬਿਲ ਨੂੰ ਪਾਸ ਕਰਨ ਬਾਰੇ ਖਾਮੋਸ਼ੀ ਛਾ ਗਈ। ਸਿੱਖਾਂ ਵਿਚ ਕੋਈ ਵੀ ਵਿਅਕਤੀ ਮਹਾਰਾਜਾ ਨਾਭਾ ਦੀ ਵਿਰੋਧਤਾ ਕਰਨ ਦਾ ਜੇਰਾ ਨਹੀਂ ਰੱਖਦਾ ਸੀ।

ਇਸ ਨਾਜ਼ਕ ਸਮੇਂ ਨਾਮਧਾਰੀ ਆਗੂ ਬਾਬਾ ਪਰਤਾਪ ਸਿੰਘ ਜੀ ਅੱਗੇ ਆਏ ਅਤੇ ਟਿੱਕਾ ਸਾਹਿਬ ਦੀ ਡੱਟ ਕੇ ਹਿਮਾਇਤ ਕੀਤੀ। ਬਾਬਾ ਪਰਤਾਪ ਸਿੰਘ ਜੀ ਦੇ ਆਦੇਸ਼ ਉਤੇ ਸਾਰੇ ਨਾਮਧਾਰੀ ਸੂਬਿਆਂ ਅਤੇ ਸ਼ਰਧਾਲੂਆਂ ਨੇ ਇਸ ਬਿਲ ਦੇ ਹੱਕ ਵਿਚ ਮਤੇ ਪਾਸ ਕਰ ਕੇ ਕੌਂਸਲ ਨੂੰ ਭੇਜੇ। ਰਾਜਾ ਜੀਂਦ ਨੇ ਵੀ ਇਸ ਬਿਲ ਦੀ ਹਿਮਾਇਤ ਕਰ ਦਿਤੀ।

ਹੁਣ ਅਚਾਨਕ ਹੀ ਸਰ ਸੁੰਦਰ ਸਿੰਘ ਮਜੀਠੀਆ ਨੇ ਮਹਾਰਾਜਾ ਹੀਰਾ ਸਿੰਘ ਦੇ ਬਿਆਨ ਨੂੰ ਚੈਲੰਜ ਕੀਤਾ। ਭਾਵੇਂ ਉਨ੍ਹਾਂ ਦੇ ਮਹਾਰਾਜੇ ਨਾਲ ਨਿੱਜੀ ਤੌਰ ਤੇ ਬਹੁਤ ਨਿੱਘੇ ਸਬੰਧ ਸਨ, ਪਰ ਪੰਥਕ ਹਿੱਤ ਵਧੇਰੇ ਪਿਆਰੇ ਸਨ। ਸਰਦਾਰ ਮਜੀਠੀਆ ਨੇ ਆਪ ਨਿੱਜੀ ਤੌਰ ਉਤੇ ਅਤੇ ਚੀਫ਼ ਖਾਲਸਾ ਦੀਵਾਨ ਦੇ ਸਕੱਤਰ ਹੋਣ ਨਾਤੇ ਅਨੇਕ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਵਿਦਵਾਨਾਂ,ਪਿੰਡਾਂ ਦੀਆਂ ਪੰਚਾਇਤਾਂ, ਭਾਰਤੀ ਫੌਜ ਅਤੇ ਸਰਕਾਰ ਵਿਚ ਉਚੇ ਅਹੁਦਿਆਂ ਉਤੇ ਸ਼ਸੋਭਿਤ ਸਿੱਖ ਅਫ਼ਸਰਾਂ ਨੂੰ ਪੱਤਰ ਲਿਖੇ ਕਿ ਉਹ ਇਸ ਬਿਲ ਦੀ ਹਮਾਇਤ ਵਿਚ ਕੌਂਸਲ ਨੂੰ ਮਤੇ ਪਾਸ ਕਰ ਕੇ ਭੇਜਣ ਅਤੇ ਪੱਤਰ ਲਿਖਣ।ਇਸ ਸਾਰੀ ਖ਼ਤੋ-ਖ਼ਤਾਬਤ ਦੇ ਪੰਜ ਵੱਡੇ ਵੱਡੇ ਗ੍ਰੰਥ ਬਣਦੇ ਹਨ, ਜੋ ਇਸ ਸਮੇਂ “ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ” ਨਵੀਂ ਦਿਲੀ ਵਿਚ ਪਏ ਹਨ।

ਇਸ ਬਿਲ ਨੂੰ ਪਾਸ ਕਰਵਾਉਣ ਦੇ ਕੁਝ ਖਾਸ ਮੱਤਵ ਸਨ। ਭਾਵੇਂ ਉਨ੍ਹਾਂ ਦਿਨਾਂ ਵਿਚ ਆਨੰਦ ਕਾਰਜ ਦੀ ਰਸਮ ਦੁਆਰਾ ਵਿਆਹ ਹੀ ਪ੍ਰਚੱਲਤ ਸਨ, ਪਰ ਹਿੰਦੂ ਵਿਸ਼ੇਸ਼ ਕਰ ਪੰਡਤ ਇਸ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਸਨ। ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੇ ਸਨ ਅਤੇ ਸਿੱਖਾਂ ਨੂੰ ਆਪਣੇ ਧਰਮ ਅੰਦਰ ਹੀ ਸਮੋ ਲੈਣਾ ਚਾਹੁੰਦੇ ਸਨ। ਇਹ ਗੱਲ ਵਰਨਣਯੋਗ ਹੈ ਕਿ ਇਸ ਬਿਲ ਦਾ ਬਹੁਤਾ ਵਿਰੋਧ ਵੀ ਪੰਡਤਾਂ ਨੇ ਹੀ ਕਰਵਾਇਆ ਕਿਉਂਕਿ ਬਿਲ ਪਾਸ ਹੋਣ ਨਾਲ ਉਨ੍ਹਾਂ ਨੂੰ ਲੱਖਾਂ ਹੀ ਸਾਮੀਆਂ ਤੋਂ ਹੱਥ ਧੋਣੇ ਪੈਂਦੇ ਸਨ, ਜੋ ਪਿਛੋਂ ਧੋਣੇ ਪਏ ਵੀ। ਪੰਡਤ ਕਹਿੰਦੇ ਸਨ ਕਿ ਹਿੰਦੂ ਰੀਤੀ ਅਨੁਸਾਰ ਹੀ ਵਿਆਹ ਠੀਕ, ਸ਼ੁੱਧ ਅਤੇ ਪਵਿੱਤਰ ਹੈ। ਆਨੰਦ ਕਾਰਜ ਅਨੁਸਾਰ ਹੋਇਆ ਵਿਆਹ ਸ਼ੁੱਧ ਅਤੇ ਪਵਿੱਤਰ ਨਹੀਂ ਹੈ ਅਤੇ ਇਸ ਰਸਮ ਅਨੁਸਾਰ ਹੋਏ ਵਿਆਹ ਵਿਚੋਂ ਪੈਦਾ ਹੋਏ ਬੱਚੇ “ਨਾਜਾਇਜ਼” ਅਤੇ “ ਹਰਾਮ ਦੇ” ਬੱਚੇ ਕਹਿਲਾਉਣਗੇ ਅਤੇ ਉਹ ਆਪਣੇ ਮਾਪਿਆਂ ਦੀ ਜਾਇਦਾਦ ਲੈਣ ਦੇ ਵਾਰਸ ਨਹੀਂ ਹੋਣਗੇ। ਪੰਡਤਾਂ ਦੇ ਇਸ ਪਰਚਾਰ ਕਰਨ ਪੇਂਡੂ ਸਿੱਖ ਤੇ ਦੁਚਿੱਤੀ ਵਿਚਾਰਾਂ ਵਾਲੇ ਸਿੱਖ ਦੁਬਿੱਧਾ ਵਿਚ ਸਨ,ਜਿਸ ਕਾਰਨ ਉਹ ਹਿੰਦੂ ਰੀਤੀ ਅਨੁਸਾਰ ਹੋਏ ਵਿਆਹ ਨੂੰ ਤਰਜੀਹ ਦਿੰਦੇ ਸਨ।

ਸਰਕਾਰ ਨੇ ਅਣਵੰਡੇ ਪੰਜਾਬ ਦੇ ਸਾਰੇ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੈਸ਼ਨ ਜੱਜਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਿਚਾਰ ਮੰਗੇ। ਬਹੁਤੇ ਡਿਪਟੀ ਕਮਿਸ਼ਨਰਾਂ ਨੇ ਲੋਕਾਂ ਦੀ ਰਾਇ ਲੈਣ ਉਪਰੰਤ ਇਸ ਬਿਲ ਦੇ ਹੱਕ ਵਿਚ ਅਪਣੇ ਵਿਚਾਰ ਭੇਜੇ।ਇਸੇ ਤਰ੍ਹਾਂ ਸੈਸ਼ਨ ਜੱਜਾਂ ਨੇ ਅਪਣੇ ਜ਼ਿਲੇ ਵਿਚ ਵਿਆਹ ਬਾਰੇ ਪ੍ਰਚਲੱਤ ਰਸਮ ਤੇ ਅਦਾਲਤਾਂ ਵਿਚ ਆਏ ਕੇਸਾਂ ਦਾ ਜ਼ਿਕਰ ਕਰਦਿਆਂ ਇਸ ਬਿਲ ਦੀ ਹਿਮਾਇਤ ਕੀਤੀ। ਮੁਲਤਾਨ ਡਵੀਜ਼ਨ ਦੇ ਕਮਿਸ਼ਨਰ  ਐਮ.ਡਬਲਯੂ.ਫੈਸਟਨ ਆਈ.ਸੀ.ਐਸ. ਨੇ ਸਰਕਾਰ ਨੂੰ ਲਿਖਿਆ, “ਡਿਪਟੀ ਕਮਿਸ਼ਨਰ ਮੁਲਤਾਨ ਨੇ ਦਸਿਆ ਹੈ ਕਿ ਉਸ ਨੇ ਸਿੰਘ ਸਭਾ ਤੇ ਕਈ ਹੋਰ ਸਿੱਖ ਪਤਵੰਤਿਆਂ ਨਾਲ ਗਲਬਾਤ ਕੀਤੀ ਹੈ, ਸਾਰੇ ਹੀ ਇਸ ਬਿਲ ਦੇ ਪਾਸ ਕਰਨ ਦੇ ਹੱਕ ਵਿਚ ਹਨ।”

ਜ਼ਿਲਾ ਤੇ ਸੈਸ਼ਨ ਜੱਜ ਲਾਇਲਪੁਰ ਐਮ. ਜ਼ਫ਼ਰ ਅਲੀ ਨੇ ਆਪਣੀ ਰੀਪੋਰਟ ਵਿਚ ਲਿਖਿਆ, “ਮੇਰੇ ਬਤੌਰ ਜੱਜ ਕੰਮ ਕਰਦਿਆਂ ਕਦੀ ਵੀ ਕੋਈ ਅਜੇਹਾ ਕੇਸ ਨਹੀਂ ਆਇਆ ਜਿਸ ਵਿਚ ਅਨੰਦ ਕਾਰਜ ਰਸਮ ਦੁਆਰਾ ਹੋਏ ਵਿਆਹ ਨੂੰ ਕਿਸੇ ਨੇ ਚਣੌਤੀ ਦਿੱਤੀ ਹੋਵੇ। ਇਸ ਦੇ ਉਲਟ ‘ਚਾਦਰ-ਪਾਉਣੀ” ਤੇ ‘ਕਰੇਵਾ’ ਰਸਮ ਦੁਆਰਾ ਹੋਏ ਵਿਆਹਾਂ ਨੁੰ ਵੀ ਮਾਨਤਾ ਹਾਸਲ ਹੈ।”

ਅੰਗਰੇਜ਼ ਸਰਕਾਰ ਨੇ ਜਦੋਂ ਵੇਖਿਆ ਕਿ ਇਸ ਬਿਲ ਦੇ ਹੱਕ ਵਿਚ ਸਾਰੀ ਸਿੱਖ ਕੌਮ ਹੈ, ਕੇਵਲ ਮੁੱਠੀ ਭਰ ਲੋਕ ਹੀ ਇਸ ਦੀ ਵਿਰੋਧਤਾ ਕਰ ਰਹੇ ਹਨ, ਪਾਸ ਕਰਨ ਦਾ ਮਨ ਬਣਾ ਲਿਆ। ਸਰਦਾਰ ਮਜੀਠੀਆ ਜੋ ਹੁਣ ਕੌਂਸਲ ਦੇ ਐਡੀਸ਼ਨਲ ਮੈਬਰ ਬਣ ਗਏ ਸਨ, ਨੇ ਸ਼ਿਮਲਾ ਵਿਖੇ 27 ਅਗੱਸਤ 1909 ਨੂੰ ਹੋਈ ਵਾਇਸਰਾੲ ਕੌਂਸਲ ਦੀ ਮੀਟਿੰਗ ਵਿਚ ਇਹ ਬਿਲ ਪੇਸ਼ ਕੀਤਾ। ਬਿਲ ‘ਸੀਲੈਕਟ ਕਮੇਟੀ’ ਦੇ ਸਪੁਰਦ ਕਰ ਦਿਤਾ ਗਿਆ,ਜਿਸ ਨੇ ਇਸ ਦੀ ਪ੍ਰਵਾਨਗੀ ਦੇ ਦਿਤੀ। ਕਮੇਟੀ ਦੀ ਰੀਪੋਰਟ 10 ਸਤੰਬਰ ਦੀ ਮੀਟਿੰਗ ਵਿਚ ਪੇਸ਼ ਹੋਈ ਅਤੇ ਕੌਂਸਲ ਨੇ 22 ਅਕਤੂਬਰ 1909 ਨੂੰ ਇਹ ਬਿਲ ਸਰਬਸੰਮਤੀ ਨਾਲ ਪਾਸ ਕਰ ਦਿਤਾ। ਬਿਲ ਪੇਸ਼ ਕਰਦਿਆਂ ਸਰਦਾਰ ਮਜੀਠੀਆ ਨੇ ਅਪਣੇ ਭਾਸ਼ਣ ਵਿਚ ਕਿਹਾ ਸੀ ਕਿ ਆਨੰਦ ਕਾਰਜ ਰਾਹੀਂ ਭਾਵੇਂ ਵਿਆਹ ਆਮ ਪ੍ਰਚੱਲਤ ਹਨ ਅਤੇ ਪੰਜਾਬ ਲਾਅ ਐਕਟ ਅਧੀਨ ਕਾਨੂੰਨੀ ਹੈਸੀਅਤ ਵੀ ਰਖਦੇ ਹਨ, ਪਰ ਇਹ ਗੱਲ ਵੀ ਭੁੱਲਣ ਵਾਲੀ ਨਹੀਂ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਕੇਸ ਪ੍ਰਿਵੀ ਕੌਂਸਲ ਤਕ ਗਿਆ ਸੀ ਕਿ ਸਿੱਖਾਂ ਉਤੇ ਹਿੰਦੂਆਂ ਵਾਲੇ ਕਾਨੂੰਨ ਲਾਗੂ ਹੁੰਦੇ ਹਨ। ਦੂਸਰੇ ਸਿੱਖ ਹੁਣ ਕੇਵਲ ਪੰਜਾਬ ਤਕ ਹੀ ਸੀਮਤ ਨਹੀਂ ਹਨ, ਉਹ ਭਾਰਤ ਦੇ ਹਰ ਸੂਬੇ ਤੋਂ ਬਿਨਾ ਬਰਮ੍ਹਾ, ਚੀਨ, ਬਰਤਾਨੀਆ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿਚ ਵੀ ਜਾ ਚੁਕੇ ਹਨ।

ਉਨ੍ਹਾਂ ਕੌਂਸਲ ਨੂੰ ਦਸਿਆ ਕਿ ਆਨੰਦ ਕਾਰਜ ਦੀ ਰਸਮ ਰਾਹੀਂ ਪਹਿਲਾ ਵਿਆਹ ਮਥੋ ਤੇ ਮੁਰਾਰੀ ਦਾ ਹੋਇਆ ਸੀ। ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਲਗਾਈ ਗਈ ਕਿ ਇਹ ਵਿਆਹ ਸ਼ੁੱਧ ਨਹੀਂ ਹੈ। ਗੁਰੂ ਅਮਰ ਦਾਸ ਜੀ ਨੇ ਅਪਣੇ ਦਾਮਾਦ ਭਾਈ ਜੇਠਾ,ਜੋ ਪਿਛੋਂ ਗੁਰੂ ਰਾਮ ਦਾਸ ਕਹਿਲਾਏ, ਨੂੰ ਬਾਦਸ਼ਾਹ ਪਾਸ ਭੇਜਿਆ ਸੀ। ਬਾਦਸ਼ਾਹ ਨੈ ਵੀ ਆਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਮਾਨਤਾ ਦੇ ਦਿਤੀ ਸੀ। “ਸਿੱਖ” ਸ਼ਬਦ ਦੀ ਪਰਿਭਾਸ਼ਾ ਕਰਦਿਆਂ ਉਨ੍ਹਾਂ ਦਸਿਆ ਕਿ ਸਾਰੇ ਕੇਸਾਧਾਰੀ  ਅਤੇ ਸਹਿਜਧਾਰੀ ਸਿੱਖਾਂ ਤੋ ਬਿਨਾਂ ਉਹ ਸਾਰੇ ਲੋਕ ਵੀ ਸ਼ਾਮਿਲ ਹਨ, ਜੋ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ। ਉਨ੍ਹਾਂ ਕਿਹਾ ਇਸ ਬਿਲ ਦਾ ਮਨੋਰਥ ਆਨੰਦ ਕਾਰਜ ਰਸਮ ਅਨੁਸਾਰ ਹੋਏ ਵਿਆਹ ਨੂੰ ਸ਼ੁੱਧ ਅਤੇ ਪਵਿੱਤਰ ਹੋਣ ਬਾਰੇ ਜੋ ਸ਼ੰਕੇ ਪਾਏ ਜਾਂਦੇ ਹਨ,ਨੂੰ ਨਵਿਰਤ ਕਰਨਾ ਵੀ ਹੈ। ਇਸ ਬਿਲ ਦੇ ਪਾਸ ਹੋਣ ਨਾਲ ਸਿੱਖਾਂ ਨੂੰ ਵਿਆਹ ਸ਼ਾਦੀ ਉਤੇ ਖਰਚੇ ਬਹੁਤ ਹੀ ਘਟ ਜਾਣ ਗੇ। ਇਹ ਬਿਲ ਅਸਲ ਵਿਚ ਹਿੰਦੂ ਰੀਤੀ ਅਨੁਸਾਰ ਵਿਆਹ ਦਾ ਹੀ ਇਕ ਸੁਧਰਿਆ ਹੋਇਆ, ਸਾਦਾ ਤੇ ਅਗਾਂਹਵੱਧੂ ਰੂਪ ਹੈ।

ਅਨੰਦ ਮੈਰਿਜ ਐਕਟ ਬਣ ਕੇ ਇਹ ਸਾਰੇ ਬ੍ਰਿਟਿਸ਼ ਇੰਡੀਆ, ਜਿਸ ਵਿਚ ਉਸ ਸਮੇਂ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਸ਼ਾਮਿਲ ਸਨ, ਉਤੇ 23 ਅਕਤੂਬਰ 1909 ਤੋਂ ਲਾਗੂ ਹੋਇਆ। ਇਸ ਐਕਟ ਅਧੀਨ ਹੋਈ ਸ਼ਾਦੀ ਨੂੰ ਕਾਨੂਨੀ ਮਾਨਤਾ ਤਾਂ ਮਿਲ ਗਈ ਹੈ, ਪਰ ਸ਼ਾਦੀ ਰਜਿਸਟਰ ਹਿੰਦੂ ਮੈਰਿਜ ਐਕਟ ਅਧੀਨ ਹੀ ਹੁੰਦੇ ਸਨ। ਡਾ. ਮਨਮੋਹਨ ਸਿੰਘ ਦੀ ਸਰਕਾਰ ਨੇ ਸਾਲ 2012 ਵਿਚ ਸੋਧ ਕਰਕੇ ਸਿੱਖ ਵਿਾਹ ਇਸ ਐਕਟ ਅਧੀਨ ਹੋਣ ਦੀ ਵਿਵੱਸਥਾ ਕੀ ਹੈ।

This entry was posted in ਲੇਖ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>